ਸਿਹਤ ਮੰਤਰੀ ਨਾਲ 2 ਘੰਟੇ ਬਤੀਤ ਕਰਨ ਵਾਲੇ ਤਪਾ ਨਗਰ ਕੌਂਸ਼ਲ ਪ੍ਰਧਾਨ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ, ਅਕਾਲੀ ਦਲ ਨੇ ਕੀਤਾ ਦਾਅਵਾ
ਕਮਲਜੀਤ ਸਿੰਘ ਸੰਧੂ
- ਸਿਹਤ ਮੰਤਰੀ ਨਾਲ 2 ਘੰਟੇ ਬਤੀਤ ਕਰਨ ਵਾਲੇ ਤਪਾ ਨਗਰ ਕੌਂਸ਼ਲ ਪ੍ਰਧਾਨ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ ਹੋਣ ਦਾ ਸ਼੍ਰੋਮਣੀ ਅਕਾਲੀ ਦਲ ਨੇ ਕੀਤਾ ਦਾਅਵਾ
- 30 ਅਪ੍ਰੈਲ ਨੂੰ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਤਪਾ ਨਗਰ ਕੌਂਸ਼ਲ ਦੇ ਪ੍ਰਧਾਨ ਦੀ ਤਾਜ਼ਪੋਸੀ ਲਈ ਸਮਾਗਮ ’ਚ ਹੋਏ ਸਨ ਸ਼ਾਮਲ
- ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ਼ ਨੇ ਸਿਹਤ ਮੰਤਰੀ ’ਤੇ ਕੋਰੋਨਾ ਨਿਯਮਾਂ ਦਾ ਉਲੰਘਣ ਕਰਨ ਦਾ ਲਗਾਇਆ ਦੋਸ਼
- ਕਿਹਾ ਕੇ ਤਪਾ ਪੁਲਿਸ ਥਾਣੇ ਵਿੱਚ ਸ਼ਿਕਾਇਤ ਦੇ ਬਾਵਜੂਦ ਨਹੀਂ ਹੋਈ ਕੋਈ ਕਾਰਵਾਈ
- ਉਹਨਾਂ ਨੇ ਪੰਜਾਬ ਸਰਕਾਰ ਤੋਂ ਸਿਹਤ ਮੰਤਰੀ ਦਾ ਅਸਤੀਫ਼ਾ ਲੈਣ ਦੀ ਕੀਤੀ ਮੰਗ
- ਸਿਹਤ ਮੰਤਰੀ ਦੀ ਇਸ ਅਣਗਹਿਲੀ ਅਤੇ ਧੱਕੇਸ਼ਾਹੀ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਦਾ ਲਿਆ ਫ਼ੈਸਲਾ
ਬਰਨਾਲਾ, 4 ਮਈ 2021 - ਸ਼੍ਰੋਮਣੀ ਅਕਾਲੀ ਦਲ ਵਲੋਂ ਸਿਹਤ ਮੰਤਰੀ ’ਤੇ ਕੋਰੋਨਾ ਵਾਇਰਸ ਦੇ ਨਿਯਮਾਂ ਦਾ ਉਲੰਘਣ ਕਰਕੇ ਅਨੇਕਾਂ ਲੋਕਾਂ ਦੀ ਜਾਨ ਖ਼ਤਰੇ ’ਚ ਪਾਉਣ ਦਾ ਦੋਸ਼ ਲਗਾਇਆ ਹੈ। ਬਰਨਾਲਾ ਦੇ ਵਿਧਾਨ ਸਭਾ ਹਲਕਾ ਭਦੌੜ ਦੇ ਸ਼੍ਰੋਮਣੀ ਅਕਾਲੀ ਦਲ ਦੇ ਇੰਚਾਰਜ਼ ਸਤਨਾਮ ਸਿੰਘ ਰਾਹੀ ਨੇ ਕਿਹਾ ਕਿ 30 ਅਪ੍ਰੈਲ ਨੂੰ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਤਪਾ ਵਿਖੇ ਨਗਰ ਕੌਂਸਲ ਪ੍ਰਧਾਨ ਦੀ ਤਾਜ਼ਪੋਸ਼ੀ ਸਮਾਗਮ ਵਿੱਚ ਪਹੁੰਚੇ ਸਨ। ਜਿੱਥੇ 500 ਲੋਕਾਂ ਦਾ ਇਕੱਠ ਕਰਕੇ ਕੋਰੋਨਾ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਗਈਆਂ. ਉਥੇ ਜਿਸ ਨਗਰ ਕੌਂਸ਼ਲ ਪ੍ਰਧਾਨ ਨਾਲ ਸਿਹਤ ਮੰਤਰੀ ਨੇ 2 ਘੰਟੇ ਸਮਾਂ ਗੁਜ਼ਾਰਿਆ, ਉਸਦੀ ਕੋਰੋਨਾ ਰਿਪੋਰਟ ਅੱਜ ਪੌਜੀਟਿਵ ਆਈ ਹੈ।
