ਹਲਕਾ ਖੰਡੂਰ ਸਾਹਿਬ ਤੋਂ ਅਜ਼ਾਦ ਉਮੀਦਵਾਰ ਵਜੋਂ ਲੋਕ ਸਭਾ ਚੋਣ ਲੜ ਰਹੇ ਭਾਈ ਅੰਮ੍ਰਿਤਪਾਲ ਸਿੰਘ ਦੀ ਮਾਤਾ ਨੇ ਜਾਰੀ ਕੀਤਾ ਇਸਟਾਗ੍ਰਾਮ ਅਕਾਉਂਟ
- ਭਾਈ ਅੰਮ੍ਰਿਤਪਾਲ ਸਿੰਘ ਦੇ ਚੋਣ ਪ੍ਰਚਾਰ ਬਾਰੇ ਹਰ ਤਰ੍ਹਾਂ ਦੀ ਜਾਣਕਾਰੀ ਲਈ ਉਹਨਾਂ ਦੇ ਇਸ ਅਕਾਉਂਟ ਨਾਲ ਜੁੜਨ ਦੀ ਕੀਤੀ ਅਪੀਲ
- ਸਿੱਖ ਸੰਗਤਾਂ ਵੱਧ ਤੋਂ ਵੱਧ ਚੋਣ ਪ੍ਰਚਾਰ ਕਰਨ ਲਈ ਹਲਕਾ ਖੰਡੂਰ ਸਾਹਿਬ ਵਿਖੇ ਪਹੁੰਚਣ: ਮਾਤਾ ਬਲਵਿੰਦਰ ਕੌਰ
ਸੁਖਜਿੰਦਰ ਸਿੰਘ ਪੰਜਗਰਾਈਂ
ਪੰਜਗਰਾਈਂ ਕਲਾਂ,28 ਅਪ੍ਰੈਲ 2024: ਜਿਵੇਂ ਪੰਜਾਬ ਵਿੱਚ ਲੋਕ ਸਭਾ ਚੋਣਾਂ ਨੇੜੇ ਆ ਰਹੀਆਂ ਹਨ ਓਵੇਂ ਹੀ ਹਰ ਉਮੀਦਵਾਰ ਜਿੱਥੇ ਜਮੀਨੀ ਪੱਧਰ ਉੱਪਰ ਲੋਕਾਂ ਨਾਲ ਰਾਬਤਾ ਕਾਇਮ ਕਰ ਰਹੇ ਹਨ ਤੇ ਉਹਨਾਂ ਨੂੰ ਆਪਣੇ ਹੱਕ ਵਿੱਚ ਭੁਗਤਣ ਲਈ ਪ੍ਰਚਾਰ ਕਰ ਰਹੇ ਹਨ ਓਥੇ ਹਰ ਪਾਰਟੀ ਦਾ ਉਮੀਦਵਾਰ ਸ਼ੋਸ਼ਲ ਮੀਡੀਆ ਉੱਪਰ ਫੇਸਬੁੱਕ,ਟਵੀਟਟਰ ਤੇ ਇੰਸਟਾਗ੍ਰਾਮ ਆਦਿ ਅਕਾਉਂਟਾਂ ਰਾਹੀਂ ਚੋਣ ਪ੍ਰਚਾਰ ਕਰਨ ਲਈ ਵੀ ਪੂਰੀ ਵਾਹ ਲਾ ਰਹੇ ਹਨ। ਇਸੇ ਤਰ੍ਹਾਂ ਹੀ ਐਨ ਐਸ ਏ ਦੀ ਧਾਰਾ ਲਾ ਕੇ ਅਸਾਮ ਦੀ ਡਿਬਰੂਗੜ ਜੇਲ੍ਹ ਵਿੱਚ ਨਜਾਇਜ ਕੇਸ ਪਾ ਕੇ ਬੰਦ ਕੀਤੇ ਗਏ 'ਵਾਰਸ ਪੰਜਾਬ ਦੇ ' ਜਥੇਬੰਦੀ ਦੇ ਆਗੂ ਭਾਈ ਅੰਮ੍ਰਿਤਪਾਲ ਸਿੰਘ ਦੀ ਮਾਤਾ ਬਲਵਿੰਦਰ ਕੌਰ ਜੀ ਨੇ ਆਪਣਾ ਇੰਸਟਾਗ੍ਰਾਮ ਪੇਜ ਬਣਾ ਕੇ ਭਾਈ ਅੰਮ੍ਰਿਤਪਾਲ ਸਿੰਘ ਦੇ ਚੋਣ ਪ੍ਰਚਾਰ ਲਈ ਜਾਣਕਾਰੀ ਲੈਣ ਲਈ ਉਹਨਾਂ ਦੇ ਇਸ ਅਕਾਉਂਟ ਨਾਲ ਜੁੜਨ ਦੀ ਅਪੀਲ ਕੀਤੀ ਹੈ।
ਮਾਤਾ ਜੀ ਨੇ ਇਸ ਅਕਾਉਂਟ ਤੇ ਪੋਸਟ ਸ਼ੇਅਰ ਕਰ ਦਿਆਂ ਕਿਹਾ ਹੈ ਕੇ ਸਿੱਖ ਸੰਗਤਾਂ ਦੇ ਜੋਰ ਪਾਉਣ ਕਾਰਨ ਹੀ ਭਾਈ ਅੰਮ੍ਰਿਤਪਾਲ ਸਿੰਘ ਖੰਡੂਰ ਸਾਹਿਬ ਹਲਕੇ ਤੋਂ ਅਜ਼ਾਦ ਉਮੀਦਵਾਰ ਵਜੋਂ ਲੋਕ ਸਭਾ ਚੋਣ ਲੜ ਰਹੇ ਹਨ। ਉਹਨਾਂ ਕਿਹਾ ਕੇ ਭਾਈ ਅੰਮ੍ਰਿਤਪਾਲ ਦੇ ਚੋਣ ਪ੍ਰਚਾਰ ਬਾਰੇ ਹਰ ਤਰ੍ਹਾਂ ਦੀ ਜਾਣਕਾਰੀ ਸੰਗਤ ਨੂੰ ਇਸ ਇੰਸਟਾਗ੍ਰਾਮ ਤੋਂ ਮਿਲੇਗੀ। ਉਹਨਾਂ ਸਿੱਖ ਸੰਗਤਾਂ ਨੂੰ ਅਪੀਲ ਕਰ ਕੇ ਕਿਹਾ ਕੇ ਉਹ ਭਾਈ ਅੰਮ੍ਰਿਤਪਾਲ ਸਿੰਘ ਨਾਲ ਵੱਧ ਤੋਂ ਵੱਧ ਜੁੜਨ। ਉਹਨਾਂ ਅੱਗੇ ਲਿਖਿਆ ਹੈ ਕੇ ਸੰਗਤਾਂ ਕੂੜ ਪ੍ਰਚਾਰ ਅਤੇ ਭਾਈ ਅੰਮ੍ਰਿਤਪਾਲ ਸਿੰਘ ਵਿਰੁੱਧ ਝੂਠੀਆਂ ਅਫਵਾਹਾਂ ਵਿਰੁੱਧ ਸੁਚੇਤ ਰਹਿਣ। ਉਹਨਾਂ ਨੇ ਕਿਹਾ ਕੇ ਸਿੱਖ ਸੰਗਤਾਂ ਵੱਧ ਤੋਂ ਵੱਧ ਭਾਈ ਅੰਮ੍ਰਿਤਪਾਲ ਸਿੰਘ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਲਈ ਹਲਕਾ ਖੰਡੂਰ ਸਾਹਿਬ ਵਿੱਚ ਪਹੁੰਚਣ।