ਮਾਨਸਾ ਵਿੱਚ ਏ ਡੀ ਸੀ ਵੱਲੋਂ ਕੋਰੋਨਾ ਸਬੰਧੀ ਨਵੇਂ ਹੁਕਮ ਜਾਰੀ, ਪਰ ਦੁਕਾਨਦਾਰ ਨਿਰਾਸ਼
ਸੰਜੀਵ ਜਿੰਦਲ
- ਰੇਹੜੀਆਂ ਲਾਉਣ ਵਾਲਿਆਂ ਨੇ ਕਿਹਾ ਕਿ ਸਰਕਾਰ ਦੇ ਇਸ ਫ਼ੈਸਲੇ ਨਾਲ ਸਾਡੀ ਜ਼ਿੰਦਗੀ ਦਾ ਗੁਜ਼ਰ ਬਸਰ ਬੇਹਾਲ ਹੋ ਜਾਵੇਗਾ
ਮਾਨਸਾ , 28 ਅਪ੍ਰੈਲ 2021 - ਕਰੋਨਾ ਮਹਾਂਮਾਰੀ ਨੇ ਪੰਜਾਬ ਸਮੇਤ ਦੇਸ਼ ਭਰ ਵਿੱਚ ਆਪਣਾ ਕਹਿਰ ਮਚਾਇਆ ਹੋਇਆ ਹੈ । ਜਿਸਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਸਖ਼ਤੀ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਸਰਕਾਰ ਵੱਲੋਂ ਹਫ਼ਤੇ ਦੇ ਆਖ਼ਰੀ ਦੋ ਦਿਨ ਪੱਕੇ ਤੌਰ ਤੇ ਵੀਕੈਂਡ ਲਾਕਡਾਉਨ ਲਗਾਇਆ ਗਿਆ ਹੈ, ਉੱਥੇ ਹੀ ਬਾਕੀ ਬਚਦੇ ਪੰਜ ਦਿਨਾਂ ਵਿੱਚ ਸ਼ਾਮ ਪੰਜ ਵਜੇ ਦੁਕਾਨਾਂ ਬੰਦ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਜਿਸ ਦੇ ਤਹਿਤ ਵਧੀਕ ਜ਼ਿਲ੍ਹਾ ਮੈਜਿਸਟਰੇਟ ਸ਼੍ਰੀ ਸੁਖਪ੍ਰੀਤ ਸਿੰਘ ਸਿੱਧੂ ਨੇ ਨਵੇਂ ਪਾਬੰਦੀ ਹੁਕਮ ਜਾਰੀ ਕੀਤੇ ਹਨ। ਇਨ੍ਹਾਂ ਹੁਕਮਾਂ ਤਹਿਤ ਮਾਲਜ਼ ਅਤੇ ਮਲਟੀਪਲੈਕਸ ਆਦਿ ਵਿੱਚ ਸਥਿਤ ਦੁਕਾਨਾਂ ਸਮੇਤ ਸਾਰੀਆਂ ਦੁਕਾਨਾਂ ਰੋਜ਼ਾਨਾ ਸ਼ਾਮ 5 ਵਜੇ ਬੰਦ ਕਰਨੀਆਂ ਲਾਜ਼ਮੀ ਹੋਣਗੀਆਂ ਪਰ ਹੋਮ ਡਲੀਵਰੀ ਰਾਤ 9 ਵਜੇ ਤੱਕ ਕੀਤੀ ਜਾ ਸਕਦੀ ਹੈ।