ਜ਼ਿਲ੍ਹਾ ਮਲੇਰਕੋਟਲਾ ਦੇ ਦੂਜੇ ਹਲਕੇ ਹਲਕਾ ਅਮਰਗੜ੍ਹ ਦੇ 'ਸਿਆਸੀ ਕਿਲੇ' ਤੇ ਆਖ਼ਿਰ 'ਆਪ' ਨੇ ਕੀਤਾ ਕਬਜ਼ਾ
- ਦੀਪ ਸਿੰਧੂ ਦੀ ਮੌਤ ਤੋਂ ਬਾਅਦ ਸਿਆਸੀ ਪੰਡਤ ਮਾਨ ਨੂੰ ਜੇਤੂ ਰੌਅ ਵਿੱਚ ਵੇਖਣ ਲੱਗੇ ਸਨ ਪਰ ਸਿਮਰਨਜੀਤ ਸਿੰਘ ਮਾਨ ਨੂੰ ਰੱਖਿਆ ਉਨ੍ਹਾਂ ਦੀ ਕਿਸਮਤ ਨੇ ਦੂਸਰੇ ਸਥਾਨ ਤੇ
ਮੁਹੰਮਦ ਇਸਮਾਈਲ ਏਸ਼ੀਆ/ਹਰਮਿੰਦਰ ਭੱਟ
ਮਲੇਰਕੋਟਲਾ, 11 ਮਾਰਚ 2022 - ਵਿਧਾਨ ਸਭਾ ਚੋਣਾਂ ਅੰਦਰ ਹਲਕਾ ਅਮਰਗੜ੍ਹ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਨੇ ਸ਼ਾਨਦਾਰ ਜਿੱਤ ਦਰਜ ਕਰਦਿਆਂ ਲਗਪਗ 5909 ਵੋਟਾਂ ਨਾਲ ਅਕਾਲੀ ਦਲ (ਅ) ਦੇ ਪ੍ਰਧਾਨ ਸਿਮਰਜੀਤ ਸਿੰਘ ਮਾਨ ਨੂੰ ਪਛਾੜ ਦਿੱਤਾ । ਸ. ਸਿਮਰਨਜੀਤ ਸਿੰਘ ਮਾਨ ਕਰਕੇ ਚਾਰਜਿਤ ਰਹੀ ਇਹ ਸ਼ੀਟ ਹੋਈ ਇਹ ਸ਼ੀਟ ਤੇ 4 ਉਮੀਦਵਾਰਾਂ ਵਿਚਕਾਰ ਕਾਂਟੇ ਦੀ ਟੱਕਰ ਮੰਨੀ ਜਾ ਰਹੀ ਸੀ । ਸ਼੍ਰੋਮਣੀ ਅਕਾਲੀ ਦਲ (ਬ) ਵੱਲੋਂ ਐਡਵੋਕੇਟ ਇਕਬਾਲ ਸਿੰਘ ਝੂੰਦਾਂ, ਕਾਂਗਰਸ ਦੇ ਸਮਿਤ ਸਿੰਘ ਮਾਨ, ਸ਼੍ਰੋਮਣੀ ਅਕਾਲੀ ੧ਦਲ (ਅ) ਵਲੋਂ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਅਤੇ ਆਮ ਆਦਮੀ ਪਾਰਟੀ ਨੇ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਤੇ ਦਾਅ ਖੇਡਦਿਆਂ ਉਨ੍ਹਾਂ ਨੂੰ ਟਿਕਟ ਦੇ ਕੇ ਚੋਣ ਮੈਦਾਨ ਵਿਚ ਉਤਾਰਿਆ ਸੀ ।
