ਜਾਣੋ : ਕੀ ਕਾਰਨ ਬਣੇ ਕਿ ਕੁਝ ਸਮਾਂ ਪਹਿਲਾਂ ਹਾਸ਼ੀਏ ਤੇ ਆ ਚੁੱਕੀ 'ਆਪ' ਦੇ ਪੱਖ ਵਿੱਚ ਬਣ ਗਈ ਸੁਨਾਮੀ ਅਤੇ ਭਗਵੰਤ ਮਾਨ ਬਣ ਗਏ ਪੰਜਾਬ ਦੇ ਮਹਾਂਨਾਇਕ
ਦੀਪਕ ਗਰਗ
ਕੋਟਕਪੂਰਾ 11 ਮਾਰਚ 2022 - ਫਰਵਰੀ 2021, ਨਗਰ ਕੌਂਸਲ ਚੋਣਾਂ ਮੌਕੇ ਜਿਸ ਆਮ ਆਦਮੀ ਪਾਰਟੀ ਨੂੰ ਚੰਗੇ ਉਮੀਦਵਾਰ ਤੱਕ ਨਹੀਂ ਮਿਲ ਰਹੇ ਸਨ। ਇਥੋਂ ਤੱਕ ਰੈਫਰ ਕਰਨ ਲਈ 2 ਵੋਟਰ ਤੱਕ ਨਹੀਂ ਮਿਲ ਰਹੇ ਸੀ। ਸੁੱਬੇ ਵਿੱਚ ਚੋਣ ਜਿੱਤੇ 20 ਵਿਧਾਇਕਾਂ ਦੀ ਗਿਣਤੀ ਲਗਾਤਾਰ ਘੱਟ ਰਹੀ ਸੀ। ਅਚਾਨਕ ਠੀਕ 1 ਸਾਲ ਬਾਅਦ ਉਹੀ ਆਮ ਆਦਮੀ ਪਾਰਟੀ ਸੁਨਾਮੀ ਬਣ ਜਾਂਦੀ ਹੈ। ਇਹ ਸੁਨਾਮੀ ਪੰਜਾਬ ਦੀ ਸਿਆਸਤ ਦੇ ਸਾਰੇ ਵੱਡੇ ਥੱਮਾਂ ਨੂੰ ਵੀ ਆਪਣੇ ਨਾਲ ਵਗਾਕੇ ਲੈ ਜਾਂਦੀ ਹੈ।
ਇਸਦੇ ਪਿੱਛੇ ਕੁਝ ਵੱਡੇ ਫੈਕਟਰ ਸਾਹਮਣੇ ਆ ਰਹੇ ਹਨ।
ਪਹਿਲਾਂ ਕਿਸਾਨ ਅੰਦੋਲਨ ਦਰਮਿਆਨ ਸ਼੍ਰੋਮਣੀ ਦਲ ਤੋਂ ਵੱਖ ਹੋਈ ਬੀਜੇਪੀ 2022 ਦੀਆਂ ਵਿਧਾਨਸਭਾ ਚੋਣਾਂ ਆਪਣੇ ਦਮ ਤੇ ਲੜਨ ਲਈ ਪ੍ਰਚਾਰ ਕਰਦੀ ਹੈ ਕਿ ਉਹ ਪੰਜਾਬ ਨੂੰ ਪਹਿਲਾ ਐਸ ਸੀ ਵਰਗ ਨਾਲ ਸੰਬੱਧਤ ਮੁਖਮੰਤਰੀ ਦੇਵੇਗੀ।
18 ਸਤੰਬਰ 2021 ਨੂੰ ਕਾਂਗਰਸ ਨਾਲ ਜੁੜੇ ਹੋਏ ਕੈਪਟਨ ਅਮਰਿੰਦਰ ਸਿੰਘ ਮੁਖਮੰਤਰੀ ਅਹੁਦੇ ਤੋਂ ਅਸਤੀਫਾ ਦੇ ਦਿੰਦੇ ਹਨ। ਇਸ ਤੋਂ ਬਾਅਦ ਉਹ ਬੀਜੇਪੀ ਸਿੱਖਰ ਆਗੂਆਂ ਨਾਲ ਮੁਲਾਕਾਤ ਕਰਦੇ ਹਨ। ਬੀਜੇਪੀ ਉਨ੍ਹਾਂ ਨੂੰ ਰਾਸ਼ਟਰਵਾਦੀ ਦੱਸਕੇ ਉਨ੍ਹਾਂ ਦਾ ਸਵਾਗਤ ਕਰਦੀ ਹੈ।
20 ਸਤੰਬਰ 2021 ਨਵਜੋਤ ਸਿੱਧੂ, ਸੁਨੀਲ ਜਾਖੜ ਸਮੇਤ ਕਈ ਨਾਵਾਂ ਦੀ ਚਰਚਾ ਤੋਂ ਬਾਅਦ ਅਚਾਨਕ ਚਰਨਜੀਤ ਸਿੰਘ ਚੰਨੀ ਪੰਜਾਬ ਦੇ ਪਹਿਲੇ ਐਸ ਸੀ ਵਰਗ ਦੇ ਮੁੱਖ ਮੰਤਰੀ ਚਿਹਰੇ ਦੇ ਰੂਪ ਵਿੱਚ ਸਾਹਮਣੇ ਆਉਂਦੇ ਹਨ।
10 ਨਵੰਬਰ 2021 ਨੂੰ ਬਠਿੰਡਾ ਪੇਂਡੂ ਖੇਤਰ ਦੀ ਵਿਧਾਇਕ ਰੁਪਿੰਦਰ ਕੌਰ ਰੂਬੀ ਅਸਤੀਫਾ ਦਿੰਦੀ ਹੈ। ਮੀਡਿਆ ਨੂੰ ਕਾਰਣ ਦੱਸਦੀ ਹੈ ਕਿ ਉਨ੍ਹਾਂ ਕਿਹਾ ਕਿ ਜੇਕਰ ਆਮ ਆਦਮੀ ਪਾਰਟੀ ਪੰਜਾਬ ਚੋਣਾਂ ਵਿੱਚ ਮਾਨ ਨੂੰ ਮੁੱਖ ਮੰਤਰੀ ਦਾ ਚਿਹਰਾ ਨਹੀਂ ਐਲਾਨਦੀ ਤਾਂ ਪਾਰਟੀ ਨੂੰ ਨੁਕਸਾਨ ਹੋਵੇਗਾ। ਜਿਸ ਨਾਲ ਸਰਕਾਰ ਬਣਾਉਣਾ ਮੁਸ਼ਕਲ ਹੋ ਜਾਵੇਗਾ। ਜੇਕਰ ਭਗਵੰਤ ਮਾਨ ਪਾਰਟੀ ਵਿੱਚ ਰਹਿੰਦੇ ਹਨ ਤਾਂ ਉਹ ਵੀ ਹੋਣਗੇ। ਉਨ੍ਹਾਂ ਅੱਗੇ ਕਿਹਾ ਕਿ ਮੈਨੂੰ ਸਮਝ ਨਹੀਂ ਆ ਰਿਹਾ ਕਿ ਪਾਰਟੀ 2017 ਦੀਆਂ ਗਲਤੀਆਂ ਕਿਉਂ ਦੁਹਰਾ ਰਹੀ ਹੈ। ਜੇਕਰ ਪਾਰਟੀ ਹਾਰ ਗਈ ਤਾਂ ਚਿੰਤਨ ਦਾ ਕੋਈ ਫਾਇਦਾ ਨਹੀਂ ਹੋਵੇਗਾ। ਅਜਿਹੇ 'ਚ ਚੰਗਾ ਹੈ ਕਿ ਭਗਵੰਤ ਨੂੰ ਸੀਐੱਮ ਉਮੀਦਵਾਰ ਐਲਾਨ ਦਿੱਤਾ ਜਾਵੇ।
12 ਨਵੰਬਰ ਨੂੰ ਆਪ ਆਪਣੇ ਉਮੀਦਵਾਰਾਂ ਦੀ ਪਹਿਲੀ 10 ਉਮੀਦਵਾਰਾਂ ਦੀ ਲਿਸਟ ਜਾਰੀ ਕਰ ਦਿੰਦੀ ਹੈ। ਇਹ ਸਾਰੇ ਵਿਧਾਇਕ ਹਨ। ਚਰਚਾ ਹੁੰਦੀ ਹੈ ਕਿ ਆਪ ਨੂੰ ਡਰ ਹੈ ਕਿ ਰਹਿੰਦੇ 10 ਵਿਧਾਇਕ ਵੀ ਪਾਲਾ ਨਾ ਬਦਲ ਲੈਣ।
15 ਨਵੰਬਰ 2021 ਨੂੰ ਬੀਜੇਪੀ ਪੰਜਾਬ ਦਾ ਇਕ ਵਫਦ ਅਸ਼ਵਨੀ ਸ਼ਰਮਾ ਦੀ ਅਗੁਵਾਈ ਹੇਠ ਪ੍ਰਧਾਨਮੰਤਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕਰਦਾ ਹੈ।
19 ਨਵੰਬਰ 2021 ਨੂੰ ਅਚਾਨਕ ਹੀ ਪ੍ਰਧਾਨਮੰਤਰੀ ਮੋਦੀ ਜੀ ਵਿਵਾਦਤ ਖੇਤੀ ਕਾਨੂੰਨ ਰੱਦ ਕਰ ਦਿੰਦੇ ਹਨ। ਇਨ੍ਹਾਂ ਕਾਨੂੰਨਾਂ ਨੂੰ ਲੈਕੇ 1 ਅਕਤੂਬਰ 2020 ਨੂੰ ਕਿਸਾਨਾਂ ਦੇ ਪੱਕੇ ਧਰਨੇ ਪ੍ਰਦਰਸ਼ਨ ਸ਼ੁਰੂ ਹੋਏ ਸੀ। ਇਕ ਸਾਲ ਤੋਂ ਵੀ ਵੱਧ ਸਮਾਂ ਤੱਕ ਕੇਂਦਰ ਸਰਕਾਰ ਜਿੱਦ ਤੇ ਅੜੀ ਰਹੀ, ਬੀਜੇਪੀ ਆਗੂ ਚਰਚਾ ਵਿੱਚ ਆਊਣ ਲਈ ਕਿਸਾਨਾਂ ਨੂੰ ਗੁੰਡੇ, ਅੱਤਵਾਦੀ ਅਤੇ ਹੋਰ ਨਾ ਜਾਣੇ ਕੀ ਕੀ ਕਹਿੰਦੇ ਰਹੇ। 700 ਤੋਂ ਵੱਧ ਕਿਸਾਨ ਸਾਲ ਤੋਂ ਵੱਧ ਸਮਾਂ ਤੱਕ ਚਲੇ ਅੰਦੋਲਨ ਦੀ ਬਲੀ ਚੜ ਗਏ।
ਜਨਤਾ ਨੂੰ ਅਚਾਨਕ ਖੇਤੀ ਕਾਨੂੰਨ ਵਾਪਿਸ ਲੈਣ ਦਾ ਇਕੋ ਕਾਰਣ ਸਮਝ ਆਉਂਦਾ ਹੈ ਕਿ ਪੰਜਾਬ ਸਮੇਤ ਪੰਜ ਸੁੱਬਿਆਂ ਦੀਆਂ ਵਿਧਾਨਸਭਾ ਚੋਣਾਂ ਨੇੜੇ ਹਨ।
ਪੰਜਾਬ ਵਿੱਚ ਬੀਜੇਪੀ ਦਾ ਵੱਡਾ ਆਧਾਰ ਨਹੀਂ ਪਰ ਇਕ ਦਮ ਧੜਾਧੜ ਪ੍ਰਸਿੱਧ ਸਿੱਖ ਚਿਹਰੇ ਬੀਜੇਪੀ ਵਿੱਚ ਸ਼ਾਮਿਲ ਕੀਤੇ ਜਾਣ ਲੱਗੇ। ਬੀਜੇਪੀ ਵਲੋਂ ਪੰਜਾਬ ਵਿੱਚ ਆਪਣੀ ਸਰਕਾਰ ਬਣਾਉਣ ਲਈ ਪ੍ਰਚਾਰ ਕੀਤਾ ਜਾਣ ਲੱਗਿਆ ਕਿ ਉਹ ਸਿੱਖਾਂ ਦੇ ਹਿੱਤਾਂ ਦੀ ਰਾਖੀ ਕਰਨ ਵਾਲੀ ਪਾਰਟੀ ਹੈ।
