ਜੇਕਰ ਆਪ ਵੀ ਜਨਤਾਂ ਦੇ ਵਿਸ਼ਵਾਸ ਤੇ ਖਰੀ ਨਾ ਉਤਰੀ ਤਾਂ ਜਨਤਾ ਕੋਲ ਨੋਟਾ ਬਟਨ ਤੋਂ ਅਲਾਵਾ ਹੋਰ ਨਹੀਂ ਰਹੇਗਾ ਕੋਈ ਵਿਕਲਪ : ਸੁਮਨ ਪੁਰੀ
ਦੀਪਕ ਗਰਗ
ਕੋਟਕਪੂਰਾ 10 ਮਾਰਚ 2022 - ਕੋਟਕਪੂਰਾ ਦੇ ਇਕ ਪ੍ਰਾਈਵੇਟ ਸਕੂਲ ਚ ਪੜਾਉਂਦੀ ਪ੍ਰਸਿੱਧ ਪੰਜਾਬੀ ਅਧਿਆਪਕਾ ਸੁਮਨ ਪੁਰੀ ਨੇ ਪੰਜਾਬ ਵਿੱਚ ਆਪ ਦੀ ਜਿੱਤ ਨੂੰ ਲੈਕੇ ਵੱਡੀ ਗੱਲ ਕਹੀ ਹੈ। ਉਨ੍ਹਾਂ ਆਪਣੀ ਫੇਸਬੁਕ ਪੋਸਟ ਰਾਹੀਂ ਪੰਜਾਬ ਦੇ ਸੰਭਾਵਿਤ ਮੁਖਮੰਤਰੀ ਭਗਵੰਤ ਮਾਨ ਨੂੰ ਕਿਹਾ ਹੈ ਕਿ 1947 ਤੋਂ ਬਾਅਦ ਭਾਰਤੀਆਂ ਨੂੰ ਅੰਗਰੇਜ਼ਾਂ ਤੋਂ ਆਜ਼ਾਦੀ ਤਾਂ ਮਿਲੀ ਪਰ ਰੋਟੀ ਕੱਪੜਾ ਮਕਾਨ ਲਈ ਸੰਘਰਸ਼ ਕਰਦੀ ਜਨਤਾ, ਅਜ਼ਾਦੀ ਦਾ ਅਸਲੀ ਆਨੰਦ ਨਾ ਮਾਣ ਸਕੀ । ਸਰਕਾਰਾਂ ਆਉਂਦੀਆਂ ਰਹੀਆਂ, ਸਰਕਾਰਾਂ ਜਾਂਦੀਆਂ ਰਹੀਆਂ । ਪੰਜਾਬੀਆਂ ਦੇ ਭਾਗਾਂ ਵਿੱਚ ਆਖ਼ਰ ਪਰਵਾਸੀ ਪੰਛੀ ਬਣਨਾ ਲਿਖਿਆ ਗਿਆ। ਐਸੇ ਪੰਛੀ ਜੋ ਪਰਦੇਸਾਂ ਵਿਚ ਆਪਣੇ ਆਪਣਿਆਂ ਲਈ ਤਰਸਦੇ ਅਤੇ ਰੋਜ਼ੀ ਰੋਟੀ ਲਈ ਸੰਘਰਸ਼ ਕਰਦੇ ਪੰਜਾਬ ਨੂੰ ਹੀ ਭੁੱਲ ਗਏ । ਇਸ ਪਰਵਾਸ ਨੇ ਪੰਜਾਬ ਦੇ ਪੱਲੇ ਕਈ ਕੁਰੀਤੀਆਂ ਝੋਲੀ ਪਾਈਆਂ ।
ਜਨਤਾ ਦੁਆਰਾ ਚੁਣੇ ਗਏ ਨੁਮਾਇੰਦੇ ਆਪਣੀਆਂ ਤਜੌਰੀਆਂ ਕਾਲੇ ਧਨ ਨਾਲ ਮਾਲੋ - ਮਾਲ ਕਰਦੇ ਰਹੇ ਅਮੀਰ ਹੋਰ ਅਮੀਰ ਤੇ ਗ਼ਰੀਬ ਹੋਰ ਗ਼ਰੀਬ ਹੁੰਦਾ ਗਿਆ। ਪਰਿਵਰਤਨ ਕੁਦਰਤ ਦਾ ਨਿਯਮ ਹੈ। 'ਆਪ ' ਪਾਰਟੀ ਦਾ ਭਾਰੀ ਬਹੁਮਤ ਵਿਚ ਜਿਤਨਾ ਇਸੇ ਬਦਲਾਅ ਦਾ ਨਤੀਜਾ ਹੈ।
