ਬਾਦਲਾਂ ਦੇ ਗੜ੍ਹ ’ਚ ਝਾੜੂ ਨੇ ਰੋਲੀਆਂ ਰਿਵਾਇਤੀ ਸਿਆਸੀ ਪਾਰਟੀਆਂ
ਅਸ਼ੋਕ ਵਰਮਾ
ਬਠਿੰਡਾ,10ਮਾਰਚ2022: ਪੰਜਾਬ ਦੀ ਸੱਤਾ ਦੇ ਧੁਨੰਤਰ ਸਮਝੇ ਜਾਂਦੇ ਬਾਦਲ ਪ੍ਰੀਵਾਰ ਦੇ ਗੜ੍ਹ ਬਠਿੰਡਾ ਸੰਸਦੀ ਹਲਕੇ ’ਚ ਆਮ ਆਦਮੀ ਪਾਰਟੀ ਨੇ ਵਿਰੋਧੀਆਂ ਦਾ ਪੂਰੀ ਤਰਾਂ ਸਫਾਇਆ ਕਰ ਦਿੱਤਾ ਹੈ। ਐਤਕੀਂ ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਕਈ ਵੱਡੇ ਸਿਆਸੀ ਭਲਵਾਨਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਹੈ ਜਦੋਂ ਕਿ ਨਵੇਂ ਰੰਗਰੂਟ ਫਰਸ਼ ਤੋਂ ਅਰਸ਼ ਤੇ ਪੁੱਜ ਗਏ ਹਨ। ਕਾਂਗਰਸ ਅਤੇ ਅਕਾਲੀ ਦਲ ਤਾਂ ਆਪਣਾ ਖਾਤਾ ਵੀ ਨਹੀਂ ਖੋਹਲ ਸਕੇ ਹਨ।ਇਸ ਸੰਸਦੀ ਹਲਕੇ ਦੇ ਚੋਣ ਮੈਦਾਨ ‘ਚ ਕਈ ਸਿਆਸੀ ਧਿਰਾਂ ਡਟੀਆਂ ਹੋਈਆਂ ਸਨ ਪਰ ਮੁੱਖ ਮੁਕਾਬਲਾ ਆਮ ਆਦਮੀ ਪਾਰਟੀ, ਅਕਾਲੀ ਦਲ ਬਸਪਾ ਗੱਠਜੋੜ ,ਕਾਂਗਰਸ ਅਤੇ ਭਾਰਤੀ ਜੰਤਾ ਪਾਰਟੀ ਗੱਠਜੋੜ ਵਿਚਕਾਰ ਸੀ ।
ਜਾਣਕਾਰੀ ਅਨੁਸਾਰ ਬਠਿੰਡਾ ਸ਼ਹਿਰੀ ਹਲਕੇ ’ਚ ਆਮ ਆਦਮੀ ਪਾਰਟੀ ਦੇ ਜਗਰੂਪ ਸਿੰਘ ਗਿੱਲ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਦੇ ਭਤੀਜੇ ਵਿੱਤ ਮੰਤਰੀ ਪੰਜਾਬ ਮਨਪ੍ਰੀਤ ਸਿੰਘ ਬਾਦਲ ਨੂੰ 63 ਹਜ਼ਾਰ 581 ਵੋਟਾਂ ਦੇ ਵੱਡੇ ਫਰਕ ਨਾਲ ਹਰਾ ਦਿੱਤਾ ਹੈ। ਬਠਿੰਡਾ ਸੰਸਦੀ ਹਲਕੇ ’ਚ ਕਿਸੇ ਆਪ ਉਮੀਦਵਾਰ ਦੀ ਇਹ ਸਭ ਤੋਂ ਵੱਡੀ ਹੈ। ਉਹ ਵੀ ਉਸ ਵਕਤ ਜਦੋਂ ਮੁਕਾਬਲੇ ’ਚ ਪੰਜਾਬ ਸਰਕਾਰ ਦਾ ਸਭ ਤੋਂ ਪ੍ਰਭਾਵਸ਼ਾਲੀ ਮੰਤਰੀ ਚੋਣ ਲੜ ਰਿਹਾ ਹੋਵੇ ਤਾਂ ਜਿੱਤ ਦੇ ਮਾਇਨੇ ਹੀ ਵੱਖਰੇ ਹੁੰਦੇ ਹਨ। ਆਮ ਉਮੀਦਵਾਰ ਜਗਰੂਪ ਸਿੰਘ ਗਿੱਲ ਨੂੰ 91 ਹਜ਼ਾਰ509 ਵੋਟਾਂ ਪਈਆਂ ਹਨ ਜਦੋਂਕਿ ਕਾਂਗਰਸੀ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ 29 ਹਜ਼ਾਰ 190 ਵੋਟਾਂ ਨਾਲ ਦੂਸਰੇ ਸਥਾਨ ਤੇ ਰਿਹਾ ਹੈ।
