ਡਵੀਜ਼ਨਲ ਕਮਿਸ਼ਨਰ ਨੇ ਖਟਕੜ ਕਲਾਂ ਵਿਖੇ ਮੁੱਖ ਮੰਤਰੀ ਦੇ ਸਹੁੰ ਚੁੱਕ ਸਮਾਗਮ ਦੇ ਪ੍ਰਬੰਧਾਂ ਦਾ ਲਿਆ ਜਾਇਜ਼ਾ
ਨਵਾਂਸ਼ਹਿਰ, 12 ਮਾਰਚ 2022 - ਡਵੀਜ਼ਨਲ ਕਮਿਸ਼ਨਰ, ਰੂਪਨਗਰ ਮੰਡਲ, ਮਨਵੇਸ਼ ਸਿੰਘ ਸਿੱਧੂ ਨੇ ਅੱਜ ਖਟਕੜ ਕਲਾਂ ਵਿਖੇ ਮਨੋਨੀਤ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਦੇ ਸਹੁੰ ਚੁੱਕ ਸਮਾਗਮ ਲਈ ਕੀਤੇ ਜਾ ਰਹੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਸਮਾਗਮ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਵੱਖ ਵੱਖ ਅਧਿਕਾਰੀਆਂ ਦੀਆਂ ਡਿਊਟੀਆਂ ਨਿਸ਼ਚਿਤ ਕੀਤੀਆਂ।
ਉਨ੍ਹਾਂ ਦੱਸਿਆ ਕਿ ਪੰਜਾਬ ਦੇ ਰਾਜਪਾਲ ਸ਼੍ਰੀ ਬਨਵਾਰੀ ਲਾਲ ਪੁਰੋਹਿਤ 16 ਮਾਰਚ ਨੂੰ ਮਹਾਨ ਸ਼ਹੀਦ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਵਿਖੇ ਮਨੋਨੀਤ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਨੂੰ ਸਹੁੰ ਚੁਕਾਉਣਗੇ।
ਸਿੱਧੂ ਜਿਨ੍ਹਾਂ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਅਤੇ ਐਸ ਐਸ ਪੀ ਕੰਵਰਦੀਪ ਕੌਰ ਸਮੇਤ ਖਟਕੜ ਕਲਾਂ ਵਿਖੇ ਵੱਖ ਵੱਖ ਵਿਭਾਗਾਂ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਨੇ ਅਧਿਕਾਰੀਆਂ ਨੂੰ ਸਮਾਗਮ ਨੂੰ ਸਫ਼ਲ ਬਣਾਉਣ ਲਈ ਆਪਣੀ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਉਣ ਲਈ ਕਿਹਾ।
ਉਨ੍ਹਾਂ ਕਿਹਾ ਕਿ ਸਹੁੰ ਚੁੱਕ ਸਮਾਗਮ ਖ਼ਾਸ ਪ੍ਰੋਟੋਕਾਲ ਨਾਲ ਜੁੜਿਆ ਹੋਣ ਕਾਰਨ, ਇਸ ਪ੍ਰਤੀ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਜਾਂ ਢਿੱਲ ਨਾ ਵਰਤੀ ਜਾਵੇ।
ਉਨ੍ਹਾਂ ਕਿਹਾ ਕਿ ਸਮਾਗਮ ਦੌਰਾਨ ਵੱਡੀ ਗਿਣਤੀ ਵਿਚ ਲੋਕਾਂ ਦੇ ਪੁੱਜਣ ਦੇ ਮੱਦੇਨਜ਼ਰ ਉਚਿਤ ਗਿਣਤੀ ਵਿਚ ਪਾਰਕਿੰਗਾਂ, ਹੈਲੀਪੈਡ, ਆਵਾਜਾਈ ਪ੍ਰਬੰਧਨ, ਹੋਰ ਲੋੜੀਂਦੀਂਆਂ ਸਹੂਲਤਾਂ ਮੁਕੰਮਲ ਕਰਵਾਈਆਂ ਜਾਣ।
ਉਨ੍ਹਾਂ ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰਾਂ, ਐਸ ਡੀ ਐਮਜ਼, ਡੀਡੀਪੀਓ, ਕਾਰਜਕਾਰੀ ਇੰਜੀਨੀਅਰਾਂ, ਤਹਿਸੀਲਦਾਰਾਂ ਨੂੰ ਜ਼ਿੰਮੇਵਾਰੀਆਂ ਵੀ ਸੌਂਪੀਆਂ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਏ.ਡੀ.ਸੀਜ਼ ਜਸਬੀਰ ਸਿੰਘ, ਅਮਰਦੀਪ ਸਿੰਘ ਬੈਂਸ, ਅਮਿਤ ਸਰੀਨ, ਐਸ.ਡੀ.ਐਮਜ਼ ਨਵਨੀਤ ਕੌਰ ਬੱਲ, ਦੀਪਕ ਰੋਹੀਲਾ, ਡਾ: ਬਲਜਿੰਦਰ ਸਿੰਘ ਢਿੱਲੋਂ ਆਦਿ ਹਾਜ਼ਰ ਸਨ।