ਵਿਧਾਨ ਸਭਾ ਹਲਕਾ ਫਰੀਦਕੋਟ ਵਿੱਚ ਇਸ ਵਾਰ ਵਾਰੀ ਸੀ ਅਕਾਲੀ ਦਲ ਦੀ ਪਰ ਬਾਜ਼ੀ ਮਾਰ ਗਈ ਆਪ ਪੜ੍ਹੋ ਪੂਰੀ ਖਬਰ
ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ, 12 ਮਾਰਚ 2022 - ਫਰੀਦਕੋਟ ਹਲਕੇ ਦੀ 2002 ਤੋਂ ਲੈ ਕੇ 2017 ਤੱਕ ਦੀ ਕੀ ਸਥਿਤੀ ਇਹ ਰਹੀ ਹੈ ਇਸ ਬਾਰੇ ਵਿਸਥਾਰਪੂਰਵਕ ਜਾਣਕਾਰੀ ਅਦਾਰਾ ਬਾਬੂਸ਼ਾਹੀ ਡਾਟ ਕਾਮ ਦੇ ਸਰੋਤਿਆਂ ਤੱਕ ਸਾਂਝੀ ਕਰਦੇ ਹਾਂ। ਇਸ ਸੀਟ ਤੇ 2002 ਵਿੱਚ ਸ਼੍ਰੋਮਣੀ ਅਕਾਲੀ ਦੇ ਉਮੀਦਵਾਰ ਕੁਸ਼ਲਦੀਪ ਸਿੰਘ ਢਿੱਲੋਂ ਨੇ ਕਾਂਗਰਸ ਪਾਰਟੀ ਦੇ ਉਮੀਦਵਾਰ ਅਵਤਾਰ ਸਿੰਘ ਬਰਾੜ ਨੂੰ ਹਰਾ ਕੇ ਜਿੱਤ ਪ੍ਰਾਪਤ ਕੀਤੀ ਸੀ ਤੇ ਉਸ ਸਮੇਂ ਸਰਕਾਰ ਕਾਂਗਰਸ ਪਾਰਟੀ ਦੀ ਬਣ ਗਈ ਸੀ। ਕੁਸ਼ਲਦੀਪ ਸਿੰਘ ਢਿੱਲੋਂ ਨੂੰ 57282 ਵੋਟਾਂ ਪਈਆਂ ਸਨ ਤੇ ਅਵਤਾਰ ਸਿੰਘ ਬਰਾੜ ਨੂੰ 51011 ਵੋਟਾਂ ਪਾਈਆਂ ਸਨ।
2007 ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰ ਅਵਤਾਰ ਸਿੰਘ ਬਰਾੜ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਕੁਸ਼ਲਦੀਪ ਸਿੰਘ ਢਿੱਲੋਂ ਨੂੰ ਹਰਾ ਕੇ ਜਿੱਤ ਪ੍ਰਾਪਤ ਕੀਤੀ ਸੀ ਤੇ ਉਸ ਸਮੇਂ ਸਰਕਾਰ ਸ਼੍ਰੋਮਣੀ ਅਕਾਲੀ ਦਲ ਦੀ ਬਣ ਗਈ ਸੀ। ਅਵਤਾਰ ਸਿੰਘ ਬਰਾੜ ਨੂੰ 65152 ਅਤੇ ਕੁਸ਼ਲਦੀਪ ਸਿੰਘ ਢਿੱਲੋਂ ਨੂੰ 62219 ਵੋਟਾਂ ਪਾਈਆਂ ਸਨ।
2012 ਵਿੱਚ ਇਸ ਸੀਟ ਤੋ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦੀਪ ਮਲੋਹਤਰਾ ਨੇ ਕਾਂਗਰਸ ਪਾਰਟੀ ਦੇ ਉਮੀਦਵਾਰ ਅਵਤਾਰ ਸਿੰਘ ਬਰਾੜ ਨੂੰ ਹਰਾਇਆ ਸੀ ਤੇ ਉਸ ਸਮੇਂ ਸਰਕਾਰ ਸ਼੍ਰੋਮਣੀ ਅਕਾਲੀ ਦਲ ਦੀ ਬਣੀ ਸੀ। ਦੀਪ ਮਲੋਹਤਰਾ ਨੂੰ 52062 ਤੇ ਅਵਤਾਰ ਸਿੰਘ ਬਰਾੜ ਨੂੰ 49335 ਵੋਟਾਂ ਪਾਈਆਂ। 2012 ਵਿੱਚ ਪੀਪਲਜ਼ ਪਾਰਟੀ ਆਫ ਪੰਜਾਬ ਵੀ ਮੁਕਾਬਲੇ ਵਿੱਚ ਸੀ ਤੇ ਕੁਸ਼ਲਦੀਪ ਸਿੰਘ ਢਿੱਲੋਂ ਇਸ ਪਾਰਟੀ ਵਿੱਚ ਸ਼ਾਮਿਲ ਹੋ ਗਏ ਸਨ ਪਰ ਫਰੀਦਕੋਟ ਤੋ ਇਨ੍ਹਾਂ ਨੇ ਚੋਣ ਨਹੀ ਲੜੀ ਸੀ ਤੇ ਇਹ ਉਸਤੋਂ ਬਾਅਦ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋ ਗਏ ਸਨ।
2012 ਤੋ 2017 ਦੇ ਸਮੇਂ ਦੌਰਾਨ ਅਵਤਾਰ ਸਿੰਘ ਬਰਾੜ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋ ਗਏ ਸਨ। 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਪਾਰਟੀ ਦੇ ਉਮੀਦਵਾਰ ਕੁਸ਼ਲਦੀਪ ਸਿੰਘ ਢਿੱਲੋਂ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਦਿੱਤ ਸਿੰਘ ਸੇਖੋਂ ਨੂੰ ਹਰਾਇਆ ਸੀ ਤੇ ਸਰਕਾਰ ਕਾਂਗਰਸ ਪਾਰਟੀ ਦੀ ਬਣੀ ਸੀ। ਕੁਸ਼ਲਦੀਪ ਸਿੰਘ ਢਿੱਲੋਂ ਨੂੰ 51026 ਅਤੇ ਗੁਰਦਿੱਤ ਸਿੰਘ ਸੇਖੋਂ ਨੂੰ 39367 ਵੋਟਾਂ ਪਾਈਆਂ ਸਨ।
ਇੱਥੇ ਤਹਾਨੂੰ ਦੱਸਣਾ ਚਾਹੁੰਦੇ ਹਾਂ 2017 ਵਿੱਚ ਆਮ ਆਦਮੀ ਪਾਰਟੀ ਨੇ ਨਵੀ ਪਾਰਟੀ ਵਜੋਂ ਪਹਿਲੀ ਵਾਰ ਮੈਦਾਨ ਵਿੱਚ ਸੀ ਤੇ ਮੁਕਾਬਲਾ ਵੀ ਵਿਰੋਧੀ ਉਮੀਦਵਾਰਾਂ ਨੂੰ ਸਖਤ ਦਿੱਤਾ ਸੀ। ਹੁਣ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਦਿੱਤ ਸਿੰਘ ਸੇਖੋਂ ਨੇ ਵਿਧਾਨ ਸਭਾ ਹਲਕਾ ਫਰੀਦਕੋਟ ਤੋ ਵੱਡੀ ਜਿੱਤ ਪ੍ਰਾਪਤ ਕਰ 2002 ਤੋ 2017 ਤੱਕ ਚੱਲ ਰਹੀ ਰਵਾਇਤ ਇੱਕ ਟਰਮ ਅਕਾਲੀ ਤੇ ਇੱਕ ਟਰਮ ਕਾਂਗਰਸ ਪਾਰਟੀ ਨੂੰ ਤੋਰਦਿਆਂ ਇਸ ਰਵਾਇਤ ਨੂੰ ਖਤਮ ਕਰ ਦਿੱਤਾ ਹੈ।
ਇਸ ਵਾਰ ਪੰਜਾਬ ਦੀ ਜਨਤਾ ਨੇ ਆਪਣਾ ਗੁੱਸਾ ਜਾਹਿਰ ਕਰਦਿਆਂ ਵੱਡੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਤਾਏ ਤੇ ਹੁਣ ਲੋਕਾਂ ਵੱਲੋਂ ਬੇਸਬਰੀ ਨਾਲ ਇੰਤਜ਼ਾਰ ਹੈ ਜੋ ਕੰਮ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਨਹੀ ਕੀਤੇ ਉਹ ਹੁਣ ਆਮ ਆਦਮੀ ਪਾਰਟੀ ਕੰਮ ਕਰੇਗੀ।