ਚੰਡੀਗੜ੍ਹ: ਟੰਡਨ ਨੂੰ ਸਿਆਸੀ ਤੌਰ 'ਤੇ ਚੰਡਣ ਲਈ ਸਰਗਰਮ ਹੋਏ ਮੁਕਾਮੀ ਨੇਤਾ
ਅਸ਼ੋਕ ਵਰਮਾ
ਚੰਡੀਗੜ੍ਹ, 23 ਅਪਰੈਲ 2024: ਚੰਡੀਗੜ੍ਹ ਵਿੱਚ ਦੋ ਵਾਰ ਲਗਾਤਾਰ ਜਿੱਤ ਦਾ ਝੰਡਾ ਝੁਲਾਉਣ ਵਾਲੀ ਭਾਰਤੀ ਜੰਤਾ ਪਾਰਟੀ ਦੇ ਉਮੀਦਵਾਰ ਸੰਜੇ ਟੰਡਨ ਨੂੰ ਬਿਊਟੀਫੁੱਲ ਸਿਟੀ ’ਚ ਆਪਣੀ ਮੁੱਖ ਵਿਰੋਧੀ ਕਾਂਗਰਸ ਪਾਰਟੀ ਵੱਲੋਂ ਬਣਾਈ ਹੈਟਰਿਕ ਦੀ ਬਰਾਬਰੀ ਕਰਨਾ ਟੇਢੀ ਖੀਰ ਜਾਪਦਾ ਹੈ। ਭਾਵੇਂ ਇਸ ਕੇਂਦਰੀ ਸ਼ਾਸ਼ਤ ਪ੍ਰਦੇਸ਼ ਦੇ ਭਾਜਪਾ ਆਗੂ ਸੰਜੇ ਟੰਡਨ ਨੂੰ ਉਮੀਦਵਾਰ ਬਨਾਉਣ ਦੇ ਮਾਮਲੇ ’ਚ ਸਭ ਅੱਛਾ ਹੋਣ ਦਾ ਦਾਅਵਾ ਕਰਦਿਆਂ ਜਿੱਤਣ ਦੀ ਗੱਲ ਆਖ ਰਹੇ ਹਨ ਪਰ ਅਹਿਮ ਸੂਤਰਾਂ ਦੀ ਮੰਨੀਏ ਤਾਂ ਵਿਰੋਧੀ ਇੱਕ ਪਾਸੇ ਪਾਰਟੀ ਵਿੱਚ ਅੰਦਰੋ ਅੰਦਰੀ ਸੰਜੇ ਟੰਡਨ ਦੇ ਸਿਆਸੀ ਖੰਭ ਕੁਤਰਨ ਵਾਲਿਆਂ ਦੀ ਚੁਣੌਤੀ ਵੀ ਹੈ। ਦਿਲਚਸਪ ਪਹਿਲੂ ਇਹ ਵੀ ਹੈ ਕਿ ਭਾਜਪਾ ਅਤੇ ਕਾਂਗਰਸ ਦੋਵੇਂ ਹੀ ਪਾਰਟੀਆਂ ਇਸ ਮਾਮਲੇ ’ਚ ਅੰਦਰੂਨੀ ਠੰਢੀ ਜੰਗ ਨਾਲ ਜੂਝਦੀਆਂ ਨਜ਼ਰ ਆ ਰਹੀਆਂ ਹਨ।
ਦੱਸਣਯੋਗ ਹੈ ਕਿ ਭਾਰਤੀ ਜੰਤਾ ਪਾਰਟੀ ਨੇ ਇਸ ਵਾਰ ਫਿਲਮ ਅਦਾਕਾਰਾ ਅਤੇ ਚੰਡੀਗੜ੍ਹ ਤੋਂ ਦੋ ਵਾਰ ਸੰਸਦ ਮੈਂਬਰ ਰਹੀ ਕਿਰਨ ਖੇਰ ਦਾ ਪੱਤਾ ਕੱਟ ਕੇ ਸਥਾਨਕ ਉਮੀਦਵਾਰ ਨੂੰ ਪਹਿਲ ਦਿੰਦਿਆਂ ਸੰਜੇ ਟੰਡਨ ਨੂੰ ਉਮੀਦਵਾਰ ਬਣਾਇਆ ਹੈ। ਸੰਜੇ ਟੰਡਨ ਪੰਜਾਬ ਦੇ ਸਾਬਕਾ ਮੰਤਰੀ ਭਾਜਪਾ ਦੇ ਟਕਸਾਲੀ ਆਗੂ ਬਲਰਾਮ ਜੀ ਦਾਸ ਟੰਡਨ ਦਾ ਲੜਕਾ ਹੈ। ਜਾਣਕਾਰੀ ਅਨੁਸਾਰ ਭਾਜਪਾ ਸੰਸਦ ਮੈਂਬਰ ਕਿਰਨ ਖੇਰ ਇਸ ਵਾਰ ਵੀ ਆਸਵੰਦ ਸੀ ਕਿ ਉਸ ਨੂੰ ਉਮੀਦਵਾਰ ਬਣਾਇਆ ਜਾਏਗਾ ਪਰ ਉਸ ਦੀ ਉਮੀਦ ਪੂਰੀ ਨਾਂ ਹੋ ਸਕੀ। ਹਾਲਾਂਕਿ ਸੰਜੇ ਟੰਡਨ ਨੂੰ ਉਮੀਦਵਾਰ ਐਲਾਨਣ ਦਾ ਚੰਡੀਗੜ੍ਹ ਦੇ ਭਾਜਪਾ ਹਲਕਿਆਂ ’ਚ ਭਰਵਾਂ ਸੁਆਗਤ ਹੋਇਆ ਪਰ ਸੂਤਰ ਦੱਸਦੇ ਹਨ ਕਿ ਕਿਰਨ ਖੇਰ ਦੇ ਕੁੱਝ ਨਜ਼ਦੀਕੀ ਇਸ ਤਰਾਂ ਦੇ ਵਤੀਰੇ ਨੂੰ ਲੈਕੇ ਅੰਦਰੋ ਅੰਦਰੀ ਖਫਾ ਚੱਅ ਰਹੇ ਹਨ।
ਸੂਤਰਾਂ ਨੇ ਦੱਸਿਆ ਹੈ ਕਿ ਬਰੇਸ਼ੱਕ ਭਾਜਪਾ ਸਥਿਤੀ ਮਜਬੂਤ ਮੰਨਕੇ ਚੱਲ ਰਹੀ ਹੈ ਪਰ ਮੇਅਰ ਦੀ ਚੋਣ ਵੇਲੇ ਆਮ ਆਦਮੀ ਪਾਰਟੀ ਨੂੰ ਲਾਂਭੇ ਰੱਖਣ ਲਈ ਜੋ ਢੰਗ ਅਪਣਾਇਆ ਗਿਆ ਉਹ ਸਥਾਨਕ ਲੋਕਾਂ ਨੂੰ ਚੰਗਾ ਨਹੀਂ ਲੱਗਿਆ ਹੈ। ਭਾਜਪਾ ਦੇ ਇੱਕ ਸੀਨੀਅਰ ਆਗੂ ਨੇ ਮੰਨਿਆ ਕਿ 10 ਸਾਲ ਕੇਂਦਰ ’ਚ ਸੱਤਾ ਰਹਿਣ ਦੇ ਬਾਵਜੂਦ ਵਾਅਦੇ ਪੂਰੇ ਨਾਂ ਹੋਣ ਕਾਰਨ ਲੋਕਾਂ ’ਚ ਨਰਾਜ਼ਗੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕੁੱਝ ਆਗੂਆਂ ਦੇ ਨਰਾਜ਼ ਹੋਣ ਕਾਰਨ ਚੁਣੌਤੀਆਂ ਹਨ ਜਿੰਨ੍ਹਾਂ ਤੇ ਜਲਦੀ ਹੀ ਕਾਬੂ ਪਾ ਲਿਆ ਜਾਏਗਾ। ਰਾਹਤ ਵਾਲੀ ਗੱਲ ਇਹੋ ਹੈ ਕਿ ਜਿਹੜੀ ਕਾਂਗਰਸ 2014 ਅਤੇ 2019 ਦੀਆਂ ਲੋਕ ਸਭਾ ਚੋਣਾਂ ਮੌਕੇ ਕਿਰਨ ਖੇਰ ਦੇ ਬਾਹਰੀ ਹੋਣ ਦਾ ਢਿਡੋਰਾ ਪਿੱਟਕੇ ਵੋਟਾਂ ਮੰਗਦੀ ਰਹੀ ਸੀ ਐਤਕੀਂਂ ਉਸਦਾ ਉਮੀਦਵਾਰ ਮਨੀਸ਼ ਤਿਵਾੜੀ ਬਾਹਰੀ ਹੈ।
ਦਰਅਸਲ ਚੰਡੀਗੜ੍ਹ ਦਾ ਇਹ ਚੋਣ ਇਤਿਹਾਸ ਹੈ ਕਿ ਇੱਥੇ ਕੌਮੀ ਪਾਰਟੀਆਂ ਦੀ ਹਮੇਸ਼ਾ ਤੋਂ ਤੂਤੀ ਬੋਲਦੀ ਆ ਰਹੀ ਹੈ ਜਦੋਂ ਕਿ ਅਜਾਦ ਜਾਂ ਸਟੇਟ ਪੱਧਰ ਦੀਆਂ ਪਾਰਟੀਆਂ ਦੇ ਉਮੀਦਵਾਰ ਜਮਾਨਤਾਂ ਜਬਤ ਕਰਵਾਉਂਦੇ ਆ ਰਹੇ ਹਨ। ਇਸ ਵਾਰ ਵੀ ਮੁੱਖ ਮੁਕਾਬਲਾ ਭਾਜਪਾ ,ਕਾਂਗਰਸ ਅਤੇ ਆਮ ਆਦਮੀ ਪਾਰਟੀ ਵਿਚਕਾਰ ਹੀ ਮੰਨਿਆ ਜਾ ਰਿਹਾ ਹੈ ਜਦੋਂਕਿ ਅਕਾਲੀ ਦਲ ਨੇ ਅੱਜ ਆਪਣੇ ਪੱਤੇ ਖੋਹਲੇ ਹਨ । ਅਕਾਲੀ ਦਲ ਵੱਲੋਂ ਐਲਾਨਿਆ ਗਿਆ ਉਮੀਦਵਾਰ ਹਰਦੇਵ ਸੈਣੀ ਕਿਸ ਨੂੰ ਪ੍ਰਭਾਵਿਤ ਕਰੇਗਾ ਇਸ ਤੇ ਕਾਫੀ ਕੁੱਝ ਨਿਰਭਰ ਕਰਦਾ ਹੈ। ਉਂਜ ਬਹੁਜਨ ਸਮਾਜ ਪਾਰਟੀ ਦਾ ਵੀ ਹਲਕੇ ’ਚ ਅਧਾਰ ਹੈ ਜਿਸ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਕਿਉਂਕਿ ਭਾਜਪਾ 2009 ’ਚ ਇਹ ਮੁਲਾਂਕਣ ਕਰਨ ’ਚ ਅਸਫਲ ਰਹੀ ਅਤੇ ਮਾਰ ਖਾ ਗਈ ਸੀ।