ਚੋਣ ਪ੍ਰਚਾਰ ਦੇ ਸ਼ੁਰੂਆਤੀ ਦਿਨਾਂ ਦੌਰਾਨ ਸਿਮਰਨਜੀਤ ਸਿੰਘ ਮਾਨ ਬਾਕੀ ਉਮੀਦਵਾਰਾਂ ਨਾਲੋਂ ਪੱਛੜ ਕੇ ਚੱਲ ਰਹੇ ਸਨ ਪਰ ਅਚਾਨਕ ਫ਼ਿਲਮ ਅਦਾਕਾਰ ਦੀਪ ਸਿੱਧੂ ਦੀ ਹੋਈ ਮੌਤ ਤੋਂ ਬਾਅਦ ਹਲਕੇ ਦੇ ਬਦਲੇ ਸਮੀਕਰਨਾਂ ਨੇ ਉਨ੍ਹਾਂ ਨੂੰ ਪਹਿਲੇ ਮੁਕਾਬਲੇ ਵਿੱਚ ਲਿਆ ਕੇ ਖੜ੍ਹਾ ਕਰ ਦਿੱਤਾ ਕਿਉਂਕਿ ਦੀਪ ਸਿੱਧੂ ਵੱਲੋਂ ਹਲਕਾ ਅਮਰਗਡ਼੍ਹ ਅੰਦਰ ਸਿਮਰਨਜੀਤ ਸਿੰਘ ਮਾਨ ਦੇ ਲਈ ਜ਼ੋਰਦਾਰ ਪ੍ਰਚਾਰ ਕੀਤਾ ਗਿਆ ਸੀ । ਦੀਪ ਸਿੰਧੂ ਦੀ ਮੌਤ ਤੋਂ ਬਾਅਦ ਸਿਆਸੀ ਪੰਡਤ ਮਾਨ ਨੂੰ ਜੇਤੂ ਰੌਅ ਵਿੱਚ ਵੇਖਣ ਲੱਗੇ ਸਨ ਪਰ ਵੋਟਾਂ ਦੀ ਗਿਣਤੀ ਦੇ ਨਤੀਜਿਆਂ ਨੇ ਸਾਰੀਆਂ ਕਿਆਸ-ਅਰਾਈਆਂ ਨੂੰ ਸਿਰੇ ਤੋਂ ਨਕਾਰ ਦਿੱਤਾ ਅਤੇ ਪ੍ਰੋ. ਗੱਜਣਮਾਜਰਾ ਜੇਤੂ ਹੋ ਕੇ ਨਿਕਲੇ । ਪ੍ਰੋ. ਗੱਜਣਮਾਜਰਾ ਨੂੰ ਜੇਤੂ 44294 ਅਤੇ ਸਿਮਰਨਜੀਤ ਸਿੰਘ ਮਾਨ ਨੇ 38385 ਵੋਟਾਂ ਲੈ ਕੇ ਦੂਜਾ ਸਥਾਨ ਮੱਲਿਆ ।
ਸ਼੍ਰੋਮਣੀ ਅਕਾਲੀ ਦਲ ਦੇ ਐਡਵੋਕੇਟ ਇਕਬਾਲ ਸਿੰਘ ਝੂੰਦਾਂ ਨੂੰ 25970 ਵੋਟ ਪ੍ਰਾਪਤ ਹੋਏ । ਕਾਂਗਰਸ ਪਾਰਟੀ ਦੇ ਸਮਿੱਤ ਸਿੰਘ ਮਾਨ ਮਹਿਜ਼ 16889 ਵੋਟਾਂ ਪ੍ਰਾਪਤ ਕਰ ਸਕੇ, ਉਨ੍ਹਾਂ ਨੂੰ ਪਿਛਲੇ ਕਾਂਗਰਸੀ ਵਿਧਾਇਕ ਦੇ ਚਹੇਤਿਆਂ ਦੀਆਂ ਲੋਕਾਂ ਉਪਰ ਕੀਤੀਆਂ 'ਮਿਹਰਬਾਨੀਆਂ' ਦਾ ਜੋਖਮ ਉਠਾਉਣਾ ਪਿਆ । ਗੱਠਜੋੜ ਵੱਲੋਂ ਪੰਜਾਬ ਲੋਕ ਕਾਂਗਰਸ ਦੇ ਸਰਦਾਰ ਅਲੀ ਨੂੰ 1325 ਵੋਟਾਂ ਮਿਲੀਆਂ । ਵੋਟਾਂ ਤੋਂ ਪਹਿਲਾਂ ਤਾਂ ਪ੍ਰੋ.