ਦਲ ਬਦਲੂਆਂ ਅਤੇ ਮੌਕਾਪ੍ਰਸਤਾਂ ਨੂੰ ਵਾਗਡੋਰ ਸੌਂਪਣ ਕਾਰਨ ਕਾਂਗਰਸ ਪਾਰਟੀ ਬੁਰੀ ਤਰ੍ਹਾਂ ਹਾਰੀ : ਬਲਬੀਰ ਸਿੱਧੂ
ਚੰਡੀਗੜ੍ਹ, 13 ਮਾਰਚ 2022 - ਕਾਂਗਰਸ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਹੈ ਕਿ ਕਾਂਗਰਸ ਲੀਡਰਸ਼ਿਪ ਨੇ ਟਕਸਾਲੀ ਕਾਂਗਰਸੀ ਆਗੂਆਂ ਦੀ ਥਾਂ ਸਿਰਫ਼ ਸਤਾ ਦੇ ਲਾਲਚ ਕਾਰਨ ਪਾਰਟੀ ਵਿਚ ਸ਼ਾਮਲ ਹੋਏ ਮੌਕਾਪ੍ਰਸਤਾਂ ਅਤੇ ਦਲਬਦਲੂਆਂ ਨੂੰ ਚੌਧਰ ਸੌਂਪਣ ਕਾਰਨ ਹੀ ਕਾਂਗਰਸ ਪਾਰਟੀ ਹਾਰੀ ਹੈ ਕਿਉਂਕਿ ਅਜਿਹੇ ਵਿਅਕਤੀਆਂ ਦਾ ਇਤਿਹਾਸ ਅਤੇ ਸੱਭਿਆਚਾਰ ਕਾਂਗਰਸ ਪਾਰਟੀ ਨਾਲ ਮੇਲ ਨਹੀਂ ਖਾਂਦਾ।
ਕਾਂਗਰਸ ਦੇ ਨਤੀਜਿਆਂ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਸਿੱਧੂ ਨੇ ਕਿਹਾ ਕਿ ਪਾਰਟੀ ਦੀਆਂ ਸੰਭਾਵਨਾਵਾਂ ਉਸ ਦਿਨ ਤੋਂ ਘਟਣੀਆਂ ਸ਼ੁਰੂ ਹੋ ਗਈਆਂ ਸਨ, ਜਿਸ ਦਿਨ ਤੋਂ ਪੁਰਾਣੇ ਕਾਂਗਰਸੀ ਸੁਨੀਲ ਜਾਖੜ ਦੀ ਥਾਂ ਇਕ ਬਾਹਰੀ ਵਿਅਕਤੀ ਨਵਜੋਤ ਸਿੰਘ ਸਿੱਧੂ ਨੂੰ ਨਿਯੁਕਤ ਗਿਆ ਸੀ, ਜੋ ਕਿ ਚਾਰ ਸਾਲ ਪਹਿਲਾਂ ਹੀ ਕਾਂਗਰਸ 'ਚ ਸ਼ਾਮਲ ਹੋਏ ਸਨ।
ਇਸ ਤੋਂ ਬਾਅਦ ਕਾਂਗਰਸ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਹਟਾ ਕੇ ਨਵਾਂ ਵਿਵਾਦ ਖੜ੍ਹਾ ਕਰ ਦਿੱਤਾ ਅਤੇ ਇਹ ਪਾਰਟੀ ਲਈ ਸਭ ਤੋਂ ਵੱਡੀ ਭੁੱਲ ਸਾਬਤ ਹੋਈ ਅਤੇ ਪਾਰਟੀ ਤੇ ਸਰਕਾਰ ਵਿੱਚ ਪੂਰੀ ਤਰ੍ਹਾਂ ਗਿਰਾਵਟ ਆਈ।
ਸਾਬਕਾ ਮੰਤਰੀ ਨੇ ਕਿਹਾ ਕਿ ਧਰਮ ਨਿਰਪੱਖ ਪਾਰਟੀ ਕਾਂਗਰਸ ਦੀ ਤੀਜੀ ਗਲਤੀ ਇਹ ਰਹੀ ਕਿ ਸੁਨੀਲ ਜਾਖੜ ਨੂੰ ਵਿਧਾਇਕਾਂ ਦੀ ਪੂਰੀ ਹਮਾਇਤ ਮਿਲਣ ਦੇ ਬਾਵਜੂਦ ਮੁੱਖ ਮੰਤਰੀ ਬਣਾਉਣ ਤੋਂ ਇਨਕਾਰ ਕਰ ਦਿੱਤਾ ਗਿਆ, ਕਿਉਂਕਿ ਉਹ ਹਿੰਦੂ ਸੀ। ਉਨ੍ਹਾਂ ਕਿਹਾ ਕਿ ਜੇਕਰ ਕਾਂਗਰਸ ਨੇ ਧਰਮ ਦੀ ਰਾਜਨੀਤੀ 'ਤੇ ਭਰੋਸਾ ਕੀਤਾ ਹੁੰਦਾ ਤਾਂ ਗਿਆਨੀ ਜ਼ੈਲ ਸਿੰਘ ਰਾਸ਼ਟਰਪਤੀ, ਡਾ: ਮਨਮੋਹਨ ਸਿੰਘ ਪ੍ਰਧਾਨ ਮੰਤਰੀ ਅਤੇ ਬੂਟਾ ਸਿੰਘ ਗ੍ਰਹਿ ਮੰਤਰੀ ਨਾ ਬਣਦੇ।
ਇਸ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਦੀ ਨਿਯੁਕਤੀ ਹੋਈ, ਜੋ ਸੱਚੇ ਕਾਂਗਰਸੀ ਵੀ ਨਹੀਂ ਸਨ, ਜਿਨ੍ਹਾਂ ਨੇ ਕਾਂਗਰਸ ਵਿਚ ਸ਼ਾਮਲ ਹੋਣ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ, ਪੀਪਲਜ਼ ਪਾਰਟੀ ਆਫ਼ ਪੰਜਾਬ ਨਾਲ ਆਪਣੀ ਕਿਸਮਤ ਅਜ਼ਮਾਈ ਸੀ। ਇਸ ਤਰ੍ਹਾਂ ਕਾਂਗਰਸ ਪਾਰਟੀ ਅਤੇ ਸਰਕਾਰ ਬਾਹਰਲੇ ਲੋਕਾਂ ਦੇ ਹਵਾਲੇ ਕਰ ਦਿੱਤੀ ਗਈ।
ਸਿੱਧੂ ਨੇ ਕਿਹਾ ਕਿ ਜਿਸ ਤਰ੍ਹਾਂ ਕਾਂਗਰਸ ਪਾਰਟੀ ਨੇ ਟਕਾਸਾਲੀ ਕਾਂਗਰਸੀਆਂ ਅਮਰੀਕ ਸਿੰਘ ਢਿੱਲੋਂ, ਜਗਮੋਹਨ ਸਿੰਘ ਕੰਗ, ਅਜਾਇਬ ਸਿੰਘ ਭੱਟੀ ਅਤੇ ਕੇਵਲ ਸਿੰਘ ਢਿੱਲੋਂ ਵਰਗੇ ਸੀਨੀਅਰ ਅਤੇ ਪੁਰਾਣੇ ਆਗੂਆਂ ਨੂੰ ਟਿਕਟਾਂ ਦੇਣ ਤੋਂ ਇਨਕਾਰ ਕੀਤਾ ਹੈ, ਇਹ ਕਾਂਗਰਸ ਪਾਰਟੀ ਦੀ ਇੱਕ ਹੋਰ ਵੱਡੀ ਭੁੱਲ ਸੀ। ਪਾਰਟੀ ਵੱਲੋਂ ਇੱਕ ਤੋਂ ਬਾਅਦ ਇੱਕ ਗਲਤੀਆਂ ਦੁਹਰਾਈਆਂ ਗਈਆਂ।
ਮੋਹਾਲੀ ਤੋਂ ਤਿੰਨ ਵਾਰ ਵਿਧਾਇਕ ਰਹਿ ਚੁੱਕੇ ਸਿੱਧੂ ਨੇ ਕਿਹਾ ਕਿ ਨਵਜੋਤ ਸਿੱਧੂ ਨੂੰ ਸੂਬਾ ਕਾਂਗਰਸ ਪ੍ਰਧਾਨ ਨਿਯੁਕਤ ਕੀਤੇ ਜਾਣ ਤੋਂ ਪਹਿਲਾਂ ਸਾਰਿਆਂ ਨੂੰ ਵਿਸ਼ਵਾਸ ਸੀ ਕਿ 2022 'ਚ ਇਕ ਵਾਰ ਫਿਰ ਕਾਂਗਰਸ ਦੀ ਸਰਕਾਰ ਬਣੇਗੀ। ਪਰ ਜਿਵੇਂ ਹੀ ਸਿੱਧੂ ਨੇ ਸੂਬਾ ਕਾਂਗਰਸ ਪ੍ਰਧਾਨ ਦਾ ਅਹੁਦਾ ਸੰਭਾਲਿਆ, ਨਿਘਾਰ ਦਾ ਦੌਰ ਸ਼ੁਰੂ ਹੋ ਗਿਆ ਅਤੇ ਪਾਰਟੀ ਨੇ ਸਥਿਤੀ ਤੋਂ ਬਚਣ ਲਈ ਕੋਈ ਉਪਰਾਲਾ ਨਹੀਂ ਕੀਤਾ।
