ਡਾ.ਜਮੀਲ-ਉਰ-ਰਹਿਮਾਨ ਨੂੰ ਜਿਤਾ ਕੇ ਲੋਕਾਂ ਨੇ ਧਾਰਮਿਕ ਫਿਰਕੂ ਸਿਆਸਤ ਨੂੰ ਨਕਾਰ ਕੇ ਆਪਸੀ ਭਾਈਚਾਰਕ ਸਾਂਝ ਨੂੰ ਜਿੱਤਾਇਆ - ਗੁਰਲਵਲੀਨ/ ਜਾਫਰ /ਸ਼ਮਸ਼ੂਦੀਨ
- ਮਾਲੇਰਕੋਟਲਾ ਵਿਧਾਨ ਸਭਾ ਹਲਕਿਆਂ ਦੇ ਕੁੱਲ 15 ਰਾਉਂਡਾਂ ‘ਦੀ ਗਿਣਤੀ ਦੌਰਾਨ ਕਾਂਗਰਸ ਦੀ ਉਮੀਦਵਾਰ ਰਜ਼ੀਆ ਸੁਲਤਾਨਾਂ ਕਿਸੇ ਵੀ ਰਾਉਂਡ ‘ਚ ਜਿੱਤ ਹਾਸਲ ਨਹੀਂ ਕਰ ਸਕੀ
- ""ਦੁਸ਼ਮਣੋਂ ਕੀ ਹਰ ਦੁਸ਼ਮਣੀ ਪੇ ਚੋਟ ਖਾਤੇ ਵੀ ਹਮ ਮੁਸਕੁਰਾਤੇ ਰਹੇ ਉਨ੍ਹੇ ਜ਼ਿੱਦ ਥੀ ਵੋ ਕਾਬੇ ਕੋ ਢਾਤੇ ਰਹੇ ਹਮੈਂ ਧੁਨ ਥੀ ਹਮ ਕਾਬੇ ਕੋ ਬਣਾਤੇ ਰਹੇ "
ਮੁਹੰਮਦ ਇਸਮਾਈਲ ਏਸ਼ੀਆ / ਹਰਮਿੰਦਰ ਭੱਟ
ਮਾਲੇਰਕੋਟਲਾ, 11 ਮਾਰਚ 2022 - ਪੰਜਾਬ ਵਿਧਾਨ ਸਭਾ ਚੋਣਾਂ ਦੇ ਆਏ ਨਤੀਜਿਆਂ ‘ਚ ਆਮ ਆਦਮੀ ਪਾਰਟੀ ਨੇ ਜਿਥੇ ਸੂਬੇ ਅੰਦਰ ਰਿਕਾਰਡਤੋੜ ਹੂੰਝਾ-ਫੇਰੂ ਇਤਿਹਾਸਕ ਜਿੱਤਾਂ ਦਰਜ ਕਰਕੇ ਪੰਜਾਬ ਦੀ ਰਾਜਨੀਤੀ ‘ਚ ਇੱਕ ਨਵਾਂ ਇਤਿਹਾਸ ਸਿਰਜ ਦਿੱਤਾ ਹੈ, ਉਥੇ ਪਿਛਲੇ 15 ਸਾਲਾਂ ਤੋਂ ਕਾਂਗਰਸ ਦੇ ਕਬਜ਼ੇ ‘ਚ ਚੱਲੀ ਆ ਰਹੀ ਸੂਬੇ ਦੀ ਇੱਕੋ-ਇੱਕ ਮੁਸਲਿਮ ਬਹੁ-ਗਿਣਤੀ ਵੋਟਾਂ ਵਾਲੀ ਮਾਲੇਰਕੋਟਲਾ ਰਿਆਸਤੀ ਸੀਟ ‘ਤੇ ਹੋਏ ਗਹਿਗੱਚ ਮੁਕਾਬਲੇ ‘ਚ ਆਪ ਦੇ ਡਾ.ਜਮੀਲ-ਉਰ-ਰਹਿਮਾਨ ਨੇ ਆਪਣੇ ਵਿਰੋਧੀ ਕਾਂਗਰਸ ਦੀ ਰਜ਼ੀਆ ਸੁਲਤਾਨਾਂ ਨੂੰ 21686 ਵੋਟਾਂ ਦੇ ਫਰਕ ਨਾਲ ਹਰਾ ਕੇ ਸ਼ਾਨਾਮਤੀ ਜਿੱਤ ਹਾਸਲ ਕੀਤੀ ਹੈ।