ਗੱਜਣਮਾਜਰਾ ਤੇ ਸਿਮਰਨਜੀਤ ਸਿੰਘ ਮਾਨ ਦੇ ਵਿਚਕਾਰ ਕਾਂਟੇ ਦੀ ਟੱਕਰ ਜ਼ਰੂਰ ਮੰਨੀ ਜਾ ਰਹੀ ਸੀ ਪਰ ਹੈਰਾਨੀਜਨਕ ਤੱਥ ਇਹ ਰਿਹਾ ਕਿ ਵੋਟਾਂ ਤੋਂ ਬਾਅਦ ਵੀ ਪਿੰਡਾਂ ਅੰਦਰ ਲੱਗੀਆਂ ਸ਼ਰਤਾਂ ਨੇ ਕਿਸੇ ਵੀ ਸਥਿਤੀ ਨੂੰ ਸਾਫ਼ ਅਤੇ ਸਪਸ਼ਟ ਨਾ ਹੋਣ ਦਿੱਤਾ ਕਿ ਜੇਤੂ ਰੱਥ ਦਾ ਸਵਾਰ ਕਿਹੜਾ ਉਮੀਦਵਾਰ ਹੋਵੇਗਾ ।
ਹਲਕੇ ਦੇ ਵੱਡੇ ਪਿੰਡਾਂ ਅੰਦਰੋਂ ਵੀ ਮੁਕਾਬਲਾ 'ਆਪ' ਅਤੇ ਮਾਨ ਦਲ ਦੇ ਉਮੀਦਵਾਰਾਂ ਵਿਚਕਾਰ ਵੇਖਣ ਨੂੰ ਮਿਲਿਆ । ਅਕਾਲੀ ਦਲ ਅਤੇ ਕਾਂਗਰਸੀ ਉਮੀਦਵਾਰ ਉੱਥੇ ਵੀ ਕੋਈ ਖਾਸ ਕ੍ਰਿਸ਼ਮਾ ਨਾ ਕਰ ਸਕੇ । ਜਿਹੜੇ ਪਿੰਡਾਂ ਅੰਦਰ ਕਿਸੇ ਵੇਲੇ ਅਕਾਲੀ ਦਲ ਦੀ 'ਸਰਦਾਰੀ' ਕਾਇਮ ਹੁੰਦੀ ਸੀ ਉੱਥੋਂ ਵੀ ਅਕਾਲੀ ਦਲ ਬੁਰੀ ਤਰ੍ਹਾਂ ਮਾਰ ਖਾ ਗਿਆ ਅਤੇ ਕਾਂਗਰਸ ਦਾ ਵੋਟ ਬੈਂਕ ਵੀ ਲੁੜਕ ਗਿਆ ।
ਪਿਛਲੇ ਦਿਨਾਂ ਤੋਂ ਸਿਆਸੀ ਪੰਡਤਾਂ ਵੱਲੋਂ ਇੱਕ ਗੱਲ ਜ਼ੋਰਦਾਰ ਤਰੀਕੇ ਨਾਲ ਉਠਾਈ ਜਾ ਰਹੀ ਸੀ ਕਿ ਸਿਮਰਨਜੀਤ ਸਿੰਘ ਮਾਨ ਵੱਲੋਂ ਚੋਣਾਂ ਦੌਰਾਨ ਭਾਵੇਂ ਨੁਕਸਾਨ ਤਾਂ ਸਾਰੀਆਂ ਹੀ ਸਿਆਸੀ ਧਿਰਾਂ ਦਾ ਕੀਤਾ ਜਾਵੇਗਾ ਪਰ ਪ੍ਰੋ. ਗੱਜਣਮਾਜਰਾ ਦਾ ਸ਼ੁਰੂਆਤੀ ਦਿਨਾਂ ਦੌਰਾਨ ਹੀ ਵੋਟ ਗਰਾਫ਼ ਕਾਫ਼ੀ ਜ਼ਿਆਦਾ ਉੱਚਾ ਹੋਣ ਤੇ ਉਨ੍ਹਾਂ ਨੂੰ ਨੁਕਸਾਨ ਘੱਟ ਹੋਵੇਗਾ ਅਤੇ ਸਿਮਰਨਜੀਤ ਸਿੰਘ ਮਾਨ ਲਈ ਪ੍ਰੋ ਗੱਜਣਮਾਜਰਾ ਦੇ ਮੁਕਾਬਲੇ ਜਿੱਤ ਪ੍ਰਾਪਤ ਕਰਨੀ ਔਖੀ ਹੋਵੇਗੀ ਅਤੇ ਤੇ ਰੌਲਾ -ਰੱਪਾ ਵੋਟਾਂ ਵਿੱਚ ਤਬਦੀਲ ਨਹੀਂ ਹੋਵੇਗਾ । ਸੋ ਵੋਟਾਂ ਦੀ ਗਿਣਤੀ ਤੋਂ ਬਾਅਦ ਉਹੀ ਹਾਲਾਤ ਬਣਦੇ ਨਜ਼ਰ ਆਏ ।