ਦੂੱਜੇ ਪਾਸੇ ਪੰਜਾਬ ਦੇ ਪਹਿਲੇ ਐਸ ਸੀ ਵਰਗ ਨਾਲ ਸੰਬੱਧਤ ਮੁਖਮੰਤਰੀ ਚਰਨਜੀਤ ਸਿੰਘ ਚੰਨੀ ਜਿਨ੍ਹਾਂ ਨੂੰ ਪੱਤਾ ਹੈ ਕਿ ਉਨ੍ਹਾਂ ਕੋਲ ਆਪਣੇ ਅਹੁਦੇ ਦੀ ਮਿਆਦ ਕਰੀਬ 111 ਦਿਨ ਹੀ ਹੈ। ਚੰਨੀ ਐਲਾਨ ਕਰਦੇ ਜਾਂਦੇ ਹਨ ਜਨਤਾ ਵੀ ਇਨ੍ਹਾਂ ਐਲਾਨਾਂ ਤੋਂ ਪ੍ਰਭਾਵਿਤ ਹੁੰਦੀ ਹੈ। ਨਾਲ ਹੀ ਆਮ ਆਦਮੀ ਪਾਰਟੀ ਦੇ ਕੁਝ ਹੋਰ ਥੱਮ ਡਿੱਗਣ ਲੱਗਦੇ ਹਨ। ਚੰਨੀ ਲਗਾਤਾਰ ਲੋਕਾਂ ਦੇ ਮਨ ਮਾਫਿਕ ਬਣ ਰਹੇ ਸਨ।
5 ਜਨਵਰੀ 2022 ਨੂੰ ਖਰਾਬ ਮੌਸਮ ਦੀ ਜਾਣਕਾਰੀ ਅਤੇ ਅੰਦੇਸ਼ੇ ਦੇ ਬਾਵਜੂਦ ਵੀ ਬੀਜੇਪੀ ਵਲੋਂ ਪ੍ਰਧਾਨ ਮੰਤਰੀ ਮੋਦੀ ਦੀ ਰੈਲੀ ਰੱਖੀ ਜਾਂਦੀ ਹੈ। ਕਈ ਵੱਡੇ ਐਲਾਨ ਵੀ ਹੋਣੇ ਹਨ ਪਰ ਮੌਸਮ ਖਰਾਬ ਹੋਣ ਕਾਰਨ ਇਹ ਰੈਲੀ ਰੱਦ ਹੋ ਜਾਂਦੀ ਹੈ। ਰੈਲੀ ਰੱਦ ਨੂੰ ਲੈਕੇ ਬੀਜੇਪੀ ਪੰਜਾਬ ਸਰਕਾਰ ਅਤੇ ਚੰਨੀ ਨੂੰ ਦੋਸ਼ੀ ਠਹਿਰਾਕੇ ਰਾਜਨੀਤੀ ਕਰਦੀ ਹੈ। ਚੰਨੀ ਬੜੀ ਹਲੀਮੀ ਨਾਲ ਜੁਆਬ ਦਿੰਦੇ ਹਨ।
ਇਹ ਰੈਲੀ ਮੁੜ ਹੋਵੇ ਇਸ ਤੋਂ ਪਹਿਲਾਂ ਹੀ 8 ਜਨਵਰੀ 2022 ਨੂੰ ਚੋਣ ਜਾਬਤਾ ਲੱਗ ਜਾਂਦਾ ਹੈ ਅਤੇ ਪੰਜਾਬ ਵਿੱਚ 14 ਫਰਵਰੀ 2022 ਨੂੰ ਵੋਟਾਂ ਪੈਣ ਵਾਲੇ ਦਿਨ ਦਾ ਐਲਾਨ ਹੋ ਜਾਂਦਾ ਹੈ। ਪਰ ਹੁਣ ਕੇਂਦਰ ਸਰਕਾਰ ਦੇ ਐਲਾਨ ਚੋਣਾਂ ਤੋਂ ਬਾਅਦ ਹੀ ਹੋ ਸਕਦੇ ਹਨ।
13 ਜਨਵਰੀ ਨੂੰ ਆਪ ਸੁਪਰੀਮੋ ਕੇਜਰੀਵਾਲ ਨੇ ਐਲਾਨ ਕੀਤਾ ਲੋਕਾਂ ਦੇ ਮਨਪਸੰਦ ਦਾ ਸੀਐਮ ਚਿਹਰਾ ਚੁਣਿਆ ਜਾਵੇਗਾ ਜਿਸ ਲਈ 70748-70748 ਨੰਬਰ ਜਾਰੀ ਕੀਤਾ ਗਿਆ ਹੈ। ਇਸ ‘ਤੇ ਐਸਐਮਐਸ ਕਰਕੇ ਜਾਂ ਵਟਸਐਪ ਮੈਸੇਜ ਕਰਕੇ ਜਾਂ ਕਾਲ ਰਿਕਾਰਡ ਕਰਕੇ ਆਪਣੀ ਰਾਏ ਦੇ ਸਕਦੀ ਹੈ।
ਉਨ੍ਹਾਂ ਕਿਹਾ ਕਿ ਪੰਜਾਬੀਆਂ ਦੀ ਰਾਏ ‘ਤੇ ਹੀ ਮੁੱਖ ਮੰਤਰੀ ਦਾ ਚਿਹਰਾ ਚੁਣਨ ਦਾ ਐਲਾਨ ਕੀਤਾ ਗਿਆ ਹੈ। ਕੇਜਰੀਵਾਲ ਨੇ ਕਿਹਾ ਪਹਿਲੀ ਵਾਰ ਕੋਈ ਪਾਰਟੀ ਸੀਐਮ ਚੁਣਨ ਦਾ ਮੌਕਾ ਲੋਕਾਂ ਨੂੰ ਦੇ ਰਹੀ ਹੈ। 17 ਤਰੀਕ ਸ਼ਾਮ 5 ਵਜੇ ਤੱਕ ਇਸ ਨੰਬਰ ‘ਤੇ ਕਾਲ ਜਾਂ ਮੈਸੇਜ ਕਰਕੇ ਸੀਐਮ ਚਿਹਰਾ ਚੁਣਨ ਦਾ ਮੌਕਾ ਦਿੱਤਾ ਗਿਆ ਹੈ।
ਆਸ਼ੂ ਬੰਗੜ ਨੂੰ ਫਿਰੋਜਪੁਰ ਦਿਹਾਤੀ ਤੋਂ ਆਮ ਆਦਮੀ ਪਾਰਟੀ ਦੀ ਟਿਕਟ ਮਿਲਦੀ ਹੈ ਪਰ ਉਹ 17 ਜਨਵਰੀ 2022 ਟਿਕਟ ਨੂੰ ਦਰਕਿਨਾਰ ਕਰਕੇ ਚੰਨੀ ਯਾਨਿ ਕਾਂਗਰਸ ਦਾ ਪੱਲਾ ਫੜ ਲੈਂਦੇ ਹਨ।
