ਸੂਲਾਂ ਬਣ ਚੁਭੇ ਝਾੜੂ ਦੇ ਤੀਲਿਆਂ ਨੇ ਹੂੰਝੀ ਵੱਡੇ ਲੀਡਰਾਂ ਦੀ ਜ਼ਮਾਨਤ
ਅਸ਼ੋਕ ਵਰਮਾ
ਬਠਿੰਡਾ,11ਮਾਰਚ2022: ਬਠਿੰਡਾ ਪੱਟੀ ’ਚ ਆਮ ਆਦਮੀ ਪਾਰਟੀ ਦੇ ਸਿਆਸੀ ਤੁਫਾਨ ਨੇ ਵੱਡੇ ਵੱਡੇ ਲੀਡਰਾਂ ਦੀ ਜ਼ਮਾਨਤ ਜਬਤ ਕਰਾ ਦਿੱਤੀ ਹੈ। ਅਜਾਦ ਤਾਂ ਅਜਾਦ ਇਸ ਝੱਖੜ ਨੇ ਤਾਂ ਸੰਯੁਕਤ ਸਮਾਜ ਮੋਰਚਾ ਦਾ ਮੋਢੀ ਬਲਬੀਰ ਸਿੰਘ ਰਾਜੇਵਾਲ ਨਹੀਂ ਬਖਸ਼ਿਆ ਬਾਕੀ ਉਮੀਦਵਾਰਾਂ ਦੀਆਂ ਜ਼ਮਾਨਤਾਂ ਬਚ ਸਕਣੀਆਂ ਤਾਂ ਦੂਰ ਦੀ ਗੱਲ ਹੈ। ਭਾਰਤੀ ਚੋਣ ਕਮਿਸ਼ਨ ਦੇ ਨਿਯਮਾਂ ਅਨੁਸਾਰ ਜੇ ਕੋਈ ਉਮੀਦਵਾਰ ਆਪਣੇ ਹਲਕੇ ਵਿੱਚ ਪਈਆਂ ਕੁੱਲ ਵੋਟਾਂ ਦਾ ਛੇਵਾਂ ਹਿੱਸਾ ਪ੍ਰਾਪਤ ਕਰਨ ’ਚ ਅਸਫਲ ਰਹਿੰਦਾ ਹੈ ਤਾਂ ਉਸ ਦੀ ਜ਼ਮਾਨਤ ਰਾਸ਼ੀ ਜਬਤ ਕਰ ਲਈ ਜਾਂਦੀ ਹੈ। ਵਿਧਾਨ ਸਭਾ ਚੋਣ ਲੜਨ ਵਾਲੇ ਉਮੀਦਵਾਰਾਂ ਨੂੰ ਨਾਮਜ਼ਦਗੀ ਦਾਖਲ ਕਰਨ ਵੇਲੇ 10 ਹਜਾਰ ਰੁਪਏ ਜਮਾਨਤ ਰਾਸ਼ੀ ਜਮ੍ਹਾਂ ਕਰਵਾਉਣੀ ਹੈ।
ਜੋ ਉਮੀਦਵਾਰ ਪਈਆਂ ਵੋਟਾਂ ਦਾ ਛੇਵਾਂ ਹਿੱਸਾ ਉਮੀਦਵਾਰ ਹਾਸਲ ਕਰ ਲੈਂਦੇ ਹਨ ਤਾਂ ਉਨ੍ਹਾਂ ਨੂੰ ਜਮਾਨਤ ਵਾਪਿਸ ਕਰ ਦਿੱਤੀ ਜਾਂਦੀ ਹੈ। ਇਸ ਮਾਮਲੇ ’ਚ ਆਪ ਉਮੀਦਵਾਰ ਕਿਸਮਤ ਵਾਲੇ ਰਹੇ ਜਿੰਨ੍ਹਾਂ ਨੂੰ ਬੰਪਰ ਜਿੱਤ ਵੀ ਮਿਲੀ ਤੇ ਜਮਾਨਤ ਦੇ ਪੈਸੇ ਵੀ ਵਾਪਿਸ ਮਿਲ ਜਾਣਗੇ। ਜਾਣਕਾਰੀ ਅਨੁਸਾਰ ਬਠਿੰਡਾ ਜਿਲ੍ਹੇ ਦੇ ਮੌੜ ਵਿਧਾਨ ਸਭਾ ਹਲਕੇ ’ਚ ਕੁੱਲ 13 ਉਮੀਦਵਾਰਾਂ ਨੇ ਚੋਣ ਲੜੀ ਸੀ ਜਿੰਨ੍ਹਾਂ ਵਿੱਚੋਂ 10 ਉਮੀਦਵਾਰਾਂ ਦੀ ਜਮਾਨਤ ਜਬਤ ਹੋਈ ਹੈ। ਇਸ ਹਲਕੇ ’ਚ ਕੁੱਲ1,36,081 ਵੋਟਾਂ ਦੀ ਗਿਣਤੀ ਕੀਤੀ ਗਈ ਹੈ। ਇਸ ਹਿਸਾਬ ਨਾਲ 22 ਹਜ਼ਾਰ 681 ਵੋਟਾਂ ਹਾਸਲ ਕਰਨੀਆਂ ਲਾਜਮੀ ਸਨ।
ਖੁਦ ਦੀ ਬੰਪਰ ਜਿੱਤ ਦਾ ਦਾਅਵਾ ਕਰਨ ਵਾਲੀ ਸਾਬਕਾ ਕਾਂਗਰਸੀ ਵਿਧਾਇਕ ਮੰਗਤ ਰਾਏ ਬਾਂਸਲ ਦੀ ਪਤਨੀ ਡਾ ਮਨੋਜ ਬਾਲਾ ਬਾਂਸਲ ਨੂੰ ਸਿਰਫ 15,034 ਵੋਟਾਂ ਹੀ ਹਾਸਲ ਕਰ ਸਕੀ ਅਤੇ ਜਮਾਨਤ ਗੁਆ ਲਈ। ਡਾ ਮਨੋਜ ਬਾਲਾ ਬਾਂਸਲ ਦੀ ਲਗਾਤਾਰ ਇਹ ਦੂਸਰੀ ਹਾਰ ਹੈ। ਉਹ ਸਾਲ 2017 ’ਚ ਮਾਨਸਾ ਹਲਕੇ ਤੋਂ ਚੋਣ ਹਾਰ ਗਈ ਸੀ। ਵਿਧਾਨ ਸਭਾ ਹਲਕਾ ਭੁੱਚੁ ਮੰਡੀ ਤੋਂ ਪਿਛਲੀ ਵਾਰ ਦਾ ਜੇਤੂ ਕਾਂਗਰਸੀ ਉਮੀਦਵਾਰ ਪ੍ਰੀਤਮ ਸਿੰਘ ਕੋਟ ਭਾਈ ਵੀ ਜਮਾਨਤ ਜਬਤ ਕਰਾ ਬੈਠਾ ਹੈ । ਇੱਥੇ 8 ਉਮੀਦਵਾਰਾਂ ਵਿੱਚੋਂ ਛੇ ਦੀ ਜਮਾਨਤ ਜਬਤ ਹੋਈ ਹੈ।
ਹਲਕਾ ਤਲਵੰਡੀ ਸਾਬੋ ’ਚ ਚੋਣ ਲੜਨ ਵਾਲੇ 15 ਉਮੀਦਵਾਰਾਂ ਵਿੱਚੋਂ 12 ਦੀ ਜਮਾਨਤ ਜਬਤ ਹੋਈ ਹੈ ਜਿੰਨ੍ਹਾਂ ’ਚ ਭਾਰਤੀ ਜੰਤਾ ਪਾਰਟੀ ਦੇ ਰਵੀਪ੍ਰੀਤ ਸਿੰਘ ਸਿੱਧੂ ਤੋਂ ਇਲਾਵਾ ਡੇਰਾ ਸਿਰਸਾ ਮੁਖੀ ਦਾ ਕੁੜਮ ਹਰਮਿੰਦਰ ਸਿੰਘ ਜੱਸੀ ਵੀ ਸ਼ਾਮਲ ਹੈ ਜੋ ਸਿਰਫ 12,623 ਵੋਟਾਂ ਹੀ ਲਿਜਾ ਸਕਿਆ ਹੈ। ਬਠਿੰਡਾ ਦਿਹਾਤੀ ਹਲਕੇ ’ਚ 8 ਉਮੀਦਵਾਰਾਂ ਨੇ ਚੋਣ ਲੜੀ ਜਿੰਨ੍ਹਾਂ ਚੋ ਪੰਜ ਦੀਆਂ ਜਮਾਨਤਾਂ ਜਬਤ ਹੋਈਆਂ ਹਨ ਜਦੋਂਕਿ ਅਕਾਲੀ ਤੇ ਕਾਂਗਰਸੀ ਉਮੀਦਵਾਰ ਜਮਾਨ ਬਚਾਉਣ ’ਚ ਸਫਲ ਰਹੇ ਹਨ।
