ਕੋਟਕਪੂਰਾ ਤੋਂ ਦੂਜੀ ਬਾਰ ਚੁਣੇ ਗਏ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਸਾਹਮਣੇ ਸ਼ਹਿਰ ਦੇ ਬੇਤਰਤੀਬ ਵਿਕਾਸ ਨੂੰ ਲੈਕੇ ਵੱਡੀ ਚੁਣੌਤੀ
ਦੀਪਕ ਗਰਗ
ਕੋਟਕਪੂਰਾ 13 ਮਾਰਚ 2022 - ਪੰਜਾਬ ਵਿੱਚ ਬਣਨ ਜਾ ਰਹੀ ਆਮ ਆਦਮੀ ਪਾਰਟੀ ਦੀ ਨਵੀਂ ਸਰਕਾਰ ਦੇ ਕੋਟਕਪੂਰਾ ਤੋਂ ਦੁੱਜੀ ਬਾਰ ਚੁਣੇ ਗਏ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਦਾ ਅਗਲਾ ਸਿਆਸੀ ਸਫਰ ਸੌਖਾ ਨਹੀਂ ਹੋਵੇਗਾ ਸਗੋਂ ਉਨ੍ਹਾਂ ਨੂੰ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ।
ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਪਿਛਲੇ 20 ਸਾਲਾਂ ਤੋਂ ਸੁੱਬੇ ਵਿੱਚ ਸੱਤਾਧਾਰੀ ਰਹੀਆਂ ਸਰਕਾਰਾਂ ਲੋਕਾਂ ਦੀਆਂ ਮੁਢਲੀਆਂ ਸਮੱਸਿਆਵਾਂ ਦੂਰ ਕਰਨ ਵਿੱਚ ਨਾਕਾਮ ਰਹੀਆਂ। ਜਿਸਦਾ ਵੱਡਾ ਕਾਰਨ ਵਿਕਾਸ ਕਾਰਜਾਂ ਵਿਚੋਂ ਇਕ ਮੋਟੀ ਰਕਮ ਕਮਿਸ਼ਨ ਵਜੋਂ ਜਾਣ ਦੀ ਚਰਚਾ ਹੈ। ਜੋ ਪਿਛਲੇ ਕੁਝ ਸਾਲਾਂ ਤੋਂ ਚਰਮ ਸੀਮਾਂ ਤੇ ਪਹੁੰਚ ਗਿਆ ਹੈ। ਇਹੀ ਕਾਰਣ ਹੈ ਕਿ ਅਜਾਦੀ ਦੇ 75 ਸਾਲ ਬਾਅਦ ਵੀ ਲੋਕਾਂ ਨੂੰ ਨਾ ਤਾਂ ਪੀਣ ਵਾਲਾ ਸਾਫ ਪਾਣੀ ਮਿਲ ਰਿਹਾ ਹੈ। ਨਾ ਗਲੀਆਂ ਸੜਕਾਂ ਦੀ ਹਾਲਤ ਸੁਧਰੀ ਹੈ। ਸਟ੍ਰੀਟ ਲਾਈਟਾਂ ਨਾ ਹੋਣ ਕਰਕੇ ਕਈ ਇਲਾਕੇ ਰਾਤ ਹੁੰਦੇ ਹੀ ਹਨੇਰੇ ਵਿਚ ਡੁੱਬ ਜਾਂਦੇ ਹਨ। ਸ਼ਹਿਰ ਵਿੱਚ ਹਰ ਪਾਸੇ ਸੀਵਰੇਜ ਜਾਮ ਹਨ। ਨਾਲੀਆਂ ਦਾ ਗੰਦਾ ਪਾਣੀ ਸੜਕਾਂ ਅਤੇ ਗਲੀਆਂ ਵਿੱਚ ਫੈਲਿਆ ਹੋਇਆ ਹੈ।
ਸ਼ਹਿਰ ਵਿੱਚ ਹਰ ਪਾਸੇ ਬੇਤਰਤੀਬ ਵਿਕਾਸ ਹੈ। ਬਹੁਤ ਸਾਰੇ ਇਲਾਕੇ ਸਾਲਾਂ ਤੋਂ ਵਿਕਾਸ ਦੇ ਨਾਂਅ ਤੇ ਪੁੱਟੇ ਪਏ ਹਨ ਪਰ ਵਿਕਾਸ ਨਹੀਂ ਹੋ ਪਾਇਆ। ਟੋਟਿਆਂ ਵਿਚ ਹੋ ਰਹੇ ਵਿਕਾਸ ਨੇ ਸ਼ਹਿਰ ਦੀ ਹਾਲਤ ਬਦ ਤੋਂ ਬਦਤਰ ਬਣਾ ਦਿੱਤੀ ਹੈ। ਪਿੰਡਾਂ ਨੂੰ ਜਾਣ ਵਾਲੀਆਂ ਕਈ ਲਿੰਕ ਸੜਕਾਂ ਵੀ ਵਿਕਾਸ ਦੀ ਰਾਹ ਤੱਕ ਰਹੀਆਂ ਹਨ। ਦੋ ਸੀਵਰੇਜ ਟ੍ਰੀਟਮੈਂਟ ਵੀ ਚਲਾਏ ਜਾਣੇ ਜਰੂਰੀ ਹਨ। ਸ਼ਹਿਰ ਵਿੱਚ ਜਿੱਥੇ ਵੀ ਇੰਟਰਲੋਕ ਟਾਈਲਾਂ ਲਗਾਏ ਜਾਣ ਦਾ ਕੰਮ ਹੋ ਰਿਹਾ ਹੈ। ਉਥੇ ਸਹੀ ਤਰਤੀਬ ਨਹੀਂ ਬਿਠਾਈ ਜਾ ਰਹੀ ਹੈ। ਟਾਈਲਾਂ ਬੈਠ ਰਹੀਆਂ ਹਨ।
ਮੋਗਾ ਰੋਡ ਤੇ ਅੱਧੀਆਂ ਅਧੂਰੀਆਂ ਹੀ ਇੰਟਰਲੋਕ ਟਾਈਲਾਂ ਲਗਾਈਆਂ ਜਾ ਰਹੀਆਂ ਹਨ।
ਹੁਣ ਸਭ ਤੋਂ ਵੱਡਾ ਸੁਆਲ ਇਹ ਹੈ ਕਿ ਕੋਟਕਪੂਰਾ ਦੀ ਨਗਰ ਕੌਂਸਲ ਵਿੱਚ ਆਮ ਆਦਮੀ ਪਾਰਟੀ ਦਾ ਅਪਣਾ ਇਕ ਵੀ ਕੌਂਸਲਰ ਨਹੀਂ ਹੈ। 21 ਕੌਂਸਲਰ ਪੰਜੇ ਦੇ ਚੋਣ ਨਿਸ਼ਾਨ ਤੇ ਜਿੱਤੇ ਹਨ। ਜਿਨ੍ਹਾਂ ਵਿਚੋਂ 1 ਮਹਿਲਾ ਕੌਂਸਲਰ ਅਕਾਲੀ ਦਲ ਵਿੱਚ ਸ਼ਾਮਿਲ ਹੋ ਗਈ। 3 ਮਹਿਲਾ ਕੌਂਸਲਰ ਸ਼੍ਰੋਮਣੀ ਅਕਾਲੀ ਦਲ ਦੇ ਚੋਣ ਨਿਸ਼ਾਨ ਤੇ ਜਿੱਤੀਆਂ ਹਨ। ਜਦੋਂਕਿ 5 ਕੌਂਸਲਰ ਆਜਾਦ ਚੋਣ ਜਿੱਤੇ ਹਨ। ਕੁੱਲ 29 ਕੌਂਸਲਰਾਂ ਵਿਚੋਂ 16 ਮਹਿਲਾ ਕੌਂਸਲਰ ਹਨ। ਕੋਟਕਪੂਰਾ ਨਗਰ ਕੌਂਸਲ ਦੀ ਪ੍ਰਧਾਨਗੀ ਬੀਸੀ ਵਰਗ ਲਈ ਰਿਜਰਵ ਹੈ। ਬੀਸੀ ਵਰਗ ਦੇ ਕੁੱਲ 3 ਕੌਂਸਲਰ ਹੀ ਜਿੱਤੇ ਸਨ ਇਨ੍ਹਾਂ ਵਿਚੋਂ 2 ਕਾਂਗਰਸੀ ਅਤੇ 1 ਅਕਾਲੀ ਮਹਿਲਾ ਕੌਂਸਲਰ ਹੈ। ਕਾਂਗਰਸ ਕੋਲ ਬਹੁਮਤ ਹੋਣ ਕਰਕੇ ਕਾਂਗਰਸ ਦੇ ਭੁਪਿੰਦਰ ਸਿੰਘ ਸੱਗੂ ਨਗਰ ਕੌਂਸਲ ਪ੍ਰਧਾਨ ਹਨ।
