ਗੁਆਂਢੀ ਸੂਬਿਆਂ ਲਈ ਵੀ ਵੋਟਰ ਜਾਗਰੂਕਤਾ ਹੱਬ ਬਣਿਆ ਹੁਸ਼ਿਆਰਪੁਰ ਬੱਸ ਸਟੈਂਡ
-ਹੁਸ਼ਿਆਰਪੁਰ ਬੱਸ ਸਟੈਂਡ ਤੋਂ ਗੁਆਂਢੀ ਸੂਬਿਆਂ ਦੇ ਵੋਟਰ ਵੀ ਲੈ ਰਹੇ ਹਨ ਵੋਟਰ ਜਾਗਰੂਕਤਾ ਦਾ ਸੰਦੇਸ਼
-ਹੁਸ਼ਿਆਰਪੁਰ ਰੋਡਵੇਜ਼ ਦੀ ਬੱਸ ਟਿਕਟ ’ਤੇ ਵੀ ਵੋਟਰ ਜਾਗਰੂਕਤਾ ਦਾ ਸੰਦੇਸ਼ ਕੀਤਾ ਗਿਆ ਪ੍ਰਕਾਸ਼ਿਤ
-ਬੱਸ ਸਟੈਂਡ ਤੋਂ ਰੋਜ਼ਾਨਾ 1100 ਬੱਸਾਂ ਰਾਹੀਂ ਕਰੀਬ 60 ਹਜ਼ਾਰ ਯਾਤਰੀ ਕਰਦੇ ਹਨ ਅੱਪ-ਡਾਊਨ
-ਬੱਸ ਸਟੈਂਡ ਦੀਆਂ ਦੀਵਾਰਾਂ ਤੇ ਕਾਊਂਟਰਾਂ ’ਤੇ ਵੀ ਵੋਟਰ ਜਾਗਰੂਕਤਾ ਦੇ ਫਲੈਕਸ ਲਗਾ ਕੇ ਸਵਾਰੀਆਂ ਅਤੇ ਬੱਸ ਚਾਲਕਾਂ ਨੂੰ ਕੀਤਾ ਜਾ ਰਿਹਾ ਹੈ ਜਾਗਰੂਕ
-ਹੁਸ਼ਿਆਰਪੁਰ ਬੱਸ ਸਟੈਂਡ ਤੋਂ ਪੰਜਾਬ ਤੋਂ ਇਲਾਵਾ ਹਰਿਆਣਾ, ਜੰਮੂ, ਉਤਰਾਖੰਡ, ਦਿੱਲੀ, ਹਿਮਾਚਲ ਪ੍ਰਦੇਸ਼, ਰਾਜਸਥਾਨ ਆਦਿ ਸੂਬਿਆਂ ਦੀਆਂ ਸਵਾਰੀਆਂ ਕਰਦੀਆਂ ਹਨ ਰੋਜ਼ਾਨਾ ਸਫਰ
ਹੁਸ਼ਿਆਰਪੁਰ, 26 ਅਪ੍ਰੈਲ 2024 - ਹੁਸ਼ਿਆਰਪੁਰ ਬੱਸ ਸਟੈਂਡ ਤੋਂ ਨਾ ਸਿਰਫ ਪੰਜਾਬ ਬਲਕਿ ਗੁਆਂਢੀ ਸੂਬਿਆਂ ਦੇ ਵੋਟਰਾਂ ਨੂੰ ਵੀ ਲੋਕ ਸਭਾ ਚੋਣਾਂ 2024 ਵਿਚ ਵੋਟਾਂ ਪ੍ਰਤੀ ਜਾਗਰੂਕ ਕਰ ਰਿਹਾ ਹੈ ਅਤੇ ਇਹ ਸੰਭਵ ਹੋ ਪਾਇਆ ਹੈ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਕੋਮਲ ਮਿੱਤਲ ਦੀ ਦੂਰਦਰਸ਼ੀ ਸੋਚ ਸਦਕਾ ਲੋਕ ਸਭਾ ਚੋਣਾਂ 2024 ਲਈ 1 ਜੂਨ ਨੂੰ ਹੋਣ ਵਾਲੀਆਂ ਵੋਟਾਂ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲਗਾਤਾਰ ਸਵੀਪ ਰਾਹੀਂ ਜਾਗਰੂਕਤਾ ਗਤੀਵਿਧੀਆਂ ਚਲਾਈਆਂ ਜਾ ਰਹੀਆਂ ਹਨ, ਤਾਂ ਜੋ ਜ਼ਿਲ੍ਹੇ ਵਿਚ 70 ਫੀਸਦੀ ਤੋਂ ਵੱਧ ਟੀਚੇ ਨੂੰ ਹਾਸਲ ਕੀਤਾ ਜਾ ਸਕੇ। ਇਸੇ ਲੜੀ ਵਿਚ ਜ਼ਿਲ੍ਹੇ ਦੇ ਸਭ ਤੋਂ ਚਹਿਲ-ਪਹਿਲ ਵਾਲੇ ਇਲਾਕੇ ਬੱਸ ਸਟੈਂਡ ਹੁਸ਼ਿਆਰਪੁਰ ਵਿਚ ਵੋਟਰ ਜਾਗਰੂਕਤਾ ਫਲੈਕਸਾਂ ਰਾਹੀਂ ਸਿਰਫ ਸਵਾਰੀਆਂ ਨੂੰ ਹੀ ਨਹੀਂ, ਬਲਕਿ ਰੋਡਵੇਜ਼ ਡੀਪੂ ਅਤੇ ਪ੍ਰਾਈਵੇਟ ਬੱਸਾਂ ਦੇ ਸਟਾਫ ਨੂੰ ਵੀ ਜਾਗਰੂਕ ਕੀਤਾ ਜਾ ਰਿਹਾ ਹੈ। ਬੱਸ ਸਟੈਂਡ ਦੀਆਂ ਦੀਵਾਰਾਂ ਅਤੇ ਕਾਊਂਟਰਾਂ ’ਤੇ ਲੱਗੇ ਵੋਟਰ ਜਾਗਰੂਕਤਾ ਫਲੈਕਸ ਸਾਰਿਆਂ ਨੂੰ ਆਪਣੇ ਵੱਲ ਖਿੱਚ ਰਹੇ ਹਨ। ਹੁਸ਼ਿਆਰਪੁਰ ਰੋਡਵੇਜ਼ ਦੀਆਂ ਬੱਸਾਂ ਵਿਚ ਟਿਕਟਾਂ ’ਤੇ ਵੀ ਵੋਟਰ ਜਾਗਰੂਕਤਾ ਸਬੰਧੀ ਸੰਦੇਸ਼ ਲਿਖੇ ਗਏ ਹਨ, ਤਾਂ ਜੋ ਬੱਸ ਟਿਕਟਾਂ ਰਾਹੀਂ ਵੀ ਯੋਗ ਵੋਟਰਾਂ ਨੂੰ ਵੋਟਾਂ ਪ੍ਰਤੀ ਜਾਗਰੂਕ ਕੀਤਾ ਜਾ ਸਕੇ।
ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਕਿਹਾ ਕਿ ਜ਼ਿਲ੍ਹੇ ਵਿਚ ਵੱਖ-ਵੱਖ ਥਾਵਾਂ ’ਤੇ ਵੋਟਰ ਜਾਗਰੂਕਤਾ ਗਤੀਵਿਧੀਆ ਕਰਵਾਈਆਂ ਜਾ ਰਹੀਆਂ ਹਨ ਅਤੇ ਲੋਕਾਂ ਦਾ ਇਨ੍ਹਾਂ ਗਤੀਵਿਧੀਆਂ ਵਿਚ ਭਰਪੂਰ ਸਾਥ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਬੱਸ ਸਟੈਂਡ ’ਤੇ ਜੀ.ਐਮ ਰੋਡਵੇਜ਼ ਵੱਲੋਂ ਵੋਟਰ ਜਾਗਰੂਕਤਾ ਲਈ ਕੀਤਾ ਗਿਆ ਕੰਮ ਸ਼ਲਾਘਾਯੋਗ ਹੈ, ਜਿਸ ਨਾਲ ਰੋਜ਼ਾਨਾ ਪੰਜਾਬ ਤੋਂ ਇਲਾਵਾ ਹੋਰ ਸੂਬਿਆਂ ਦੀਆਂ ਹਜ਼ਾਰਾਂ ਸਵਾਰੀਆਂ ਵੋਟਾਂ ਪ੍ਰਤੀ ਜਾਗਰੂਕ ਹੋਣਗੀਆਂ।
ਜੀ.ਐਮ ਰੋਡਵੇਜ਼ ਹੁਸ਼ਿਆਰਪੁਰ ਡੀਪੂ ਜਸਵੀਰ ਸਿੰਘ ਕੋਟਲਾ ਨੇ ਦੱਸਿਆ ਕਿ ਬੱਸ ਸਟੈਂਡ ’ਤੇ ਸਵੀਪ ਗਤੀਵਿਧੀ ਰਾਹੀਂ ਲਗਾਤਾਰ ਸਵਾਰੀਆਂ ਅਤੇ ਸਟਾਫ ਨੂੰ ਵੋਟਾਂ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ। ਡਿਪਟੀ ਕਮਿਸ਼ਨਰ ਦੇ ਨਿਰਦੇਸ਼ਾਂ ’ਤੇ ਬੱਸ ਸਟੈਂਡ ਦੀਆਂ ਦੀਵਾਰਾਂ ਅਤੇ ਕਾਊਂਟਰਾਂ ’ਤੇ ਰੰਗੀਨ ਜਾਗਰੂਕਤਾ ਫਲੈਕਸ ਲਗਾਏ ਗਏ ਹਨ, ਜਿਸ ਵਿਚ ਸਾਰੇ ਵਰਗਾਂ ਨੂੰ ਵੋਟ ਦੇ ਲਈ ਜਾਗਰੂਕਤਾ ਦਾ ਸੰਦੇਸ਼ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਵੋਟਰ ਹੈਲਪਲਾਈਨ ਐਪ, ਸੀ-ਵਿਜ਼ਲ ਅਤੇ 1950 ਹੈਲਪਲਾਈਨ ਨੰਬਰ ਸਬੰਧੀ ਵੀ ਜਾਗਰੂਕਤਾ ਫੈਲਾਈ ਗਈ ਹੈ। ਹੁਸ਼ਿਆਰਪੁਰ ਰੋਡਵੇਜ਼ ਦੀਆਂ ਟਿਕਟਾਂ ’ਤੇ ਵੋਟਰ ਜਾਗਰੂਕਤਾ ਸੰਦੇਸ਼ ਵੀ ਦਰਸਾਇਆ ਗਿਆ ਹੈ।
ਜਸਵੀਰ ਸਿੰਘ ਕੋਟਲਾ ਨੇ ਦੱਸਿਆ ਕਿ ਹੁਸ਼ਿਆਰਪੁਰ ਬੱਸ ਸਟੈਂਡ ਤੋਂ ਰੋਜ਼ਾਨਾ 1100 ਬੱਸਾਂ ’ਤੇ ਕਰੀਬ 60 ਹਜ਼ਾਰ ਸਵਾਰੀਆਂ ਸੂਬੇ ਦੇ ਵੱਖ-ਵੱਖ ਜ਼ਿਲਿ੍ਹਆਂ ਤੋਂ ਇਲਾਵਾ ਹਰਿਆਣਾ, ਜੰਮੂ-ਕਸ਼ਮੀਰ, ਉਤਰਾਖੰਡ, ਦਿੱਲੀ, ਹਿਮਾਚਲ ਪ੍ਰਦੇਸ਼, ਰਾਜਸਥਾਨ ਆਦਿ ਸੂਬਿਆਂ ਦੇ ਲਈ ਸਫਰ ਕਰਦੀਆਂ ਹਨ। ਇਸ ਲਈ ਵੋਟਰ ਜਾਗਰੂਕਤਾ ਦਾ ਸੰਦੇਸ਼ ਪੰਜਾਬ ਦੇ ਨਾਲ-ਨਾਲ ਗੁਆਂਢੀ ਸੂਬਿਆਂ ਦੇ ਵੋਟਰਾਂ ਨੂੰ ਵੀ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਦਾ ਸਿਹਰਾ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਦੀ ਦੂਰਅੰਦੇਸ਼ੀ ਸੋਚ ਨੂੰ ਜਾਂਦਾ ਹੈ, ਜਿਨ੍ਹਾਂ ਦੀ ਅਗਵਾਈ ਵਿਚ ਪੂਰੇ ਜ਼ਿਲ੍ਹੇ ਵਿਚ ਵੱਡੇ ਪੱਧਰ ’ਤੇ ਵੋਟਰ ਜਾਗਰੂਕਤਾ ਦਾ ਸੰਦੇਸ਼ ਫੈਲਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ 2 ਮਈ ਨੂੰ ਬੱਸ ਸਟੈਂਡ ਹੁਸ਼ਿਆਰਪੁਰ ਵਿਚ ਵੋਟਰ ਜਾਗਰੂਕਤਾ ਅਤੇ ਮਨੁੱਖਤਾ ਦੀ ਸੇਵਾ ਦੇ ਮੱਦੇਨਜ਼ਰ ਖੂਨਦਾਨ ਕੈਂਪ ਵੀ ਲਗਾਇਆ ਜਾ ਰਿਹਾ ਹੈ, ਜਿਸ ਵਿਚ ਰੋਡਵੇਜ਼, ਪ੍ਰਾਈਵੇਟ ਬੱਸਾਂ ਦੇ ਸਟਾਫ ਤੋਂ ਇਲਾਵਾ ਯਾਤਰੀ ਵੀ ਖੂਨਦਾਨ ਕਰਨਗੇ। ਉਨ੍ਹਾਂ ਦੱਸਿਆ ਕਿ ਭਵਿੱਖ ਵਿਚ ਵੀ ਰੋਡਵੇਜ਼ ਡੀਪੂ ਹੁਸ਼ਿਆਰਪੁਰ ਵੋਟਰ ਜਾਗਰੂਕਤਾ ਸਬੰਧੀ ਗਤੀਵਿਧੀਆ ਕਰਵਾਉਂਦਾ ਰਹੇਗਾ।