ਪਹਿਲੀ ਵਾਰ ਸੂਬੇ 'ਚ ਪੰਜਾਬ ਦੇ ਲੋਕਾਂ ਦੀ ਆਪਣੀ ਸਰਕਾਰ ਹੈ, ਪਹਿਲੇ ਤਾਂ ਰਾਜੇ ਤੇ ਰਜਵਾੜੇ ਸੀ, ਜਿਹੜੇ ਆਮ ਲੋਕਾਂ ਨੂੰ ਮਲੰਗ ਅਤੇ ਮੈਟੀਰੀਅਲ ਦੱਸਦੇ ਹਨ: ਭਗਵੰਤ ਮਾਨ
- ਭਗਵੰਤ ਮਾਨ ਨੇ ਖਡੂਰ ਸਾਹਿਬ ਵਿਚ 'ਆਪ' ਉਮੀਦਵਾਰ ਲਈ ਪ੍ਰਚਾਰ ਕਰਦਿਆਂ ਪੱਟੀ ਵਿਖੇ ਕੀਤਾ ਵੱਡੀ ਜਨਸਭਾ ਨੂੰ ਸੰਬੋਧਿਤ
- 2024 ਵਿੱਚ ਪੰਜਾਬ ਬਣੇਗਾ ਹੀਰੋ, ਆਮ ਆਦਮੀ ਪਾਰਟੀ ਦੇ ਹੱਕ ਵਿੱਚ 13-0: ਮਾਨ
- ਧਨਾਢ ਰਾਜਨੇਤਾ ਸੋਚਦੇ ਹਨ ਕਿ ਸਾਡੀਆਂ ਵੋਟਾਂ ਵਿਕਾਊ ਹਨ, ਇਹ ਆਉਣਗੇ 2-3,000 ਪ੍ਰਤੀ ਵੋਟ ਖ਼ਰੀਦ ਲੈਣਗੇ, ਪਰ ਅਸੀਂ ਇਨ੍ਹਾਂ ਨੂੰ ਅਤੇ ਇਸ ਸੋਚ ਨੂੰ ਹਰਾਉਣਾ ਹੈ, ਅਸੀਂ ਆਪਣੇ ਬੱਚਿਆਂ ਦੇ ਭਵਿੱਖ ਲਈ ਵੋਟਾਂ ਪਾਉਣੀਆਂ ਹਨ: ਭਗਵੰਤ ਮਾਨ
- ਮਾਨ ਦਾ ਮੋਦੀ ਤੋਂ ਬਾਦਲਾਂ ਤੱਕ ਹਰ ਵਿਰੋਧੀ 'ਤੇ ਹਮਲਾ, ਕਿਹਾ ਮੈਂ ਆਪਣੇ ਲੋਕਾਂ ਦੇ ਹੱਕਾਂ ਲਈ ਲੜਦਾ ਰਹਾਂਗਾ
ਚੰਡੀਗੜ੍ਹ/ਤਰਨਤਾਰਨ, 26 ਅਪ੍ਰੈਲ 2024 - ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੁੱਕਰਵਾਰ ਨੂੰ ਪੱਟੀ, ਤਰਨਤਾਰਨ ਵਿੱਚ ਖਡੂਰ ਸਾਹਿਬ ਤੋਂ ਲੋਕ ਸਭਾ ਉਮੀਦਵਾਰ ਲਾਲ ਜੀਤ ਸਿੰਘ ਭੁੱਲਰ ਲਈ ਚੋਣ ਪ੍ਰਚਾਰ ਕੀਤਾ। ਉਨ੍ਹਾਂ ਨਰਿੰਦਰ ਮੋਦੀ, ਬਾਦਲ, ਕੈਪਟਨ ਅਤੇ ਜਾਖੜ ਸਮੇਤ ਸਾਰੇ ਵਿਰੋਧੀ ਆਗੂਆਂ 'ਤੇ ਹਮਲਾ ਬੋਲਿਆ।
ਪੱਟੀ ਵਿਖੇ ਲੋਕਾਂ ਦੇ ਵੱਡੀ ਜਨਸਭਾ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪਹਿਲੀ ਵਾਰ ਪੰਜਾਬ ਵਿੱਚ ਲੋਕਾਂ ਦੀ ਆਪਣੀ ਸਰਕਾਰ ਹੈ। ਪਹਿਲਾਂ ਸਿਰਫ਼ ‘ਰਾਜੇ ਤੇ ਰਜਵਾੜੇ’ ਹੁੰਦੇ ਸਨ। ਮਾਨ ਨੇ ਕੈਪਟਨ ਨੂੰ ਰਾਜਾ ਅਤੇ ਬਾਦਲਾਂ ਨੂੰ ਰਜਵਾੜੇ ਦੱਸਦੇ ਹੋਏ ਕਿਹਾ ਕਿ ਉਨ੍ਹਾਂ ਨੇ ਪੰਜਾਬ ਨੂੰ ਲੁੱਟਿਆ, ਦੌਲਤ-ਸੰਪਤੀ ਇਕੱਠੀ ਕੀਤੀ ਅਤੇ ਹੁਣ ਉਹ ਆਮ ਲੋਕਾਂ ਨੂੰ 'ਮਲੰਗ' ਅਤੇ 'ਮਟੀਰੀਅਲ' ਕਹਿੰਦੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਨੇ ਪੰਜਾਬ ਅਤੇ ਉਸ ਦੇ ਲੋਕਾਂ ਨੂੰ ਲੁੱਟ ਕੇ ਆਪਣੇ ਖ਼ਾਨਦਾਨ (ਰਾਜਵੰਸ਼) ਬਣਾਏ, ਜਿਸ ਕਰਕੇ ਪੰਜਾਬ ਦੇ ਲੋਕਾਂ ਨੇ ਉਨ੍ਹਾਂ ਨੂੰ ਸੱਤਾ ਤੋਂ ਬਾਹਰ ਕਰ ਦਿੱਤਾ ਹੈ ਅਤੇ ਹੁਣ ਉਹ ਲੋਕਾਂ ਤੋਂ ਮੌਕਾ ਮੰਗ ਰਹੇ ਹਨ।
ਉਨ੍ਹਾਂ ਕਿਹਾ ਕਿ 2024 ਵਿੱਚ ਪੰਜਾਬ ਹੀਰੋ ਬਣੇਗਾ ਅਤੇ ਇੱਕ ਮਿਸਾਲ ਕਾਇਮ ਕਰੇਗਾ, ਕਿਉਂਕਿ ‘ਆਪ’ ਦੇ ਸਾਰੇ 13 ਉਮੀਦਵਾਰ ਜਿੱਤ ਕੇ ਪਾਰਲੀਮੈਂਟ ਵਿੱਚ ਸੂਬੇ ਦੀ ਨੁਮਾਇੰਦਗੀ ਕਰਨਗੇ। ਉਨ੍ਹਾਂ ਕਿਹਾ ਕਿ ਰਵਾਇਤੀ ਪਾਰਟੀਆਂ ਨੇ ਸਾਡਾ ਬਚਪਨ ਬਰਬਾਦ ਕੀਤਾ, ਸਾਡੀ ਜਵਾਨੀ ਬਰਬਾਦ ਕੀਤੀ ਅਤੇ ਬਜ਼ੁਰਗਾਂ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ। ਉਹ ਸਾਡੇ ਬੱਚਿਆਂ ਅਤੇ ਸਾਡੀਆਂ ਅਗਲੀਆਂ ਪੀੜ੍ਹੀਆਂ ਦਾ ਭਵਿੱਖ ਬਰਬਾਦ ਕਰਨ ਲਈ ਵੀ ਤਿਆਰ ਬੈਠੇ ਹਨ। ਪਰ ਅਸੀਂ ਉਨ੍ਹਾਂ ਦੇ ਖ਼ਿਲਾਫ਼ ਵੋਟ ਪਾਉਣ ਜਾ ਰਹੇ ਹਾਂ। ਉਨ੍ਹਾਂ ਕਿਹਾ ਕਿ ਸਮਾਂ ਬਦਲ ਗਿਆ ਹੈ, ਕੋਈ ਸਮਾਂ ਸੀ ਜਦੋਂ ਉਹ ਚੋਣਾਂ ਵੇਲੇ ਹੱਥ ਜੋੜ ਕੇ ਤੁਹਾਡੇ ਕੋਲ ਆਉਂਦੇ ਸਨ ਅਤੇ ਫਿਰ ਪੰਜ ਸਾਲ ਆਪਣੀ ਐਸ਼ੋ-ਆਰਾਮ ਦੀ ਜ਼ਿੰਦਗੀ ਜਿਊਣ ਲਈ ਤੁਹਾਨੂੰ ਤਿਆਗ ਦਿੰਦੇ ਸਨ। ਪਰ ਹੁਣ ਤਬਦੀਲੀ ਆ ਗਈ ਹੈ, ਨਵੀਂ ਕਿਸਮ ਦੀ ਰਾਜਨੀਤੀ ਨੇ ਜਨਮ ਲੈ ਲਿਆ ਹੈ। ਉਹ ਸੋਚਦੇ ਹਨ ਕਿ ਤੁਹਾਡੀਆਂ ਵੋਟਾਂ ਵਿਕਣ ਲਈ ਹਨ, ਉਹ ਆਖ਼ਰੀ ਸਮੇਂ 'ਤੇ ਤੁਹਾਡੇ ਕੋਲ ਆਉਣਗੇ, ਤੁਹਾਡੀ ਵੋਟ ਲਈ ਹਜ਼ਾਰਾਂ ਰੁਪਏ ਦੀ ਪੇਸ਼ਕਸ਼ ਕਰਨਗੇ ਅਤੇ ਜਿੱਤਣਗੇ। ਪਰ ਸਾਨੂੰ ਇਨ੍ਹਾਂ ਵਿਰੁੱਧ ਇੱਕਜੁੱਟ ਹੋਣਾ ਪਵੇਗਾ। ਅਸੀਂ ਉਨ੍ਹਾਂ ਨੂੰ ਅਤੇ ਉਨ੍ਹਾਂ ਦੀ ਨੀਵੀਂ ਸੋਚ ਨੂੰ ਹਰਾਉਣਾ ਹੈ।
ਭਗਵੰਤ ਮਾਨ ਨੇ ਪੀਐਮ ਮੋਦੀ 'ਤੇ ਹਮਲਾ ਬੋਲਦਿਆਂ ਕਿਹਾ ਕਿ ਅਰਵਿੰਦ ਕੇਜਰੀਵਾਲ ਨੂੰ ਗ੍ਰਿਫਤਾਰ ਕਰਨ ਦਾ ਉਨ੍ਹਾਂ ਦਾ ਫੈਸਲਾ 'ਵਿਨਾਸ਼ ਕਾਲੇ ਵਿਪ੍ਰਿਤ ਬੁੱਧੀ' ਸਾਬਤ ਕਰਦਾ ਹੈ। ਉਨ੍ਹਾਂ ਕਿਹਾ ਕਿ ਉਹ (ਭਾਜਪਾ) ‘ਆਪ’ ਅਤੇ ਅਰਵਿੰਦ ਕੇਜਰੀਵਾਲ ਤੋਂ ਡਰੇ ਹੋਏ ਹਨ। ਉਹ ਸੋਚਦੇ ਹਨ ਕਿ ਅਰਵਿੰਦ ਕੇਜਰੀਵਾਲ ਨੂੰ ਗ੍ਰਿਫਤਾਰ ਕਰਕੇ ਉਹ ਆਮ ਆਦਮੀ ਪਾਰਟੀ ਨੂੰ ਰੋਕ ਲੈਣਗੇ, ਪਰ ਉਹ ਗਲਤ ਹਨ। ਉਹ ਅਰਵਿੰਦ ਕੇਜਰੀਵਾਲ ਦੀ ਸਰੀਰ ਨੂੰ ਹੀ ਗ੍ਰਿਫਤਾਰ ਕਰ ਸਕਦੇ ਹਨ, ਪਰ ਉਹ ਉਨ੍ਹਾਂ ਦੀ ਸੋਚ ਨੂੰ ਕਦੇ ਵੀ ਗ੍ਰਿਫਤਾਰ ਨਹੀਂ ਕਰ ਸਕਦੇ। ਇਸ ਲਈ ਉਹ ਉਨ੍ਹਾਂ ਨੂੰ ਜਾਂ ਉਨ੍ਹਾਂ ਦੀ ਪਾਰਟੀ ਨੂੰ ਕਦੇ ਨਹੀਂ ਰੋਕ ਸਕਦੇ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਅਤੇ ਉਨ੍ਹਾਂ ਦੀ ਪਤਨੀ ਦੋਵੇਂ ਇਨਕਮ ਟੈਕਸ ਕਮਿਸ਼ਨਰ ਸਨ, ਪਰ ਉਹ ਲੋਕਾਂ ਦੀ ਸੇਵਾ ਕਰਨਾ ਚਾਹੁੰਦੇ ਸਨ ਅਤੇ ਸਿਸਟਮ ਵਿੱਚੋਂ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨਾ ਚਾਹੁੰਦੇ ਸਨ। ਇਸ ਲਈ, ਅਰਵਿੰਦ ਕੇਜਰੀਵਾਲ ਭ੍ਰਿਸ਼ਟਾਚਾਰ ਵਿਰੋਧੀ ਅੰਦੋਲਨ ਵਿੱਚ ਸ਼ਾਮਲ ਹੋਏ ਅਤੇ ਬਾਅਦ ਵਿੱਚ ਆਮ ਆਦਮੀ ਪਾਰਟੀ ਦੀ ਸਥਾਪਨਾ ਕੀਤੀ। ਉਨ੍ਹਾਂ ਕਿਹਾ ਕਿ ਅਸੀਂ ਇੱਕ ਅੰਦੋਲਨ ਤੋਂ ਨਿਕਲ ਕੇ ਆਏ ਹਾਂ, ਅਸੀਂ ਜੇਲ੍ਹਾਂ ਜਾਣ ਤੋਂ ਨਹੀਂ ਡਰਦੇ।
ਭਗਵੰਤ ਮਾਨ ਨੇ ਕਿਹਾ ਕਿ ਇਹ ਚੋਣਾਂ ਬਹੁਤ ਅਹਿਮ ਹਨ। ਸਾਨੂੰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਬਹੁਤ ਸਾਵਧਾਨੀ ਅਤੇ ਇਮਾਨਦਾਰੀ ਨਾਲ ਕਰਨੀ ਚਾਹੀਦੀ ਹੈ, ਅਸੀਂ ਆਪਣੇ ਸੰਵਿਧਾਨ ਅਤੇ ਆਪਣੇ ਲੋਕਤੰਤਰ ਨੂੰ ਬਚਾਉਣ ਲਈ ਲੜ ਰਹੇ ਹਾਂ। ਕਿਉਂਕਿ ਜੇਕਰ ਇਸ ਵਾਰ ਨਫ਼ਰਤ ਫੈਲਾਉਣ ਵਾਲੇ ਜਿੱਤ ਗਏ ਤਾਂ ਉਹ ਸਾਡੇ ਲੋਕਤੰਤਰ ਨੂੰ ਖ਼ਤਮ ਕਰ ਦੇਣਗੇ, ਫੇਰ ਮੁੜ ਚੋਣਾਂ ਨਹੀਂ ਹੋਣਗੀਆਂ। ਮਾਨ ਨੇ ਕਿਹਾ ਕਿ ਅਸੀਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਪਿੰਡ ਜਾ ਕੇ ਸਹੁੰ ਚੁੱਕੀ ਸੀ, ਭਗਤ ਸਿੰਘ ਨੂੰ ਕਦੇ ਇਸ ਗੱਲ ਦੀ ਚਿੰਤਾ ਨਹੀਂ ਸੀ ਕਿ ਸਾਨੂੰ ਆਜ਼ਾਦੀ ਮਿਲੇਗੀ ਜਾਂ ਨਹੀਂ, ਉਹ ਜਾਣਦੇ ਸਨ ਕਿ ਸਾਨੂੰ ਆਜ਼ਾਦੀ ਮਿਲੇਗੀ,ਪਰ ਉਨ੍ਹਾਂ ਨੂੰ ਇਸ ਗੱਲ ਦੀ ਜ਼ਿਆਦਾ ਚਿੰਤਾ ਸੀ ਕਿ ਆਜ਼ਾਦੀ ਤੋਂ ਬਾਅਦ ਇਸ ਦੇਸ਼ ਨੂੰ ਕੌਣ ਚਲਾਏਗਾ, ਉਨ੍ਹਾਂ ਦੀਆਂ ਚਿੰਤਾਵਾਂ ਸਹੀ ਸਨ, ਦੇਖੋ ਕਿਵੇਂ 70-75 ਸਾਲਾਂ ਤੋਂ ਉਨ੍ਹਾਂ ਨੇ ਸਾਨੂੰ ਲੁੱਟਿਆ, ਅੱਜ ਵੀ ਲੋਕ ਬੁਨਿਆਦੀ ਸਹੂਲਤਾਂ ਤੋਂ ਦੂਰ ਹਨ ਅਤੇ ਸਾਡੇ ਕੋਲ ਅਜੇ ਵੀ ਮਜ਼ਬੂਤ ਬੁਨਿਆਦੀ ਢਾਂਚਾ ਨਹੀਂ ਹੈ। ਅਸੀਂ ਹੁਣ ਇਸ ਲੁੱਟ ਨੂੰ ਖ਼ਤਮ ਕਰਨਾ ਹੈ। ਉਨ੍ਹਾਂ ਕਿਹਾ ਕਿ ਉਹ ਬਿਨਾਂ ਕਿਸੇ ਰਿਸ਼ਵਤ ਜਾਂ ਸਿਫ਼ਾਰਸ਼ ਤੋਂ 43 ਹਜ਼ਾਰ ਨੌਕਰੀਆਂ ਦੇਣ ਤੋਂ ਬਾਅਦ ਅੱਜ ਇੱਥੇ ਖੜ੍ਹੇ ਹਨ। ਜੇਕਰ ਇਹ ਹੁਣ ਸੰਭਵ ਹੈ ਤਾਂ ਉਸ ਸਮੇਂ ਵੀ ਸੰਭਵ ਸੀ, ਪਰ ਰਵਾਇਤੀ ਸਿਆਸਤਦਾਨਾਂ ਵਿੱਚ ਆਮ ਲੋਕਾਂ ਲਈ ਕੁਝ ਵੀ ਕਰਨ ਦੇ ਇਰਾਦੇ ਦੀ ਘਾਟ ਸੀ। ਉਨ੍ਹਾਂ ਕਿਹਾ ਕਿ ਹੁਣ ਸਾਡੇ ਨੌਜਵਾਨਾਂ ਦਾ ਪਰਵਾਸ ਕਮ ਹੋ ਰਿਹਾ ਹੈ ਕਿਉਂਕਿ ਉਨ੍ਹਾਂ ਨੂੰ ਪੰਜਾਬ ਵਿੱਚ ਨੌਕਰੀਆਂ ਮਿਲ ਰਹੀਆਂ ਹਨ।
ਭਗਵੰਤ ਮਾਨ ਨੇ ਕਿਹਾ ਕਿ ਪਹਿਲਾਂ ਕਿਸਾਨਾਂ ਨੂੰ 8 ਘੰਟੇ ਬਿਜਲੀ ਤਾਂ ਮਿਲਦੀ ਸੀ, ਪਰ ਉਸ ਤੋਂ ਜ਼ਿਆਦਾ ਅਤੇ ਲੰਬੇ ਬਿਜਲੀ ਦੇ ਕੱਟ ਲਗਦੇ ਸੀ ਕਿਉਂਕਿ ਵੰਸ਼ ਵਾਦੀ ਸਿਆਸਤਦਾਨਾਂ ਨੂੰ ਖੇਤੀ ਬਾਰੇ ਕੁਝ ਨਹੀਂ ਪਤਾ। ਪਰ ਸਰਕਾਰ ਬਣਨ ਤੋਂ ਬਾਅਦ ਮੈਂ ਅਧਿਕਾਰੀਆਂ ਦੀ ਮੀਟਿੰਗ ਬੁਲਾ ਕੇ ਕਿਸਾਨਾਂ ਨੂੰ 11 ਘੰਟੇ ਨਿਰਵਿਘਨ ਬਿਜਲੀ ਦੇਣ ਦੀ ਹਦਾਇਤ ਦਿੱਤੀ ਅਤੇ ਉਹ ਵੀ ਦਿਨ ਵੇਲੇ ਤਾਂ ਜੋ ਉਹ ਬਿਨਾਂ ਕਿਸੇ ਪ੍ਰੇਸ਼ਾਨੀ ਦੇ ਆਪਣੀਆਂ ਫਸਲਾਂ ਨੂੰ ਪਾਣੀ ਦੇ ਸਕਣ। ਮਾਨ ਨੇ ਕਿਹਾ ਕਿ ਦਿਨੇ ਅਸੀਂ ਕਿਸਾਨਾਂ ਨੂੰ ਬਿਜਲੀ ਦਿੰਦੇ ਹਾਂ ਅਤੇ ਰਾਤ ਨੂੰ ਵਾਧੂ ਬਿਜਲੀ ਮੁੰਬਈ ਵਰਗੇ ਵੱਡੇ ਸ਼ਹਿਰਾਂ ਨੂੰ ਵੇਚਦੇ ਹਾਂ। ਮਾਨ ਨੇ ਕਿਹਾ ਕਿ ਪੀਐਸਪੀਸੀਐਲ ਨੇ ਬਿਜਲੀ ਵੇਚ ਕੇ 90 ਕਰੋੜ ਰੁਪਏ ਕਮਾਏ ਹਨ। ਇਹ ਸਿਰਫ ਇਸ ਲਈ ਸੰਭਵ ਹੋਇਆ ਕਿਉਂਕਿ ਸਾਡੇ ਕੋਲ ਹੁਣ ਤਿੰਨ ਥਰਮਲ ਪਲਾਂਟ ਹਨ ਅਤੇ ਝਾਰਖੰਡ ਵਿੱਚ ਕੋਲੇ ਦੀ ਖਾਨ ਹੈ। ਮਾਨ ਨੇ ਕਿਹਾ ਕਿ ਉਨ੍ਹਾਂ ਦੀ ਇਕ ਬੇਨਤੀ 'ਤੇ ਕਿਸਾਨਾਂ ਨੇ ਪੂਸਾ-44 ਜਿਸ ਨੂੰ ਤਿਆਰ ਹੋਣ ਵਿਚ 150 ਦਿਨ ਤੋਂ ਵੱਧ ਸਮਾਂ ਲੱਗਦਾ ਹੈ, ਦੀ ਬਜਾਏ ਪੀ.ਆਰ.-126, ਪੀ.ਆਰ.-127, ਪੀ.ਆਰ.-128 ਆਦਿ ਦੀ ਕਾਸ਼ਤ ਕੀਤੀ, ਜਿਸ ਨਾਲ 477 ਕਰੋੜ ਰੁਪਏ ਦੀ ਬਿਜਲੀ ਅਤੇ 5 ਅਰਬ ਕਿਊਸਿਕ ਜਮੀਨੀ ਪਾਣੀ ਦੀ ਬੱਚਤ ਹੋਈ। ਧਰਤੀ ਹੇਠਲੇ ਪਾਣੀ ਨੂੰ ਲੈ ਕੇ ਟਾਈਮਜ਼ ਆਫ਼ ਇੰਡੀਆ ਨੇ ਵਿਸਥਾਰਪੂਰਵਕ ਖਬਰ ਦਿੱਤੀ ਹੈ। ਮਾਨ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਬਾਰੇ ਕਾਨੂੰਨ ਬਣਾਉਣ ਦੀ ਵੀ ਲੋੜ ਨਹੀਂ ਹੈ, ਲੋਕ ਉਨ੍ਹਾਂ ਦੀ ਗੱਲ ਸੁਣਦੇ ਹਨ ਅਤੇ ਸਾਡੇ ਸੂਬੇ ਦੇ ਸਰੋਤਾਂ ਨੂੰ ਬਚਾਉਣ ਲਈ ਉਨ੍ਹਾਂ ਦੇ ਨਾਲ ਕੰਮ ਕਰਦੇ ਹਨ। ਉਨ੍ਹਾਂ ਕਿਹਾ ਕਿ ਅਜਿਹਾ ਇਸ ਲਈ ਹੈ ਕਿਉਂਕਿ ਉਹ ਲੋਕਾਂ ਦੇ ਹਿਸਾਬ ਨਾਲ ਕੰਮ ਕਰਦੇ ਹਨ, ਉਹ ਲੋਕਾਂ ਦੀਆਂ ਸਮੱਸਿਆਵਾਂ ਅਤੇ ਉਨ੍ਹਾਂ ਦੀਆਂ ਮੰਗਾਂ ਸੁਣਦੇ ਹਨ। ਉਨ੍ਹਾਂ ਕਿਹਾ ਕਿ ਹੁਣ ਪੰਜਾਬ ਦੇ ਹਰ ਖੇਤ ਦੇ ਕੋਨੇ-ਕੋਨੇ ਤੱਕ ਨਹਿਰੀ ਪਾਣੀ ਪਹੁੰਚ ਰਿਹਾ ਹੈ।'ਆਪ' ਸਰਕਾਰ ਦੁਆਬਾ ਖੇਤਰ ਲਈ ਨਵਾਂ ਡੈਮ ਅਤੇ ਨਹਿਰ ਵੀ ਬਣਾ ਰਹੀ ਹੈ।
ਭਗਵੰਤ ਮਾਨ ਨੇ ਸੂਬੇ ਦੀ ਅਗਵਾਈ ਕਰਨ ਦੀ ਇਸ ਜ਼ਿੰਮੇਵਾਰੀ 'ਤੇ ਭਰੋਸਾ ਕਰਨ ਲਈ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਲੋਕਾਂ ਦਾ ਭਰਪੂਰ ਸਹਿਯੋਗ ਅਤੇ ਪਿਆਰ ਮਿਲਦਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਵਾਅਦਾ ਕੀਤਾ ਸੀ ਕਿ ਸਰਕਾਰ ਪਿੰਡਾਂ ਅਤੇ ਕਸਬਿਆਂ ਤੋਂ ਚੱਲੇਗੀ ਅਤੇ ਉਨ੍ਹਾਂ ਨੇ ਇਹ ਸੰਭਵ ਕਰ ਕੇ ਦਿਖਾਇਆ ਹੈ। ਅੱਜ ਸਰਕਾਰੀ ਅਧਿਕਾਰੀ ਤੁਹਾਡਾ ਕੰਮ ਕਰਨ ਲਈ ਤੁਹਾਡੇ ਘਰ ਆਉਂਦੇ ਹਨ। ਉਨ੍ਹਾਂ ਕਿਹਾ ਕਿ ਉਹ ਸਾਰੇ ਵਿਭਾਗਾਂ ਦੀਆਂ ਲੰਬਿਤ ਪਈਆਂ ਫਾਈਲਾਂ 'ਤੇ ਨਜ਼ਰ ਰੱਖਦੇ ਹਨ ਅਤੇ ਸਮੇਂ-ਸਮੇਂ 'ਤੇ ਉਨ੍ਹਾਂ ਦੀ ਜਾਂਚ ਵੀ ਕਰਦੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇੱਕ ਗਰੰਟੀ ਨੂੰ ਛੱਡ ਕੇ 2022 