ਬਠਿੰਡਾ ਸ਼ਹਿਰੀ ਹਲਕੇ ’ਚ 13 ਉਮੀਦਵਾਰ ਚੋਣ ਮੈਦਾਨ ’ਚ ਸਨ ਜਿੰਨ੍ਹਾਂ ਵਿੱਚੋਂ 11 ਉਮੀਦਵਾਰਾਂ ਦੀ ਜਮਾਨਤ ਜਬਤ ਹੋਈ ਹੈ । ਇੰਨ੍ਹਾਂ ’ਚ ਬਾਦਲ ਪ੍ਰੀਵਾਰ ਦਾ ਨੇੜਲਾ ਅਕਾਲੀ ਦਲ ਦਾ ਉਮੀਦਵਾਰ ਸਰੂਪ ਚੰਦ ਸਿੰਗਲਾ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਨਜ਼ਦੀਕੀ ਰਾਜ ਨੰਬਰਦਾਰ ਸ਼ਾਮਲ ਹੈ। ਰਾਜ ਨੰਬਰਦਾਰ ਨੇ ਭਾਜਪਾ ਦੇ ਚੋਣ ਨਿਸ਼ਾਨ ‘ਕਮਲ’ ਦੇ ਫੁੱਲ ’ਤੇ ਚੋਣ ਲੜੀ ਸੀ। ਇਸ ਹਲਕੇ ’ਚ 1,62,598 ਵੋਟਾਂ ਦੀ ਗਿਣਤੀ ਹੋਈ ਜਿਸ ਦੇ ਅਧਾਰ ਤੇ 27,116 ਵੋਟਾਂ ਹਾਸਲ ਕਰਨੀਆਂ ਲਾਜਮੀ ਸਨ ਜਦੋਂਕਿ ਅਕਾਲੀ ਉਮੀਦਵਾਰ ਨੂੰ 24,183 ਅਤੇ ਰਾਜ ਨੰਬਰਦਾਰ ਨੂੰ12,618 ਵੋਟਾਂ ਪਈਆਂ ਸਨ।
ਰੌਚਕ ਪਹਿਲੂ ਹੈ ਕਿ ਕਾਂਗਰਸੀ ਉਮੀਦਵਾਰ ਤੇ ਤੱਤਕਾਲੀ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਸਿਰਫ 20 ਤੋਂ ਜਰਾ ਵੱਧ ਵੋਟਾਂ ਦੇ ਫਰਕ ਨਾਲ ਜਮਾਨਤ ਬਚਾ ਸਕੇ ਹਨ। ਰਾਮਪੁਰਾ ਫੂਲ ’ਚ ਚੋਣ ਲੜਨ ਵਾਲੇ 15 ਉਮੀਦਵਾਰਾਂ ਵਿੱਚੋਂ 12 ਦੀ ਜਮਾਨਤ ਜਬਤ ਹੋਈ ਹੈ। ਇੱਥੇ ਅਕਾਲੀ ਤੇ ਕਾਂਗਰਸੀ ਜਮਾਨਤਾਂ ਬੁਚਾਉਣ ’ਚ ਸਫਲ ਹੋਏ ਹਨ। ਮਾਨਸਾ ਜਿਲ੍ਹੇ ’ਚ 1,73756 ਵੋਟਾਂ ਪਈਆਂ ਹਨ ਜਿੰਨ੍ਹਾਂ ਦੇ ਅਧਾਰ ਤੇ 28 ,950 ਵੋਟਾਂ ਜਰੂਰੀ ਸਨ ਜਦੋਂਕਿ ਅਕਾਲੀ ਉਮੀਦਵਾਰ ਪ੍ਰੇਮ ਅਰੋੜਾ 27,180 ਵੋਟਾਂ ਲੈਕੇ ਜਮਾਨਤ ਜਬਤ ਕਰਵਾ ਬੈਠੇ। ਇੱਥੇ11 ਵਿੱਚੋਂ 9 ਉਮੀਦਵਾਰਾਂ ਦੀ ਜਮਾਨਤ ਜਬਤ ਹੋਈ ਹੈ।
