ਆਪ ਉਮੀਦਵਾਰ ਤਿਤਲੀਆਂ ਵਰਗਾ ਜਿਸਨੇ 10 ਸਾਲਾਂ ’ਚ 4 ਪਾਰਟੀਆਂ ਬਦਲੀਆਂ - ਡਾ. ਅਮਰ ਸਿੰਘ
ਰਵਿੰਦਰ ਸਿੰਘ ਢਿੱਲੋਂ
ਸਾਹਨੇਵਾਲ, 27 ਅਪ੍ਰੈਲ 2024 - ਅਮਰ ਸਿੰਘ ਭਾਜਪਾ 200 ਤੋਂ ਵੱਧ ਦਾ ਆਂਕਡ਼ਾ ਪਾਰ ਨਹੀਂ ਕਰ ਸਕੇਗੀ ਲੋਕ ਸਭਾ ਹਲਕਾ ਫਤਹਿਗਡ਼੍ਹ ਸਾਹਿਬ ਤੋਂ ਕਾਂਗਰਸ ਦੇ ਉਮੀਦਵਾਰ ਡਾ. ਅਮਰ ਸਿੰਘ ਅੱਜ ਹਲਕਾ ਸਾਹਨੇਵਾਲ ਦੇ ਪਿੰਡ ਖਾਨਪੁਰ ਵਿਖੇ ਚੋਣ ਪ੍ਰਚਾਰ ਲਈ ਪੁੱਜੇ ਜਿੱਥੇ ਉਨ੍ਹਾਂ ਆਪਣੇ ਪੰਜ ਸਾਲ ਦੀਆਂ ਪ੍ਰਾਪਤੀਆਂ ਦੱਸੀਆਂ ਉਥੇ ਉਨਾਂ ਨੇ ਆਪ ਉਮੀਦਵਾਰ ਜੀਪੀ ਸਿੰਘ ਅਤੇ ਭਾਜਪਾ ਤੇ ਤਿੱਖੇ ਹਮਲੇ ਕੀਤੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾ. ਅਮਰ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਵਿਰੋਧੀ ਆਮ ਆਦਮੀ ਪਾਰਟੀ ਦਾ ਉਮੀਦਵਾਰ ਤਿਤਲੀਆਂ ਵਰਗਾ ਹੈ ਜਿਸਨੇ 10 ਸਾਲਾਂ ਵਿਚ 4 ਪਾਰਟੀਆਂ ਬਦਲੀਆਂ ਅਤੇ ਹੁਣ ਆਉਣ ਵਾਲੇ ਸਮੇਂ ਵਿਚ ਭਾਜਪਾ ਵਿੱਚ ਵੀ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਲੋਕ ਦਲਬਦਲੂਆਂ ਨੂੰ ਮੂੰਹ ਨਹੀਂ ਲਾ ਰਹੇ ਜਦਕਿ ਹਲਕੇ ਵਿੱਚ ਕਾਂਗਰਸ ਦੇ ਹੱਕ ਵਿਚ ਲੋਕਾਂ ਦਾ ਭਾਰੀ ਇਕੱਠ ਹੋ ਰਿਹਾ ਹੈ।
ਡਾ. ਅਮਰ ਸਿੰਘ ਨੇ ਭਾਜਪਾ ਤੇ ਵਰ੍ਹਦਿਆਂ ਕਿਹਾ ਕਿ ਦੇਸ਼ ਦੀਆਂ ਪਹਿਲੇ ਗੇਡ਼ ਦੀਆਂ ਚੋਣਾਂ ਵਿੱਚ ਹੀ ਭਾਜਪਾ ਦੇ 400 ਸੀਟਾਂ ਤੋਂ ਵੱਧ ਪ੍ਰਾਪਤ ਕਰਨ ਦੇ ਦਾਅਵੇ ਸਨ ਉਨਾਂ ਦੀ ਫੂਕ ਨਿੱਕਲ ਗਈ ਕਿਉਂਕਿ ਜੋ ਅੱਜ ਸਰਵੇ ਸਾਹਮਣੇ ਆ ਰਹੇ ਹਨ ਉਸ ਵਿਚ ਭਾਜਪਾ 200 ਤੋਂ ਵੱਧ ਦਾ ਅੰਕਡ਼ਾ ਪਾਰ ਨਹੀਂ ਕਰ ਸਕੇਗੀ। ਮੀਟਿੰਗ ਨੂੰ ਸੰਬੋਧਨ ਕਰਦਿਆਂ ਡਾ. ਅਮਰ ਸਿੰਘ ਨੇ ਕਿਹਾ ਕਿ ਜੇਕਰ ਸੱਤਾ ਵਿਚ ਭਾਜਪਾ ਮੁਡ਼ ਆ ਗਈ ਤਾਂ ਪੰਜਾਬ ਦੀਆਂ ਉਪਜਾਊ ਜਮੀਨਾਂ ਕਾਰਪੋਰੇਟ ਘਰਾਣਿਆਂ ਨੂੰ ਸਪੁਰਦ ਕਰਨ ਦੀ ਤਿਆਰੀ ਵਿੱਚ ਹੈ ਜਿਸ ਨਾਲ ਸੂਬੇ ਦਾ ਕਿਸਾਨ ਬੇਜਮੀਨਾਂ ਹੋ ਜਾਵੇਗਾ।
ਉਨ੍ਹਾਂ ਕਿਹਾ ਕਿ ਅੱਜ ਦੇਸ਼ ਨੂੰ ਭਾਜਪਾ ਅਤੇ ਲੁੱਟਣ ਵਾਲੇ ਕਾਰਪੋਰੇਟ ਘਰਾਣਿਆਂ ਤੋਂ ਬਚਾਉਣ ਲਈ ਕੇਂਦਰ ਵਿਚ ਕਾਂਗਰਸ ਦੀ ਸਰਕਾਰ ਲਿਆਉਣੀ ਜਰੂਰੀ ਹੈ ਇਸ ਲਈ ਲੋਕ ਪਾਰਟੀ ਦੇ ਉਮੀਦਵਾਰਾਂ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਉਣ। ਇਸ ਮੀਟਿੰਗ ਨੁੰ ਸੰਬੋਧਨ ਕਰਦਿਆਂ ਹਲਕਾ ਸਾਹਨੇਵਾਲ ਤੋਂ ਕਾਂਗਰਸ ਦੇ ਇੰਚਾਰਜ ਵਿਕਰਮ ਸਿੰਘ ਬਾਜਵਾ ਅਤੇ ਸੀਨੀ. ਕਾਂਗਰਸੀ ਆਗੂ ਸ਼ਕਤੀ ਆਨੰਦ ਨੇ ਕਿਹਾ ਕਿ ਆਪ ਦੇ ਪਿਛਲੇ 2 ਸਾਲ ਦੇ ਕਾਰਜਕਾਲ ਦੌਰਾਨ ਪਿੰਡਾਂ ਵਿੱਚ ਕੋਈ ਗਰਾਂਟ ਨਹੀਂ ਦਿੱਤੀ ਜਦਕਿ ਐਮ.ਪੀ. ਡਾ. ਅਮਰ ਸਿੰਘ ਨੇ ਆਪਣੇ ਅਖਤਿਆਰੀ ਕੋਟੇ ਵਿਚੋਂ 2 ਕਰੋਡ਼ ਰੁਪਏ ਦਿੱਤੇ ਇਸ ਲਈ ਲੋਕ ਜੇਕਰ ਵਿਕਾਸ ਚਾਹੁੰਦੇ ਹਨ ਤਾਂ ਕਾਂਗਰਸ ਨੂੰ ਜਿਤਾਉਣ।