ਸਿਆਸੀ ਲੱਕ ਤੁੜਵਾ ਕੇ ਵੀ ਮੱਤ ਨਹੀਂ ਆਈ ਕਾਂਗਰਸੀਆਂ ਨੂੰ , ਅੰਦਰਲਾ ਕਲੇਸ਼ ਹੋਰ ਵਧਿਆ- ਇਕ-ਦੂਜੇ ਸਿਰ ਮੜ੍ਹੇ ਦੋਸ਼ , ਪੜ੍ਹੋ ਵਿਸ਼ੇਸ਼ ਰਿਪੋਰਟ
ਚੰਡੀਗੜ੍ਹ, 15 ਮਾਰਚ, 2022: ਪੰਜਾਬ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਪਾਰਟੀ ਦੀ ਨਮੋਸ਼ੀ ਭਰੀ ਹਾਰ ਤੋਂ ਬਾਅਦ ਪਾਰਟੀ ਵੱਲੋਂ ਇਥੇ ਪੰਜਾਬ ਕਾਂਗਰਸ ਭਵਨ ਵਿਚ ਮੰਥਨ ਮੀਟਿੰਗ ਕੀਤੀ ਗਈ ਜਿਸਦੀ ਪ੍ਰਧਾਨਗੀ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਹਰੀਸ਼ ਚੌਧਰੀ ਨੇ ਕੀਤੀ। ਇਸ ਵਿਚ ਬਣੇ ਮਾਹੌਲ ਤੋਂ ਇਹ ਸਾਹਮਣੇ ਆਇਆ ਕਿ ਸਿਆਸੀ ਲੱਕ ਤੁੜਵਾ ਕੇ ਵੀ ਕਾਂਗਰਸੀਆਂ ਨੂੰ ਮੱਤ ਨਹੀਂ ਆਈ ਤੇ ਪਾਰਟੀ ਦਾ ਅੰਦਰਲਾ ਕਲੇਸ਼ ਹੋਰ ਵੱਧ ਗਿਆ ਜਿਸ ਦੌਰਾਨ ਆਗੂ ਇਕ ਦੂਜੇ ਦੇ ਸਿਰ ਦੋਸ਼ ਮੜ੍ਹਦੇ ਨਜ਼ਰੀਂ ਪੈ ਰਹੇ ਹਨ।
ਇਸ ਮੀਟਿੰਗ ਵਿਚ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਤੇ ਅਹੁਦਾ ਛੱਡ ਰਹੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਪਹੁੰਚੇ ਪਰ ਦੋਹਾਂ ਨੇ ਚੁੱਪ ਵੱਟੀ ਰੱਖੀ ਤੇ ਨਾ ਮੀਟਿੰਗ ਵਿਚ ਕੁਝ ਕਿਹਾ ਤੇ ਨਾ ਹੀ ਮੀਡੀਆ ਨਾਲ ਗੱਲਬਾਤ ਕੀਤੀ।
ਵੀਡੀਉ ਦੇਖਣ ਲਈ ਕਲਿੱਕ ਕਰੋ
ਸਿਆਸੀ ਲੱਕ ਤੁੜਵਾ ਕੇ ਵੀ ਮੱਤ ਨਹੀਂ ਆਈ ਕਾਂਗਰਸੀਆਂ ਨੂੰ , ਅੰਦਰਲਾ ਕਲੇਸ਼ ਹੋਰ ਵਧਿਆ-
https://fb.watch/bMB3eBvd1g/
ਇਸ ਮੀਟਿੰਗ ਵਿਚ ਕਾਂਗਰਸ ਦੇ ਹਾਰੇ ਹੋਏ ਵਿਧਾਇਕਾਂ ਨੇ ਚੰਨੀ ਤੇ ਨਵਜੋਤ ਸਿੱਧੂ ਦੇ ਖਿਲਾਫ ਰੱਜ ਕੇ ਭੜਾਸ ਕੱਢੀ ਪਰ ਰਜ਼ੀਆ ਸੁਲਤਾਨਾ ਨੇ ਨਵਜੋਤ ਸਿੱਧੂ ਦਾ ਪੱਖ ਪੂਰਿਆ ਤੇ ਕਿਹਾ ਕਿ ਉਹਨਾਂ ਕਾਫੀ ਮਿਹਨਤ ਕੀਤੀ ਹੈ।
ਇਸ ਮੀਟਿੰਗ ਵਿਚ ਰਜ਼ੀਆ ਸੁਲਤਾਨਾ, ਅਮਰਿੰਦਰ ਸਿੰਘ ਰਾਜਾ ਵੜਿੰਗ, ਗੁਰਕੀਰਤ ਕੋਟਲੀ, ਰੁਪਿੰਦਰ ਰੂਬੀ, ਸੁਨੀਲ ਜਾਖੜ, ਮਨੀਸ਼ ਬਾਂਸਲ, ਕਰਨ ਕੌਰ ਬਰਾੜ, ਭਾਰਤ ਭੂਸ਼ਣ ਆਸ਼ੂ ਸਮੇਤ ਮਾਲਵਾ ਖੇਤਰ ਦੇ ਹੋਰ ਆਗੂ ਸ਼ਾਮਲ ਹੋਏ।
ਅੱਜ ਮਾਲਵਾ ਜ਼ੋਨ 1 ਅਤੇ ਮਾਲਵਾ ਜ਼ੋਨ 2 ਦੀ ਮੀਟਿੰਗ ਸੀ ਜੋ ਸਵੇਰੇ 11 ਵਜੇ ਤੇ ਸ਼ਾਮ 4 ਵਜੇ ਹੋਈਆਂ। ਭਲਕੇ 16 ਮਾਰਚ ਨੁੰ ਦੋਆਬਾ ਖੇਤਰ ਦੇ ਵਿਧਾਇਕਾਂ ਤੇ ਸਾਬਕਾ ਵਿਧਾਇਕਾਂ ਦੀ ਮੀਟਿੰਗ ਹੋਵੇਗੀ।