18 ਜਨਵਰੀ 2022 ਨੂੰ ਮੁਖਮੰਤਰੀ ਚੰਨੀ ਦੇ ਭਾਣਜੇ ਭੁਪਿੰਦਰ ਸਿੰਘ ਹਨੀ ਦੇ ਠਿਕਾਣਿਆਂ ਤੇ ਰੇਤੇ ਦੀ ਨਾਜਾਇਜ ਮਾਈਨਿੰਗ ਦੇ ਮਾਮਲੇ ਵਿੱਚ ਈ ਡੀ ਵਲੋਂ ਛਾਪੇਮਾਰੀ ਹੁੰਦੀ ਹੈ। ਕਰੀਬ 10 ਕਰੋੜ ਰੁਪਏ ਦੀ ਰਕਮ ਬਰਾਮਦਗੀ ਦੀ ਗੱਲ ਵੀ ਸਾਹਮਣੇ ਆਉਂਦੀ ਹੈ।
ਮੁਖਮੰਤਰੀ ਚੰਨੀ ਇਸ ਮਾਮਲੇ ਨੂੰ ਲੈਕੇ ਵਿਰੋਧੀਆਂ ਦੇ ਨਿਸ਼ਾਨੇ ਤੇ ਆ ਜਾਂਦੇ ਹਨ। ਅੰਦਰ ਹੀ ਅੰਦਰ ਉਨ੍ਹਾਂ ਦੀ ਇਮੇਜ ਖਰਾਬ ਹੋਣ ਲੱਗਦੀ ਹੈ।
ਇਸੇ ਦਿਨ ਹੀ ਆਮ ਆਦਮੀ ਪਾਰਟੀ ਵਲੋਂ ਭਗਵੰਤ ਮਾਨ ਨੂੰ ਮੁਖਮੰਤਰੀ ਚਿਹਰਾ ਐਲਾਨ ਕਰ ਦਿੱਤਾ ਜਾਂਦਾ ਹੈ।
ਹੁਣ ਭਾਣਜੇ ਭੁਪਿੰਦਰ ਸਿੰਘ ਹਨੀ ਦੇ ਰੇਤ ਮਾਫੀਆ ਮਾਮਲੇ ਨੂੰ ਲੈਕੇ ਚੰਨੀ ਲਗਾਤਾਰ ਬੈਕਫੁਟ ਤੇ ਆ ਰਹੇ ਹਨ। ਭਗਵੰਤ ਮਾਨ ਦੀਆਂ ਰੈਲੀਆਂ ਅਤੇ ਰੋਡ ਸ਼ੋ ਮੌਕੇ ਬੇਹਤਾਸ਼ਾ ਭੀੜ ਵੇਖਣ ਨੂੰ ਮਿਲਦੀ ਹੈ। ਇਸ ਭੀੜ ਬਾਰੇ ਵਿਰੋਧੀ ਕਹਿੰਦੇ ਹਨ ਕਿ ਇਹ ਫੈਨ ਮੇਲ ਹੈ ਸਟੇਜ ਚਲਾਉਣ ਅਤੇ ਸਟੇਟ ਚਲਾਉਣ ਵਿੱਚ ਫਰਕ ਹੁੰਦਾ ਹੈ। ਸਿੱਧੂ ਅਤੇ ਚੰਨੀ ਨੂੰ ਲੈਕੇ ਕਈ ਨਾਟਕੀ ਘਟਨਾਕ੍ਰਮ ਤੋਂ ਬਾਅਦ ਕਾਂਗਰਸ ਵਲੋਂ ਚੰਨੀ ਨੂੰ ਮੁਖਮੰਤਰੀ ਚਿਹਰਾ ਘੋਸ਼ਿਤ ਕਰ ਦਿੱਤਾ ਜਾਂਦਾ ਹੈ। ਸਿੱਧੂ ਦੀ ਧੀ ਰਾਬੀਆ ਸਿੱਧੂ ਵੀ ਮੀਡਿਆ ਅੱਗੇ ਬਿਆਨਾਂ ਰਾਹੀਂ ਚੰਨੀ ਨੂੰ ਘੇਰਦੀ ਨਜਰ ਆਉਂਦੀ ਹੈ।
ਇਸ ਦੌਰਾਨ ਕੁਝ ਧਾਰਮਿਕ ਕਾਰਨਾਂ ਕਰਕੇ ਚੋਣਾਂ ਦੀ ਤਾਰੀਖ ਵੀ 14 ਫਰਵਰੀ ਤੋਂ ਖਿਸਕ ਕੇ 20 ਫਰਵਰੀ ਹੋ ਚੁੱਕੀ ਹੈ। ਦਿਨ ਵੀ ਸੋਮਵਾਰ ਤੋਂ ਬਦਲਕੇ ਐਤਵਾਰ ਹੋ ਗਿਆ ਹੈ।
7 ਫਰਵਰੀ 2022 ਨੂੰ ਰੇਪ ਅਤੇ ਹੱਤਿਆ ਦੇ ਮਾਮਲੇ ਵਿੱਚ ਸਜਾ ਭੁਗਤ ਰਹੇ ਡੇਰਾ ਸੱਚਾ ਸੌਦਾ ਦੇ ਮੁਖੀ ਨੂੰ 21 ਦਿਨਾਂ ਦੀ ਫਰਲੋ ਮਿਲਦੀ ਹੈ। ਇਸਨੂੰ ਬੀਜੇਪੀ ਅਤੇ ਵਿਧਾਨਸਭਾ ਚੋਣਾਂ ਨਾਲ ਜੋੜਿਆ ਜਾਂਦਾ ਹੈ।
13 ਫਰਵਰੀ 2022 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਡੇਰਾ ਰਾਧਾ ਸੁਆਮੀ ਸਤਿਸੰਗ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਮੁਲਾਕਾਤ ਕੀਤੀ।
16 ਫਰਵਰੀ ਨੂੰ 'ਆਪ' ਦੇ ਸੰਸਥਾਪਕ ਮੈਂਬਰਾਂ 'ਚੋਂ ਇਕ ਰਹੇ ਡਾਕਟਰ ਕੁਮਾਰ ਵਿਸ਼ਵਾਸ ਨੇ ਦਾਅਵਾ ਕੀਤਾ ਕਿ 'ਕੇਜਰੀਵਾਲ ਨੇ ਕਿਹਾ ਸੀ, ਆਜ਼ਾਦ ਸੂਬੇ ਦਾ ਪਹਿਲਾ ਪ੍ਰਧਾਨਮੰਤਰੀ ਬਣਾਂਗਾ'