ਮਾਲੇਰਕੋਟਲਾ ਹਲਕੇ ਦੀਆਂ 363 ਪੋਸਟਲ ਬੈਲਟ ਵੋਟਾਂ ਸਮੇਤ ਕੁੱਲ ਪੋਲ ਹੋਈਆਂ 126150 ਵੋਟਾਂ ‘ਚੋਂ ਜੇਤੂ ਰਹੇ ਆਮ ਆਦਮੀ ਪਾਰਟੀ ਦੇ ਡਾ.ਜਮੀਲ-ਉਰ-ਰਹਿਮਾਨ ਨੂੰ 65948 ਵੋਟਾਂ ਮਿਲੀਆਂ ਜਦ ਕਿ ਉਨ੍ਹਾਂ ਦੇ ਵਿਰੋਧੀ ਕਾਂਗਰਸ ਪਾਰਟੀ ਦੀ ਰਜ਼ੀਆ ਸੁਲਤਾਨਾਂ ਨੂੰ 44262 ਹਾਸਲ ਹੋਈਆਂ।
ਓਧਰ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਨੁਸਰਤ ਇਕਰਾਮ ਖਾਂ ਬੱਗਾ 8421 ਵੋਟਾਂ ਅਤੇ ਪੰਜਾਬ ਲੋਕ ਕਾਂਗਰਸ ਪਾਰਟੀ ਦੀ ਬੀਬੀ ਫਰਜ਼ਾਨਾਂ ਆਲਮ 3766 ਵੋਟਾਂ ਹਾਸਲ ਕਰਕੇ ਕ੍ਰਮਵਾਰ ਤੀਜੇ ਅਤੇ ਚੌਥੇ ਸਥਾਨ ‘ਤੇ ਰਹੇ।ਬਾਕੀ ਉਮੀਦਵਾਰਾਂ ਨੂੰ ਮਿਲੀਆਂ ਵੋਟਾਂ ਦੇ ਵੇਰਵੇ ਮੁਤਾਬਕ ਕਮਿਊਨਿਸਟ ਪਾਰਟੀ ਆਫ ਇੰਡੀਆਂ (ਮਾਰਕਸਵਾਦੀ) ਦੇ ਉਮੀਦਵਾਰ ਅਬਦੁੱਲ ਸੱਤਾਰ ਨੂੰ 545 ਵੋਟਾਂ, ਪੰਜਾਬ ਨੈਸ਼ਨਲ ਪਾਰਟੀ ਦੇ ਉਮੀਦਵਾਰ ਸੱਯਦ ਮਨਜ਼ੂਰ ਗਿਲਾਨੀ ਨੂੰ 211 ਵੋਟਾਂ, ਆਪਣੀ ਏਕਤਾ ਪਾਰਟੀ ਦੇ ਹਸਨ ਮੁਹੰਮਦ ਨੂੰ 267 ਵੋਟਾਂ, ਲੋਕ ਇਨਸਾਫ ਪਾਰਟੀ ਦੇ ਉਮੀਦਵਾਰ ਮੁਹੰਮਦ ਅਨਵਰ ਨੂੰ 125 ਵੋਟਾਂ, ਅਜ਼ਾਦ ਉਮੀਦਵਾਰ ਸ਼ੈਫ ਉਰ ਇਸਮਾਇਲ ਨੂੰ 98 ਵੋਟਾਂ, ਅਜ਼ਾਦ ਉਮੀਦਵਾਰ ਧਰਮਿੰਦਰ ਨੂੰ 167 ਵੋਟਾਂ, ਮਹਿੰਦਰ ਸਿੰਘ ਨੂੰ 318 ਵੋਟਾਂ, ਅਜ਼ਾਦ ਉਮੀਦਵਾਰ ਮੁਹੰਮਦ ਸ਼ਕੀਲ ਨੂੰ 227 ਵੋਟਾਂ, ਅਜ਼ਾਦ ਮੁਹੰਮਦ ਯੂਬੈਰ ਨੂੰ 455 ਵੋਟਾਂ, ਅਜ਼ਾਦ ਮੁਹੰਮਦ ਮੁਨੀਰ 319 ਵੋਟਾਂ ਅਤੇ ਮੁਹੰਮਦ ਯਾਸੀਨ ਘੁੱਗੀ ਨੂੰ 266 ਵੋਟਾਂ ਪ੍ਰਾਪਤ ਹੋਈਆਂ ਹਨ।ਕੁੱਲ ਪੋਲ ਹੋਈਆਂ ਵੋਟਾਂ ‘ਚੋਂ ਜਿਥੇ 108 ਵੋਟਾਂ ਰੱਦ ਹੋ ਗਈਆਂ ਹਨ ਉਥੇ 687 ਵੋਟਰਾਂ ਨੇ ਕਿਸੇ ਵੀ ਉਮੀਦਵਾਰ ਨੂੰ ਪਸੰਦ ਨਾ ਕਰਦੇ ਹੋਏ ਨੋਟਾ ਦਾ ਬਟਨ ਦਬਾਇਆ।
