ਲਾਕਡਾਊਨ ਦੇ ਵਿਰੁੱਧ ਸੜਕਾਂ ’ਤੇ ਆਏ ਬਰਨਾਲਾ ਦੇ ਵਪਾਰੀ ਅਤੇ ਦੁਕਾਨਦਾਰ, ਪੁਲਿਸ ਨਾਲ ਹੋਈ ਤਿੱਖੀ ਬਹਿਸਬਾਜ਼ੀ
ਕਮਲਜੀਤ ਸਿੰਘ ਸੰਧੂ
ਬਰਨਾਲਾ, 4 ਮਈ 2021 - ਕੋਰੋਨਾ ਵਾਇਰਸ ਕਾਰਨ ਪੰਜਾਬ ਸਰਕਾਰ ਵਲੋਂ 15 ਮਈ ਤੱਕ ਲਗਾਏ ਗਏ ਲਾਕਡਾਊਨ ਦੇ ਵਿਰੋਧ ਵਿੱਚ ਅੱਜ ਦੂਜੇ ਦਿਨ ਮੁੜ ਬਰਨਾਲਾ ਦੇ ਵਪਾਰੀਆਂ ਅਤੇ ਦੁਕਾਨਦਾਰਾਂ ਵਲੋਂ ਸੜਕਾਂ ’ਤੇ ਉਤਰ ਕੇ ਪ੍ਰਦਰਸ਼ਨ ਕੀਤਾ ਗਿਆ। ਸੋਮਵਾਰ ਨੂੰ ਬਰਨਾਲਾ ਦੇ ਦੁਕਾਨਦਾਰਾਂ ਨੇ ਬਾਜ਼ਾਰ ਅਤੇ ਦੁਕਾਨਾਂ ਖੋਲ੍ਹਣ ਦਾ ਐਲਾਨ ਕੀਤਾ ਸੀ। ਜਿਸ ਤਹਿਤ ਅੱਜ ਦੂਜੇ ਦਿਨ ਵਪਾਰੀ ਅਤੇ ਦੁਕਾਨਦਾਰ ਸ਼ਹਿਰ ਦੇ ਮੁੱਖ ਸਦਰ ਬਾਜ਼ਾਰ ਵਿੱਚ ਇਕੱਠੇ ਹੋਏ। ਜਿੱਥੇ ਇਕਜੁੱਟਤਾ ਨਾਲ ਦੁਕਾਨਾਂ ਖੋਲ੍ਹਣ ਦਾ ਫ਼ੈਸਲਾ ਕੀਤਾ ਗਿਆ। ਜਿਸਨੂੰ ਲੈ ਕੇ ਦੁਕਾਨਦਾਰਾਂ ਅਤੇ ਪੁਲਿਸ ਪ੍ਰਦਰਸ਼ਨ ਦਰਮਿਆਨ ਤਿੱਖੀ ਬਹਿਸਬਾਜ਼ੀ ਵੀ ਹੋਈ।
ਪੁਲਿਸ ਵਲੋਂ ਦੁਕਾਨਦਾਰਾਂ ਨੂੰ ਕੋਰੋਨਾ ਵਾਇਰਸ ਦੇ ਚੱਲਦਿਆਂ ਸਰਕਾਰ ਦੀਆਂ ਹਦਾਇਤਾਂ ਮੰਨਣ ਲਈ ਕਿਹਾ ਗਿਆ। ਜਦਕਿ ਦੁਕਾਨਦਾਰ ਦੁਕਾਨਾਂ ਖੋਲ੍ਹਣ ’ਤੇ ਅੜ ਗਏ। ਇਸ ਸਮੇਂ ਪ੍ਰਦਰਸ਼ਨਕਾਰੀ ਦੁਕਾਨਦਾਰਾਂ ਅਤੇ ਵਪਾਰੀਆਂ ਨੇ ਕਿਹਾ ਕਿ ਕੋਰੋਨਾ ਵਾਇਰਸ ਕਾਰਨ ਸਰਕਾਰ ਆਪਣੀ ਨਾਕਾਰੀਆਂ ਲੁਕਾਉਣ ਲਈ ਲਾਕਡਾਊਨ ਲਗਾ ਰਹੀ ਹੈ। ਸਰਕਾਰ ਕੋਲ ਕੋਰੋਨਾ ਨਾਲ ਨਜਿੱਠਣ ਲਈ ਕੋਈ ਪਲੈਨਿੰਗ ਨਹੀਂ ਹੈ।
ਸਰਕਾਰ ਆਕਸੀਜਨ, ਵੈਕਸੀਨ ਜਾਂ ਹੋਰ ਪ੍ਰਬੰਧ ਕਰਨ ਦੀ ਥਾਂ, ਲੋਕਾਂ ਦੇ ਕਾਰੋਬਾਰ ਬੰਦ ਕਰਨ ਲੱਗੀ ਹੈ। ਇਸ ਤਰ੍ਹਾਂ ਕਰਨ ਨਾਲ ਲੋਕ ਭੁੱਖਮਰੀ ਦਾ ਸ਼ਿਕਾਰ ਹੋਣਗੇ। ਵਪਾਰੀ ਅਤੇ ਦੁਕਾਨਦਾਰ ਕਰਜ਼ੇ ਥੱਲੇ ਆ ਜਾਣਗੇ। ਪਿਛਲੇ ਸਾਲ ਲੱਗੇ ਕਰਫ਼ਿਊ ਅਤੇ ਲਾਕਡਾਊਨ ਦੌਰਾਨ ਵੀ ਸਰਕਾਰ ਨੇ ਵਪਾਰੀ ਜਾਂ ਦੁਕਾਨਦਾਰਾਂ ਨੂੰ ਕੋਈ ਰਾਹਤ ਨਹੀਂ ਦਿੱਤੀ। ਜਿਸ ਕਰਕੇ ਉਹ ਸਰਕਾਰ ਦੇ ਲਾਕਡਾਊਨ ਦਾ ਵਿਰੋਧ ਕਰਦੇ ਹੋਏ ਦੁਕਾਨਾਂ ਖੋਲ੍ਹਣ ਲਈ ਮਜਬੂਰ ਹਨ।