ਸੰਵਿਧਾਨ ਅਤੇ ਲੋਕਤਾਂਤਰਿਕ ਸੰਸਥਾਵਾਂ ਦੀ ਹੋਂਦ ਖ਼ਤਰੇ ਵਿੱਚ : ਮਨੀਸ਼ ਤਿਵਾੜੀ
- ਸਿਟੀ ਬਿਊਟੀਫੁੱਲ ਦੀ ਸ਼ਾਨ ਬਹਾਲ ਕਰਨ ਵਿੱਚ ਮਦਦ ਕਰਨ ਦਾ ਵਾਅਦਾ ਕੀਤਾ
ਚੰਡੀਗੜ੍ਹ, 26 ਅਪ੍ਰੈਲ 2024: ਕਾਂਗਰਸ ਦੇ ਸੀਨੀਅਰ ਆਗੂ ਅਤੇ ਚੰਡੀਗੜ੍ਹ ਸੰਸਦੀ ਸੀਟ ਤੋਂ ਇੰਡੀਆ ਗਠਜੋੜ ਦੇ ਸਾਂਝੇ ਉਮੀਦਵਾਰ ਮਨੀਸ਼ ਤਿਵਾੜੀ ਨੇ ਕਿਹਾ ਹੈ ਕਿ ਸੰਵਿਧਾਨ ਅਤੇ ਸਾਰੀਆਂ ਲੋਕਤਾਂਤਰਿਕ ਸੰਸਥਾਵਾਂ ਦੀ ਹੋਂਦ ਖ਼ਤਰੇ ਵਿਚ ਹੈ।
ਇੱਥੇ ਕਈ ਸੀਨੀਅਰ ਵਕੀਲਾਂ ਅਤੇ ਸੇਵਾਮੁਕਤ ਜੱਜਾਂ ਦੀ ਮੌਜੂਦਗੀ ਵਿੱਚ ਕਾਨੂੰਨੀ ਸਮਾਜ ਦੇ ਮੈਂਬਰਾਂ ਨਾਲ ਗੱਲਬਾਤ ਕਰਦਿਆਂ, ਤਿਵਾੜੀ ਨੇ ਕਿਹਾ ਕਿ ਪਿਛਲੇ ਸੱਤ ਦਹਾਕਿਆਂ ਵਿੱਚ ਦੇਸ਼ ਵਿੱਚ ਜਿਨ੍ਹਾਂ ਲੋਕਤੰਤਰੀ ਸੰਸਥਾਵਾਂ ਨੂੰ ਸਵਾਰਿਆ ਅਤੇ ਮਜਬੂਤ ਕੀਤਾ ਗਿਆ ਹੈ, ਉਹ ਹੁਣ ਖਤਰੇ ਵਿੱਚ ਹਨ।
ਉਨ੍ਹਾਂ ਕਾਨੂੰਨੀ ਸਮਾਜ ਦੇ ਮੈਂਬਰਾਂ ਨੂੰ ਕਿਹਾ ਕਿ ਇਹ ਬਹੁਤ ਗੰਭੀਰ ਮਾਮਲਾ ਹੈ ਅਤੇ ਇਸਨੂੰ ਉਨ੍ਹਾਂ ਤੋਂ ਬਿਹਤਰ ਕੋਈ ਨਹੀਂ ਸਮਝ ਸਕਦਾ। ਉਨ੍ਹਾਂ ਕਿਹਾ ਕਿ ਭਾਰਤ ਆਪਣੇ ਸੰਵਿਧਾਨ ਅਤੇ ਲੋਕਤੰਤਰ ਦੀ ਪਰੰਪਰਾ, ਆਜ਼ਾਦ ਨਿਆਂਪਾਲਿਕਾ, ਆਜ਼ਾਦ ਮੀਡੀਆ ਅਤੇ ਨਿਰਪੱਖ ਚੋਣਾਂ ਕਾਰਨ ਭਾਰਤ ਹੈ।
ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ ਪਿਛਲੇ ਦਹਾਕੇ ਦੌਰਾਨ ਇਨ੍ਹਾਂ ਸਾਰੀਆਂ ਸੰਸਥਾਵਾਂ ਨੂੰ ਕਮਜ਼ੋਰ ਕਰਨ ਦੀਆਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਗਈਆਂ ਹਨ। ਇਨ੍ਹਾਂ ਹਾਲਾਤਾਂ ਵਿਚ ਸ਼ਾਇਦ ਸੰਵਿਧਾਨ ਨੂੰ ਕਮਜ਼ੋਰ ਕਰਨ 'ਤੇ ਤੁਲੇ ਹੋਏ ਲੋਕਾਂ ਨੂੰ ਇਹ ਅਹਿਸਾਸ ਨਹੀਂ ਹੈ ਕਿ ਇਹ ਉਹੀ ਸੰਵਿਧਾਨ ਹੈ, ਜਿਸ ਦੀ ਬਦੌਲਤ ਅੱਜ ਉਹ ਇਸ ਅਹੁਦੇ 'ਤੇ ਹਨ।
ਸੀਨੀਅਰ ਕਾਂਗਰਸੀ ਆਗੂ ਤਿਵਾੜੀ, ਜੋ ਕਿ ਇੱਕ ਸੀਨੀਅਰ ਵਕੀਲ ਵੀ ਹਨ, ਨੇ ਕਿਹਾ ਕਿ ਸਰਕਾਰਾਂ ਆਉਂਦੀਆਂ ਰਹਿੰਦੀਆਂ ਹਨ, ਕਿਉਂਕਿ ਇਹ ਵਿਸ਼ਵ ਭਰ ਵਿੱਚ ਲੋਕਤੰਤਰੀ ਪਰੰਪਰਾ ਦਾ ਹਿੱਸਾ ਹੈ। ਪਰ ਜਿਸ ਤਰ੍ਹਾਂ ਸੱਤਾਧਾਰੀ ਪਾਰਟੀ ਦੇ ਕਈ ਲੋਕ ਸੰਵਿਧਾਨ ਨੂੰ ਬਦਲਣ ਦਾ ਸੁਝਾਅ ਦੇ ਰਹੇ ਹਨ, ਉਹ ਚਿੰਤਾ ਦਾ ਵਿਸ਼ਾ ਹੈ।
ਉਨ੍ਹਾਂ ਕਿਹਾ ਕਿ ਇਸ ਰੁਝਾਨ ਨੂੰ ਇੱਥੇ ਹੀ ਠੱਲ੍ਹ ਪਾਉਣ ਦੀ ਲੋੜ ਹੈ। ਇਸ ਲਈ ਸੰਵਿਧਾਨ ਨੂੰ ਬਦਲਣ ਦਾ ਇਰਾਦਾ ਰੱਖਣ ਵਾਲੇ ਸਾਰੇ ਲੋਕਾਂ ਨੂੰ ਹਰਾ ਕੇ ਲੋਕਤੰਤਰੀ ਪ੍ਰਕਿਰਿਆ ਰਾਹੀਂ ਹੀ ਅਜਿਹਾ ਕੀਤਾ ਜਾ ਸਕਦਾ ਹੈ।
ਇਸ ਦੌਰਾਨ ਤਿਵਾੜੀ ਨੇ ਸ਼ਹਿਰ ਅਤੇ ਇੱਥੋਂ ਦੇ ਲੋਕਾਂ ਨਾਲ ਆਪਣੀਆਂ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕੀਤਾ। ਉਨ੍ਹਾਂ ਕਿਹਾ ਕਿ ਉਹ ਇੱਥੇ ਪੈਦਾ ਹੋਏ, ਇੱਥੇ ਹੀ ਪਲੇ, ਇੱਥੇ ਪੜ੍ਹੇ ਅਤੇ ਇੱਥੋਂ ਹੀ ਨੈਸ਼ਨਲ ਸਟੂਡੈਂਟ ਯੂਨੀਅਨ ਆਫ਼ ਇੰਡੀਆ (ਐਨਐਸਯੂਆਈ) ਤੋਂ ਆਪਣਾ ਸਿਆਸੀ ਸਫ਼ਰ ਸ਼ੁਰੂ ਕੀਤਾ।
ਉਨ੍ਹਾਂ ਕਿਹਾ ਕਿ ਚੰਡੀਗੜ੍ਹ ਨਾ ਸਿਰਫ਼ ਆਪਣੇ ਲੋਕਾਂ ਲਈ, ਸਗੋਂ ਬਾਹਰੋਂ ਆਉਣ ਵਾਲੇ ਲੋਕਾਂ ਲਈ ਵੀ ਸੁਪਨਿਆਂ ਦਾ ਸ਼ਹਿਰ ਹੈ। ਉਨ੍ਹਾਂ ਨੇ ਅਫਸੋਸ ਜਤਾਇਆ ਕਿ ਇਹ ਹੁਣ ਪਹਿਲਾਂ ਵਾਲਾ 'ਸਿਟੀ ਬਿਊਟੀਫੁੱਲ' ਨਹੀਂ ਰਿਹਾ, ਜਿਸ ਲਈ ਜਾਣਿਆ ਜਾਂਦਾ ਸੀ। ਇਸਦੀ ਸੁੰਦਰਤਾ ਨੂੰ ਬਹਾਲ ਕਰਨ ਦੀ ਲੋੜ ਹੈ ਅਤੇ ਸ਼ਹਿਰ ਨੂੰ ਨਵਾਂ ਰੂਪ ਦੇਣ ਦੀ ਲੋੜ ਹੈ। ਜਿਸ 'ਤੇ ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਉਹ ਲੋਕਾਂ ਦੇ ਸਹਿਯੋਗ ਨਾਲ ਸ਼ਹਿਰ ਦੇ ਗੌਰਵਸ਼ਾਲੀ ਅਤੀਤ ਅਤੇ ਇਸੇ ਤਰ੍ਹਾਂ ਦੀ ਸਾਖ ਨੂੰ ਬਰਕਰਾਰ ਰੱਖਣ ਦੀ ਪੂਰੀ ਕੋਸ਼ਿਸ਼ ਕਰਨਗੇ |
ਇਸ ਉਪਰੰਤ ਅੱਜ ਤਿਵਾੜੀ ਨੇ ਸੈਕਟਰ-10 ਦੇ ਸੀਨੀਅਰ ਐਡਵੋਕੇਟ ਸੰਦੀਪ ਵਿਰਮਾਨੀ ਦੇ ਨਿਵਾਸ ਸਥਾਨ ’ਤੇ ਵਸਨੀਕਾਂ ਨਾਲ ਗੱਲਬਾਤ ਕੀਤੀ, ਜਿੱਥੇ ਲੋਕਾਂ ਨੇ ਕੁਝ ਮੰਗਾਂ ਰੱਖੀਆਂ ਅਤੇ ਸ਼ਹਿਰ ਦੀ ਸੁੰਦਰਤਾ ਨੂੰ ਬਹਾਲ ਕਰਨ ਲਈ ਕੁਝ ਉਪਰਾਲੇ ਵੀ ਸੁਝਾਏ।
ਜਿੱਥੇ ਹੋਰਨਾਂ ਤੋਂ ਇਲਾਵਾ, ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਐਚ.ਐਸ ਲੱਕੀ, ਡਾ. ਐਸ ਐਸ ਆਹਲੂਵਾਲੀਆ ਕੋ-ਕਨਵੀਨਰ ਆਮ ਆਦਮੀ ਪਾਰਟੀ, ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸਾਬਕਾ ਜੱਜ ਅਜੇ ਤਿਵਾੜੀ, ਪੰਜਾਬ ਦੇ ਸਾਬਕਾ ਏਜੀ ਅਤੇ ਸੀਨੀਅਰ ਐਡਵੋਕੇਟ ਏ.ਪੀ.ਐਸ ਦਿਓਲ, ਸਾਬਕਾ ਪੰਜਾਬ ਏਜੀ ਅਤੇ ਸੀਨੀਅਰ ਐਡਵੋਕੇਟ ਡਾ. ਅਨਮੋਲ ਰਤਨ ਸਿੱਧੂ, ਬਾਰ ਕੌਂਸਲ ਦੇ ਸਾਬਕਾ ਚੇਅਰਮੈਨ ਸੁਵੀਰ ਸਿੱਧੂ, ਸੀਨੀਅਰ ਐਡਵੋਕੇਟ ਅਸ਼ਵਨੀ ਚੋਪੜਾ, ਸੀਨੀਅਰ ਐਡਵੋਕੇਟ ਨਰੇਸ਼ ਮਾਰਕੰਡਾ ਵੀ ਮੌਜੂਦ ਸਨ।