ਸਰਕਾਰਾਂ ਆਈਆਂ ਵਾਰੋ ਵਾਰੀ, ਪਰ ਲਾਲੜੂ 'ਚ ਨਾ ਆਈ ਰੋਡਵੇਜ਼ ਦੀ ਲਾਰੀ, ਆਗੂਆਂ ਦੀ ਬੇਰੁਖੀ ਦੇ ਬਾਅਦ ਲੋਕਾਂ ਨੇ ਭਾਣਾ ਹੀ ਮੰਨ ਲਿਆ
ਮਲਕੀਤ ਸਿੰਘ ਮਲਕਪੁਰ
ਲਾਲੜੂ 28 ਅਪ੍ਰੈਲ 2024: ਦੇਸ਼ ਦੇ ਨਾਲ -ਨਾਲ ਪੰਜਾਬ ਅੰਦਰ ਵੀ ਸਿਆਸਤ ਦਾ ਪਿੜ ਹੌਲੀ -ਹੌਲੀ ਭਖਣ ਲੱਗ ਪਿਆ ਹੈ। ਹਾਲੇ ਜਿੱਥੇ ਨਵੀਂ ਬਨਣ ਵਾਲੀ ਕੇਂਦਰੀ ਸਰਕਾਰ ਬਾਰੇ ਪੰਜਾਬ ਦੇ ਲੋਕ ਬਿਲਕੁਲ ਸ਼ਾਂਤ ਹਨ ,ਉੱਥੇ ਸਿਆਸੀ ਆਗੂਆਂ ਨੇ ਮੌਸਮ ਵਾਂਗ ਰੰਗ ਬਦਲਣਾ ਜਾਰੀ ਰੱਖਿਆ ਹੋਇਆ ਹੈ। ਉਕਤ ਸਾਰੀਆਂ ਸਰਗਰਮੀਆਂ ਦੌਰਾਨ ਲੋਕ ਸਭਾ ਹਲਕਾ ਪਟਿਆਲਾ ਦਾ ਲਾਲੜੂ ਖੇਤਰ ਅਜੇ ਵੀ ਮੁੱਖ ਸਹੂਲਤਾਂ ਤੋਂ ਸੱਖਣਾ ਹੈ।1966 ਵਿੱਚ ਪੰਜਾਬ-ਹਰਿਆਣਾ ਵੱਖ ਹੋਣ ਤੋਂ ਬਾਅਦ ਸਰਕਾਰਾਂ ਆਈਆਂ-ਸਰਕਾਰਾਂ ਗਈਆਂ ਪਰ ਇਸ ਖੇਤਰ ਨੂੰ ਕਦੇ ਵੀ ਨਿਰੰਤਰ ਤੇ ਸਹੀ ਗਿਣਤੀ ਵਿੱਚ ਰੋਡਵੇਜ਼ ਦੀਆਂ ਲਾਰੀਆਂ ਨਸੀਬ ਨਾ ਹੋਈਆਂ।ਇਸ ਖੇਤਰ ਵਿੱਚ ਹਰਿਆਣਾ ਰੋਡਵੇਜ਼ ਤੇ ਸੀਟੀਯੂ ਬੱਸਾਂ ਹੀ ਲੋਕਾਂ ਦੀ ਸਵਾਰੀ ਦਾ ਸਾਧਨ ਸਨ ਪਰ ਹੁਣ ਸੀਟੀਯੂ ਵਾਲੀ ਸਰਵਿਸ ਵੀ ਕਰੀਬ-ਕਰੀਬ ਬੰਦ ਹੋ ਚੁੱਕੀ ਹੈ।ਹਰਿਆਣਾ ਰੋਡਵੇਜ਼ ਵਾਲੇ ਆਪਣੀ ਮਰਜੀ ਦੇ ਮਾਲਕ ਹਨ।
ਪੰਜਾਬ ਰੋਡਵੇਜ਼ ਤੇ ਪੀਆਰਟੀਸੀ ਦੀ ਨਿਗੂਣੀ ਸਰਵਿਸ ਕਾਰਨ ਇਸ ਖੇਤਰ ਦੇ ਲੋਕਾਂ ਨੂੰ ਖਾਸ ਕਰ ਵਿਦਿਆਰਥੀਆਂ, ਮੁਲਾਜ਼ਮਾਂ ਤੇ ਔਰਤਾਂ ਆਦਿ ਸਮੇਤ ਹੋਰ ਵਰਗਾਂ ਨੂੰ ਰੋਡਵੇਜ਼ ਸਬੰਧੀ ਪੰਜਾਬ ਸਰਕਾਰ ਦੀਆਂ ਸਰਕਾਰੀ ਸਕੀਮਾਂ ਦਾ ਕੋਈ ਲਾਭ ਹੀ ਨਹੀਂ ਮਿਲ ਰਿਹਾ।ਦਿਹਾਤ ਤਾਂ ਕੀ ਬਿਲਕੁਲ ਅੰਬਾਲਾ-ਚੰਡੀਗੜ੍ਹ ਕੌਮੀ ਮਾਰਗ ਉਤੇ ਪੈਂਦੇ ਕਸਬਾ ਲਾਲੜੂ ਤੱਕ ਵੀ ਪੰਜਾਬ ਰੋਡਵੇਜ਼ ਤੇ ਪੀਆਰਟੀਸੀ ਦੀ ਇੱਕਾ-ਦੁੱਕਾ ਬੱਸ ਹੀ ਹੈ।ਹਾਲਾਂਕਿ ਅਸੀਂ ਇਹ ਵੀ ਨਹੀਂ ਕਹਿੰਦੇ ਕਿ ਇਸ ਖੇਤਰ ਵਾਂਗ ਇਸ ਖੇਤਰ ਦੀ ਸਿਆਸੀ ਨੁਮਾਇੰਦਗੀ ਕਰਨ ਵਾਲੇ ਕਿਸੇ ਪੱਖੋਂ ਕਮਜ਼ੋਰ ਸਨ।ਇਸ ਲੋਕ ਸਭਾ ਹਲਕੇ ਵਿੱਚ ਕਾਂਗਰਸ ਵੱਲੋਂ ਮਹਾਰਾਜਾ ਅਮਰਿੰਦਰ ਸਿੰਘ ਦਾ ਪਰਿਵਾਰ, ਸ਼੍ਰੋਮਣੀ ਅਕਾਲੀ ਦਲ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਗੁਰਚਰਨ ਸਿੰਘ ਟੌਹੜਾ ਤੇ ਵੱਡੇ ਅਕਾਲੀ ਆਗੂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਵਰਗੇ ਆਗੂਆਂ ਦੀ ਕਮਾਨ ਰਹੀ ਹੈ।ਅਗਾਂਹ ਵਿਧਾਨ ਸਭਾ ਹਲਕਾ ਡੇਰਾਬੱਸੀ ਦੇ ਪੱਧਰ ਉਤੇ ਸ਼੍ਰੋਮਣੀ ਅਕਾਲੀ ਦਲ ਦੇ ਦਿੱਗਜ ਆਗੂ ਕੈਪਟਨ ਕੰਵਲਜੀਤ ਸਿੰਘ ਤੇ ਸ਼੍ਰੋਮਣੀ ਅਕਾਲੀ ਦਲ ਵਿੱਚ ਬਾਦਲ ਪਰਿਵਾਰ ਦੇ ਖਾਸਮਖਾਸ਼ ਰਹੇ ਨਰਿੰਦਰ ਕੁਮਾਰ ਸ਼ਰਮਾ ਆਪੋ-ਆਪਣੇ ਸਮੇਂ ਦੌਰਾਨ ਪੂਰੀ ਤੂਤੀ ਬੋਲਣ ਦੇ ਬਾਵਜੂਦ ਇਸ ਮਾਮਲੇ ਨੂੰ ਕੋਈ ਅਹਿਮੀਅਤ ਨਾ ਦਿਵਾ ਪਾਏ।