18 ਫਰਵਰੀ ਨੂੰ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਆਪਣੀ ਰਿਹਾਇਸ਼ ’ਤੇ ਵੱਡੇ ਸਿੱਖ ਆਗੂਆਂ ਨਾਲ ਬੈਠਕ ਕੀਤੀ, ਸੰਤ ਬਲਬੀਰ ਸਿੰਘ ਸੀਚੇਵਾਲ ਵੀ ਇਸ ਮੌਕੇ ਹਾਜ਼ਰ ਹੋਏ।
ਇਸੇ ਦਿਨ 18 ਫਰਵਰੀ ਨੂੰ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪੱਤਰ ਲਿਖ ਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਵੱਖਵਾਦੀ ਸੰਗਠਨਾਂ ਨਾਲ ਸਬੰਧ ਰੱਖਣ ਦੇ ਦੋ ਸ਼ਾਂ ਦੀ ਜਾਂਚ ਦੀ ਮੰਗ ਕੀਤੀ ਸੀ। 19 ਫਰਵਰੀ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੁੱਖ ਮੰਤਰੀ ਚੰਨੀ ਦੇ ਪੱਤਰ ਦਾ ਜਵਾਬ ਦਿੰਦੇ ਕਿਹਾ ਕਿ ਇੱਕ ਸਿਆਸੀ ਪਾਰਟੀ ਦਾ ਦੇਸ਼ ਵਿਰੋਧੀ ਜਥੇਬੰਦੀ ਨਾਲ ਸੰਪਰਕ ਰੱਖਣਾ ਅਤੇ ਚੋਣਾਂ ਵਿਚ ਉਸ ਕੋਲੋਂ ਸਹਿਯੋਗ ਪ੍ਰਾਪਤ ਕਰਨਾ ਦੇਸ਼ ਦੀ ਏਕਤਾ ਅਤੇ ਅਖੰਡਤਾ ਦੇ ਨਜ਼ਰੀਏ ਨਾਲ ਕਾਫੀ ਗੰਭੀਰ ਮਾਮਲਾ ਹੈ| ਉਨ੍ਹਾਂ ਨੇ ਚੰਨੀ ਨੂੰ ਕੇਜਰੀਵਾਲ ਖਿਲਾਫ ਮਾਮਲੇ ਦੀ ਜਾਂਚ ਕਰਵਾਉਣ ਦਾ ਭਰੋਸਾ ਦਿੱਤਾ ਹੈ।
20 ਫਰਵਰੀ 2022 ਦੀ ਸਵੇਰ ਖਬਰ ਆਉਂਦੀ ਹੈ ਕਿ ਡੇਰਾ ਸੱਚਾ ਸੌਦਾ ਰਾਜਨੈਤਿਕ ਵਿੰਗ ਨੇ ਵਿਧਾਨਸਭਾ ਚੋਣਾਂ ਨੂੰ ਲੈਕੇ ਅਪਣੇ ਪੈਰੋਕਾਰਾਂ ਨੂੰ ਇਸ ਬਾਰ 2 ਕੋਡ ਦਿੱਤੇ ਹਨ ਕਮਲ ਅਤੇ ਤਕੜੀ
ਇਥੋਂ ਡੇਰਾ ਸੱਚਾ ਸੌਦਾ ਮੁਖੀ ਨੂੰ ਚੋਣਾਂ ਦੌਰਾਨ ਮਿੱਲੀ ਫਰਲੋ ਦਾ ਅਸਲ ਮਕਸਦ ਅਤੇ ਇਸਦਾ ਬੀਜੇਪੀ ਨਾਲ ਸੰਬੰਧ ਸਾਹਮਣੇ ਆਉਂਦਾ ਹੈ।
ਨਾਲ ਹੀ ਇਹ ਵੀ ਸਾਹਮਣੇ ਆਉਂਦਾ ਹੈ ਕਿ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਬੀਜੇਪੀ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਮੁੜ ਤੋਂ ਗਠਜੋੜ ਹੋਣਾ ਤੈਅ ਹੈ। ਅਕਾਲੀ ਦਲ ਨੇ ਵੀ ਚੋਣਾਂ ਦੌਰਾਨ ਦੱਬ ਕੇ ਆਪ ਨੂੰ ਭੰਡਿਆ ਅਤੇ ਠੱਗ ਪਾਰਟੀ ਦੱਸਿਆ।
ਹੁਣ ਇਹਨਾਂ ਸਾਰੇ ਫੈਕਟਰਾਂ ਨੂੰ ਸਮਝਿਆ ਜਾਵੇ ਤਾਂ ਸਾਫ ਨਜਰ ਆਉਂਦਾ ਹੈ ਕਿ ਭਗਵੰਤ ਮਾਨ ਨੂੰ ਪੰਜਾਬ ਦਾ ਮਹਾਂਨਾਇਕ ਅਤੇ ਤਿਨਕਾ ਤਿਨਕਾ ਹੋ ਚੁੱਕੀ ਆਮ ਆਦਮੀ ਪਾਰਟੀ ਨੂੰ ਸੁਨਾਮੀ ਬਣਾਉਣ ਪਿੱਛੇ ਆਮ ਆਦਮੀ ਪਾਰਟੀ ਦੀ ਸਾਬਕਾ ਵਿਧਾਇਕ ਰੁਪਿੰਦਰ ਕੌਰ ਰੂਬੀ ਅਤੇ ਬੀਜੇਪੀ ਦਾ ਵੱਡਾ ਯੋਗਦਾਨ ਰਿਹਾ ਹੈ।