ਉਨ੍ਹਾਂ ਕਿਹਾ ਕਿ ਸੂਬਾ ਕਾਂਗਰਸ ਪ੍ਰਧਾਨ ਅਤੇ ਮੁੱਖ ਮੰਤਰੀ ਦੀ ਇੱਕ ਦੂਜੇ ਖ਼ਿਲਾਫ਼ ਬਿਆਨਬਾਜ਼ੀ ਕਾਰਨ ਪਾਰਟੀ ਅੰਦਰ ਸ਼ੀਤ ਯੁੱਧ ਸ਼ੁਰੂ ਹੋ ਗਿਆ ਅਤੇ ਇਸ ਨੇ ਵਿਰੋਧੀਆਂ ਨੂੰ ਪੂਰਾ ਮੌਕਾ ਦਿੱਤਾ ਹੈ। ਲੋਕਾਂ ਨੇ ਉਨ੍ਹਾਂ ਦੀ ਠੰਡੀ ਜੰਗ ਤੋਂ ਤੰਗ ਆ ਕੇ ਸਾਨੂੰ ਸਬਕ ਸਿਖਾਉਣ ਦਾ ਫੈਸਲਾ ਕੀਤਾ।
ਇਸ ਤੋਂ ਇਲਾਵਾ, ਸਿੱਧੂ ਨੇ ਕਿਹਾ ਕਿ ਨਵਜੋਤ ਸਿੱਧੂ ਤੇਚੰਨੀ ਵੱਲੋਂ ਪ੍ਰਚਾਰ ਦੌਰਾਨ ਵਰਤੀ ਗਈ ਭਾਸ਼ਾ ਨੇ ਵੋਟਰਾਂ ਦੇ ਇੱਕ ਵੱਡੇ ਤਬਕੇ ਨੂੰ ਆਪਣੇ ਵਿਰੁੱਧ ਕਰ ਲਿਆ। ਜਿੱਥੇ ਸਿੱਧੂ ਨੇ ਅਨਿਲ ਜੋਸ਼ੀ ਨੂੰ "ਕਾਲਾ ਬ੍ਰਾਹਮਣ" ਕਿਹਾ, ਉਥੇ ਹੀ ਚੰਨੀ ਨੇ ਪ੍ਰਵਾਸੀ ਭਾਈਚਾਰੇ ਬਾਰੇ ਅਪਸ਼ਬਦ ਬੋਲੇ, ਜਿਸ ਕਾਰਨ ਇਹ ਭਾਈਚਾਰਾ ਨਾਰਾਜ਼ ਹੋਇਆ ਅਤੇ ਉਨ੍ਹਾਂ ਨੇ ਨਾ ਸਿਰਫ ਪੰਜਾਬ, ਸਗੋਂ ਉੱਤਰ ਪ੍ਰਦੇਸ਼ ਵਿੱਚ ਵੀ ਕਾਂਗਰਸ ਦੇ ਖਿਲਾਫ ਵੋਟ ਪਾਈ।
ਉਨ੍ਹਾਂ ਦੋਸ਼ ਲਾਇਆ ਕਿ ਨਵਜੋਤ ਸਿੱਧੂ ਨੇ ਸ੍ਰੀ ਗੁੱਗਾ ਪੀਰ ਪ੍ਰਤੀ ਵੀ ਸਹੀ ਭਾਸ਼ਾ ਦੀ ਵਰਤੋਂ ਨਹੀਂ ਕੀਤੀ, ਜਿਸ ਕਾਰਨ ਰਾਜਪੂਤ ਭਾਈਚਾਰਾ ਨਰਾਜ਼ ਹੋਇਆ। ਦੋਵਾਂ ਨੇ ਇਸ ਲਈ ਕਦੇ ਮੁਆਫੀ ਨਹੀਂ ਮੰਗੀ।
ਸਾਬਕਾ ਮੰਤਰੀ ਨੇ ਕਿਹਾ ਕਿ ਕੋਈ ਵੀ ਜ਼ਿੰਮੇਵਾਰੀ ਲੈਣ ਦੀ ਬਜਾਏ ਦੋਵੇਂ ਇਸ ਤਰ੍ਹਾਂ ਬੇਸ਼ਰਮੀ ਨਾਲ ਪੇਸ਼ ਆ ਰਹੇ ਹਨ, ਜਿਵੇਂ ਉਨ੍ਹਾਂ ਨੇ ਪਰਮਵੀਰ ਚੱਕਰ ਜਿੱਤ ਲਿਆ ਹੋਵੇ। ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਹੋਰ ਨੁਕਸਾਨ ਪਹੁੰਚਾਉਣ ਦੀ ਬਜਾਏ ਜ਼ਿੰਮੇਵਾਰੀ ਤੈਅ ਕੀਤੀ ਜਾਣੀ ਚਾਹੀਦੀ ਹੈ ਅਤੇ ਜ਼ਿੰਮੇਵਾਰਾਂ ਨੂੰ ਜਵਾਬਦੇਹ ਬਣਾਇਆ ਜਾਣਾ ਚਾਹੀਦਾ ਹੈ।