ਕਾਂਗਰਸ ਲੋਕ ਭਲਾਈ ਵਿੱਚ ਵਿਸ਼ਵਾਸ ਰੱਖਦੀ ਹੈ, ਚੋਣਵੇਂ ਲੋਕਾਂ ਨੂੰ ਲਾਭ ਦੇਣ ਵਿੱਚ ਨਹੀਂ: ਮਨੀਸ਼ ਤਿਵਾੜੀ
- ਕਿਹਾ: ਕਾਂਗਰਸ ਦਾ ਚੋਣ ਮਨੋਰਥ ਪੱਤਰ ਸਿੱਧੇ ਤੌਰ 'ਤੇ ਲੋਕਾਂ ਦੇ ਜੀਵਨ ਨੂੰ ਛੂੰਹਦਾ ਹੈ
- ਲੋਕ ਭਲਾਈ ਕਾਂਗਰਸ ਦੀ ਪਹਿਲ ਸੀ ਅਤੇ ਰਹੇਗੀ
ਚੰਡੀਗੜ੍ਹ, 27 ਅਪਰੈਲ 2024: ਕਾਂਗਰਸ ਦੇ ਸੀਨੀਅਰ ਆਗੂ ਅਤੇ ਚੰਡੀਗੜ੍ਹ ਸੰਸਦੀ ਸੀਟ ਤੋਂ ਇੰਡੀਆ ਗਠਜੋੜ ਦੇ ਸਾਂਝੇ ਉਮੀਦਵਾਰ ਮਨੀਸ਼ ਤਿਵਾੜੀ ਨੇ ਕਿਹਾ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਉਲਟ ਕਾਂਗਰਸ ਕੁਝ ਚੋਣਵੇਂ ਲੋਕਾਂ ਨੂੰ ਲਾਭ ਦੇਣ ਵਿੱਚ ਨਹੀਂ, ਸਗੋਂ ਲੋਕ ਭਲਾਈ ਵਿੱਚ ਵਿਸ਼ਵਾਸ ਰੱਖਦੀ ਹੈ।
ਕੇਂਦਰ ਸ਼ਾਸਤ ਪ੍ਰਦੇਸ਼ 'ਚ ਚੋਣ ਪ੍ਰਚਾਰ ਦੌਰਾਨ ਵੱਖ-ਵੱਖ ਥਾਵਾਂ 'ਤੇ ਲੋਕਾਂ ਨਾਲ ਗੱਲਬਾਤ ਕਰਦਿਆਂ, ਤਿਵਾੜੀ ਨੇ ਕਿਹਾ ਕਿ ਲੋਕ ਭਲਾਈ ਹਮੇਸ਼ਾ ਤੋਂ ਸਾਡੀ ਸਭ ਤੋਂ ਵੱਡੀ ਤਰਜੀਹ ਰਹੇਗੀ, ਭਾਵੇਂ ਸਾਡੇ ਵਿਰੋਧੀ ਇਸ ਬਾਰੇ ਕੁਝ ਵੀ ਕਹਿਣ।
ਇਸ ਦੌਰਾਨ ਤਿਵਾੜੀ ਨੇ ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਐਚ.ਐਸ ਲੱਕੀ ਸਮੇਤ ਕਈ ਕਾਂਗਰਸੀ ਆਗੂਆਂ ਤੇ ਵਰਕਰਾਂ ਨਾਲ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਦਾ ਦੌਰਾ ਕੀਤਾ ਅਤੇ ਲੋਕਾਂ ਨਾਲ ਮੁਲਾਕਾਤ ਕੀਤੀ। ਜਿੱਥੇ ਉਨ੍ਹਾਂ ਨੇ ਲੋਕਾਂ ਨੂੰ ਦਰਪੇਸ਼ ਵੱਖ-ਵੱਖ ਮੁੱਦਿਆਂ ਅਤੇ ਸਮੱਸਿਆਵਾਂ ਬਾਰੇ ਗੱਲਬਾਤ ਕੀਤੀ। ਉਨ੍ਹਾਂ ਇਹ ਸਾਰੇ ਮਸਲੇ ਜਲਦੀ ਤੋਂ ਜਲਦੀ ਹੱਲ ਕਰਨ ਦਾ ਭਰੋਸਾ ਵੀ ਦਿੱਤਾ।
