ਵੋਟਾਂ ਮੰਗਣ ਆਏ ਨੁਮਾਇਦਿਆਂ ਨੂੰ ਕਰਮਚਾਰੀ ਪੁੱਛਣਗੇ ਸਵਾਲ…??
" ਦੋ ਸਾਲ ਬੀਤ ਜਾਣ ਬਾਅਦ ਵੀ ਕਿਉਂ ਨਹੀਂ ਕੀਤੀ ਪੁਰਾਣੀ ਪੈਨਸ਼ਨ ਬਹਾਲ"-ਮਾਨ
ਪ੍ਰਮੋਦ ਭਾਰਤੀ
ਨਵਾਂਸ਼ਹਿਰ 27 ਅਪ੍ਰੈਲ 2024 - ਜ਼ਿਲ੍ਹਾ ਕਨਵੀਨਰ ਸ਼੍ਰੀ ਗੁਰਦਿਆਲ ਮਾਨ ਨੇ ਆਪਣੀ ਧਰਮਪਤਨੀ ਸਵਰਗਵਾਸੀ ਮੈਮ ਕੰਨਵਰਜੀਤ ਕੌਰ ਵਲੋਂ ਸ਼ੁਰੂ ਕੀਤੇ ਪੁਰਾਣੀ ਪੈਨਸ਼ਨ ਬਹਾਲੀ ਦੇ ਸ਼ੰਘਰਸ਼ ਨੂੰ ਅੱਗੇ ਵਧਾਉਂਦਿਆ ਹੋਇਆ ਅੱਜ ਜ਼ਿਲ੍ਹੇ ਅੰਦਰ ਪੋਸਟਰ ਮੁਹਿੰਮ ਨੂੰ ਆਪਣੇ ਘਰ ਦੇ ਗੇਟ ਉੱਤੇ ਆਪਣੇ ਪ੍ਰੀਵਾਰ ਦੇ ਨਾਲ ਰਲਕੇ ਪੋਸਟਰ ਲਗਾਕੇ ਸ਼ੁਰੂ ਕੀਤਾ। ਪੁਰਾਣੀ ਪੈਨਸ਼ਨ ਬਹਾਲੀ ਦੀ ਮੰਗ ਨੂੰ ਲੈ ਕੇ ਪੰਜਾਬ ਦੇ ਮੁਲਾਜ਼ਮ ਵਰਗ ਵਿੱਚ ਪੰਜਾਬ ਸਰਕਾਰ ਵਿਰੁੱਧ ਭਾਰੀ ਨਰਾਜ਼ਗੀ ਪਾਈ ਜਾ ਰਹੀ ਹੈ। ਲੋਕ ਸਭਾ ਚੋਣਾਂ ਮੌਕੇ ਮੁਲਾਜ਼ਮ ਵਰਗ ਖਾਸ ਕਰਕੇ 2004 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਨੇ ਅਪਣੇ ਘਰਾਂ ਅੱਗੇ ਪੋਸਟਰ ਲਾ ਕੇ ਹਰ ਸਿਆਸੀ ਧਿਰ ਨੂੰ ਸਿੱਧਾ ਸੁਨੇਹਾ ਦਿੱਤਾ ਹੈ ਕਿ ਸਾਡੀ ਵੋਟ ਉਸਨੂੰ ਜਾਏਗੀ ਜੋ ਪੁਰਾਣੀ ਪੈਨਸ਼ਨ ਬਹਾਲ ਕਰੇਗਾ।
ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਕਨਵੀਨਰ ਸ਼੍ਰੀ ਗੁਰਦਿਆਲ ਮਾਨ ਨੇ ਕਿਹਾ ਕਿ ਪਿਛਲੀਆਂ ਵਿਧਾਨ ਸਭਾ ਚੋਣਾ ਦੌਰਾਨ ਪੰਜਾਬ ਵਿੱਚ ਭਾਰੀ ਤਦਾਦ ਵਿੱਚ ਬੈਲਟ ਪੇਪਰਾਂ ਦੀ ਵਰਤੋਂ ਕਰਦੇ ਹੋਏ ਮੁਲਾਜਮ ਵਰਗ ਨੇ ਮੌਜੂਦਾ ਸਰਕਾਰ ਦੇ ਹੱਕ ਵਿੱਚ ਵੋਟਾਂ ਪਾਈਆਂ ਤੇ ਸਰਕਾਰ ਬਣਾਈ। ਦੋ ਸਾਲ ਪਹਿਲਾਂ ਭਗਵੰਤ ਮਾਨ ਸਰਕਾਰ ਨੇ ਪੁਰਾਣੀ ਪੈਨਸ਼ਨ ਬਹਾਲ ਕਰਨ ਸਬੰਧੀ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਗਿਆ ਜੋ ਕਿ ਚਿੱਟਾ ਹਾਥੀ ਸਾਬਤ ਹੋਇਆ।
ਪਿਛਲੀਆਂ ਸਰਕਾਰਾਂ ਦੀਆਂ ਸਿਆਸੀ ਧਿਰਾਂ ਤਾਂ ਜੁਬਾਨੀ ਕੀਤੇ ਵਾਅਦਿਆਂ ਤੋਂ ਮੁਕਰਦੇ ਰਹੇ ਆ ਪਰ ਭਗਵੰਤ ਮਾਨ ਸਰਕਾਰ ਪੰਜਾਬ ਦੇ ਇਤਿਹਾਸ ਦੀ ਪਹਿਲੀ ਸਰਕਾਰ ਹੈ ਜੋ ਅਪਣੇ ਲਿਖਤੀ ਨੋਟੀਫਿਕੇਸ਼ਨ ਨੂੰ ਲਾਗੂ ਨਹੀਂ ਕਰ ਪਾਈ। ਇਸ ਸਬੰਧੀ ਮੁਲਾਜਮ ਵਰਗ ਸੜਕਾਂ ਤੇ ਰਿਹਾ ਵੱਖ ਵੱਖ ਰੈਲੀਆਂ ਕੀਤੀਆਂ ਹਰ ਬਾਰ ਸਰਕਾਰ ਨੇ ਹੁਕਮ ਮੋੜਨਾ ਨੀ ਤੇ ਡੱਕਾ ਤੋੜਨਾ ਨੀ ਵਾਲਾ ਰਵੱਈਆ ਅਪਣਾਈ ਰੱਖਿਆ ਜਦੋਂ ਵੀ ਕੋਈ ਰੈਲੀ ਹੁੰਦੀ ਮੀਟਿੰਗ ਦਾ ਸਮਾਂ ਜਰੂਰ ਦਿੱਤਾ ਜਾਂਦਾ ਪਰ ਬਿਨਾਂ ਤਿਆਰੀ ਤੋਂ ਮੰਤਰੀ ਮੀਟਿੰਗ ਵਿੱਚ ਬੈਠਦੇ ਰਹੇ ਅਤੇ ਸਰਮਸ਼ਾਰ ਹੁੰਦੇ ਰਹੇ। ਰਾਜ ਸਰਕਾਰਾਂ ਦੇ ਅਪਣੇ ਅਧਿਕਾਰ ਹੁੰਦੇ ਹਨ। ਹਰ ਰਾਜ ਦੀ ਸਰਕਾਰ ਮੁਲਾਜਮਾਂ ਦੀਆਂ ਤਨਖਾਹਾਂ ਭੱਤੇ ਤੇ ਪੈਨਸ਼ਨ ਖੁਦ ਤੈਅ ਕਰਦੀ ਹੈ। ਪਰ ਪੰਜਾਬ ਦੀ ਇਹ ਪਹਲੀ ਸਰਕਾਰ ਹੈ ਜੋ ਇੰਨੀ ਕੁ ਕਮਜੋਰ ਹੋ ਚੁੱਕੀ ਹੈ ਕਿ ਅਪਣੇ ਲਏ ਫੈਸਲੇ ਨੂੰ ਲਾਗੂ ਨਹੀਂ ਕਰ ਪਾਈ ਹੈ। ਕੇੰਦਰ ਵੱਲੋਂ ਐਨ ਪੀ ਐਸ ਵਿੱਚ ਹੀ ਕੀਤੀ ਜਾ ਰਹੀ ਸੋਧ ਤੇ ਨਿਗਾਹ ਟਕਾਈ ਬੈਠੀ ਪੰਜਾਬ ਸਰਕਾਰ ਅਪਣੇ ਲਏ ਜਾਣ ਵਾਲੇ ਫੈਸਲਿਆਂ ਨੂੰ ਲੈਣ ਸਮੇਂ ਕੇੰਦਰ ਅੱਗੇ ਗੋਡੇ ਟੇਕਦੀ ਨਜਰ ਆ ਰਹੀ ਹੈ। ਪੁਰਾਣੀ ਪੈਨਸ਼ਨ ਬਹਾਲੀ ਦੇ ਮੁੱਦੇ ਤੇ ਕੇਂਦਰ ਦੀ ਮੋਦੀ ਸਰਕਾਰ ਤੋਂ ਨਿਰਾਸ਼ਾ ਹੀ ਪੱਲੇ ਪਈ ਹੈ।