ਬੀਜੇਪੀ ਦਾ ਪੰਜਾਬ ਵਿੱਚ ਕੈਡਰ ਕਦੇ ਵੀ ਜ਼ਿਆਦਾ ਮਜਬੂਤ ਨਹੀਂ ਰਿਹਾ। 2014 ਵਿੱਚ ਜਦੋਂ ਨਰੇਂਦਰ ਮੋਦੀ ਪ੍ਰਧਾਨਮੰਤਰੀ ਬਣੇ ਤਾਂ ਬੀਜੇਪੀ ਪੰਜਾਬ ਦੇ ਵਰਕਰ ਇਕ ਭੁਲੇਖੇ ਵਿਚ ਆ ਗਏ ਕਿ ਪੰਜਾਬ ਵਿੱਚ ਬੀਜੇਪੀ ਨੂੰ ਆਪਣੇ ਦਮ ਤੇ ਚੋਣ ਲੜਨੀ ਚਾਹੀਦੀ ਹੈ। ਉਨ੍ਹਾਂ ਦਿਨਾਂ ਵਿੱਚ ਨਵਜੋਤ ਸਿੱਧੂ ਬੀਜੇਪੀ ਨਾਲ ਜੁੜੇ ਸਨ। ਵਰਕਰ ਚਾਹੁੰਦੇ ਸਨ ਕਿ ਨਵਜੋਤ ਸਿੱਧੂ ਦੇ ਹੱਥ ਪੰਜਾਬ ਬੀਜੇਪੀ ਦੀ ਕਮਾਨ ਹੋਵੇ ਅਤੇ ਉਨ੍ਹਾਂ ਦੀ ਅਗੁਵਾਈ ਹੇਠ ਬੀਜੇਪੀ ਵਲੋਂ 2017 ਦੀ ਵਿਧਾਨਸਭਾ ਚੋਣ ਆਪਣੇ ਦਮ ਤੇ ਲੜੀ ਜਾਵੇ। ਇਹ ਸੰਭਵ ਹੁੰਦਾ ਇਸ ਤੋਂ ਪਹਿਲਾਂ ਹੀ ਸਿੱਧੂ ਬੀਜੇਪੀ ਨੂੰ ਛੱਡ ਕੇ ਕਾਂਗਰਸ ਵਿੱਚ ਸ਼ਾਮਿਲ ਹੋ ਗਏ। ਹਾਲਾਂਕਿ ਇਕ ਬਾਰ ਇਹ ਚਰਚਾ ਹੋ ਗਈ ਸੀ ਕਿ ਨਵਜੋਤ ਸਿੱਧੂ ਪੰਜਾਬ ਬੀਜੇਪੀ ਦੇ ਸੁੱਬਾ ਪ੍ਰਧਾਨ ਬਣਨ ਜਾ ਰਹੇ ਹਨ।
2017 ਦੀ ਚੋਣ ਅਕਾਲੀ ਬੀਜੇਪੀ ਗਠਜੋੜ ਵਜੋਂ ਹੀ ਲੜੀ ਗਈ। ਪਰ ਇਸ ਦੌਰਾਨ ਅਕਾਲੀ ਦਲ ਨੂੰ 15 ਅਤੇ ਬੀਜੇਪੀ ਨੂੰ 3 ਸੀਟਾਂ ਹੀ ਮਿਲ ਸਕੀਆਂ। ਜਦੋਂਕਿ ਆਮ ਆਦਮੀ ਪਾਰਟੀ 20 ਸੀਟਾਂ ਨਾਲ ਮੁੱਖ ਵਿਰੋਧੀ ਧਿਰ ਬਣ ਗਈ। 2014 ਨਰੇਂਦਰ ਮੋਦੀ ਦੀ ਲਹਿਰ ਸਮੇਂ ਵੀ ਆਮ ਆਦਮੀ ਪਾਰਟੀ ਨੇ ਸਿਰਫ ਪੰਜਾਬ ਵਿੱਚ ਹੀ ਚਾਰ ਲੋਕਸਭਾ ਸੀਟਾਂ ਤੇ ਜਿੱਤ ਹਾਸਿਲ ਕੀਤੀ ਸੀ। ਜੇਕਰ ਵਿਵਾਦਤ ਖੇਤੀ ਕਾਨੂੰਨਾਂ ਅਤੇ ਕਿਸਾਨ ਅੰਦੋਲਨ ਦਾ ਮੁੱਦਾ ਸਾਹਮਣੇ ਨਾ ਆਉਂਦਾ ਤਾਂ ਅਕਾਲੀ ਬੀਜੇਪੀ ਗਠਜੋੜ ਨਹੀਂ ਟੁੱਟਣਾ ਸੀ ਅਤੇ 2022 ਵਿਧਾਨਸਭਾ ਚੋਣਾਂ ਵੀ ਇਸੇ ਗਠਜੋੜ ਤਹਿਤ ਹੀ ਲੜੀਆਂ ਜਾਂਦੀਆਂ।
ਉਪਰ ਦਿੱਤੇ ਫੈਕਟਰਾਂ ਦਾ ਗੰਭੀਰਤਾ ਨਾਲ ਮੰਥਨ ਜਾਂ ਚਿੰਤਨ ਕੀਤਾ ਜਾਵੇ ਤਾਂ ਸਮਝ ਆਉਂਦਾ ਹੈ ਕਿ ਪੰਜਾਬ ਵਿੱਚ 2022 ਦੀਆਂ ਵਿਧਾਨਸਭਾ ਚੋਣਾਂ ਆਪਣੇ ਦਮ ਤੇ ਲੜਨ ਲਈ ਬੀਜੇਪੀ ਨੇ ਹਰ ਕਦਮ ਤੇ ਮੌਕਾਪ੍ਰਸਤੀ ਦੀ ਸਿਆਸਤ ਕੀਤੀ। ਸਭ ਤੋਂ ਪਹਿਲਾ ਕਦਮ ਇਹ ਸੀ ਕਿ ਆਪਣੀ ਵਿਰੋਧੀ ਪਾਰਟੀ ਦੇ ਜਨਤਾ ਅਤੇ ਪਾਰਟੀ ਵਲੋਂ ਨੱਕਾਰ ਦਿੱਤੇ ਜਾ ਚੁੱਕੇ ਆਗੂ ਅਤੇ ਪੰਜਾਬ ਦੇ ਸਾਬਕਾ ਮੁਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਿਰ ਅੱਖਾਂ ਤੇ ਬਿਠਾਉਣਾ ਅਤੇ ਰਾਸ਼ਟਰਵਾਦੀ ਦੱਸ ਕੇ ਉਸਦਾ ਸਵਾਗਤ ਕਰਨਾਂ। ਹੁਣ ਜਨਤਾ ਨੂੰ ਸਭ ਸਮਝ ਆਉਂਦਾ ਹੈ ਕਿ ਕੋਈ ਵੀ ਵਿਅਕਤੀ ਟੈਗ ਬਦਲਣ ਨਾਲ ਖਲਨਾਇਕ ਤੋਂ ਨਾਇਕ ਨਹੀਂ ਬਣ ਜਾਂਦਾ।