ਬੁਢਲਾਡਾ ਵਿਧਾਨ ਸਭਾ ਹਲਕੇ ’ਚ ਚੋਣ ਲੜਨ ਵਾਲੇ 10 ਉਮੀਦਵਾਰਾਂ ਵਿੱਚੋਂ 8 ਉਮੀਦਵਾਰਾਂ ਦੀ ਜਮਾਨਤ ਜਬਤ ਹੋਈ ਹੈ ਜਿੰਨ੍ਹਾਂ ’ਚ ਕਾਂਗਰਸ ਦੀ ਉਮੀਦਵਾਰ ਰਣਵੀਰ ਕੌਰ ਮੀਆਂ ਵੀ ਸ਼ਾਮਲ ਹੈ। ਸਰਦੂਲਗੜ੍ਹ ਹਲਕੇ ’ਚ 13 ਉਮੀਦਵਾਰਾਂ ਵਿੱਚੋਂ 10 ਦੀ ਜਮਾਨਤ ਜਬਤ ਹੋਈ ਹੈ। ਮੁਕਤਸਰ ਜਿਲ੍ਹਾ ਵੀ ਕਾਂਗਰਸੀ ਉਮੀਦਵਾਰਾਂ ਲਈ ਮਾੜਾ ਹੀ ਸਾਬਤ ਹੋਇਆ ਹੈ ਜਿੱਥੇ ਤਿੰਨੇ ਹਲਕਿਆਂ ’ਚ ਉਮੀਦਵਾਰ ਜਮਾਨਤ ਨਹੀਂ ਬਚਾ ਸਕੇ ਹਨ। ਮੁਕਤਸਰ ਹਲਕੇ ’ਚ ਕਾਂਗਰਸ ਦੀ ਉਮੀਦਵਾਰ ਕਰਨ ਕੌਰ ਬਰਾੜ ਅਤੇ ਭਾਜਪਾ ਦੇ ਰਜੇਸ਼ ਪਠੇਲਾ ਵੀ ਜਮਾਨਤ ਨਹੀਂ ਬਚਾ ਸਕੇ ਹਨ। ਲੰਬੀ ਹਲਕੇ ’ਚ ਕਾਂਗਰਸੀ ਉਮੀਦਵਾਰ ਜਗਪਾਲ ਸਿੰਘ ਅਬੁਲਖੁਰਾਣਾ ਨੇ ਵੀ ਜਮਾਨਤ ਗੁਆ ਲਈ ਹੈ ਸਕੇ ਜਿੰਨ੍ਹਾਂ ਨੂੰ 10,136 ਵੋਟਾਂ ਹੀ ਪੲਂਆਂ ਹਨ।
ਮਲੋਟ ਹਲਕੇ ’ਚ ਜਮਾਨਤ ਜਬਤ ਕਰਵਾਉਣ ਵਾਲਿਆਂ ’ਚ ਬਠਿੰਡਾ ਦਿਹਾਤੀ ਹਲਕੇ ਤੋਂ ਆਮ ਆਦਮੀ ਪਾਰਟੀ ਦੀ ਸਾਬਕਾ ਵਿਧਾਇਕ ਰੁਪਿੰਦਰ ਕੌਰ ਰੂਬੀ ਸ਼ਾਮਲ ਹੈ ਜੋ ਕਿ ਭਗਵੰਤ ਮਾਨ ਨੂੰ ਮੁੱਖ ਮੰਤਰੀ ਦਾ ਚਿਹਰਾ ਨਾਂ ਐਲਾਨਣ ਦੀ ਨਰਾਜ਼ਗੀ ਦਿਖਾਕੇ ਮਨਪ੍ਰੀਤ ਸਿੰਘ ਬਾਦਲ ,ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਹਾਜ਼ਰੀ ’ਚ ਕਾਂਗਰਸ ਵਿੱਚ ਸ਼ਾਮਲ ਹੋ ਗਈ ਸੀ। ਰੂਬੀ ਨੂੰ ਮਹਿਜ਼17,652 ਵੋਟਾਂ ਹੀ ਪਈਆਂ ਹਨ ਜਦੋਂਕਿ ਇੱਥੇ ਕਾਂਗਰਸੀ ਲੀਡਰਸ਼ਿੱਪ ਨੇ ਵੱਡੀ ਜਿੱਤ ਦਾ ਦਾਅਵਾ ਠੋਕਿਆ ਸੀ।