ਕੋਟਕਪੂਰਾ ਦੇ ਦੁੱਜੀ ਬਾਰ ਬਣੇ ਵਿਧਾਇਕ ਕੁਲਤਾਰ ਸਿੰਘ ਸੰਧਵਾ ਲਈ ਸਭ ਤੋਂ ਵੱਡੀ ਚੁਣੌਤੀ ਕੋਟਕਪੂਰਾ ਦੇ ਬੇਤਰਤੀਬ ਵਿਕਾਸ ਨੂੰ ਸਹੀ ਪੱਟੜੀ ਤੇ ਲਿਆਉਣਾ ਹੈ। ਜਿਸ ਲਈ ਕੌਂਸਲਰਾਂ ਨਾਲ ਸਹੀ ਤਾਲਮੇਲ ਬਿਠਾਉਣਾ ਵੀ ਜਰੂਰੀ ਹੋਵੇਗਾ।
ਸਰਕਾਰੀ ਹਸਪਤਾਲਾਂ ਵਿੱਚ ਮਰੀਜਾਂ ਨੂੰ ਸਹੀ ਜਾਂ ਪੂਰਾ ਇਲਾਜ ਨਹੀਂ ਮਿਲ ਰਿਹਾ ਹੈ। ਸਰਕਾਰੀ ਡਾਕਟਰ ਲਾਪਰਵਾਹ ਹਨ। ਸਰਕਾਰੀ ਹਸਪਤਾਲਾਂ ਦੀਆਂ ਬਿਲਡਿੰਗਾਂ ਦੀ ਹਾਲਤ ਵੀ ਵਧੀਆ ਨਹੀਂ ਹੈ। ਸਿਹਤ ਵਿਵਸਥਾ ਵਿੱਚ ਸੁਧਾਰ ਦੁੱਜੀ ਵੱਡੀ ਚੁਣੌਤੀ ਹੈ।
ਸ਼ਹਿਰ ਵਿੱਚ ਸੁਵਿਧਾ ਕੇਂਦਰਾਂ ਦੀ ਗਿਣਤੀ ਵੀ ਵਧਾਏ ਜਾਣ ਦੀ ਲੋੜ ਹੈ। ਕਿਉਂਕਿ ਸੁਵਿਧਾ ਕੇਂਦਰ ਵਿੱਚ ਭੀੜ ਨੂੰ ਲੈਕੇ ਜਨਤਾ ਨੂੰ ਕਾਫੀ ਪ੍ਰੇਸ਼ਾਨ ਹੋਣਾ ਪੈਂਦਾ ਹੈ।
ਇਨ੍ਹਾਂ ਸਭ ਨੂੰ ਲੈਕੇ ਪਿਛਲੇ ਪੰਜ ਸਾਲ ਤੱਕ ਕੁਲਤਾਰ ਸਿੰਘ ਸੰਧਵਾ, ਨਰਿੰਦਰ ਰਾਠੌਰ, ਨਰੇਸ਼ ਸਿੰਗਲਾ, ਕੌਰ ਸਿੰਘ ਸੰਧੂ, ਜਗਦੀਸ਼ ਗਰਗ ਅਤੇ ਹੋਰ ਆਪ ਆਗੂ ਆਵਾਜ ਵੀ ਉਠਾਉਂਦੇ ਰਹੇ ਹਨ।
ਪਰ ਹੁਣ 16 ਮਾਰਚ ਤੋਂ ਆਮ ਆਦਮੀ ਪਾਰਟੀ ਦਾ ਰੋਲ ਬਦਲਣ ਜਾ ਰਿਹਾ ਹੈ। ਜਿਸਨੂੰ ਲੈਕੇ ਕੋਟਕਪੂਰਾ ਹਲਕੇ ਦੇ ਨਿਵਾਸੀ ਟੀਮ ਕੁਲਤਾਰ ਸਿੰਘ ਸੰਧਵਾ ਵੱਲ ਆਸ ਭਰੀ ਨਿਗ੍ਹਾ ਨਾਲ ਵੇਖ ਰਹੇ ਹਨ।