ਮੁਕਤਸਰ ਪ੍ਰਸ਼ਾਸਨ ਨੇ ਵਿਧਾਨ ਸਭਾ ਚੋਣਾਂ ਵਿੱਚ ਜਿੱਤੇ ਉਮੀਦਵਾਰਾਂ ਨੂੰ ਦਿੱਤੀ ਵਧਾਈ
ਅਸ਼ੋਕ ਵਰਮਾ
ਸ੍ਰੀ ਮੁਕਤਸਰ ਸਾਹਿਬ 10 ਮਾਰਚ2022: ਜਿਲ੍ਹਾ ਚੋਣ ਅਫਸਰ ਸ੍ਰੀ ਮੁਕਤਸਰ ਸਾਹਿਬ ਹਰਪ੍ਰੀਤ ਸਿੰਘ ਸੂਦਨ ਨੇ ਵਿਧਾਨ ਸਭਾ ਚੋਣਾਂ ਵਿੱਚ ਜੇਤੂ ਰਹੇ ਉਮੀਦਵਾਰਾਂ ਨੂੰ ਸਮੁੱਚੇ ਜਿਲ੍ਹਾ ਪ੍ਰਸ਼ਾਸਨ ਵੱਲੋਂ ਵਧਾਈ ਦਿੱਤੀ ਅਤੇ ਵੋਟਾਂ ਦੀ ਪ੍ਰਕਿਰਿਆ ਨੂੰ ਸਿਰੇ ਚਾੜ੍ਹਣ ਵਾਲੇ ਚੋਣ ਅਮਲੇ ਦਾ ਧੰਨਵਾਦ ਕੀਤਾ।ਵਿਧਾਨ ਸਭਾ ਚੋਣ ਨਤੀਜਿਆ ਸਬੰਧੀ ਜਿਲ੍ਹਾ ਚੋਣ ਅਫਸਰ ਨੇ ਦੱਸਿਆ ਕਿ ਵਿਧਾਨ ਸਭਾ 83 ਲੰਬੀ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ. ਗੁਰਮੀਤ ਸਿੰਘ ਖੁੱਡੀਆ ਜ਼ੋ ਕਿ ਇਸ ਹਲਕੇ ਵਿੱਚ ਜੇਤੂ ਰਹੇ ਹਨ, ਜਿਹਨਾਂ ਨੇ 11,396 ਵੋਟਾਂ ਦੇ ਫਰਕ ਨਾਲ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਹਰਾਇਆ ਹੈ। ਖੁੱਡੀਆ ਨੂੰ 66,313 ਵੋਟਾਂ ਮਿਲਿਆਂ ਹਨ, ਜਦਕਿ ਸ.ਬਾਦਲ ਨੂੰ 54,917 ਵੋਟਾ ਪ੍ਰਾਪਤ ਹੋਈਆਂ।
ਉਹਨਾਂ ਅੱਗੇ ਦੱਸਿਆ ਕਿ ਵਿਧਾਨ ਸਭਾ ਹਲਕਾ 84 ਗਿੱਦੜਬਾਹਾ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰ ਸ.ਅਮਰਿੰਦਰ ਸਿੰਘ ਰਾਜਾ ਵੜਿੰਗ ਜੇਤੂ ਰਹੇ ਹਨ, ਜਿਹਨਾਂ ਨੇ ਅਕਾਲੀ ਦੇ ਉਮੀਦਵਾਰ ਦੇ ਹਰਦੀਪ ਸਿੰਘ ਡਿੰਪੀ ਢਿਲੋਂ 1,349 ਨੂੰ ਵੋਟਾਂ ਦੇ ਫਰਕ ਨਾਲ ਹਰਾਇਆ ਹੈ। ਉਹਨਾਂ ਅੱਗੇ ਦੱਸਿਆ ਕਿ ਅਮਰਿੰਦਰ ਸਿੰਘ ਨੂੰ ਕੁਲ 50,998 ਵੋਟਾਂ ਮਿਲੀਆ ਹਨ,ਜਦਕਿ ਡਿੰਪੀ ਢਿਲੋਂ ਨੂੰ 49,649 ਵੋਟਾਂ ਮਿਲੀਆਂ ਹਨ।ਵਿਧਾਨ ਸਭਾ ਹਲਕਾ 85 ਮਲੋਟ ਵਿੱਚ ਆਮ ਆਦਮੀ ਪਾਰਟੀ ਦੀ ਉਮੀਦਵਾਰ ਡਾ.ਬਲਜੀਤ ਕੌਰ ਨੇ ਅਪਣੇ ਵਿਰੋਧੀ ਪਾਰਟੀ ਸ੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹਰਪ੍ਰੀਤ ਸਿੰਘ ਕੋਟਭਾਈ ਨੂੰ 40,261 ਵੋਟਾਂ ਨਾਲ ਹਰਾਇਆ ਹੈ ।ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਇਸ ਹਲਕੇ ਵਿੱਚ 77,370 ਵੋਟਾਂ ਮਿਲੀਆਂ ਹਨ।
ਵਿਰੋਧੀ ਪਾਰਟੀ ਦੇ ਉਮੀਦਵਾਰ ਨੂੰ 37,109 ਵੋਟਾਂ ਮਿਲੀਆਂ ਹਨ। ਵਿਧਾਨ ਸਭਾ ਹਲਕਾ 86 ਸ੍ਰੀ ਮੁਕਤਸਰ ਸਬੰਧੀ ਜਾਣਕਾਰੀ ਦਿੰਦਿਆ ਉਹਨਾਂ ਦੱਸਿਆ ਕਿ ਇਸ ਹਲਕੇ ਵਿੱੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਗਦੀਪ ਸਿੰਘ ਕਾਕਾ ਬਰਾੜ ਜੇਤੂ ਰਹੇ ਹਨ, ਜਿਹਨਾਂ ਨੂੰ ਇਸ ਹਲਕੇ ਵਿੱਚ 76321 ਵੋਟਾਂ ਪ੍ਰਾਪਤ ਹੋਈਆਂ ਹਨ ਅਤੇ ਜਦਕਿ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਕੰਵਰਜੀਤ ਸਿੰਘ ਰੋਜੀ ਬਰਕੰਦੀ ਨੂੰ 42127 ਵੋਟਾਂ ਪ੍ਰਾਪਤ ਹੋਈਆਂ ਹਨ।ਸ.ਬਰਾੜ ਨੇ 34194 ਵੋਟਾਂ ਦੇ ਫਰਕ ਨਾਲ ਰੋਜੀ ਬਰਕੰਦੀ ਨੂੰ ਹਰਾਇਆ ਹੈ। ਸ੍ਰੀ ਮੁਕਤਸਰ ਸਾਹਿਬ ਤੋਂ ਜੇਤੂ ਉਮੀਦਵਾਰ ਸ.ਜਗਦੀਪ ਸਿੰਘ ਕਾਕਾ ਬਰਾੜ ਨੇ ਹਲਕੇ ਦੇ ਵੋਟਰਾਂ ਦਾ ਧੰਨਵਾਦ ਕਰਦਿਆ ਕਿਹਾ ਕਿ ਇਲਾਕਾ ਨਿਵਾਸੀਆਂ ਵਲੋਂ ਦਿੱਤੇ ਗਏ ਪਿਆਰ ਅਤੇ ਸਤਿਕਾਰ ਨੂੰ ਉਹ ਹਮੇਸ਼ਾ ਯਾਦ ਰੱਖਣਗੇ ਅਤੇ ਇਲਾਕੇ ਦੀ ਬਿਹਤਰੀ ਲਈ ਕੰਮ ਕਰਨਗੇ ।