ਉਨ੍ਹਾਂ ਕਿਹਾ ਕਿ ਕਾਂਗਰਸ ਦਾ ਚੋਣ ਮੈਨੀਫੈਸਟੋ ਜਿਸਨੂੰ ‘ਨਿਆਸ ਪੱਤਰ’ ਦਾ ਨਾਂ ਦਿੱਤਾ ਗਿਆ ਹੈ, ਅਸਲ ਵਿੱਚ ਦੇਸ਼ ਵਿੱਚ ਆਮ ਲੋਕਾਂ ਨੂੰ ਪੰਜ ਇਨਸਾਫ਼ ਦੇਣ ਵਾਲਾ ਚੋਣ ਮੈਨੀਫੈਸਟੋ ਹੈ।
ਤਿਵਾੜੀ ਨੇ ਕਿਹਾ ਕਿ ਪਿਛਲੇ 10 ਸਾਲਾਂ ਦੌਰਾਨ ਭਾਜਪਾ ਨੇ ਕੁਝ ਖਾਸ ਪੂੰਜੀਪਤੀਆਂ ਦਾ ਇੱਕ ਚੋਣਵਾਂ ਅਤੇ ਵਿਸ਼ੇਸ਼ ਅਧਿਕਾਰ ਪ੍ਰਾਪਤ ਸਮੂਹ ਬਣਾਇਆ ਹੈ, ਜਦੋਂ ਕਿ ਕਾਂਗਰਸ ਨੇ ਨੌਜਵਾਨਾਂ, ਕਿਸਾਨਾਂ, ਔਰਤਾਂ, ਮਜ਼ਦੂਰਾਂ ਦੇ ਨਾਲ-ਨਾਲ ਸਮਾਜਿਕ ਨਿਆਂ ਦੀ ਗਾਰੰਟੀ ਦਿੱਤੀ ਹੈ।
ਇੰਡੀਆ ਗਠਜੋੜ ਦੇ ਸਾਂਝੇ ਉਮੀਦਵਾਰ ਨੇ ਕਿਹਾ ਕਿ ਇਸ ਸਮੇਂ ਦੇਸ਼ ਵਿੱਚ ਬੇਰੁਜ਼ਗਾਰੀ ਦੀ ਦਰ ਪਿਛਲੇ 45 ਸਾਲਾਂ ਵਿੱਚ ਸਭ ਤੋਂ ਵੱਧ ਹੈ। ਉਨ੍ਹਾਂ ਸਵਾਲ ਕੀਤਾ ਕਿ ਪ੍ਰਧਾਨ ਮੰਤਰੀ ਮੋਦੀ ਦੇ ਹਰ ਸਾਲ 2 ਕਰੋੜ ਨੌਕਰੀਆਂ ਪੈਦਾ ਕਰਨ ਦੇ ਵਾਅਦੇ ਦਾ ਕੀ ਹੋਇਆ? ਉਨ੍ਹਾਂ ਦੱਸਿਆ ਕਿ ਇਸ ਹਿਸਾਬ ਨਾਲ ਹੁਣ ਤੱਕ 20 ਕਰੋੜ ਨੌਕਰੀਆਂ ਪੈਦਾ ਹੋ ਜਾਣੀਆਂ ਸਨ। ਜਦੋਂ ਕਿ ਸਰਕਾਰ ਵੱਖ-ਵੱਖ ਵਿਭਾਗਾਂ ਵਿੱਚ ਪਈਆਂ 30 ਲੱਖ ਅਸਾਮੀਆਂ ਨੂੰ ਭਰਨ ਵਿੱਚ ਨਾਕਾਮ ਰਹੀ ਹੈ।
ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ ਇੰਡੀਆ ਦੀ ਸਰਕਾਰ ਸਭ ਤੋਂ ਪਹਿਲਾਂ 30 ਲੱਖ ਖਾਲੀ ਨੌਕਰੀਆਂ ਨੂੰ ਤੁਰੰਤ ਭਰੇਗੀ। ਇਸ ਤੋਂ ਇਲਾਵਾ, ਸਰਕਾਰ ਅਪ੍ਰੈਂਟਿਸਸ਼ਿਪ ਦੇ ਅਧਿਕਾਰ ਦੇ ਨਾਲ "ਪਹਿਲੀ ਨੌਕਰੀ ਦੀ ਗਰੰਟੀ" ਵੀ ਪ੍ਰਦਾਨ ਕਰੇਗੀ। ਇਸ ਯੋਜਨਾ ਦੇ ਤਹਿਤ, ਦੇਸ਼ ਵਿੱਚ ਹਰ ਨਵੇਂ ਗ੍ਰੈਜੂਏਟ ਜਾਂ ਡਿਪਲੋਮਾ ਧਾਰਕ ਨੂੰ ਪਹਿਲੇ ਸਾਲ ਵਿੱਚ ਉਸ ਮਿਆਦ ਲਈ 1 ਲੱਖ ਰੁਪਏ ਦੀ ਨਿਸ਼ਚਿਤ ਆਮਦਨ ਦੇ ਨਾਲ ਅਪ੍ਰੈਂਟਿਸਸ਼ਿਪ ਮਿਲੇਗੀ।