ਰਾਤ ਦਾ ਕਰਫਿਊ ਜੋ ਕਿ ਪਹਿਲਾਂ ਰਾਤ 8 ਵਜੇ ਤੋਂ ਸਵੇਰੇ 5 ਵਜੇ ਤੱਕ ਲਾਗੂ ਸੀ, ਹੁਣ ਨਵੇਂ ਹੁਕਮਾਂ ਮੁਤਾਬਕ ਰੋਜ਼ਾਨਾ ਸ਼ਾਮ 6 ਵਜੇ ਤੋਂ ਅਗਲੀ ਸਵੇਰ 5 ਵਜੇ ਤੱਕ ਜਾਰੀ ਰਹੇਗਾ ਤਾਂ ਜੋ ਗੈਰ ਜ਼ਰੂਰੀ ਗਤੀਵਿਧੀਆਂ 'ਤੇ ਰੋਕ ਲੱਗ ਸਕੇ। ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਹਫ਼ਤਾਵਾਰੀ ਕਰਫਿਊ ਦਾ ਸਮਾਂ ਸ਼ਨੀਵਾਰ ਸਵੇਰੇ 5 ਵਜੇ ਤੋਂ ਸੋਮਵਾਰ ਸਵੇਰੇ 5 ਵਜੇ ਤੱਕ ਹੋਵੇਗਾ ਪਰ ਜ਼ਰੂਰੀ ਗਤੀਵਿਧੀਆਂ ਨੂੰ ਇਸ ਕਰਫਿਊ ਤੋਂ ਛੂਟ ਰਹੇਗੀ।
ਜਦੋਂ ਸਰਕਾਰ ਦੇ ਇਸ ਫੈਸਲੇ ਸਬੰਧੀ ਦੁਕਾਨਦਾਰਾਂ ਨਾਲ ਗੱਲ ਕੀਤੀ ਗਈ ਤਾਂ ਉਹ ਕਾਫ਼ੀ ਨਿਰਾਸ਼ ਅਤੇ ਨਾਖੁਸ਼ ਦਿਖਾਈ ਦੇ ਰਹੇ ਸਨ । ਉਨ੍ਹਾਂ ਕਿਹਾ ਕਿ ਪਿਛਲੇ ਵਰ੍ਹੇ ਦੇ ਕੋਰੋਨਾ ਕਾਲ ਦਾ ਖਮਿਆਜ਼ਾ ਦੁਕਾਨਦਾਰ ਹੁਣ ਤਕ ਭੁਗਤ ਰਹੇ ਹਨ । ਉਨ੍ਹਾਂ ਇਹ ਵੀ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਨੂੰ ਵੀ ਆਪਣੇ ਪੱਧਰ ਤੇ ਅਤੇ ਲੋਕਾਂ ਨੂੰ ਦੇਖ ਕੇ ਕੁਝ ਫ਼ੈਸਲੇ ਲੈਣੇ ਚਾਹੀਦੇ ਹਨ । ਉਨ੍ਹਾਂ ਕਿਹਾ ਕਿ ਜਦੋਂ ਵੀ ਕੋਰੋਨਾ ਸੰਕਟ ਆਇਆ ਹੈ ਸਿਰਫ਼ ਦੁਕਾਨਾਂ , ਸਕੂਲਾਂ ਨੂੰ ਹੀ ਬੰਦ ਕਰਵਾਉਣ ਦਾ ਸਰਕਾਰ ਨੇ ਟੀਚਾ ਰੱਖਿਆ ਹੋਇਆ ਹੈ । ਦੁਕਾਨਦਾਰਾਂ ਨੇ ਕਿਹਾ ਕਿ ਅਸੀਂ ਮੰਨਦੇ ਹਾਂ ਕਿ ਕੋਰੋਨਾ ਮਹਾਂਮਾਰੀ ਪੂਰੇ ਜ਼ੋਰਾਂ ਤੇ ਹੈ ਪਰ ਜ਼ਿਲ੍ਹਾ ਪ੍ਰਸ਼ਾਸਨ ਲੋਕਾਂ ਦੇ ਧੰਦਿਆਂ ਨੂੰ ਸਾਹਮਣੇ ਰੱਖਦੇ ਹੋਏ ਸਰਕਾਰ ਦੇ ਫ਼ੈਸਲੇ ਵਿੱਚ ਕੁਝ ਢਿੱਲ ਦੇ ਕੇ ਆਪਣੇ ਪੱਧਰ ਤੇ ਲਾਗੂ ਕਰਨਾ ਚਾਹੀਦਾ ਹੈ ।