ਦੀਆਂ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਵੱਲੋਂ ਦਿੱਤੀਆਂ ਸਾਰੀਆਂ ਗਾਰੰਟੀਆਂ ਨੂੰ ਪੂਰਾ ਕੀਤਾ ਹੈ। ਪਰੰਤੂ ਉਹ ਇਸ ਲਈ ਵੀ ਬੱਚਤ ਕਰ ਰਹੇ ਹਨ ਅਤੇ ਜਲਦ ਹੀ ਪੰਜਾਬ ਦੀਆਂ ਮਹਿਲਾਵਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਮਿਲਣਾ ਸ਼ੁਰੂ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ਪੰਜਾਬ ਦਾ ਖਜ਼ਾਨਾ ਭਰ ਕੇ ਇਸ ਨੂੰ ਆਮ ਲੋਕਾਂ ਵੱਲ ਵੀ ਮੋੜ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਸ਼ਹੀਦ ਫ਼ੌਜੀ ਜਵਾਨਾਂ ਦੇ ਪਰਿਵਾਰਾਂ ਨੂੰ 1 ਕਰੋੜ ਰੁਪਏ ਦੀ ਐਕਸ-ਗ੍ਰੇਸ਼ੀਆ ਰਾਸ਼ੀ ਦੇ ਰਹੇ ਹਨ, ਕਿਉਂਕਿ ਸਾਡੇ ਜਵਾਨਾਂ ਦੀਆਂ ਜਾਨਾਂ ਅਨਮੋਲ ਹਨ ਅਤੇ ਉਨ੍ਹਾਂ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਪਰਿਵਾਰਾਂ ਦੀ ਦੇਖਭਾਲ ਕਰਨਾ ਸਰਕਾਰ ਦੀ ਜ਼ਿੰਮੇਵਾਰੀ ਹੈ। 'ਆਪ' ਸਰਕਾਰ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ, ਗੀਤਾ ਅਤੇ ਕੁਰਾਨ ਵਰਗੇ ਪਵਿੱਤਰ ਗ੍ਰੰਥਾਂ ਨੂੰ ਲਿਜਾਣ ਲਈ ਵਰਤੇ ਜਾਣ ਵਾਲੇ ਵਾਹਨਾਂ 'ਤੇ ਟੈਕਸ ਵੀ ਮੁਆਫ ਕਰ ਦਿੱਤਾ ਕਿਉਂਕਿ ਆਖ਼ਰਕਾਰ ਅਸੀਂ ਰੱਬ ਤੋਂ ਸਭ ਕੁਝ ਮੰਗਦੇ ਹਾਂ।
ਉਨ੍ਹਾਂ ਕਿਹਾ ਕਿ ਸਾਡਾ ਇਤਿਹਾਸ ਅਤੇ ਸੱਭਿਆਚਾਰ ਬਹੁਤ ਅਮੀਰ ਹੈ। ਭਗਤ ਸਿੰਘ ਨੇ 23 ਸਾਲ ਦੀ ਛੋਟੀ ਉਮਰ ਵਿੱਚ ਦੇਸ਼ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ ਸੀ। ਅੱਜ ਭਾਜਪਾ ਭਗਤ ਸਿੰਘ, ਰਾਜਗੁਰੂ, ਸੁਖਦੇਵ, ਮਦਨ ਲਾਲ ਢੀਂਗਰਾ ਅਤੇ ਲਾਲਾ ਲਾਜਪਤ ਰਾਏ ਦੀ ਝਾਂਕੀ ਨੂੰ ਰੱਦ ਕਰ ਰਹੇ ਹਨ। ਸਾਡੇ ਸ਼ਹੀਦਾਂ ਅਤੇ ਉਨ੍ਹਾਂ ਦੀਆਂ ਕੁਰਬਾਨੀਆਂ ਨੂੰ ਨਕਾਰਨ ਵਾਲੇ ਕੌਣ ਹੁੰਦੇ ਹਨ? ਉਹ ਭੁੱਲ ਗਏ ਕਿ ਆਜ਼ਾਦੀ ਲਈ ਕਿਸ ਨੇ ਲੜਾਈ ਲੜੀ ਸੀ, ਜਿਸ ਦੀ ਬਦੌਲਤ ਅੱਜ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਦਾ ਅਹੁਦਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਪੰਜਾਬ ਲਈ ਆਵਾਜ਼ ਉਠਾਉਣ ਦਾ ਸਮਾਂ ਆਉਂਦਾ ਹੈ ਤਾਂ ਕੈਪਟਨ, ਜਾਖੜ ਅਤੇ ਮਨਪ੍ਰੀਤ ਬਾਦਲ ਕਿੱਥੇ ਚਲੇ ਜਾਂਦੇ ਹਨ? ਉਨ੍ਹਾਂ ਕਿਹਾ ਕਿ ਕੈਪਟਨ ਦੀ ਗਲਤੀ ਕਾਰਨ ਅੱਜ ਕੇਂਦਰ ਪੰਜਾਬ ਦੇ ਪੇਂਡੂ ਵਿਕਾਸ ਫੰਡ ਦੇ 5500 ਕਰੋੜ ਰੁਪਏ ਰੋਕ ਰਿਹਾ ਹੈ। ਉਨ੍ਹਾਂ ਕਿਹਾ ਕਿ ਹੁਣ ਪੰਜਾਬ ਦੇਸ਼ ਨੂੰ 130 ਲੱਖ ਮੀਟ੍ਰਿਕ ਟਨ ਕਣਕ ਦੇਵੇਗਾ, ਅਸੀਂ ਦੇਸ਼ ਨੂੰ 190 ਲੱਖ ਮੀਟ੍ਰਿਕ ਟਨ ਚੌਲ (ਚਾਵਲ) ਦਿੰਦੇ ਹਾਂ, ਪਰ ਜਦੋਂ ਸਾਡੇ ਕਿਸਾਨ ਆਪਣੇ ਹੱਕ ਮੰਗਦੇ ਹਨ ਤਾਂ ਉਨ੍ਹਾਂ (ਭਾਜਪਾ) ਨੇ ਕੰਡਿਆਲੀ ਤਾਰ ਲਾ ਦਿੱਤੀ, ਅੱਗ ਲਗਾਈ ਅਤੇ ਅੱਥਰੂ ਗੈਸ ਛੱਡੇ। ਉਨ੍ਹਾਂ ਲੋਕਾਂ ਨੂੰ ਕਿਹਾ ਕਿ ਉਨ੍ਹਾਂ ਨੂੰ ਹੋਰ ਤਾਕਤ ਦਿਓ, ਉਨ੍ਹਾਂ ਨੂੰ 13 ਹੱਥ ਅਤੇ ਆਵਾਜ਼ ਦਿਓ ਜੋ ਤੁਹਾਡੇ ਮੁੱਦੇ ਸੰਸਦ ਵਿੱਚ ਉਠਾਉਣਗੇ। ਫਿਰ ਮੈਂ ਤੁਹਾਡੀਆਂ ਸਾਰੀਆਂ ਉਮੀਦਾਂ ਨੂੰ ਪੂਰਾ ਕਰਨ ਲਈ ਹੋਰ ਵੀ ਸਖ਼ਤ ਮਿਹਨਤ ਕਰਾਂਗਾ। ਭਗਵੰਤ ਮਾਨ ਨੇ ਕਿਹਾ ਕਿ ਉਹ ਪਾਰਲੀਮੈਂਟ ਵਿਚ ਇਕੱਲੇ ਹੁੰਦੇ ਸਨ, ਪਰ ਪੰਜਾਬ ਅਤੇ ਪੰਜਾਬੀਆਂ ਲਈ ਸਾਰਿਆਂ ਨਾਲ ਭਿੜ ਜਾਂਦੇ ਸਨ। ਹੁਣ ਤੁਹਾਡੀਆਂ ਸਮੱਸਿਆਵਾਂ ਦੇ ਹੱਲ ਅਤੇ ਤੁਹਾਡੇ ਅਧਿਕਾਰਾਂ ਦੀ ਰਾਖੀ ਲਈ ਸਾਡੇ ਦੇਸ਼ ਦੀ ਸਭ ਤੋਂ ਵੱਡੀ ਪੰਚਾਇਤ ਵਿਚ 13 ਲੋਕ-ਪੱਖੀ ਆਵਾਜ਼ਾਂ ਭੇਜੋ। ਉਨ੍ਹਾਂ ਕਿਹਾ ਕਿ ਰਿਪੋਰਟਾਂ ਮੁਤਾਬਿਕ ਭਾਰਤ ਗੱਠਜੋੜ ਦੀ ਸਰਕਾਰ ਬਣ ਰਹੀ ਹੈ। ਭਾਜਪਾ ਬੁਰੀ ਤਰ੍ਹਾਂ ਹਾਰ ਰਹੀ ਹੈ, ਅਸੀ ਭਾਰਤ ਸਰਕਾਰ ਵਿੱਚ ਭਾਈਵਾਲ ਰਹਾਂਗੇ, ਫਿਰ ਕੋਈ ਸਾਡੇ ਫੰਡ ਨਹੀਂ ਰੋਕ ਸਕੇਗਾ।
ਭਗਵੰਤ ਮਾਨ ਨੇ ਕਿਹਾ ਕਿ ਦਿੱਲੀ ਵਿੱਚ ਪੱਤਰਕਾਰਾਂ ਨੇ ਉਨ੍ਹਾਂ ਨੂੰ ਪੁੱਛਿਆ ਕਿ ਭ੍ਰਿਸ਼ਟਾਚਾਰ ਨਾਲ ਸਾਡੇ ਦੇਸ਼ ਦਾ ਕਿੰਨਾ ਨੁਕਸਾਨ ਹੋਇਆ ਹੈ? ਮੈਂ ਉਨ੍ਹਾਂ ਨੂੰ ਕਿਹਾ ਕਿ ਭ੍ਰਿਸ਼ਟਾਚਾਰ ਬੰਦ ਹੋਣ ਤੋਂ ਬਾਅਦ ਅਸੀਂ ਇਸ ਦਾ ਹਿਸਾਬ ਲਵਾਂਗੇ, ਕਿਉਂਕਿ ਭ੍ਰਿਸ਼ਟਾਚਾਰ ਅਜੇ ਵੀ ਚੱਲ ਰਿਹਾ ਹੈ ਅਤੇ ਲੁਟੇਰੇ ਇਸ ਦੇਸ਼ ਦੇ ਸਾਧਨਾਂ ਅਤੇ ਸੰਸਥਾਵਾਂ ਨੂੰ ਪੂੰਜੀਪਤੀਆਂ ਨੂੰ ਵੇਚ ਰਹੇ ਹਨ। ਮਾਨ ਨੇ ਕਿਹਾ ਕਿ ਜਿਸ ਦਿਨ ਅਰਵਿੰਦ ਕੇਜਰੀਵਾਲ ਪ੍ਰਧਾਨ ਮੰਤਰੀ ਬਣ ਜਾਣਗੇ, ਉਸ ਦਿਨ ਭ੍ਰਿਸ਼ਟਾਚਾਰ ਨੂੰ ਠੱਲ੍ਹ ਪੈ ਜਾਵੇਗੀ ਅਤੇ ਜਿਸ ਦਿਨ ਕੇਂਦਰ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ, ਦੇਸ਼ ਵਿੱਚ ਭ੍ਰਿਸ਼ਟਾਚਾਰ ਖਤਮ ਹੋ ਜਾਵੇਗਾ।
ਭਗਵੰਤ ਮਾਨ ਨੇ ਪੱਟੀ ਦੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਕਈ ਵਾਰ ਗਲਤੀਆਂ ਹੋ ਜਾਂਦੀਆਂ ਹਨ। ਛੋਟੀਆਂ-ਛੋਟੀਆਂ ਮੁਸ਼ਕਲਾਂ ਅਤੇ ਰੁਕਾਵਟਾਂ ਆਉਂਦੀਆਂ ਹਨ ਪਰ ਰੁਕਣਾ ਨਹੀਂ, ਵਿਕਾਸ ਵੱਲ ਵਧਦੇ ਰਹੋ, ਸਾਡੇ ਟੀਚੇ ਵੱਡੇ ਹਨ। ਉਨ੍ਹਾਂ ‘ਆਪ’ ਉਮੀਦਵਾਰ ਲਾਲ ਜੀਤ ਸਿੰਘ ਭੁੱਲਰ ਨੂੰ ਗੈਰ-ਜ਼ਿੰਮੇਵਾਰਾਨਾ ਬਿਆਨ ਨਾ ਦੇਣ ਲਈ ਵੀ ਕਿਹਾ। ਉਨ੍ਹਾਂ ਕਿਹਾ ਕਿ ਅਸੀਂ ਇੱਥੇ ਕੰਮ ਦੀ ਰਾਜਨੀਤੀ ਕਰਨ ਆਏ ਹਾਂ। ਅਸੀਂ ਇੱਥੇ ਆਪਣੇ ਲੋਕਤੰਤਰ ਅਤੇ ਸੰਵਿਧਾਨ ਨੂੰ ਬਚਾਉਣ ਲਈ ਆਏ ਹਾਂ। ਅਸੀਂ ਇੱਥੇ ਸਕੂਲ ਅਤੇ ਹਸਪਤਾਲ ਬਣਾਉਣ ਅਤੇ ਨੌਜਵਾਨਾਂ ਨੂੰ ਨੌਕਰੀਆਂ ਦੇਣ ਲਈ ਆਏ ਹਾਂ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਪੰਜਾਬ ਦੇ ਹਰ ਵਰਗ ਦੀ ਸਰਕਾਰ ਹੈ, ਅਸੀਂ ਕਿਸੇ ਕਿਸਮ ਦਾ ਭੇਦਭਾਵ ਨਹੀਂ ਕਰਦੇ। ਉਨ੍ਹਾਂ ਕਿਹਾ ਕਿ ਅਸੀਂ ਦੋ ਸਾਲਾਂ ਦੇ ਕੰਮ ਦੇ ਆਧਾਰ 'ਤੇ ਵੋਟਾਂ ਮੰਗ ਰਹੇ ਹਾਂ। ਇਸ ਦੇ ਨਾਲ ਹੀ ਕੇਂਦਰ 'ਚ 10 ਸਾਲ ਦੀ ਸਰਕਾਰ ਹੋਣ ਤੋਂ ਬਾਅਦ ਵੀ ਨਰਿੰਦਰ ਮੋਦੀ ਧਰਮ, ਜਾਤ ਅਤੇ ਮੰਗਲ-ਸੂਤਰ ਦੇ ਆਧਾਰ 'ਤੇ ਵੋਟਾਂ ਮੰਗ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਭਾਈਚਾਰਕ ਸਾਂਝ ਲਈ ਜਾਣਿਆ ਜਾਂਦਾ ਹੈ, ਅਸੀਂ ਆਪਣਾ ਗੁਰਪੁਰਬ, ਈਦ ਅਤੇ ਰਾਮਨੌਮੀ ਇਕੱਠੇ ਮਿਲ ਕੇ ਮਨਾਉਂਦੇ ਹਾਂ ਅਤੇ ਸਾਨੂੰ ਇਸ 'ਤੇ ਮਾਣ ਹੈ।