ਸੁਖਦੇਵ ਸਿੰਘ ਢੀਂਡਸਾ ਦੇ ਅਸਤੀਫ਼ੇ `ਤੇ ਪਾਰਟੀ ਦੀ ਪੰਜ ਮੈਂਬਰੀ ਕਮੇਟੀ ਲਵੇਗੀ ਫੈਸਲਾ
- ਪੰਥਕ ਸੰਸਥਾਵਾਂ ਨੂੰ ਬਾਦਲ ਪਰਿਵਾਰ ਤੋਂ ਮੁਕਤ ਕਰਵਾਉਣ ਲਈ ਸੰਘਰਸ਼ ਜਾਰੀ ਰਹੇਗਾ: ਸ਼੍ਰੋਮਣੀ ਅਕਾਲੀ ਦਲ (ਸੰਯੁਕਤ)
- ਅਕਾਲੀ ਦਲ ਨੂੰ ਹਾਸ਼ੀਏ `ਤੇ ਲੈ ਜਾਣ ਵਾਲਾ ਸੁਖਬੀਰ ਸਿੰਘ ਬਾਦਲ ਅਸਤੀਫਾ ਦੇਵੇ: ਸੁਖਦੇਵ ਸਿੰਘ ਢੀਂਡਸਾ*
ਚੰਡੀਗੜ੍ਹ, 12 ਮਾਰਚ 2022: ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਸ: ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਵਿੱਚ ਅੱਜ ਪੰਜਾਬ ਵਿਧਾਨ ਸਭਾ ਚੋਣ ਨਤੀਜਿਆਂ ਦਾ ਵਿਸ਼ਲੇਸ਼ਣ ਕਰਨ ਲਈ ਪਾਰਟੀ ਦੇ ਪ੍ਰਮੁੱਖ ਆਗੂਆਂ ਦੀ ਇਕ ਅਹਿਮ ਬੈਠਕ ਪਾਰਟੀ ਦੇ ਮੁੱਖ ਦਫ਼ਤਰ ਵਿਖੇ ਹੋਈ।
ਇਸ ਦੌਰਾਨ ਸ: ਸੁਖਦੇਵ ਸਿੰਘ ਢੀਂਡਸਾ ਨੇ ‘ਆਪ’ ਦੇ ਮੁੱਖ ਮੰਤਰੀ ਦੇ ਚਿਹਰੇ ਭਗਵੰਤ ਸਿੰਘ ਮਾਨ ਅਤੇ ਸਮੁੱਚੀ ਪਾਰਟੀ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਉਹ ਪੰਜਾਬ ਚੋਣਾਂ ਵਿੱਚ ਜਨਤਾ ਵੱਲੋਂ ਦਿੱਤੇ ਫ਼ਤਵੇ ਨੂੰ ਪ੍ਰਵਾਨ ਕਰਦੇ ਹਨ। ਸ: ਢੀਂਡਸਾ ਨੇ ਚੋਣਾਂ ਦੌਰਾਨ ਦਿਨ-ਰਾਤ ਮਿਹਨਤ ਕਰਨ ਵਾਲੇ ਪਾਰਟੀ ਦੇ ਉਮੀਦਵਾਰਾਂ, ਵਰਕਰਾਂ ਅਤੇ ਸਮੁੱਚੀ ਲੀਡਰਸਿ਼ਪ ਦਾ ਤਹਿ ਦਿਲੋਂ ਧੰਨਵਾਦ ਕੀਤਾ। ਸ: ਢੀਂਡਸਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦਾ ਮੁੱਖ ਮਨੋਰੱਥ ਪੰਥ ਅਤੇ ਪੰਜਾਬ ਦੀ ਖੁਸ਼ਹਾਲੀ ਲਈ ਵੱਡੇ ਪੱਧਰ `ਤੇ ਯਤਨ ਕਰਦੇ ਰਹਿਣਾ ਹੈ ਅਤੇ ਪਾਰਟੀ ਇਸੇ ਟੀਚੇ ਨੂੰ ਮੁੱਖ ਰੱਖਦੇ ਹੋਏ ਪੂਰੇ ਉਤਸ਼ਾਹ ਅਤੇ ਇਮਨਦਾਰੀ ਨਾਲ ਅੱਗੇ ਵੀ ਕਾਰਜਸ਼ੀਲ ਰਹੇਗੀ।
ਇਸ ਦੌਰਾਨ ਸ: ਸੁਖਦੇਵ ਸਿੰਘ ਢੀਂਡਸਾ ਨੇ ਚੋਣ ਨਤੀਜਿਆਂ ਦੇ ਮੱਦੇਨਜ਼ਰ ਆਪਣੀ ਨੈਤਿਕ ਜਿ਼ੰਮੇਵਾਰੀ ਸਮਝਦਿਆਂ ਪਾਰਟੀ ਦੀ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫਾ ਦੇਣ ਦਾ ਐਲਾਨ ਕੀਤਾ ਪਰ ਪਾਰਟੀ ਦੇ ਸੀਨੀਅਰ ਅਹੁਦੇਦਾਰਾਂ ਨੇ ਸ: ਢੀਂਡਸਾ ਦੀ ਕਾਰਗੁਜ਼ਾਰੀ ਉਪਰ ਤਸੱਲੀ ਦਾ ਪ੍ਰਗਟਾਵਾ ਕਰਦੇ ਹੋਏ ਅਸਤੀਫਾ ਨਾ ਦੇਣ ਲਈ ਕਿਹਾ ਪਰ ਸ: ਸੁਖਦੇਵ ਸਿੰਘ ਢੀਂਡਸਾ ਦੇ ਗੰਭੀਰਤਾ ਨਾਲ ਵਿਚਾਰ ਕਰਨ ਲਈ ਦਬਾਅ ਪਾਉਣ ਤੋਂ ਬਾਅਦ ਆਗੂਆਂ ਨੇ ਇਸ ਸਬੰਧ ਵਿੱਚ ਜਥੇਦਾਰ ਰਣਜੀਤ ਸਿੰਘ ਤਲਵੰਡੀ, ਜਸਟਿਸ ਨਿਰਮਲ ਸਿੰਘ (ਸੇਵਾਮੁਕਤ) ਸ: ਜਗਦੀਸ਼ ਸਿੰਘ ਗਰਚਾ, ਸ: ਸਰਵਣ ਸਿੰਘ ਫਿਲੌਰ ਅਤੇ ਸ: ਸੁਖਵਿੰਦਰ ਸਿੰਘ ਔਲਖ ਅਧਾਰਤ ਪੰਜ ਮੈਂਬਰੀ ਕਮੇਟੀ ਦਾ ਗਠਨ ਕੀਤਾ ਜੋ ਵਿਚਾਰ-ਵਟਾਂਦਰਾ ਕਰਕੇ ਫੈਸਲਾ ਕਰੇਗੀ।
ਇਸ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੌਜੂਦਾ ਹਾਲਾਤ ਵਿੱਚ ਹਾਸੀ਼ਏ `ਤੇ ਗਏ ਅਕਾਲੀ ਦਲ ਦੀ ਕਾਰਗੁਜ਼ਾਰੀ `ਤੇ ਬੋਲਦਿਆਂ ਸ: ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਅਕਾਲੀ ਦਲ ਨੂੰ ਇਨੇ ਮਾੜੇ ਹਾਲਾਤ ਵਿੱਚ ਲੈ ਕੇ ਜਾਣ ਵਾਲਾ ਕੋਈ ਹੋਰ ਨਹੀ ਸਗੋਂ ਸੁਖਬੀਰ ਸਿੰਘ ਬਾਦਲ ਅਤੇ ਬਾਦਲ ਪਰਿਵਾਰ ਖ਼ੁਦ ਹੈ। ਬਾਦਲ ਪਰਿਵਾਰ ਦੇ ਹੰਕਾਰ ਅਤੇ ਪੰਥਕ ਸਿਧਾਂਤਾਂ ਤੋਂ ਪਾਸਾ ਵੱਟਣ ਕਾਰਨ ਅੱਜ ਅਕਾਲੀ ਦਲ ਦੀ ਬੁਰੀ ਤਰ੍ਹਾਂ ਹਾਰ ਹੋਈ ਹੈ ਅਤੇ ਇਹ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਹੈ। ਇਸ ਲਈ ਸੁਖਬੀਰ ਸਿੰਘ ਬਾਦਲ ਨੂੰ ਅਸਤੀਫਾ ਦੇ ਕੇ ਅਕਾਲੀ ਦਲ ਛੱਡ ਦੇਣਾ ਚਾਹੀਦਾ ਹੈ।
ਇਸ ਮੌਕੇ ਸਮੁੱਚੀ ਲੀਡਰਸਿ਼ਪ ਨੇ ਇਕੋ ਆਵਾਜ਼ ਵਿੱਚ ਸ਼੍ਰੀ ਅਕਾਲ ਤਖ਼ਤ ਸਾਹਿਬ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਤੋਂ ਬਾਦਲ ਪਰਿਵਾਰ ਦਾ ਗਲਬਾ ਪੂਰਨ ਤੌਰ `ਤੇ ਖਤਮ ਕਰਨ ਦਾ ਅਹਿਦ ਲਿਆ ਅਤੇ ਅਕਾਲੀ ਦਲ ਦੇ ਆਗੂਆਂ ਅਤੇ ਵਰਕਰਾਂ ਨੂੰ ਪੰਥ ਅਤੇ ਪੰਜਾਬ ਵਿਰੋਧੀ ਬਾਦਲ ਪਰਿਵਾਰ ਨੂੰ ਛੱਡ ਕੇ ਅਕਾਲੀ ਦਲ ਦੇ ਅਸਲ ਸਿਧਾਂਤਾਂ ਦਾ ਪਹਿਰਾ ਦੇਣ ਵਾਲੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਵਿੱਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ। ਜਿਸ ਨਾਲ ਇਕ ਵਾਰ ਫਿਰ ਸ਼੍ਰੋਮਣੀ ਅਕਾਲੀ ਦਲ ਨੂੰ ਪੰਜਾਬ ਅਤੇ ਪੰਥ ਦੀ ਨਮਾਇੰਦਾ ਜਥੇਬੰਦੀ ਬਣਾਇਆ ਜਾ ਸਕੇ।
ਅੱਜ ਦੀ ਮੀਟਿੰਗ ਵਿੱਚ ਜਸਟਿਸ ਨਿਰਮਲ ਸਿੰਘ (ਸੇਵਾਮੁਕਤ), ਸ: ਜਗਦੀਸ਼ ਸਿੰਘ ਗਰਚਾ, ਸ: ਸਰਵਣ ਸਿੰਘ ਫਿਲੌਰ, ਸ: ਪਰਮਿੰਦਰ ਸਿੰਘ ਢੀਂਡਸਾ, ਸ: ਸੁਖਵਿੰਦਰ ਸਿੰਘ ਔਲਖ, ਭਾਈ ਮੋਹਕਮ ਸਿੰਘ, ਬੀਬੀ ਪਰਮਜੀਤ ਕੌਰ ਗੁਲਸ਼ਨ, ਸ: ਸੁਖਵੰਤ ਸਿੰਘ ਸਰਾਓ, ਸ: ਮਿੱਠੂ ਸਿੰਘ ਕਾਹਨੇਕੇ,ਸ: ਰਣਧੀਰ ਸਿੰਘ ਰੱਖੜਾ, ਹਰਪ੍ਰੀਤ ਸਿੰਘ ਗਰਚਾ, ਸ: ਗੁਰਬਚਨ ਸਿੰਘ ਬਚੀ, ਸ: ਅਰਜਨ ਸਿੰਘ ਸ਼ੇਰਗਿੱਲ, ਸ:ਸਤਵਿੰਦਰਪਾਲ ਸਿੰਘ ਢੱਟ, ਸ: ਦਵਿੰਦਰ ਸਿੰਘ ਸੋਢੀ, ਸ: ਮਨਜੀਤ ਸਿੰਘ ਭੋਮਾ, ਸ: ਭੁੁਪਿੰਦਰ ਸਿੰਘ ਬਜਰੂੜ, ਹਰਪ੍ਰੀਤ ਸਿੰਘ ਗੁਰਮ, ਸ: ਤੇਜਿੰਦਰਪਾਲ ਸਿੰਘ ਸੰਧੂ, ਸ: ਮਨਜੀਤ ਸਿੰਘ ਬਪੀਆਣਾ, ਸ: ਸਰਬਜੀਤ ਸਿੰਘ ਡੂਮਵਾਲੀ, ਸ: ਲਖਵੀਰ ਸਿੰਘ ਪਾਵਲਾ, ਸ: ਰਜਿੰਦਰ ਸਿੰਘ ਰਾਜਾ, ਸ: ਦਮਨਜੀਤ ਸਿੰਘ ਫਿਲੌਰ, ਸ: ਮਨਜੀਤ ਸਿੰਘ ਦਸੂਹਾ, ਸ: ਜਸਵੰਤ ਸਿੰਘ ਕੌਟੜਾ, ਸ: ਹਰਬੰਸ ਸਿੰਘ ਮੰਝਪੁਰ, ਐਡਵੋਕੇਟ ਛਿੰਦਰਪਾਲ ਸਿੰਘ ਬਰਾੜ, ਸ: ਹਰਦੀਪ ਸਿੰਘ ਘੁਨੰਸ, ਸ: ਗੁਰਜਿੰਦਰ ਸਿੰਘ ਗਰੇਵਾਲ, ਸ: ਜੁਗਰਾਜ ਸਿੰਘ ਦੌਧਰ, ਸ: ਗੁਰਜੀਵਨ ਸਿੰਘ ਸਰੋਦ, ਸ: ਗੁਰਿੰਦਰ ਸਿੰਘ ਬਾਜਵਾ, ਸ: ਮਾਨ ਸਿੰਘ ਗਰਚਾ, ਸ: ਦਲਜੀਤ ਸਿੰਘ ਗਿੱਲ, ਸ: ਜਸਵੰਤ ਸਿੰਘ ਰਾਣੀਪੁਰ,ਸ: ਜਗਤਾਰ ਸਿੰਘ ਰਾਜੇਆਣਾ, ਸ: ਹਰਵੇਲ ਸਿੰਘ ਮਾਧੋਪੁਰ, ਸ਼੍ਰੀ ਹਰਸਿ਼ਤ ਕੁਮਰ ਸ਼ੀਤਲ, ਸ: ਪ੍ਰੀਤਪਾਲ ਸਿੰਘ ਹਾਂਡਾ, ਸ: ਸੁਖਦੇਵ ਸਿੰਘ ਚੱਕ, ਸ: ਮਨਪ੍ਰੀਤ ਸਿੰਘ ਤਲਵੰਡੀ, ਬੀਬੀ ਮਹਿਕਪ੍ਰੀਤ ਕੌਰ, ਸ਼੍ਰੀ ਰਿਸ਼ੀਪਾਲ ਗੁਲਾੜੀ, ਸ਼੍ਰੀ ਲਾਜਪਤ ਰਾਏ, ਸ: ਗੁਰਮੀਤ ਸਿੰਘ ਜੌਹਲ, ਸ: ਮਨਿੰਦਰਪਾਲ ਸਿੰਘ ਬਰਾੜ ਅਤੇ ਸ: ਜਸਵਿੰਦਰ ਸਿੰਘ (ਓਐਸਡੀ) ਸ਼ਾਮਿਲ ਸਨ।