ਕੋਟਕਪੂਰਾ ਤੋਂ ਦੂਜੀ ਬਾਰ ਵਿਧਾਇਕ ਬਣੇ ਕੁਲਤਾਰ ਸਿੰਘ ਸੰਧਵਾਂ ਨੇ ਜਨਤਾ ਦਾ ਕੀਤਾ ਧੰਨਵਾਦ
- ਹੁਣ ਨਹੀਂ ਪੀਣਾ ਪਵੇਗਾ ਕੋਟਕਪੂਰਾ ਦੇ ਲੋਕਾਂ ਨੂੰ ਸੀਵਰੇਜ ਮਿਲਿਆ ਦੂਸ਼ਿਤ ਪਾਣੀ
ਦੀਪਕ ਗਰਗ
ਕੋਟਕਪੂਰਾ 10 ਮਾਰਚ 2022 - ਕੋਟਕਪੂਰਾ ਦੇ ਦੁੱਜੀ ਬਾਰ ਬਣੇ ਆਪ ਵਿਧਾਇਕ ਕੁਲਤਾਰ ਸਿੰਘ ਸੰਧਵਾ ਨੇ ਐਸਡੀਐਮ ਕੋਟਕਪੂਰਾ ਕੋਲੋਂ ਜਿੱਤ ਦਾ ਸਰਟੀਫਿਕੇਟ ਹਾਸਲ ਕਰਨ ਉਪਰੰਤ ਗੁਰਦੁਆਰਾ ਪਾਤਸ਼ਾਹੀ 10ਵੀ ਚ ਨਤਮਸਤਕ ਹੋਕੇ ਜੈਤੋ ਚੁੰਗੀ ਸਥਿਤ ਸ਼ਹੀਦ ਭਗਤ ਸਿੰਘ ਦੇ ਬੁੱਤ ਤੇ ਫੁੱਲ ਮਲਾਵਾਂ ਭੇਟ ਕੀਤੀਆਂ ਗਈਆਂ।
ਇਸ ਮੌਕੇ ਸ਼ਹਿਰ ਵਾਸੀਆਂ ਦਾ ਧੰਨਵਾਦ ਕਰਦੇ ਹੋਏ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਇਹ ਜਿੱਤ ਮੇਰੀ ਜਿੱਤ ਨਹੀਂ ਹੈ, ਇਹ ਜਿੱਤ ਬੇਅਦਬੀ ਕਾਂਡ ਅਤੇ ਕੋਟਕਪੂਰਾ ਗੋਲੀ ਕਾਂਡ ਦਾ ਇਨਸਾਫ ਮੰਗਦੀਆਂ ਸੰਗਤਾਂ ਦੀ ਜਿੱਤ ਹੈ,ਹਸਪਤਾਲਾਂ ਚ ਰੁਲਦੇ ਲੋਕਾਂ ਦੀ ਜਿੱਤ ਹੈ, ਇਹ ਜਿੱਤ ਸਰਕਾਰੀ ਸਕੂਲਾਂ ਚ ਬੱਚੇ ਪੜਾਉਣ ਵਾਲੇ ਲੋਕਾਂ ਦੀ ਜਿੱਤ ਹੈ, ਇਹ ਜਿੱਤ ਚਿੱਟੇ ਨਸ਼ੇ ਖ਼ਿਲਾਫ਼ ਲੜਦੇ ਉਹਨਾਂ ਲੋਕਾਂ ਦੀ ਜਿੱਤ ਹੈ ਜੋ ਸੋਚਦੇ ਹਨ ਕਿ ਕਿਸੇ ਹੋਰ ਘਰ ਦਾ ਚਿਰਾਗ ਚਿੱਟੇ ਕਰਕੇ ਨਾ ਬੁਝੇ, ਇਹ ਜਿੱਤ ਆਮ ਕਿਰਤੀਆਂ ਦੀ ਜਿੱਤ ਹੈ ਜਿੰਨਾਂ ਨੂੰ ਨਿੱਕੇ ਨਿੱਕੇ ਕੰਮਾਂ ਲਈ ਦਿਹਾੜੀ ਛੱਡਕੇ ਸਰਕਾਰੀ ਦਫ਼ਤਰਾਂ ਚ ਖੱਜਲ਼ ਖੁਆਰ ਹੋਣਾ ਪੈਂਦਾ ਸੀ,ਇਹ ਜਿੱਤ ਪੜ੍ਹ ਲਿਖ ਕੇ ਰੁਜ਼ਗਾਰ ਦੀ ਭਾਲ ਚ ਧਰਨੇ ਮੁਜ਼ਾਹਰੇ ਕਰਦੇ ਸਾਡੇ ਬੱਚੇ ਬੱਚੀਆਂ ਦੀ ਜਿੱਤ ਹੈ, ਸੋ ਗੁਰੂ ਚਰਨਾਂ ਚ ਅਰਦਾਸ ਕਰਦਾ ਹਾਂ ਕਿ ਜੋ ਸੁਪਨੇ ਸਾਡੇ ਲੋਕਾਂ ਨੇ ਵੇਖੇ ਹਨ,ਅਕਾਲ ਪੁਰਖ ਉਹ ਸੁਪਨੇ ਸਾਕਾਰ ਕਰਨ ਲਈ ਆਪਣਾ ਮਿਹਰ ਭਰਿਆ ਹੱਥ ਸਾਡੇ ਸਿਰ ਤੇ ਰੱਖਣ ਅਤੇ ਅਸੀਂ ਲੋਕਾਂ ਦੀਆਂ ਆਸਾਂ ਉਮੀਦਾਂ ਤੇ ਖ਼ਰੇ ਉੱਤਰ ਸਕੀਏ। ਵਿਰੋਧੀ ਪਾਰਟੀਆਂ ਵੱਲੋਂ ਧਨ ਦੌਲਤ ਅਤੇ ਨਸ਼ੇ ਦੇ ਵਹਾਏ ਦਰਿਆ ਦੇ ਬਾਵਜੂਦ ਆਪ ਸਭ ਨੇ ਜੋ ਮਾਣ ਬਖਸ਼ਿਆ ਹੈ, ਉਹਨਾਂ ਆਸਾਂ ਉਮੀਦਾਂ ਤੇ ਖ਼ਰੇ ਉੱਤਰਨ ਲਈ ਹਮੇਸ਼ਾ ਤਤਪਰ ਰਹਾਂਗਾ।
ਕੁਲਤਾਰ ਸਿੰਘ ਸੰਧਵਾ ਨੇ ਇਹ ਵੀ ਕਿਹਾ ਕਿ ਪਿੱਛਲੇ 20 ਸਾਲਾਂ ਤੋਂ ਕੋਟਕਪੂਰਾ ਦੇ ਲੋਕਾਂ ਨੂੰ ਜੋ ਸੀਵਰੇਜ ਮਿਲਿਆ ਦੂਸ਼ਿਤ ਪਾਣੀ ਪੀਣ ਨੂੰ ਮਿਲ ਰਿਹਾ ਸੀ। ਹੁਣ ਇਸ ਤੋਂ ਨਿਜਾਤ ਮਿਲੇਗੀ।
ਇਥੇ ਜਿਕਰਯੋਗ ਹੈ ਕਿ ਬੇਸ਼ਕ 2017 ਵਿੱਚ ਵੀ ਕੁਲਤਾਰ ਸਿੰਘ ਸੰਧਵਾ ਆਮ ਆਦਮੀ ਪਾਰਟੀ ਦੇ ਵਿਧਾਇਕ ਬਣ ਗਏ ਸੀ ਪਰ ਸੁੱਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨਾ ਆਊਣ ਕਰਕੇ ਇਨ੍ਹਾਂ ਦਾ ਜਿਆਦਾਤਰ ਰੋਲ ਧਰਨਿਆਂ ਅਤੇ ਵਿਧਾਨਸਭਾ ਚ ਕੀਤੇ ਸੁਆਲਾਂ ਤੱਕ ਹੀ ਸੀਮਿਤ ਰਿਹਾ ਸੀ।
ਹੁਣ ਕੋਟਕਪੂਰਾ ਦੇ ਲੋਕਾਂ ਨੂੰ ਆਸ ਹੈ ਕਿ ਜਲਦ ਹੀ ਪੰਜਾਬ ਵਿੱਚ ਬਣਨ ਜਾ ਰਹੀ ਨਵੀਂ ਆਮ ਆਦਮੀ ਪਾਰਟੀ ਦੀ ਸਰਕਾਰ ਚ ਕੁਲਤਾਰ ਸਿੰਘ ਸੰਧਵਾਂ ਨੂੰ ਕੇਬੇਨਿਟ ਮੰਤਰੀ ਬਣਾਇਆ ਜਾਣਾ ਤੈਅ ਹੈ।