20 ਫਰਵਰੀ ਨੂੰ ਵੋਟਾਂ ਪੈਣ ਵਾਲੇ ਦਿਨ ਬਹੁ-ਗਿਣਤੀ ਲੋਕਾਂ ਦੇ ਆਪ ਪਾਰਟੀ ਪ੍ਰਤੀ ਰੁਝਾਨ ਨੂੰ ਦੇਖਦੇ ਹੋਏ ਭਾਵੇਂ ਆਪ ਦੀ ਸਪੱਸ਼ਟ ਜਿੱਤ ਦੇ ਅਸਾਰ ਤਾਂ ਉਸ ਸਮੇਂ ਹੀ ਦਿਖਾਈ ਦੇਣ ਲੱਗ ਪਏ ਸਨ ਪਰੰਤੂ ਕਾਂਗਰਸੀ ਖੇਮੇ ਵੱਲੋਂ ਵੱਡੀ ਪੱਧਰ ‘ਤੇ ਗੁਪਤ ਵੋਟ ਉਨ੍ਹਾਂ ਦੇ ਹੱਕ ‘ਚ ਪਈ ਹੋਣ ਦੇ ਕੀਤੇ ਜਾਂਦੇ ਦਾਅਵਿਆਂ ਕਾਰਨ ਲੋਕਾਂ ‘ਚ ਜਿੱਤ-ਹਾਰ ਨੂੰ ਲੈ ਕੇ ਸਸਪੈਂਸ ਬਣਿਆ ਹੋਇਆ ਸੀ।ਸਥਾਨਕ ਕਾਂਗਰਸੀ ਮਾਲੇਰਕੋਟਲਾ ਹਾਉਸ ਨਾਲ ਜੁੜੇ ਹੋਏ ਲੋਕਾਂ ‘ਚ ਨਤੀਜ਼ੇ ਆਉਣ ਤੋਂ ਪਹਿਲਾਂ ਪਿਛਲੇ ਸਮਿਆਂ ਦੀਆਂ ਚੋਣਾਂ ਵਰਗਾ ਉਤਸ਼ਾਹ ਨਾ ਹੋ ਕੇ ਛਾਇਆ ਹੋਇਆ ਸ਼ਾਂਤੀ ਦਾ ਮਹੌਲ ਇਸ ਗੱਲ ਦੀ ਗਵਾਹੀ ਭਰ ਰਿਹਾ ਸੀ ਕਿ ਇਸ ਵਾਰ ਕਾਂਗਰਸੀ ਖੇਮੇ ਨੂੰ ਅੰਦਰੋ-ਅੰਦਰੀ ਹਾਰ ਦਾ ਡਰ ਸਤਾ ਰਿਹਾ ਹੈ, ਕਿਉਂ ਕਿ ਚੋਣਾਂ ਦੇ ਦਿਨਾਂ ਦੌਰਾਨ ਹਲਕਾ ਵਾਸੀਆਂ ਵੱਲੋਂ ਬੜੀ ਨਿੱਡਰਤਾ ਨਾਲ ਜੋ ਬਦਲਾਅ ਦਾ ਮਹੌਲ ਦਿਖਾਇਆ ਗਿਆ ਸੀ ਉਸਨੂੰ ਕਾਂਗਰਸੀ ਖੇਮੇ ਦਾ ਮੁਖੀ ਵੀ ਪਹਿਲਾਂ ਹੀ ਪੂਰੀ ਤਰ੍ਹਾਂ ਭਾਂਪ ਚੁੱਕਿਆ ਸੀ।ਜਿਸ ਕਾਰਨ ਵੋਟਾਂ ਪੈਣ ਅਤੇ ਨਤੀਜ਼ੇ ਆਉਣ ਦੇ ਵਿਚਕਾਰਲੇ ਕਰੀਬ 17 ਦਿਨਾਂ ਦੌਰਾਨ ਚੱਲੀਆਂ ਜਿੱਤ-ਹਾਰ ਦੀਆਂ ਕਿਆਸ-ਅਰਾਈਆਂ ਦੌਰਾਨ ਕਾਂਗਰਸੀ ਸਮਰਥਕਾਂ ‘ਚ ਪਿਛਲੇ ਸਮਿਆਂ ਵਰਗਾ ਸ਼ਰਤਾਂ ਲਾਉਣ ਅਤੇ ਨਤੀਜ਼ੇ ਆਉਣ ਤੋਂ ਪਹਿਲਾਂ ਹੀ ਜਸ਼ਨ ਮਨਾਉਣ ਦੀਆਂ ਤਿਆਰੀਆਂ ਅਰੰਭ ਕਰਨ ਵਰਗਾ ਕੋਈ ਮਹੌਲ ਦਿਖਾਈ ਨਾ ਦੇਣ ਤੋਂ ਸਪੱਸ਼ਟ ਹੋ ਰਿਹਾ ਸੀ ਕਿ ਆਪ ਦੇ ਉਮੀਦਵਾਰ ਦੀ ਜਿੱਤ ਲੱਗਭੱਗ ਪੱਕੀ ਹੈ।
ਜ਼ਿਕਰਯੋਗ ਹੈ ਕਿ ਮਾਲੇਰਕੋਟਲਾ ਵੋਟਾਂ ਦੀ 15 ਰਾਉਂਡਾਂ ‘ਚ ਹੋਈ ਗਿਣਤੀ ਦੌਰਾਨ ਕਾਂਗਰਸ ਦੀ ਉਮੀਦਵਾਰ ਰਜ਼ੀਆ ਸੁਲਤਾਨਾਂ ਕਿਸੇ ਵੀ ਰਾਉਂਡ ‘ਚ ਜਿੱਤ ਹਾਸਲ ਨਹੀਂ ਕਰ ਸਕੀ।ਸਾਰੇ ਰਾਉਂਡਾਂ ‘ਚ ਆਪ ਦੇ ਉਮੀਦਵਾਰ ਡਾ.ਜਮੀਲ-ਉਰ-ਰਹਿਮਾਨ ਨੇ ਹੀ ਜਿੱਤ ਹਾਸਲ ਕੀਤੀ। ਇਸ ਜਿੱਤ ਸੰਬੰਧੀ ਸਾਬਕਾ ਆਈਏਐਸ ਅਧਿਕਾਰੀ ਸ.ਗੁਰਲਵਲੀਨ ਸਿੰਘ ਸਿੱਧੂ ਜ਼ਿਲ੍ਹਾ ਪ੍ਰਧਾਨ ਜਾਫਰ ਭੈਣੀ ਚੌਧਰੀ ਸ਼ਮਸ਼ੂਦੀਨ ਨੇ ਕਿਹਾ ਕਿ ਇਸ ਜਿੱਤ ਦਾ ਬਦਲਾ ਡਾ.ਜਮੀਲ ਉਰ ਰਹਿਮਾਨ ਅਤੇ ਉਨ੍ਹਾਂ ਦੀ ਟੀਮ ਵੱਲੋਂ ਕੰਮ ਕਰਕੇ ਪੂਰਾ ਕੀਤਾ ਜਾਵੇਗਾ ਉਨ੍ਹਾਂ ਮਾਲੇਰਕੋਟਲਾ ਤੋਂ ਆਪ ਦੇ ਉਮੀਦਵਾਰ ਡਾ.ਜਮੀਲ-ਉਰ-ਰਹਿਮਾਨ ਦੀ ਜਿੱਤ ਨੂੰ ਸੱਭ ਧਰਮਾਂ ਦੀ ਆਪਸੀ ਭਾਈਚਾਰਕ ਸਾਂਝ ਦੀ ਜਿੱਤ ਕਰਾਰ ਦਿੰਦੇ ਹੋਏ ਕਿਹਾ ਹੈ ਕਿ ਫਿਰਕੂ ਸਿਆਸਤ ਨੂੰ ਹੁਣ ਲੋਕ ਪਸੰਦ ਨਹੀਂ ਕਰਦੇ। ਇਸ ਮੌਕੇ ਤੇ ਗੁਰਲਵਲੀਨ ਸਿੰਘ ਸਿੱਧੂ ਨੇ ਜਮੀਲ ਉਰ ਰਹਿਮਾਨ ਦੀ ਜਿੱਤ ਨੂੰ ਮੁਖ਼ਾਤਿਬ ਹੁੰਦਿਆਂ ਇਕ ਸ਼ੇਅਰ ਕਹਿੰਦਿਆਂ ਕਿਹਾ ""ਦੁਸ਼ਮਣੋਂ ਕੀ ਹਰ ਦੁਸ਼ਮਣੀ ਪੇ ਚੋਟ ਖਾਤੇ ਵੀ ਹਮ ਮੁਸਕੁਰਾਤੇ ਰਹੇ ਉਨ੍ਹੇ ਜ਼ਿੱਦ ਥੀ ਵੋ ਕਾਬੇ ਕੋ ਢਾਤੇ ਰਹੇ ਹਮੈਂ ਧੁਨ ਥੀ ਹਮ ਕਾਬੇ ਕੋ ਬਣਾਤੇ ਰਹੇ "