ਇੱਕ ਵਾਰ ਇੱਕ ਭਿਖਾਰੀ ਦੇ ਬਹੁਤ ਸਾਰੀਆਂ ਮੱਖੀਆਂ ਚਿੰਬੜੀਆਂ ਹੋਈਆਂ ਸਨ। ਕਿਸੇ ਨੇ ਤਰਸ ਖਾ ਕੇ ਉਨ੍ਹਾਂ ਮੱਖੀਆਂ ਨੂੰ ਪੂਰੀ ਹਿੰਮਤ ਨਾਲ ਉਡਾ ਦਿੱਤਾ । ਭਿਖਾਰੀ ਨੇ ਜ਼ੋਰ ਜ਼ੋਰ ਦੀ ਰੋਣਾ ਸ਼ੁਰੂ ਕਰ ਦਿੱਤਾ। ਪੁੱਛਣ ਤੇ ਉਸ ਭਿਖਾਰੀ ਨੇ ਜਵਾਬ ਦਿੱਤਾ ਕਿ ਇਹ ਮੱਖੀਆਂ ਮੇਰਾ ਲਹੂ ਪੀ ਕੇ ਰੱਜ ਚੁੱਕੀਆਂ ਸਨ । ਨਵੀਂਆਂ ਮੱਖੀਆਂ ਨਵੇਂ ਸਿਰਿਓਂ ਹੁਣ ਮੇਰਾ ਲਹੂ ਪੀਣਗੀਆਂ।
ਸਾਡੇ ਕੱਲ੍ਹ ਦੇ ਮੁੱਖਮੰਤਰੀ ਭਗਵੰਤ ਮਾਨ ਜੀ ਅਤੇ ਉਨ੍ਹਾਂ ਦੀ ਸਮੁੱਚੀ ਸੈਨਾ ਨੂੰ ਇਸ ਸੋਹਣੀ ਤੇ ਨਿਵੇਕਲੀ ਬਹੁਮਤ ਲਈ ਢੇਰ ਸਾਰੀਆਂ ਵਧਾਈਆਂ। ਜਨਤਾ ਨੇ ਇੱਕ ਵਾਰ ਨਵੀਂ ਪਾਰਟੀ ਨੂੰ ਮੌਕਾ ਦੇ ਕੇ ਬਹੁਤ ਵੱਡਾ ਵਿਸ਼ਵਾਸ ਕੀਤਾ ਹੈ। ਛੋਟੇ ਹੁੰਦੇ ਅਸੀਂ ਪੜ੍ਹਿਆ ਕਰਦੇ ਸੀ ਪੰਜਾਬ ਇੱਕ ਖ਼ੁਸ਼ਹਾਲ ਪ੍ਰਾਂਤ ਹੈ । ਇਸ ਵਿੱਚ ਕੋਈ ਸ਼ੱਕ ਨਹੀਂ ਪੰਜਾਬ ਵਿੱਚੋਂ ਕਈ ਬੁਰਾਈਆਂ ਨੂੰ ਕੱਢਣਾ ਅਤੇ ਉੱਥੋਂ ਦੇ ਲੋਕਾਂ ਦੀਆਂ ਲੋੜਾਂ ਅਤੇ ਮੰਗਾਂ ਵੱਲ ਧਿਆਨ ਦੇਣਾ ਇੱਕ ਚੁਣੌਤੀਪੂਰਨ ਕੰਮ ਹੈ। ਪਰ ਜੇ ਸਤਿਕਾਰਯੋਗ ਕੇਜਰੀਵਾਲ ਜੀ ਦਿੱਲੀ ਵਿਚ ਬੈਠ ਕੇ ਆਪਣੀ ਛਾਪ ਪੰਜਾਬ ਵਿੱਚ ਛੱਡ ਸਕਦੇ ਹਨ ਤਾਂ ਪੰਜਾਬ ਦੀ ਟੀਮ ਨੂੰ ਜਨਤਾ ਦੇ ਭਰੋਸੇ ਉੱਤੇ ਖਰਾ ਉਤਰਨਾ ਹੋਵੇਗਾ।