ਇਕ ਸਾਲ ਤੋਂ ਵੱਧ ਸਮਾਂ ਕਿਸਾਨ ਅੰਦੋਲਨ ਕਰਦੇ ਹਨ। ਕਿਸਾਨਾਂ ਦੇ ਧਰਨਿਆਂ ਪ੍ਰਦਰਸ਼ਨਾਂ ਦਾ ਹੋਰ ਵਰਗਾਂ ਤੇ ਅਸਰ ਪੈਂਦਾ ਹੈ। ਬਹੁਤ ਲੋਕਾਂ ਦਾ ਕਾਰੋਬਾਰ ਇਸ ਨੂੰ ਲੈਕੇ ਹਾਸ਼ੀਏ ਤੇ ਆ ਜਾਂਦਾ ਹੈ। ਫੇਰ ਅਚਾਨਕ ਵਿਵਾਦਤ ਖੇਤੀ ਕਾਨੂੰਨ ਵਾਪਸ ਲੈ ਲਏ ਜਾਂਦੇ ਹਨ। ਕਿਸਾਨਾਂ ਦੇ ਕਈ ਮੁੱਦੇ ਅੱਜੇ ਵੀ ਅਧੂਰੇ ਹਨ। ਜਨਤਾ ਸਭ ਸਮਝ ਗਈ ਕਿ ਪੰਜ ਸੁੱਬਿਆਂ ਦੀਆਂ ਵਿਧਾਨਸਭਾ ਚੋਣਾਂ ਦਾ ਚੱਕਰ ਹੈ। ਇਸੇ ਤਰਾਂ ਸਾਰੇ ਘਟਨਾਕ੍ਰਮ ਨੂੰ ਸਮਝੋ ਤਾਂ ਸਾਫ ਪੱਤਾ ਲੱਗਦਾ ਹੈ ਕਿ ਬੀਜੇਪੀ ਨੇ ਪੰਜਾਬ ਵਿੱਚ ਚੋਣਾਂ ਜਿੱਤਣ ਲਈ ਹਰ ਸਸਤਾ ਮਹਿੰਗਾ ਹਥਕੰਡਾ ਅਪਣਾਇਆ। ਕੇਂਦਰ ਵਿੱਚ ਸੱਤਾਧਾਰੀ ਹੋਣ ਦਾ ਫਾਇਦਾ ਉਠਾਉਣ ਦੀ ਹਰ ਕੋਸ਼ਿਸ਼ ਕੀਤੀ।
ਅੰਤ ਵਿੱਚ ਇਹ ਨਜਰ ਆਊਣ ਲੱਗਾ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਵਿੱਚ ਸੱਤਾ ਹਾਸਿਲ ਕਰਨ ਲਈ ਕਿਸੇ ਵੀ ਪੱਧਰ ਤੇ ਜਾ ਸਕਦੀ ਹੈ। ਲੋਕਾਂ ਨੂੰ ਇਹ ਵੀ ਸਮਝ ਆਉਂਦਾ ਹੈ ਕਿ ਬੀਜੇਪੀ ਕੋਲ ਜੇਕਰ ਕਿਸੇ ਦਾ ਤੋੜ ਨਹੀਂ ਹੈ ਤਾਂ ਉਹ ਸਿਰਫ ਕੇਜਰੀਵਾਲ ਹੈ। ਜੋ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਰਹਿਕੇ ਵੀ ਕੇਂਦਰ ਦੀ ਸੱਤਾਧਾਰੀ ਪਾਰਟੀ ਬੀਜੇਪੀ ਲਈ ਚੈਲੇੰਜ ਵੀ ਬਣਿਆ ਹੋਇਆ ਹੈ। ਇਸਨੇ ਆਪ ਦੇ ਪੱਖ ਵਿਚ ਸੁਨਾਮੀ ਬਣਨ ਲਈ ਅਹਿਮ ਰੋਲ ਅਦਾ ਕੀਤਾ।
ਲੋਕਾਂ ਨੂੰ ਇਹ ਸਮਝ ਆ ਗਿਆ ਕਿ ਬੀਜੇਪੀ ਆਪਣੇ ਈਗੋ ਦੀ ਖਾਤਿਰ ਸੱਤਾ ਹਾਸਿਲ ਕਰਨ ਲਈ ਪੁਰਾਣੀ ਬੋਤਲ ਵਿੱਚ ਨਵੀਂ ਸ਼ਰਾਬ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਮੀਡਿਆ ਤੋਂ ਪ੍ਰਾਪਤ ਜਾਣਕਾਰੀ ਮੁਤਾਬਿਕ ਮਾਨਯੋਗ ਅਦਾਲਤ ਨੇ ਡੇਰਾ ਸੱਚਾ ਸੌਦਾ ਮੁਖੀ ਨੂੰ ਸਬੂਤਾਂ ਦੇ ਆਧਾਰ ਤੇ ਰੇਪ ਅਤੇ ਹੱਤਿਆ ਦੇ ਦੋਸ਼ ਤਹਿਤ ਸਜਾ ਦਿੱਤੀ ਹੈ। ਸਿਰਫ ਵਿਧਾਨਸਭਾ ਚੋਣਾਂ ਚ ਲਾਹਾ ਲੈਣ ਲਈ ਕੁਝ ਬੀਜੇਪੀ ਆਗੂ ਡੇਰਾ ਸੱਚਾ ਸੌਦਾ ਵਿੱਚ ਜਾਂਦੇ ਹਨ ਅਤੇ ਡੇਰਾ ਮੁੱਖੀ ਨੂੰ ਨਿਰਦੋਸ਼ ਕਰਾਰ ਦਿੰਦੇ ਹਨ। ਕੀ ਇਹ ਦੇਸ਼ ਦੀ ਨਿਆਂ ਪ੍ਰਣਾਲੀ ਨੂੰ ਸਿੱਧਾ ਚੈਲੇੰਜ ਨਹੀਂ। ਹਾਲਾਂਕਿ ਜਿਸ ਬੀਜੇਪੀ ਆਗੂ ਨੇ ਇਹ ਕਿਹਾ ਵਿਧਾਨਸਭਾ ਚੋਣਾਂ ਮੌਕੇ ਜਨਤਾ ਨੇ ਉਸਨੂੰ ਵੀ ਸਬਕ ਸਿਖਾ ਦਿੱਤਾ। ਜਨਤਾ ਹੁਣ ਸਭ ਸਮਝਦੀ ਹੈ।
ਦੂੱਜੇ ਪਾਸੇ ਆਪ ਵਿਧਾਇਕ ਰੁਪਿੰਦਰ ਕੌਰ ਰੁੱਬੀ ਨੇ ਆਪਣੇ ਅਸਤੀਫੇ ਦਾ ਕਾਰਣ ਭਗਵੰਤ ਮਾਨ ਨੂੰ ਮੁਖਮੰਤਰੀ ਚਿਹਰਾ ਘੋਸ਼ਿਤ ਨਾ ਕਰਨਾ ਦੱਸਕੇ ਭਗਵੰਤ ਮਾਨ ਨੂੰ ਨਾਇਕ ਬਣਾ ਦਿੱਤਾ। ਅਰਵਿੰਦ ਕੇਜਰੀਵਾਲ ਨੇ ਇਕ ਕੁਸ਼ਲ ਨਿਰਦੇਸ਼ਕ ਦੀ ਤਰਾਂ ਹਲੀਮੀ ਨਾਲ ਕੰਮ ਲੈਂਦੇ ਹੋਏ ਅਜਿਹੇ ਸਟੰਟ ਕੀਤੇ ਕਿ ਭਗਵੰਤ ਮਾਨ ਨਾਇਕ ਤੋਂ ਪੰਜਾਬ ਦੇ ਮਹਾਂਨਾਇਕ ਬਣ ਗਏ।
ਇਸ ਤੋਂ ਬਿਨਾਂ ਭਾਜਪਾ ਕਾਨੂੰਨ ਵਿਵਸਥਾ, ਰਾਸ਼ਟਰਵਾਦ ਅਤੇ ਹਿੰਦੂ ਮੁਸਲਿਮ ਮੁੱਦਿਆਂ 'ਤੇ ਜ਼ਿਆਦਾ ਧਿਆਨ ਦੇ ਰਹੀ ਹੈ। ਪਰ ਪੰਜਾਬ ਵਿੱਚ ਇਹ ਮੁੱਦੇ ਕੰਮ ਨਹੀਂ ਆਏ। ਕਿਉਂਕਿ ਪੰਜਾਬ ਵਿੱਚ ਭਾਜਪਾ ਇਸ ਨੂੰ ਲੈ ਕੇ ਇੰਨੀ ਹਮਲਾਵਰ ਨਹੀਂ ਸੀ। ਪੰਜਾਬ ਵਿੱਚ ਵੀ ਸਿੱਖਾਂ ਦਾ ਪ੍ਰਭਾਵ ਜ਼ਿਆਦਾ ਹੈ। ਇੱਥੇ ਮੁਸਲਮਾਨਾਂ ਦੀ ਆਬਾਦੀ ਲਗਭਗ 1.9 ਫੀਸਦੀ ਹੈ। ਰਾਸ਼ਟਰਵਾਦ ਦਾ ਮੁੱਦਾ ਬਹੁਤਾ ਅੱਗੇ ਨਹੀਂ ਵਧਿਆ। ਪਾਕਿਸਤਾਨ ਨਾਲ ਤਣਾਅ ਨੂੰ ਲੈ ਕੇ ਵੀ ਪੰਜਾਬ ਅਸੈਂਬਲੀ ਵਿੱਚ ਵੋਟਰ ਬਹੁਤਾ ਪ੍ਰਭਾਵਸ਼ਾਲੀ ਨਹੀਂ ਹੋਇਆ।
ਇਕ ਅੰਤਿਮ ਗੱਲ ਪੰਜਾਬ ਵਿੱਚ ਬੀਜੇਪੀ ਦਾ ਆਈਟੀ ਸੈਲ ਮਜਬੂਤ ਨਹੀਂ ਪਰ ਬੀਜੇਪੀ ਦੇ ਸੋਸ਼ਲ ਮੀਡੀਆ ਅਖੌਤੀ ਆਗੂ ਬਹੁਤ ਹਨ। ਇਹ ਅਖੌਤੀ ਆਗੂ ਦੁੱਜੀਆਂ ਪਾਰਟੀਆਂ ਖਿਲਾਫ ਭਾਸ਼ਾ ਦੀ ਮਰਿਆਦਾ ਨੂੰ ਭੁੱਲਕੇ ਪੋਸਟਾਂ ਪਾਉਂਦੇ ਹਨ ਅਤੇ ਕਮੈਂਟ ਕਰਦੇ ਹਨ ਅਤੇ ਅਪਣੇ ਆਪ ਨੂੰ ਰਾਸ਼ਟਰੀ ਲੀਡਰ ਸਾਬਿਤ ਕਰਨ ਦੀ ਕੋਸ਼ਿਸ਼ ਕਰਦੇ ਹਨ। ਜੇਕਰ ਇਨ੍ਹਾਂ ਕੋਲ ਕਿਸੇ ਦੂੱਜੇ ਦੇ ਬੀਜੇਪੀ ਵਿਰੋਧੀ ਸੁਆਲ ਦਾ ਜੁਆਬ ਨਾ ਹੋਵੇ ਤਾਂ ਇਹ ਉਸਨੂੰ ਦੇਸ਼ਦ੍ਰੋਹੀ ਬਣਾ ਦਿੰਦੇ ਹਨ। ਆਪਣੇ ਮਤਲਬ ਲਈ ਬੀਜੇਪੀ ਦੇ ਪੱਖ ਵਾਲੀ ਗੱਲ ਕਰਨ ਵਾਲਾ ਹਰ ਵਿਅਕਤੀ ਇਨ੍ਹਾਂ ਦੀ ਨਿਗ੍ਹਾ ਵਿੱਚ ਰਾਸ਼ਟਰਵਾਦੀ ਹੁੰਦਾ ਹੈ। ਬੇਸ਼ਕ ਉਹ ਬੀਜੇਪੀ ਦੀ ਝੂਠੀ ਤਾਰੀਫ ਹੀ ਹੋਵੇ।