ਚੰਡੀਗੜ੍ਹ ਦੇ ਚੋਣ ਇਤਿਹਾਸ ਤੇ ਨਜ਼ਰ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਸਾਲ 1957 ’ਚ ਜਨ ਸੰਘ ਦੇ ਉਮੀਦਵਾਰ ਸਿਰੀ ਚੰਦ ਗੋਇਲ ਨੇ ਜਿੱਤ ਹਾਸਲ ਕੀਤੀ ਸੀ। ਸਾਲ 1971 ’ਚ ਕਾਂਗਰਸ ਦੇ ਅਮਰਨਾਥ ਵਿੱਦਿਆ ਲੰਕਾਰ ਜੇਤੂ ਰਹੇ ਜਦੋਂਕਿ 1977 ’ਚ ਐਮਰਜੈਂਸੀ ਦੀ ਸਮਾਪਤੀ ਤੇ ਭਾਰਤੀ ਲੋਕ ਦਲ ਦਾ ਉਮੀਦਵਾਰ ਕ੍ਰਿਸ਼ਨ ਕਾਂਤ ਜੇਤੂ ਰਿਹਾ। ਸਾਲ 1980 ਅਤੇ 1984 ਦੀਆਂ ਲੋਕ ਸਭਾ ਚੋਣਾਂ ਦੌਰਾਨ ਕਾਂਗਰਸ ਦੇ ਜਗਨ ਨਾਥ ਕੌਸ਼ਲ ਲਗਾਤਾਰ ਦੋ ਵਾਰ ਜੇਤੂ ਰਹੇ। ਸਾਲ 1989 ’ਚ ਜਨਤਾ ਦਲ ਦੇ ਹਰਮੋਹਨ ਧਵਨ ਚੋਣ ਜਿੱਤੇ ਸਨ ਜਦੋਂਕਿ 1991 ’ਚ ਕਾਂਗਰਸ ਦੇ ਪਵਨ ਕੁਮਾਰ ਬਾਂਸਲ ਨੇ ਜਿੱਤ ਪ੍ਰਾਪਤ ਕੀਤੀ। ਸਾਲ 1996 ਅਤੇ 1998 ’ਚ ਭਾਜਪਾ ਦੇ ਸੱਤਪਾਲ ਜੈਨ ਲਗਾਤਾਰ ਦੋ ਵਾਰ ਚੰਡੀਗੜ੍ਹ ਤੋਂ ਮੈਂਬਰ ਪਾਰਲੀਮੈਂਟ ਬਣਨ ’ਚ ਸਫਲ ਰਹੇ।
ਸਾਲ 1999 ਦੀਆਂ ਲੋਕ ਸਭਾ ਚੋਣਾਂ ਦੌਰਾਨ ਸਖਤ ਮੁਕਾਬਲੇ ਦੌਰਾਨ ਕਾਂਗਰਸ ਦੇ ਪਵਨ ਕੁਮਾਰ ਬਾਂਸਲ ਨੇ ਭਾਜਪਾ ਦੇ ਸੱਤਪਾਲ ਜੈਨ ਤੋਂ ਮਸਾਂ 27 ਸੌ ਤੋਂ ਕੁੱਝ ਜਿਆਦਾ ਵੋਟਾਂ ਨਾਲ ਚੋਣ ਜਿੱਤੀ ਸੀ ਜਦੋਂਕਿ ਸਾਲ 2004 ਅਤੇ 2009 ਦੀਆਂ ਚੋਣਾਂ ਮੌਕੇ ਇੱਕ ਵਾਰ ਫਿਰ ਪਵਨ ਬਾਂਸਲ ਆਪਣੀ ਜਿੱਤ ਦਾ ਝੰਡਾ ਲਹਿਰਾਉਣ ਅਤੇ ਹੈਟਰਿਕ ਬਨਾਉਣ ’ਚ ਸਫਲ ਰਹੇ ਸਨ। ਕਾਂਗਰਸ ਦੀਆਂ ਲਗਾਤਾਰ ਤਿੰਨ ਜਿੱਤਾਂ ਤੋਂ ਬਾਅਦ ਭਾਜਪਾ ਨੇ ਸਾਲ 2014 ’ਚ ਚੰਡੀਗੜ੍ਹ ਹਲਕੇ ਨੂੰ ਆਪਣੇ ਸਿਆਸੀ ਵਕਾਰ ਦਾ ਸਵਾਲ ਬਣਾ ਲਿਆ ਅਤੇ ਬਾਲੀਵੁੱਡ ਦੀ ਨਾਮਵਾਰ ਅਭਿਨੇਤਾ ਅਨੁਪਮ ਖੇਰ ਦੀ ਪਤਨੀ ਤੇ ਪ੍ਰਸਿੱਧ ਅਦਾਕਾਰਾ ਕਿਰਨ ਖੇਰ ਨੂੰ ਉਮੀਦਵਾਰ ਐਲਾਨ ਦਿੱਤਾ । ਕਿਰਨ ਖੇਰ ਆਪਣੇ ਸਟਾਰਡਮ ਅਤੇ ਕੇਂਦਰ ਸ਼ਾਸ਼ਤ ਪ੍ਰਦੇਸ਼ ਵਿੱਚ ਵਗੀ ਬਦਲਾਅ ਦੀ ਲਹਿਰ ਕਾਰਨ ਪਵਨ ਬਾਂਸਲ ਨੂੰ ਕਰੀਬ 70 ਹਜ਼ਾਰ ਵੋਟਾਂ ਨਾਲ ਹਰਾਉਣ ’ਚ ਸਫਲ ਰਹੀ।
ਵਿਸ਼ੇਸ਼ ਤੱਥ ਇਹ ਵੀ ਹੈ ਕਿ ਸਾਲ 2014 ’ਚ ਪਹਿਲੀ ਵਾਰ ਆਮ ਆਦਮੀ ਪਾਰਟੀ ਨੇ ਫਿਲਮੀ ਹੀਰੋਇਨ ਗੁਲ ਪਨਾਗ ਨੂੰ ਮੈਦਾਨ ’ਚ ਉਤਾਰਿਆ ਜੋ ਇੱਕ ਲੱਖ ਤੋਂ ਵੱਧ ਵੋਟਾਂ ਲੈਕੇ ਤੀਸਰੇ ਸਥਾਨ ਤੇ ਰਹੀ । ਸਾਲ 2019 ਮੌਕੇ ਭਾਜਪਾ ਨੇ ਇੱਕ ਵਾਰ ਫਿਰ ਤੋਂ ਕਿਰਨ ਖੇਰ ਤੇ ਦਾਅ ਖੇਡਿ੍ਹਆ ਜਿੰਨ੍ਹਾਂ ਪਵਨ ਬਾਂਸਲ ਨੂੰ ਫਿਰ ਤੋਂ ਹਰਾ ਦਿੱਤਾ। ਕੁੱਝ ਚੰਡੀਗੜ੍ਹ ਵਾਸੀਆਂ ਨੇ ਦੱਸਿਆ ਕਿ ਕਿਰਨ ਖੇਰ ਲੋਕਾਂ ਨਾਲ ਰਾਬਤਾ ਨਹੀਂ ਰੱਖ ਸਕੀ ਜਦੋਂਕਿ ਮੇਅਰ ਦੀ ਚੋਣ ਨੇ ਬਲਦੀ ਤੇ ਤੇਲ ਪਾਇਆ ਅਤੇ ਬਾਜੀ ਸੰਜੇ ਟੰਡਨ ਮਾਰ ਗਏ। ਚੰਡੀਗੜ੍ਹ ਭਾਜਪਾ ਦੇ ਸੀਨੀਅਰ ਆਗੂ ਵਿਨੀਤ ਜੋਸ਼ੀ ਦਾ ਕਹਿਣਾ ਸੀ ਕਿ ਕਿਰਨ ਖੇਰ ਦੇ ਪੱਲੇ ਕੁੱਝ ਵੀ ਨਹੀਂ ਹੈ। ਉਨ੍ਹਾਂ ਕਿਹਾ ਕਿ ਸਮੂਹ ਲੀਡਰਸ਼ਿਪ ਇੱਕਜੁਟਤਾ ਨਾਲ ਕੰਮ ਕਰ ਰਹੀ ਹੈ ਅਤੇ ਭਾਜਪਾ ਜਿੱਤ ਪ੍ਰਾਪਤ ਕਰੇਗੀ।