ਜਿਸ ਕਰਕੇ ਸਿਹਤ ਮੰਤਰੀ ਇਸ ਸਮਾਗਮ ਤੋਂ ਬਾਅਦ ਕੋਵਿਡ19 ਦੀ ਰੀਵਿਊ ਮੀਟਿੰਗ ਵਿੱਚ ਮੁੱਖ ਮੰਤਰੀ ਪੰਜਾਬ, ਸਿਹਤ ਅਧਿਕਾਰੀਆਂ ਅਤੇ ਚੰਡੀਗੜ ਦੇ ਪੱਤਰਕਾਰਾਂ ਦੇ ਰੂਬਰੂ ਹੋ ਚੁੱਕੇ ਹਨ। ਅਕਾਲੀ ਆਗੂ ਨੇ ਕਿਹਾ ਕਿ ਸਿਹਤ ਮੰਤਰੀ ਵਲੋਂ ਤਪਾ ਵਿਖੇ ਕੋਰੋਨਾ ਨਿਯਮਾਂ ਦਾ ਉਲੰਘਣ ਕਰਨ ’ਤੇ ਉਹਨਾਂ ਨੇ ਤਪਾ ਦੀ ਪੁਲਿਸ ਨੂੰ ਲਿਖ਼ਤੀ ਸ਼ਿਕਾਇਤ ਦੇ ਕੇ ਕਾਰਵਾਈ ਦੀ ਵੀ ਮੰਗ ਕੀਤੀ ਸੀ, ਪਰ ਅਜੇ ਤੱਕ ਉਹਨਾਂ ’ਤੇ ਪੁਲਿਸ ਨੇ ਕੋਈ ਪਰਚਾ ਦਰਜ਼ ਨਹੀਂ ਕੀਤਾ। ਉਹਨਾਂ ਪੰਜਾਬ ਸਰਕਾਰ ਵਲੋਂ ਸਿਹਤ ਮੰਤਰੀ ਦੇ ਅਹੁਦੇ ਤੋਂ ਹਟਾਉਣ ਅਤੇ ਉਹਨਾਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਹੈ। ਅਕਾਲੀ ਹਲਕਾ ਇੰਚਾਰਜ਼ ਨੇ ਦੱਸਿਆ ਕਿ ਤਪਾ ਨਗਰ ਕੌਂਸ਼ਲ ਦੇ ਪ੍ਰਧਾਨ ਦੀ ਕੋਰੋਨਾ ਰਿਪੋਰਟ ਪੌਜੀਟਿਵ ਆਉਣ ਦੇ ਬਾਵਜੂਦ ਉਹਨਾਂ ਵਲੋਂ ਨਗਰ ਕੌਂਸ਼ਲ ਦੀ ਮੀਟਿੰਗ ਕਰਕੇ ਮਤੇ ਪਾਸ ਕੀਤੇ ਗਏ ਹਨ। ਜਿਸ ਕਰਕੇ ਨਗਰ ਕੌਂਸ਼ਲ ਦੇ ਪ੍ਰਧਾਨ ਅਤੇ ਈਓ ’ਤੇ ਕਾਰਵਾਈ ਦੀ ਮੰਗ ਕੀਤੀ ਹੈ।
ਉਥੇ ਇਸ ਮੌਕੇ ਅਕਾਲੀ ਕੌਂਸ਼ਲਰ ਤਿਰਲੋਚਨ ਬਾਂਸਲ ਨੇ ਕਿਹਾ ਕਿ ਉਹਨਾਂ ਕੋਲ ਨਗਰ ਕੌਂਸ਼ਲ ਦੀ ਪ੍ਰਧਾਨਗੀ ਲਈ ਬਹੁਮਤ ਹੈ। ਪਰ ਕਾਂਗਰਸ ਪਾਰਟੀ ਨੇ ਧੱਕੇਸ਼ਾਹੀ ਕਰਦਿਆਂ ਆਪਣਾ ਪ੍ਰਧਾਨ ਬਣਾ ਲਿਆ। ਅੱਜ ਕੌਂਸ਼ਲਰਾਂ ਦਾ ਸਹੁੰ ਚੁੱਕ ਸਮਾਗਮ ਰੱਖਿਆ ਗਿਆ ਸੀ, ਪਰ ਅੱਜ ਉਹਨਾਂ ਨੂੰ ਕੋਰੋਨਾ ਰਿਪੋਰਟ ਦੇ ਬਹਾਨੇ ਸਹੁੰ ਚੁੱਕ ਸਮਾਗਮ ਵਿੱਚ ਹੀ ਦਾਖ਼ਲ ਨਹੀਂ ਹੋਣ ਦਿੱਤਾ ਗਿਆ। ਜੋ ਕਾਂਗਰਸ ਦੀ ਬੁਖ਼ਲਾਹਟ ਦਾ ਨਤੀਜਾ ਹੈ।