ਇਸੇ ਤਰ੍ਹਾਂ ਗਰੀਬਾਂ ਦੀ ਦੁਰਦਸ਼ਾ ਸੁਧਾਰਨ ਲਈ ਦੇਸ਼ ਭਰ ਦੇ ਹਰੇਕ ਲੋੜਵੰਦ ਪਰਿਵਾਰ ਦੀ ਇੱਕ ਔਰਤ ਨੂੰ ਹਰ ਸਾਲ 1 ਲੱਖ ਰੁਪਏ ਦਿੱਤੇ ਜਾਣਗੇ।
ਸਾਬਕਾ ਕੇਂਦਰੀ ਮੰਤਰੀ ਨੇ ਕਿਹਾ ਕਿ ਕਾਂਗਰਸ ਨੇ ਅਤੀਤ ਵਿੱਚ ਖੁਰਾਕ ਸੁਰੱਖਿਆ ਕਾਨੂੰਨ ਅਤੇ ਮਹਾਤਮਾ ਗਾਂਧੀ ਰਾਸ਼ਟਰੀ ਪੇਂਡੂ ਰੁਜ਼ਗਾਰ ਗਾਰੰਟੀ ਕਾਨੂੰਨ (ਮਨਰੇਗਾ) ਵਿੱਚ ਲਿਆ ਕੇ ਅਜਿਹਾ ਕੀਤਾ ਸੀ, ਜਿਸਨੇ ਪੇਂਡੂ ਰੁਜ਼ਗਾਰ ਵਿੱਚ ਕ੍ਰਾਂਤੀ ਲਿਆ ਦਿੱਤੀ ਸੀ।
ਉਨ੍ਹਾਂ ਕਿਹਾ ਕਿ ਪਿਛਲੇ ਸਾਲ ਕਰਨਾਟਕ ਅਤੇ ਤੇਲੰਗਾਨਾ 'ਚ ਚੋਣਾਂ ਜਿੱਤਣ ਤੋਂ ਬਾਅਦ ਵੀ ਕਾਂਗਰਸ ਨੇ ਸਾਰੀਆਂ ਗਾਰੰਟੀਆਂ ਪੂਰੀਆਂ ਕੀਤੀਆਂ, ਜਿਸਦਾ ਸਿੱਧਾ ਲਾਭ ਆਮ ਲੋਕਾਂ ਨੂੰ ਹੀ ਨਹੀਂ ਸਗੋਂ ਕੁਝ ਵਿਸ਼ੇਸ਼ ਅਧਿਕਾਰਾਂ ਵਾਲੇ ਲੋਕਾਂ ਨੂੰ ਹੋਇਆ।
ਇਸ ਦੌਰਾਨ ਸੂਬਾ ਕਾਂਗਰਸ ਪ੍ਰਧਾਨ ਲੱਕੀ ਨੇ ਕਿਹਾ ਕਿ ਕਾਂਗਰਸ ਨੇ ਹਮੇਸ਼ਾ ਦੇਸ਼ ਦੇ ਆਮ ਵਰਗ ਦੀ ਤਰੱਕੀ ਅਤੇ ਭਲਾਈ ਲਈ ਕੰਮ ਕੀਤਾ ਹੈ। ਪਾਰਟੀ ਦੀ ਸਰਕਾਰ ਆਉਣ 'ਤੇ ਲੋਕ ਹਿੱਤ ਨਾਲ ਸਬੰਧਤ ਸਕੀਮਾਂ ਸ਼ੁਰੂ ਕੀਤੀਆਂ ਜਾਣਗੀਆਂ ਅਤੇ ਇਹ ਯਕੀਨੀ ਬਣਾਇਆ ਜਾਵੇਗਾ ਕਿ ਦੇਸ਼ ਦੇ ਆਮ ਲੋਕਾਂ ਨੂੰ ਇੰਨ੍ਹਾਂ ਦਾ ਵੱਧ ਤੋਂ ਵੱਧ ਲਾਭ ਮਿਲੇ।
ਜਿੱਥੇ ਹੋਰਨਾਂ ਤੋਂ ਇਲਾਵਾ, ਚੰਡੀਗੜ੍ਹ ਕਾਂਗਰਸ ਦੇ ਖਜਾਨਚੀ ਵਿਕਰਮ ਚੋਪੜਾ, ਰੋਨੀ, ਹਰਮੀਤ ਕੰਬੋਜ, ਡਾ. ਅਜੈਬ ਸਿੰਘ, ਸਾਹਿਲ ਚਾਵੜ, ਹਰਭਜਨ ਸਿੰਘ, ਜਰਨੈਲ ਸਿੰਘ ਵੀ ਸ਼ਾਮਲ ਰਹੇ।