ਜਦੋਂ ਇਸ ਸੰਬੰਧੀ ਮਾਨਸਾ ਦੇ ਕਰਿਆਨਾ ਯੂਨੀਅਨ ਪ੍ਰਧਾਨ ਸੁਰੇਸ਼ ਨੰਦਗਡ਼੍ਹੀਆ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕੀ ਅਸੀਂ ਸਭ ਪੰਜਾਬ ਸਰਕਾਰ ਦੁਆਰਾ ਦਿੱਤੇ ਹੁਕਮਾਂ ਦੇ ਨਾਲ ਹਾਂ ਪਰ ਜ਼ਿਲ੍ਹਾ ਪ੍ਰਸ਼ਾਸਨ ਨੂੰ ਦੁਕਾਨਾਂ ਦਾ ਸਮਾਂ ਵਧਾਉਣਾ ਚਾਹੀਦਾ ਹੈ । ਉਨ੍ਹਾਂ ਕਿਹਾ ਕਿ ਜੋ ਕੰਮ ਕਰਨ ਜਾਂ ਗਾਹਕ ਆਉਣ ਦਾ ਸਮਾਂ 10 ਘੰਟੇ ਸੀ ਹੁਣ ਉਹੀ ਕੰਮ 5 ਘੰਟਿਆਂ ਵਿੱਚ ਕਰਨਾ ਪਵੇਗਾ । ਇਸ ਨਾਲ ਦੁਕਾਨਾਂ ਤੇ ਭੀੜ ਵਧਣ ਦੇ ਆਸਾਰ ਜ਼ਿਆਦਾ ਹਨ । ਉਨ੍ਹਾਂ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਨੂੰ ਬੇਨਤੀ ਵੀ ਕੀਤੀ ਹੈ ਕਿ ਲੋਕਾਂ ਦੀ ਇਸ ਸਮੱਸਿਆ ਵੱਲ ਜ਼ਰੂਰ ਧਿਆਨ ਦੇਣ ।
ਦੂਸਰੇ ਪਾਸੇ ਜਦੋਂ ਕੁਲਚੇ- ਛੋਲੇ , ਟਿੱਕੀ, ਬਰਗਰ ਅਤੇ ਹੋਰ ਫਾਸਟ ਫੂਡ ਦੀਆਂ ਰੇਹੜੀਆਂ ਲਾਉਣ ਵਾਲੇ ਲੋਕਾਂ ਨਾਲ ਗੱਲ ਬਾਤ ਕੀਤੀ ਗਈ ਤਾਂ ਉਹ ਵੀ ਸਰਕਾਰ ਦੇ ਇਸ ਫੈਸਲੇ ਤੋਂ ਕਾਫੀ ਨਾਰਾਜ਼ ਹਨ । ਉਨ੍ਹਾਂ ਦਾ ਕਹਿਣਾ ਹੈ ਕਿ ਅਸੀਂ ਆਪਣੀ ਮਿਹਨਤ ਮਜ਼ਦੂਰੀ ਕਰਕੇ ਆਪਣੇ ਬੱਚਿਆਂ ਦਾ ਪੇਟ ਭਰ ਰਹੇ ਹਨ । ਸਾਡਾ ਧੰਦਾ ਵੀ ਸ਼ਾਮ ਨੂੰ 5 ਵਜੇ ਤੋਂ ਬਾਅਦ ਹੀ ਚਲਦਾ ਹੈ । ਸਰਕਾਰ ਨੂੰ ਸਾਡਾ ਅਤੇ ਸਾਡੇ ਬੱਚਿਆਂ ਦਾ ਵੀ ਖਿਆਲ ਰੱਖਣਾ ਚਾਹੀਦਾ ਹੈ । ਸਾਨੂੰ ਉਮੀਦ ਹੈ ਕਿ ਪ੍ਰਸ਼ਾਸਨ ਇਸ ਗੱਲ ਬਾਰੇ ਜ਼ਰੂਰ ਸੋਚੇਗਾ ।