ਇਸ ਜਿੱਤ ਉੱਤੇ ਇੱਕ ਗੱਲ ਤਾਂ ਸਾਹਮਣੇ ਆਉਂਦੀ ਹੈ ਬੇਸ਼ੱਕ ਲੋਕ ਪੈਸਾ ਜਾਂ ਸ਼ਰਾਬ ਦੇ ਨਾਂ ਉੱਤੇ ਵੋਟਾਂ ਦਾ ਵਾਅਦਾ ਕਰਦੇ ਹਨ ਪਰ ਵੋਟ ਆਪਣੇ ਦਿਲ ਦੀ ਸੁਣ ਕੇ ਹੀ ਪਾਉਂਦੇ ਹਨ ਕਿਉਂਕਿ ਜਨਤਾ ਨੂੰ ਪਤਾ ਹੈ ਕਿ ਜੇਕਰ ਸਰਕਾਰ ਕੰਮ ਕਰੇਗੀ ਤਾਂ ਹੀ ਪੰਜਾਬ ਵਿਚਲੀ ਗ਼ਰੀਬੀ ,ਬੇਰੁਜ਼ਗਾਰੀ , ਨਸ਼ਾ, ਪਰਵਾਸ ਅਤੇ ਹੋਰ ਕਈ ਬੁਰਾਈਆਂ ਨੂੰ ਦੂਰ ਕੀਤਾ ਜਾ ਸਕੇਗਾ , ਤੇ ਜੇ ਆਉਣ ਵਾਲੀ ਸਰਕਾਰ ਸੱਤਾ ਦੇ ਨਸ਼ੇ ਵਿਚ ਪਹਿਲੀਆਂ ਪਾਰਟੀਆਂ ਵਾਲਾ ਹਾਲ ਪੰਜਾਬ ਨਾਲ ਕਰਦੀ ਹੈ ਤਾਂ ਆਉਂਦੇ ਸਮੇਂ ਵਿਚ ਜਨਤਾ ਨੂੰ ' ' ਨੋਟਾ ' ਦਾ ਦਾ ਬਟਨ ਦੱਬਣ ਤੇ ਮਜਬੂਰ ਹੋਣਾ ਪਵੇਗਾ। ਨਵੀਆਂ ਪੀੜ੍ਹੀਆਂ ਆਪਣਾ ਵੋਟਰ ਕਾਰਡ ਬਣਾਉਣ ਤੋਂ ਕੰਨੀ ਕਤ ਰੋਣਗੀਆਂ।
ਉਮੀਦ ਕਰਦੀ ਹਾਂ, ਅੱਜ ਝਾੜੂ ਨੇ ਦੂਜੀਆਂ ਪਾਰਟੀਆਂ ਤੇ ਝਾੜੂ ਨਹੀਂ ਫੇਰਿਆ ਬਲਕਿ ਵੈਕਿਊਮ ਕਲੀਨਰ ਤੋਂ ਕੰਮ ਲਿਆ ਹੈ ਉਸੇ ਤਰ੍ਹਾਂ ਪੰਜਾਬ ਨੂੰ ਖੁਸ਼ਹਾਲ ਪ੍ਰਾਂਤ ਬਣਾਉਣ ਦੇ ਲਈ ਆਪ ਸਰਕਾਰ ਵੱਧ ਚਡ਼੍ਹ ਕੇ ਕੰਮ ਕਰੇਗੀ । ਪਰਮਾਤਮਾ ਕਰੇ 'ਆਪ ' ਸਰਕਾਰ ਦਾ ਝਾੜੂ ਇਕ ਧਾਗੇ ਵਿਚ ਬੰਨ੍ਹਿਆ ਰਹੇ , ਅਤੇ ਜਿਨ੍ਹਾਂ ਦੇ ਝਾੜੂ ਤੀਲਾ ਤੀਲਾ ਖਿੰਡਰ ਗਏ ਹਨ ਉਨ੍ਹਾਂ ਨੂੰ ਪਰਮਾਤਮਾ ਹਾਰ ਝੱਲਣ ਦਾ ਬਲ ਬਖਸ਼ੇ। ਸੁਨਹਿਰੇ ਭਵਿੱਖ ਦੀ ਆਸ ਨਾਲ ਇਹ ਉਮੀਦ ਕਰਦੀ ਹਾਂ ਕਿ ਮੇਰੀ ਇਹ ਵਧਾਈ ਸਾਧਾਰਨ ਸ਼ਖਸੀਅਤ ਦੇ ਮਾਲਕ ਭਗਵੰਤ ਮਾਨ ਜੀ ਤੱਕ ਜ਼ਰੂਰ ਪਹੁੰਚੇ।