ਕੋਵਿਡ ਪਾਬੰਦੀਆਂ: ਵਪਾਰੀਆਂ ਦੀਆਂ ਬਾਗੀ ਸੁਰਾਂ ਨੱਪਣ ਲੱਗੀ ਬਠਿੰਡਾ ਪੁਲਿਸ
ਅਸ਼ੋਕ ਵਰਮਾ
ਬਠਿੰਡਾ,5 ਮਈ 2021: ਬਠਿੰਡਾ ਪੁਲਿਸ ਨੇ ਪੰਜਾਬ ਸਰਕਾਰ ਵੱਲੋਂ ਕਰੋਨਾ ਵਾਇਰਸ ਦਾ ਜਨਤਕ ਤੌਰ ਤੇ ਫੈਲਾਅ ਰੋਕਣ ਨੂੰ ਲੈਕੇ 15 ਮਈ ਤੱਕ ਲਾਏ ਮਿੰਨੀ ਲਾਕਡਾਊਨ ਦੌਰਾਨ ਦੁਕਾਨਾਂ ਖੋਹਲਣ ਵਾਲੇ ਦੁਕਾਨਦਾਰਾਂ ਖਿਲਾਫ ਸ਼ਿਕੰਜਾ ਕਸਣਾ ਸ਼ੁਰੂ ਕਰ ਦਿੱਤਾ ਹੈ। ਅੱਜ ਬਠਿੰਡਾ ਜਿਲ੍ਹੇ ਦੇ ਵੱਖ ਵੱਖ ਥਾਣਿਆਂ ’ਚ 9 ਪੁਲਿਸ ਕੇਸ ਦਰਜ ਕੀਤੇ ਗਏ ਹਨ ਜਿੰਨ੍ਹਾਂ ਚੋਂ ਛੇ ਦਾ ਸਬੰਧ ਇੰਨ੍ਹਾਂ ਰੋਕਾਂ ਨਾਲ ਹੈ। ਜਿਲ੍ਹਾ ਪੁਲਿਸ ਨੇ ਸਬੰਧਤ ਥਾਣਿਆਂ ’ਚ ਇੰਨ੍ਹਾਂ ਵਿਅਕਤੀਆਂ ਨੂੰ ਧਾਰਾ 188,269,270 ਸੈਕਸ਼ਨ 51 ਡਿਜ਼ਾਸਟਰ ਮੈਨੇਜਮੈਂਟ ਐਕਟ ਤਹਿਤ ਮੁਲਜਮ ਵਜੋਂ ਨਾਮਜਦ ਕੀਤਾ ਹੈ। ਮਿੰਨੀ ਲਾਕਡਾਊਨ ਕਾਰਨ ਸਰਕਾਰ ਵੱਲੋਂ ਬੰਦ ਕਰਵਾਈਆਂ ਗੈਰਜਰੂਰੀ ਲੋੜਾਂ ਵਾਲੀਆਂ ਵਸਤਾਂ ਦੀਆਂ ਦੁਕਾਨਾਂ ਕਰਕੇ ਆਪਣੀ ਰੋਜੀ ਰੋਟੀ ਖੁੱਸਣ ਦੇ ਮੱਦੇਨਜ਼ਰ ਇਹ ਦੁਕਾਨਦਾਰ ਮੰਗਲਵਾਰ ਨੂੰ ਸੜਕਾਂ ਤੇ ਉੱਤਰੇ ਸਨ ਜਿੰਨ੍ਹਾਂ ਖਿਲਾਫ ਅੱਜ ਪੁਲਿਸ ਨੇ ਤਾਜਾ ਸਖਤੀ ਮੁਹਿੰਮ ਸ਼ੁਰੂ ਕੀਤੀ ਹੈ।
ਇਕੱਲੀ ਥਾਾਣਾ ਕੋਤਵਾਲੀ ਪੁਲਿਸ ਨੇ ਤਾਂ ਇਸ ਮਾਮਲੇ ’ਚ ਚਾਰ ਮੁਕੱਦਮੇ ਦਰਜ ਕੀਤੇ ਹਨ ਜਿੰਨ੍ਹਾਂ ਚੋਂ ਪਹਿਲਾ ਲੋਕੇਸ਼ ਕੁਮਾਰ ਪੁੱਤਰ ਪਵਨ ਕੁਮਾਰ ਵਾਸੀ ਆਰੀਆ ਸਮਾਜ ਚੌਂਕ ਖਿਲਾਫ ਹੈ। ਐਫ ਆਈ ਆਰ ਮੁਤਾਬਕ ਲੋਕੇਸ਼ ਕੁਮਾਰ ਲਾਕਡਾਊਨ ਦੌਰਾਨ ਮਹਿਣਾ ਚੌਂਕ ’ਚ ਆਪਣੀ ਗਹਿਣੇ ਗੱਟੇ ਦੀ ਦੁਕਾਨ ਖੋਹਲ ਕੇ ਬੈਠਾ ਹੋਇਆ ਸੀ। ਇਸੇ ਤਰਾਂ ਹੀ ਫੌਜੀ ਚੌਂਕ ਲਾਗੇ ਆਪਣੀਆਂ ਟਾਇਰਾਂ ਦੀਆਂ ਦੁਕਾਨਾਂ ਖੋਹਲਣ ਨੂੰ ਲੈਕੇ ਕੋਤਵਾਲੀ ਪੁਲਿਸ ਨੇ ਕਮਲਜੀਤ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਮਾਤਾ ਰਾਣੀ ਗਲੀ ਬਠਿੰਡਾ, ਅਮਿ੍ਰਤਪਾਲ ਸਿੰਘ ਪੁੱਤਰ ਪੂਰਨ ਸਿੰਘ ਵਾਸੀ ਪਾਵਰ ਹਾਊਸ ਰੋਡ ਬਠਿੰਡਾ, ਰਾਕੇਸ਼ ਕੁਮਾਰ ਪੁੱਤਰ ਰਾਮਨਾਥ ਵਾਸੀ ਸ਼ਕਤੀ ਨਗਰ ਬਠਿੰਡਾ ਨੂੰ ਨਾਮਜਦ ਕੀਤਾ ਹੈ। ਲਾਕਡਾਊਨ ਦੌਰਾਨ ਬੱਸ ਅੱਡੇ ਲਾਗੇ ਆਪਣੀ ਦੁਕਾਨ ਖੁੱਲ੍ਹੀ ਰੱਖਣ ਕਾਰਨ ਥਾਣਾ ਕੋਤਵਾਲੀ ’ਚ ਲੱਖੀ ਰਾਮ ਪੁੱਤਰ ਅਮਰ ਚੰਦ ਵਾਸੀ ਨਵੀਂ ਬਸਤੀ ਬਠਿੰਡਾ ਖਿਲਾਫ ਪੁਲਿਸ ਕੇਸ ਦਰਜ ਹੋਇਆ ਹੈ।
ਮੰਗਲਵਾਰ ਨੂੰ ਫੌਜੀ ਚੌਂਕ ’ਚ ਧਰਨਾ ਦੇਣ ਨੂੰ ਲੈਕੇ ਥਾਣਾ ਕੋਤਵਾਲੀ ’ਚ ਹੀ ਚੌਥੇ ਮਾਮਲੇ ਦੌਰਾਨ ਲਖਵਿੰਦਰ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਮਹਿਮਾ ਸਰਜਾ,ਗੁਰਦੇਵ ਸਿੰਘ ਪੁੱਤਰ ਸੰਪੂਰਨ ਸਿੰਘ ਵਾਸੀ ਗੋਨਿਆਣਾ ਮੰਡੀ ਅਤੇ 20-25 ਅਣਪਛਾਤਿਆਂ ਖਿਲਾਫ ਕਾਰਵਾਈ ਕੀਤੀ ਗਈ ਹੈ। ਥਾਣਾ ਕੋਤਵਾਲੀ ਪੁਲਿਸ ਨੇ ਸਾਰੇ ਮਾਮਲਿਆਂ ’ਚ ਮੌਕੇ ਤੇ ਹੀ ਜਮਾਨਤ ਦੇ ਦਿੱਤੀ ਹੈ।ਥਾਣਾ ਨੇਹੀਆਂ ਵਾਲਾ ਪੁਲਿਸ ਨੇ ਮੁਖਬਰੀ ਦੇ ਅਧਾਰ ਤੇ ਰਮੇਸ਼ ਕੁਮਾਰ ਪੁੱਤਰ ਬਿਸ਼ਨ ਦਾਸ, ਹਰਵਿੰਦਰਪਾਲ ਸਿੰਘ, ਭਗਤ ਰਾਮ, ਰੋਬਿਨ ਜੈ ਪੁੱਤਰ ਰਮੇਸ਼ ਕੁਮਾਰ, ਨਰੇਸ਼ ਕੁਮਾਰ ਪੁੱਤਰ ਭਗਵਾਨ ਦਾਸ, ਯਸ਼ਪਾਲ ਸਿੰਗਲਾ, ਵਿੱਕੀ ਪੀਜੇ ਵਾਲਾ ਪੁੱਤਰ ਵਿਪਨ ਕੁਮਾਰ,ਮਿੰਟੂ ਵਾਸੀਆਨ ਗੋਨਿਆਣਾ ਮੰਡੀ ਖਿਲਾਫ ਕਾਰਵਾਈ ਕੀਤੀ ਹੈ। ਐਫਆਈਆਰ ਮੁਤਾਬਕ ਇਹ ਲੋਕ ਪੰਚਾਇਤੀ ਧਰਮਸ਼ਾਲਾ ਗੋਨਿਆਣਾ ਮੰਡੀ ਵਿਖੇ 89-90 ਵਿਅਕਤੀਆਂ ਦਾ ਇਕੱਠ ਕਰਕੇ ਦੁਕਾਨਾਂ ਖੋਹਲਣ ਲਈ ਕਹਿ ਰਹੇ ਸਨ। ਪੁਲਿਸ ਨੇ ਇਸ ਕੇਸ ’ਚ ਕੋਈ ਗ੍ਰਿਫਤਾਰੀ ਨਹੀਂ ਕੀਤੀ ਹੈ।
ਥਾਣਾ ਸੰਗਤ ਪੁਲਿਸ ਨੇ ਮਿੱਠੂ ਸਿੰਘ ਪੁੱਤਰ ਪਾਲਾ ਸਿੰਘ, ਮਲਕੀਤ ਸਿੰਘ ਪੁੱਤਰ ਸੁਰਜੀਤ ਸਿੰਘ, ਅਮਰੀਕ ਸਿੰਘ ਪੁੱਤਰ ਮਲਕੀਤ ਸਿੰਘ, ਜਗਦੀਪ ਸਿੰਘ ਪੁੱਤਰ ਗੁਰਦੇਵ ਸਿੰਘ, ਗੁਰਮੀਤ ਸਿੰਘ ਪੁੱਤਰ ਗੁਰਦੇਵ ਸਿੰਘ, ਜਗਮੀਤ ਸਿੰਘ ਪੁੱਤਰ ਮਲਕੀਤ ਸਿੰਘ, ਜਸਵੀਰ ਸਿੰਘ ਪੁੱਤਰ ਕਾਕਾ ਸਿੰਘ, ਰਾਜਵਿੰਦਰ ਸਿੰਘ ਪੁੱਤਰ ਗੁਰਮੇਲ ਸਿੰਘ, ਬਲਜਿੰਦਰ ਸਿੰਘ ਪੁੱਤਰ ਗੁਰਜੰਟ ਸਿੰਘ ਵਾਸੀਆਨ ਫੁੱਲ ਮਿੱਠੀ ਅਤੇ 3-4 ਅਣਪਛਾਤਿਆਂ ਨੂੰ ਨਾਮਜਦ ਕੀਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਇਹ ਮੁਕੱਦਮਾ ਮੁਖਬਰੀ ਦੇ ਅਧਾਰ ਤੇ ਦਰਜ ਕੀਤਾ ਗਿਆ ਹੈ ਕਿਉਂਕਿ ਇੰਨ੍ਹਾਂ ਨੇ ਮਿੱਠੂ ਸਿੰਘ ਦੇ ਘਰ ਇਕੱਠ ਕੀਤਾ ਹੋਇਆ ਸੀ। ਥਾਣਾ ਸੰਗਤ ਪੁਲਿਸ ਨੇ ਮੁਲਜਮਾਂ ਨੂੰ ਗ੍ਰਿਫਤਾਰ ਕਰਨ ਉਪਰੰਤ ਜਮਾਨਤ ਤੇ ਰਿਹਾਅ ਕਰ ਦਿੱਤਾ ਹੈ।
ਦੁਕਾਨਦਾਰਾਂ ਵੱਲੋਂ ਦਿੱਤੀ ਦਲੀਲ
ਵੱਖ ਵੱਖ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਬਿਨਾਂ ਸ਼ੱਕ ਕਰੋਨਾ ਦਾ ਸੰਕਟ ਗੰਭੀਰ ਹੋ ਰਿਹਾ ਹੈ ਪਰ ਉਨ੍ਹਾਂ ਲਈ ਪ੍ਰੀਵਾਰਾਂ ਦਾ ਪਾਲਣ ਪੋਸ਼ਣ ਕਰਨ ਦੀਆਂ ਮਜਬੂਰੀਆਂ ਇਸ ਤੋਂ ਕਿਤੇ ਵੱਡੀਆਂ ਹਨ। ਉਨ੍ਹਾਂ ਆਖਿਆ ਕਿ ਉਹ ਤਾਂ ਅਜੇ ਪਿਛਲੇ ਮੁਕੰਮਲ ਲਾਕਡਾਊਨ ਦੇ ਡੰਗੇ ਹੀ ਲੀਹ ਤੇ ਨਹੀਂ ਆਏ ਸਨ ਕਿ ਇੱਕ ਹੋਰ ਨਵੀਂ ਮੁਸੀਬਤ ਖੜ੍ਹੀ ਹੋ ਗਈ ਹੈ। ਉਨ੍ਹਾਂ ਸਵਾਲ ਕੀਤਾ ਕਿ ਕੀ ਸ਼ਰਾਬ ਦੇ ਠੇਕਿਆਂ ਤੇ ਲੱਗਦੀਆਂ ਭੀੜਾਂ ਲਈ ਕਰੋਨਾ ਦਾ ਕੋਈ ਖਤਰਾ ਨਹੀਂ ਹੈ। ਉਨ੍ਹਾਂ ਆਖਿਆ ਕਿ ਉਹ ਸਰਕਾਰ ਨੂੰ ਸਹਿਯੋਗ ਕਰਨ ਲਈ ਤਿਆਰ ਹਨ ਪਰ ਉਨ੍ਹਾਂ ਦੀਆਂ ਜਰੂਰਤਾਂ ਨੂੰ ਧਿਆਨ ’ਚ ਰੱਖਦਿਆਂ ਮਸਲੇ ਦਾ ਕੋਈ ਢੁੱਕਵਾਂ ਹੱਲ ਕੱਢਿਆ ਜਾਣਾ ਚਾਹੀਦਾ ਹੈ।
ਸਰਕਾਰਾਂ ਦਾ ਅਣਮਨੁੱਖੀ ਵਤੀਰਾ: ਲੋਕ ਮੋਰਚਾ
ਲੋਕ ਮੋਰਚਾ ਪੰਜਾਬ ਦੇ ਸੂਬਾ ਜਨਰਲ ਸਕੱਤਰ ਜਗਮੇਲ ਸਿੰਘ ਦਾ ਕਹਿਣਾ ਸੀ ਕਿ ਕਰੋਨਾ ਬਹਾਨੇ ਸਰਕਾਰਾਂ ਆਮ ਲੋਕਾਂ ਨਾਲ ਅਣਮਨੁੱਖੀ ਵਤੀਰਾ ਅਪਣਾ ਰਹੀਆਂ ਹਨ। ਉਨ੍ਹਾਂ ਆਖਿਆ ਕਿ ਲਾਕਡਾਊਨ ਕਿਸੇ ਮਸਲੇ ਦਾ ਹੱਲ ਨਹੀਂ ਬਲਕਿ ਲੋਕਾਂ ਲਈ ਸਰਕਾਰੀ ਸਿਹਤ ਢਾਂਚਾ ਮਜਬੂਤ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰਾਂ ਕਰੋਨਾ ਨੂੰ ਹਊਆ ਬਣਾ ਕੇ ਪੇਸ਼ ਕਰਨ ਰਾਹੀਂ ਪਹਿਲਾਂ ਦੀ ਤਰਾਂ ਜਬਰੀ ਮੁਕੰਮਲ ਲਾਕਡਾਊਨ ਦਾ ਰਾਹ ਪੱਧਰਾ ਕਰ ਰਹੀਆਂ ਹਨ। ਲੋਕ ਮੋਰਚਾ ਆਗੂ ਨੇ ਕਿਹਾ ਕਿ ਸਰਕਾਰ ਨੂੰ ਕਾਫੀ ਸਮਾਂ ਮਿਲਿਆ ਸੀ ਜਿਸ ਦੌਰਾਨ ਕੋਈ ਪ੍ਰਬੰਧ ਨਹੀਂ ਕੀਤੇ ਪਰ ਹੁਣ ਆਮ ਲੋਕਾਂ ਦੀ ਸੰਘੀ ਘੁੱਟ ਦਿੱਤੀ ਹੈ । ਉਨ੍ਹਾਂ ਆਮ ਲੋਕਾਂ ਨੂੰ ਸਰਕਾਰਾਂ ਦੀਆਂ ਕਾਰਪੋਰੇਟ ਪ੍ਰਸਤ ਨੀਤੀਆਂ ਦਾ ਡਟ ਕੇ ਵਿਰੋਧ ਕਰਨ ਦਾ ਸੱਦਾ ਵੀ ਦਿੱਤਾ।