ਜਿੱਥੇ ਕੇਂਦਰ ਸਰਕਾਰ ਪੈਨਸ਼ਨ ਦੇ ਮੁੱਦੇ ਕਮੇਟੀਆਂ ਦੇ ਗਠਨ ਤੱਕ ਹੀ ਸੀਮਤ ਰਹੀ ਹੈ ਉੱਥੇ ਹੀ ਪ੍ਰਧਾਨਮੰਤਰੀ ਮੋਦੀ ਨੇ ਜਿੰਨਾਂ ਰਾਜਾਂ ਨੇ ਪੁਰਾਣੀ ਪੈਨਸ਼ਨ ਬਹਾਲ ਕੀਤੀ ਉਹਨਾਂ ਨੂੰ ਵੀ ਚਿਤਾਵਨੀ ਦਿੰਦਿਆਂ ਕਿਹਾ ਸੀ ਕਿ ਉਹ ਪੁਰਾਣੀ ਪੈਨਸ਼ਨ ਬਹਾਲੀ ਜਿਹਾ ਮਹਾਪਾਪ ਨਾ ਕਰਨ, ਇਸ ਨਾਲ ਦੇਸ਼ ਦੀ ਅਰਥਵਿਵਸਥਾ ਤਬਾਹ ਹੋ ਜਾਵੇਗੀ। ਜਦਕਿ ਕਾਰਪੋਰੇਟਾ ਦੇ ਕਰੋੜਾਂ ਬੈਂਕ ਕਰਜ਼ੇ ਇੱਕ ਮਹਿਜ਼ ਐਲਾਨ ਨਾਲ ਹੀ ਮਾਫ ਕਰ ਦਿੱਤੇ ਜਾਂਦੇ ਹਨ ਅਤੇ ਵਿਧਾਨ ਸਭਾ ਤੇ ਲੋਕ ਸਭਾ ਮੈਂਬਰ ਆਪ ਚਾਰ-ਚਾਰ ਪੈਨਸ਼ਨਾ ਲੈ ਰਹੇ ਹਨ। ਕੁੱਝ ਗੁਆਂਢੀ ਰਾਜਾਂ ਨੇ ਪੁਰਾਣੀ ਪੈਨਸ਼ਨ ਲਾਗੂ ਕਰਕੇ ਦਮਦਾਰ ਤੇ ਤਜਰਬੇਕਾਰ ਸਰਕਾਰ ਹੋਣ ਦੀ ਮਿਸਾਲ ਕਾਇਮ ਰੱਖੀ ਹੈ। ਸ਼੍ਰੀ ਮਾਨ ਨੇ ਕਿਹਾ ਕਿ ਇਸ ਬਾਰ ਮੁਲਾਜਮ ਵਰਗ ਨੇ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਝੰਡੇ ਹੇਠ ਵੋਟ ਮੰਗਣ ਆ ਰਹੇ ਨੁਮਾਇੰਦਿਆਂ ਨੂੰ ਘਰ ਅੱਗੇ ਪੋਸਟਰ ਲਾ ਕੇ ਤਿੱਖੇ ਸਵਾਲ ਕਰਨ ਦਾ ਫੈਸਲਾ ਕੀਤਾ ਹੈ। ਇਸ ਮੁਹਿੰਮ ਦਾ ਜ਼ਿਲ੍ਹੇ ਵਿੱਚ ਆਗਾਜ਼ ਅੱਜ ਕਰ ਦਿੱਤਾ ਗਿਆ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਉਨ੍ਹਾਂ ਦੀ ਮਾਤਾ ਸਰਦਾਰਨੀ ਹਰਜੀਤ ਕੌਰ ਅਤੇ ਭਰਾ ਸਤਨਾਮ ਸਿੰਘ ਵੀ ਮੌਜੂਦ ਸਨ।