ਪੰਜ ਰਾਜਾਂ ਵਿੱਚ ਚੋਣ ਹਾਰ ਦਾ ਪ੍ਰਭਾਵ: ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਦੇ ਸਕਦੇ ਹਨ ਅਸਤੀਫਾ
ਦੀਪਕ ਗਰਗ
ਨਵੀਂ ਦਿੱਲੀ 12 ਮਾਰਚ 2022 - ਕਾਂਗਰਸ ਪ੍ਰਧਾਨ ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਉੱਤਰ ਪ੍ਰਦੇਸ਼, ਪੰਜਾਬ, ਉੱਤਰਾਖੰਡ, ਗੋਆ ਅਤੇ ਮਨੀਪੁਰ ਵਿੱਚ ਹੋਈਆਂ ਚੋਣਾਂ ਵਿੱਚ ਪਾਰਟੀ ਦੀ ਹਾਰ ਦੀ ਜ਼ਿੰਮੇਵਾਰੀ ਲੈਂਦੇ ਹੋਏ ਅਸਤੀਫੇ ਦੀ ਪੇਸ਼ਕਸ਼ ਕਰ ਸਕਦੇ ਹਨ। ਸੂਤਰਾਂ ਮੁਤਾਬਕ ਐਤਵਾਰ ਸ਼ਾਮ 4 ਵਜੇ ਸ਼ੁਰੂ ਹੋਣ ਵਾਲੀ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ 'ਚ ਤਿੰਨਾਂ ਆਗੂਆਂ ਵਲੋਂ ਆਪਣੇ ਅਸਤੀਫੇ ਦਿੱਤੇ ਜਾਣ ਦੀ ਸੰਭਾਵਨਾ ਹੈ। ਇਹ ਮੀਟਿੰਗ ਦਿੱਲੀ ਸਥਿਤ ਏ.ਆਈ.ਸੀ.ਸੀ. ਦੇ ਦਫ਼ਤਰ ਵਿੱਚ ਹੋਣ ਜਾ ਰਹੀ ਹੈ। ਬੈਠਕ 'ਚ ਪੰਜ ਰਾਜਾਂ 'ਚ ਚੋਣ ਹਾਰ ਅਤੇ ਮੌਜੂਦਾ ਸਿਆਸੀ ਸਥਿਤੀ 'ਤੇ ਚਰਚਾ ਕੀਤੀ ਜਾਵੇਗੀ।
ਦੱਸ ਦੇਈਏ ਕਿ ਪੰਜ ਰਾਜਾਂ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਉੱਤਰ ਪ੍ਰਦੇਸ਼ ਵਿੱਚ 403 ਸੀਟਾਂ ਲਈ ਹੋਈਆਂ ਚੋਣਾਂ ਵਿੱਚ ਕਾਂਗਰਸ ਨੂੰ ਸਿਰਫ਼ ਦੋ ਸੀਟਾਂ ਮਿਲੀਆਂ ਹਨ।
ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਸੀ। ਮੁੱਖ ਮੰਤਰੀ ਉਮੀਦਵਾਰ ਬਣਨ ਨੂੰ ਲੈ ਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਿਚਾਲੇ ਕਾਫੀ ਤਕਰਾਰ ਹੋ ਗਈ। ਆਮ ਆਦਮੀ ਪਾਰਟੀ (ਆਪ) ਦੀ ਅਜਿਹੀ ਲਹਿਰ ਸੀ ਕਿ ਕਾਂਗਰਸ 18 ਤੱਕ ਸਿਮਟ ਗਈ। ਪੰਜਾਬ ਦੀਆਂ 117 ਸੀਟਾਂ ਲਈ ਚੋਣਾਂ ਹੋਈਆਂ ਸਨ। ਉੱਤਰਾਖੰਡ ਵਿੱਚ 70 ਸੀਟਾਂ ਲਈ ਹੋਈਆਂ ਚੋਣਾਂ ਵਿੱਚ ਕਾਂਗਰਸ ਨੂੰ ਸਿਰਫ਼ 19 ਸੀਟਾਂ ਮਿਲੀਆਂ ਹਨ। ਗੋਆ ਦੀਆਂ 40 ਵਿਧਾਨ ਸਭਾ ਸੀਟਾਂ ਵਿੱਚੋਂ ਕਾਂਗਰਸ ਸਿਰਫ਼ 11 ਸੀਟਾਂ ਹੀ ਜਿੱਤ ਸਕੀ। ਮਨੀਪੁਰ ਵਿੱਚ ਕਾਂਗਰਸ ਨੂੰ 60 ਵਿੱਚੋਂ ਸਿਰਫ਼ 5 ਸੀਟਾਂ ਮਿਲੀਆਂ ਹਨ।
ਚੋਣਾਂ ਵਿੱਚ ਕਾਂਗਰਸ ਦੀ ਕਰਾਰੀ ਹਾਰ ਤੋਂ ਬਾਅਦ ਪਾਰਟੀ ਦੇ ‘ਜੀ-23’ ਗਰੁੱਪ ਦੇ ਆਗੂ ਇੱਕ ਵਾਰ ਫਿਰ ਸਰਗਰਮ ਹੋ ਗਏ ਹਨ। ਇਨ੍ਹਾਂ ਆਗੂਆਂ ਨੇ ਸ਼ੁੱਕਰਵਾਰ ਨੂੰ ਮੀਟਿੰਗ ਕੀਤੀ ਅਤੇ ਅੱਗੇ ਦੀ ਰਣਨੀਤੀ 'ਤੇ ਚਰਚਾ ਕੀਤੀ। ਇਸ ਮੀਟਿੰਗ ਦੇ ਮੱਦੇਨਜ਼ਰ ਐਤਵਾਰ ਨੂੰ ਹੋਣ ਵਾਲੀ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਬੇਹੱਦ ਖਾਸ ਦੱਸੀ ਜਾ ਰਹੀ ਹੈ। ਜੀ-23 ਦੇ ਆਗੂ ਕਾਂਗਰਸ ਸੰਗਠਨ ਵਿੱਚ ਬਦਲਾਅ ਦੀ ਮੰਗ ਕਰ ਰਹੇ ਹਨ। ਚੋਣਾਂ ਵਿੱਚ ਹਾਰ ਤੋਂ ਬਾਅਦ ਇਹ ਆਗੂ ਮੁੜ ਆਪਣੀ ਮੰਗ ਉਠਾ ਸਕਦੇ ਹਨ।
ਅਗਸਤ 2020 ਵਿੱਚ, ਜੀ 23 ਦੇ ਆਗੂਆਂ ਨੇ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੂੰ ਕਾਂਗਰਸ ਵਿੱਚ ਇੱਕ ਸਰਗਰਮ ਪ੍ਰਧਾਨ ਬਣਨ ਅਤੇ ਸੰਗਠਨ ਵਿੱਚ ਇੱਕ ਬੁਨਿਆਦੀ ਤਬਦੀਲੀ ਦੀ ਮੰਗ ਕੀਤੀ ਸੀ।