ਇਸੇ ਤਰਾਂ ਹੀ ਅਕਾਲੀ ਬਸਪਾ ਗੱਠਜੋੜ ਦੇ ਉਮੀਦਵਾਰ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਨੂੰ 23 ਹਜ਼ਾਰ 906 ਅਤੇ ਭਾਜਪਾ ਦੇ ਰਾਜ ਨੰਬਰਦਾਰ ਨੂੰ 12 ਹਜ਼ਾਰ 618 ਵੋਟ ਹਾਸਲ ਹੋਏ ਹਨ। ਅਜਿਹੀ ਹੀ ਬੰਪਰ ਜਿੱਤ ਦੇ ਮਾਮਲੇ ’ਚ ਦੂਸਰਾ ਸਥਾਨ ਮਾਨਸਾ ਹਲਕੇ ਦਾ ਹੈ ਜਿੱਥੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ ਵਿਜੇ ਸਿੰਗਲਾ ਆਪਣੇ ਨੇੜਲੇ ਵਿਰੋਧੀ ਉਮੀਦਵਾਰ ਸ਼ੁਭਦੀਪ ਸਿੰਘ ਉਰਫ ਗਾਇਕ ਸਿੱਧੂ ਮੂਸੇਵਾਲਾ ਨੂੰ 62,723 ਵੋਟਾਂ ਨਾਲ ਹਰਾਇਆ ਹੈ। ਡਾ ਸਿੰਗਲਾ ਨੂੰ 99 ਹਜ਼ਾਰ 200 ਵੋਟਾਂ ਪਈਆਂ ਹਨ ਜਦੋਂਕਿ ਸਿੱਧੂ ਮੂਸੇਵਾਲਾ 36 ਹਜ਼ਾਰ477,ਅਕਾਲੀ ਦਲ ਦੇ ਪਰੇਮ ਕੁਮਾਰ ਨੂੰ 26 ਹਜ਼ਾਰ 992 ਅਤੇ ਪੰਜਾਬ ਲੋਕ ਕਾਂਗਰਸ ਦੇ ਉਮੀਦਵਾਰ ਜੀਵਨ ਦਾਸ ਬਾਵਾ ਨੂੰ ਸਿਰਫ 1717 ਵੋਟਾਂ ਪਈਆਂ ਹਨ।
ਸੰਸਦੀ ਹਲਕਾ ਬਠਿੰਡਾ ’ਚ ਪੈਂਦੇ ਵਿਧਾਨ ਸਭਾ ਹਲਕਾ ਲੰਬੀ ’ਚ ਆਪ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਨੇ ਅਕਾਲੀ ਸੁਪਰੀਮੋ ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਤੇ ਲਗਾਤਾਰ ਜਿੱਤਣ ਵਾਲੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ 11ਹਜ਼ਾਰ 87 ਵੋਟਾਂ ਨਾਲ ਹਾਰ ਦਿੱਤੀ ਹੈ। ਕਾਂਗਰਸ ਦੇ ਉਮੀਦਵਾਰ ਜਗਪਾਲ ਸਿੰਘ ਅਬੁਲ ਖੁਰਾਣਾ ਨੂੰ ਆਪ ਦੀ ਜਿੱਤ ਦੇ ਅੰਕੜੇ ਨਾਲੋਂ ਵੀ ਘੱਟ10 ਹਜ਼ਾਰ 52 ਵੋਟਾਂ ਪਈਆਂ ਹਨ ਜਦੋਂਕਿ ਭਾਜਪਾ ਉਮੀਦਵਾਰ ਸਿਰਫ 1103 ਵੋਟਾਂ ਹੀ ਲੈ ਸਕਿਆ ਹੈ। ਵਿਧਾਨ ਸਭਾ ਹਲਕਾ ਭੁੱਚੋ ਮੰਡੀ ’ਚ ਪਿਛਲੀਆਂ ਚੋਣਾਂ ’ਚ ਪੂਰੇ ਫਸਵੇਂ ਮੁਕਾਬਲੇ ਦੌਰਾਨ ਸਿਰਫ 635 ਵੋਟਾਂ ਨਾਲ ਹਾਰ ਜਾਣ ਵਾਲੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਾਸਟਰ ਜਗਸੀਰ ਸਿੰਘ 50 ਹਜ਼ਾਰ212 ਵੋਟਾਂ ਦੇ ਫਰਕ ਨਾਲ ਜਿੱਤ ਗਏ ਹਨ।
ਮਾਸਟਰ ਜਗਸੀਰ ਸਿੰਘ ਨੂੰ 85 ,030 ਵੋਟਾਂ ਪਈਆਂ ਹਨ ਜਦੋਂਕਿ ਅਕਾਲੀ ਉਮੀਦਵਾਰ ਦਰਸ਼ਨ ਸਿੰਘ ਕੋਟਫੱਤਾ ਨੂੰ 35,366 ,ਪਿਛਲੇ ਜੇਤੂ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਨੂੰ20,581 ਅਤੇ ਭਾਜਪਾ ਦੇ ਰੁਪਿੰਦਰਜੀਤ ਸਿੰਘ ਨੂੰ 2284 ਵੋਟਾਂ ਪਈਆਂ ਹਨ। ਬਠਿੰਡਾ ਦਿਹਾਤੀ ’ਚ ਆਪ ਉਮੀਦਵਾਰ ਅਮਿਤ ਰਤਨ ਕੋਟਫੱਤਾ ਵੀ 35 ਹਜ਼ਾਰ479 ਵੋਟਾਂ ਨਾਲ ਜੇਤੂ ਰਿਹਾ ਹੈ। ਮੁਕਾਬਲੇ ’ਚ ਅਕਾਲੀ ਉਮੀਦਵਾਰ ਪ੍ਰਕਾਸ਼ ਸਿੰਘ ਭੱਟੀ ਨੂੰ 30,486, ਕਾਂਗਰਸੀ ਉਮੀਦਵਾਰ ਹਰਵਿੰਦਰ ਲਾਡੀ ਨੂੰ22 ਹਜ਼ਾਰ 642 ਅਤੇ ਦੋ ਵਾਰ ਇਸ ਹਲਕੇ ਤੋਂ ਸ਼ਾਨ ਨਾਲ ਜਿੱਤੇ ਮਰਹੂਮ ਵਿਧਾਇਕ ਕਾਮਰੇਡ ਮੱਖਣ ਸਿੰਘ ਦੇ ਲੜਕੇ ਸਵੇਰਾ ਸਿੰਘ ਨੂੰ ਮਸਾਂ 578 ਵੋਟਾਂ ਪਈਆਂ ਹਨ।
ਵਿਧਾਨ ਸਭਾ ਹਲਕਾ ਬੁਢਲਾਡਾ ’ਚ ਸਿਟਿੰਗ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ51,691 ਵੋਟਾਂ ਨਾਲ ਜਿੱਤੇ ਹਨ। ਬੁੱਧ ਰਾਮ ਨੂੰ 87,467 ਵੋਟਾਂ ਪਈਆਂ ਜਦੋਂ ਕਿ ਅਕਾਲੀ ਦਲ ਦੇ ਡਾਕਟਰ ਨਿਸ਼ਾਨ ਸਿੰਘ ਨੂੰ 36,284 ਵੋਟਾਂ ਅਤੇ ਕਾਂਗਰਸ ਦੀ ਰਣਵੀਰ ਕੌਰ ਮੀਆਂ ਨੂੰ 21,375 ਵੋਟ ਹਾਸਲ ਹੋਏ ਹਨ। ਸਰਦੂਲਗੜ੍ਹ ਹਲਕੇ ’ਚ ਆਮ ਆਦਮੀ ਪਾਰਟੀ ਦਾ ਉਮੀਦਵਾਰ ਗੁਰਪ੍ਰੀਤ ਸਿੰਘ ਬਣਾਵਾਲੀ ਨੇ ਅਕਾਲੀ ਦਲ ਦੇ ਸਿਟਿੰਗ ਵਿਧਾਇਕ ਦਿਲਰਾਜ ਸਿੰਘ ਭੂੰਦੜ ਨੂੰ 41,027 ਵੋਟਾਂ ਨਾਲ ਹਾਰ ਦਿੱਤੀ ਹੈ। ਭੂੰਦੜ ਨੂੰ34,311 ਵੋਟਾਂ ਅਤੇ ਜਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਬਿਕਰਮ ਸਿੰਘ ਮੋਫਰ ਨੂੰ31,572 ਵੋਟ ਪ੍ਰਾਪਤ ਹੋਏ ਹਨ।
ਹਲਕਾ ਰਾਮਪੁਰਾ ਫੂਲ ’ਚ ਆਪ ਆਦਮੀ ਪਾਰਟੀ ਦੇ ਉਮੀਦਵਾਰ ਬਲਕਾਰ ਸਿੱਧੂ ਨੇ ਦੋ ਸਾਬਕਾ ਮੰਤਰੀਆਂ ਅਕਾਲੀ ਦਲ ਦੇ ਸਿਕੰਦਰ ਸਿੰਘ ਮਲੂਕਾ ਅਤੇ ਕਾਂਗਰਸ ਦੇ ਗੁਰਪ੍ਰੀਤ ਸਿੰਘ ਕਾਂਗੜ ਨੂੰ ਹਰਾਇਆ ਹੈ। ਬਲਕਾਰ ਸਿੱਧੂ ਨੂੰ55,715,ਮਲੂਕਾ ਨੂੰ45,386 ਅਤੇ ਕਾਂਗੜ ਨੂੰ28,077 ਵੋਟਾਂ ਪਈਆਂ ਹਨ। ਹਲਕਾ ਤਲਵੰਡੀ ਸਾਬੋ ’ਚ ਸਿਟਿੰਗ ਵਿਧਾਇਕ ਬਲਜਿੰਦਰ ਕੌਰ 48 ਹਜਾਰ 358 ਵੋਟਾਂ ਲੈਕੇ ਅਕਾਲੀ ਦਲ ਦੇ ਜੀਤ ਮੋਹਿੰਦਰ ਸਿੰਘ ਸਿੱਧੂ ਤੋਂ 15 ਹਜਾਰ ਵੋਟਾਂ ਨਾਲ ਚੋਣ ਜਿੱਤ ਗਏ ਹਨ ਜਦੋਂ ਕਿ ਕਾਂਗਰਸ ਦੇ ਖੁਸ਼ਬਾਜ ਜਟਾਣਾ ਅਤੇ ਬਾਗੀ ਕਾਂਗਰਸੀ ਹਰਮਿੰਦਰ ਸਿੰਘ ਜੱਸੀ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਹੈ।
ਹਲਕਾ ਮੌੜ ਤੋਂ ਆਪ ਉਮੀਦਵਾਰ ਸੁਖਵੀਰ ਸਿੰਘ ਮਾਈਸਰਖਾਨਾ ਅਜਾਦ ਉਮੀਦਵਾਰ ਲੱਖਾ ਸਿਧਾਣਾ ਨੂੰ 34,611 ਵੋਟਾਂ ਤੇ ਜਿੱਤ ਗਏ ਹਨ। ਇੱਥੇ ਅਕਾਲੀ ਦਲ ਦੇ ਜਗਮੀਤ ਬਰਾੜ 23,196 ਵੋਟਾਂ ਨਾਲ ਦੂਸਰੇ ਅਤੇ ਕਾਂਗਰਸ ਦੀ ਮਨੋਜ ਬਾਲਾ ਬਾਂਸਲ14,890 ਵੋਟਾਂ ਨਾਲ ਤੀਸਰੇ ਸਥਾਨ ਤੇ ਰਹੇ ਹਨ। ਭਾਜਪਾ ਉਮੀਦਵਾਰ ਅਤੇ ਪਾਰਟੀ ਦਾ ਸੂਬਾ ਜਰਨਲ ਸਕੱਤਰ ਦਿਆਲ ਸੋਢੀ ਤਾਂ ਸਿਰਫ 3373 ਵੋਟਾਂ ਹੀ ਲੈ ਸਕਿਆ ਹੈ।