ਪੰਜਾਬ ਦੇ ਵੋਟਰਾਂ ਨੇ ਖ਼ਾਮੋਸ਼ ਰਹਿ ਕੇ ਜਿੱਤਿਆ ਬਦਲਾਅ ਦੀ ਜੰਗ ਲਈ ਝਾੜੂ ਦਾ ਜਲਵਾ
- ਆਪ ਦੇ ਮੋਢਿਆਂ ਤੋਂ ਪਿਆ ਜਿੰਮੇਵਾਰੀ ਦਾ ਵੱਡਾ ਬੋਝ ਪਰ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਨੂੰ ਆਪਣੀ ਨਮੋਸ਼ੀ ਭਰੀ ਹਾਰ ਦਾ ਕਰਨਾ ਪਵੇਗਾ ਮੰਥਨ
ਮੁਹੰਮਦ ਇਸਮਾਈਲ ਏਸ਼ੀਆ/ ਹਰਮਿੰਦਰ ਭੱਟ
ਮਾਲੇਰਕੋਟਲਾ 11 ਮਾਰਚ 2022 - ਪੰਜਾਬ ਦੀ ਰਾਜਨੀਤੀ ਵਿਚ ਵਿਧਾਨ ਸਭਾ ਚੋਣਾਂ ਦੇ ਆਏ ਬਦਲਾਅ ਦੇ ਜਲਵੇ ਨੇ ਇਕ ਨਵੀਂ ਚਰਚਾ ਛੇੜੀ ਹੈ। ਜਿੱਥੇ ਪਹਿਲਾਂ ਇਹ ਚਰਚਾ ਸੀ ਕਿ ਸ਼ਾਇਦ ਪੰਜਾਬ ਵਿਚ ਲਟਕਵੀਂ ਸਰਕਾਰ ਬਣੇਗੀ ਉਥੇ ਵੋਟਰਾਂ ਨੇ ਖਾਮੋਸ਼ ਰਹਿ ਕੇ ਆਮ ਆਦਮੀ ਪਾਰਟੀ ਦੇ ਹੱਕ ਵਿਚ ਵੱਡਾ ਫਤਵਾ ਦੇ ਕੇ ਇਕ ਨਵਾਂ ਇਤਿਹਾਸ ਸਿਰਜ ਦਿੱਤਾ ਹੈ। ਜਿੱਥੇ ਆਮ ਆਦਮੀ ਪਾਰਟੀ ਦੇ ਮੋਢਿਆਂ ਤੋਂ ਜਿੰਮੇਵਾਰੀ ਦਾ ਵੱਡਾ ਬੋਝ ਪਿਆ ਹੈ ਉੱਥੇ ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਪਾਰਟੀਆਂ ਨੂੰ ਆਪਣੀ ਨਮੋਸ਼ੀ ਭਰੀ ਮਿਲੀ ਹਾਰ ਦਾ ਡੂੰਘਾ ਮੰਥਨ ਕਰਨਾ ਪਵੇਗਾ। ਇਸ ਵਾਰ ਪੰਜਾਬ ਦੇ ਵੋਟਰਾਂ ਨੇ ਚੁੱਪ ਰਹਿ ਕੇ ਤੀਜੇ ਬਦਲ ਵਜੋਂ ਆਪ ਨੂੰ ਸੱਤਾ ਸੰਭਾਲੀ ਉੱਥੇ ਨਵੀਂ ਬਣਨ ਵਾਲੀ ਸਰਕਾਰ ਨੂੰ ਵੀ ਲੋਕਾਂ ਵਲੋਂ ਮਿਲੇ ਫ਼ਤਵ ਦਾ ਸਨਮਾਨ ਕਰਨ ਲਈ ਇਥੋਂ ਦੀਆਂ ਸਿਹਤ ਸਹੂਲਤਾਂ, ਸਿਖਿਆ ਸਹੂਲਤਾਂ ਵੱਲ ਉਚੇਚਾ ਧਿਆਨ ਦੇਣਾ ਪਵੇਗਾ।
ਮਾਫ਼ੀਆ ਕਲਚਰ, ਭ੍ਰਿਸ਼ਟਾਚਾਰ ਨੂੰ ਜੜੋਂ ਖ਼ਤਮ ਕਰਨ ਲਈ ਆਪ ਦੀ ਸਰਕਾਰ ਨੂੰ ਸਖਤ ਫੈਸਲਾ ਲੈਣ ਲਈ ਵਿਉਂਤਬੰਦੀ ਨਾਲ ਕੰਮ ਕਰਨਾ ਪਵੇਗਾ। ਇਨ੍ਹਾਂ ਚੋਣਾਂ ਵਿਚ ਜਿਵੇਂ ਵੱਡੇ ਦਿਗਜ ਆਗੂ ਲੋਕਾਂ ਨੇ ਨਕਾਰ ਦਿੱਤੇ ਹਨ।ਉਨ੍ਹਾਂ ਲਈ ਵੀ ਬੈਠ ਕੇ ਆਤਮ ਮੰਥਨ ਕਰਨ ਦਾ ਸਮਾਂ ਹੈ। ਭਾਵੇਂ ਅਦਾਕਾਰ ਦੀਪ ਸਿੱਧੂ ਦੀ ਮੌਤ ਕਰਕੇ ਸ਼੍ਰੋਮਣੀ ਅਕਾਲੀ ਦਲ (ਅ) ਨੂੰ ਥੋੜ੍ਹਾ ਬਹੁਤਾ ਲਾਭ ਮਿਲਿਆ ਪਰ ਉਨ੍ਹਾਂ ਦੇ ਕਿਸੇ ਉਮੀਦਵਾਰ ਨੂੰ ਜਿੱਤ ਨਸੀਬ ਨਹੀਂ ਹੋਈ। ਇਸ ਤੋਂ ਸਪਸ਼ਟ ਹੈ ਕਿ ਲੋਕ ਇਸ ਵਾਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਦੇ ਚਿਹਰੇ - ਭਗਵੰਤ ਮਾਨ ਨੂੰ ਮੌਕਾ ਦੇਣ ਦਾ ਮਨ ਬਣਾ ਚੁੱਕੇ ਸੀ ਇਸ ਲਈ ‘ਆਪ’ ਦੀ ਨਵੀਂ ਬਣਨ ਵਾਲੀ ਸਰਕਾਰ ਨੂੰ ਉਨ੍ਹਾਂ ਦੀਆਂ ਉਮੀਦਾਂ ਉੱਤੇ ਖਰਾ ਉੱਤਰਨਾ ਪਵੇਗਾ।