ਜਦਕਿ ਮਹਾਰਾਜਾ ਪਰਿਵਾਰ ਦੇ ਕਾਂਗਰਸ ਵਿੱਚ ਹੁੰਦਿਆਂ ਮਹਾਰਾਣੀ ਪ੍ਰਨੀਤ ਕੌਰ ਦੇ ਬੇਹੱਦ ਕਰੀਬੀ ਰਹੇ ਤੇ ਹਲਕੇ ਵਿੱਚ ਉਨ੍ਹਾਂ ਦਾ ਕੰਮ ਵੇਖਦੇ ਰਹੇ ਦੀਪਇੰਦਰ ਸਿੰਘ ਢਿੱਲੋਂ ਵੀ ਇਸ ਮਾਮਲੇ ਵਿੱਚ ਕੁੱਝ ਨਾ ਕਰ ਪਾਏ।ਇਹ ਸਭ ਹੈਵੀਵੇਟ ਆਗੂ ਹਨ ਤੇ ਸਨ ਪਰ ਫਿਰ ਵੀ ਉਹ ਆਮ ਲੋਕਾਂ ਦੀ ਇਸ ਛੋਟੀ ਸਮੱਸਿਆ ਨੂੰ ਕਦੇ ਸਮਝ ਹੀ ਨਾ ਸਕੇ।
ਜਾਗਰੂਕ ਲੋਕ ਤੇ ਪੱਤਰਕਾਰ ਭਾਈਚਾਰਾ ਸਮੇਂ -ਸਮੇਂ ਉਤੇ ਆਮ ਲੋਕਾਂ ਦੀ ਇਸ ਮੰਗ ਨੂੰ ਉਠਾਉਂਦਾ ਰਿਹਾ ਪਰ ਕਿਸੇ ਵੀ ਆਗੂ ਤੇ ਸਰਕਾਰੀ ਅਧਿਕਾਰੀ ਨੇ ਇਸ ਦਿਸ਼ਾ ਵੱਲ ਧਿਆਨ ਦੇਣਾ ਮੁਨਾਸਿਬ ਹੀ ਨਾ ਸਮਝਿਆ।ਉਕਤ ਚੋਣਾਂ ਦੇ ਐਲਾਨ ਤੋਂ ਪਹਿਲਾਂ ਤਾਂ ਲੋਕ ਇਸ ਮਾਮਲੇ ਬਾਰੇ ਗੱਲ ਕਰਨਾ ਹੀ ਬੰਦ ਕਰ ਗਏ ਸਨ ਪਰ ਹੁਣ ਚੋਣਾਂ ਨੂੰ ਵੇਖਦਿਆਂ ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਵੋਟਾਂ ਮੰਗਣ ਆਉਣ ਵਾਲੇ ਆਗੂਆਂ ਵੱਲੋਂ ਆਪੋ-ਆਪਣੇ ਦਾਅਵੇ ਕੀਤੇ ਜਾ ਰਹੇ ਹਨ,ਉਦੋਂ ਉਹ ਉਨ੍ਹਾਂ ਨੂੰ ਖੇਤਰ ਦੇ ਆਮ ਲੋਕਾਂ ਦੀ ਇਸ ਮੰਗ ਬਾਰੇ ਇੱਕ ਵਾਰ ਮੁੜ ਜਾਣੂੰ ਤਾਂ ਜ਼ਰੂਰ ਕਰਵਾਉਣ ਤੇ ਸ਼ਾਇਦ ਉਹ ਇਸ ਵਾਰ ਹੀ ਇਸ ਮਸਲੇ ਬਾਰੇ ਕੁੱਝ ਠੋਸ ਕਰ ਜਾਣ।ਇਸ ਸਮੇਂ ਹਲਕੇ ਅੰਦਰ ਬਹੁਕੋਣਾ ਮੁਕਾਬਲਾ ਹੈ। ਨਵੇਂ ਹਾਲਾਤ ਵਿੱਚ ਅਕਾਲੀ-ਭਾਜਪਾ ਸਮਝੌਤਾ ਟੁੱਟਣ ਤੋਂ ਬਾਅਦ ਭਾਜਪਾ ਵੀ ਇਸ ਵਾਰ ਇਕੱਲੀ ਮੈਦਾਨ ਵਿੱਚ ਹੈ। ਸੂਬੇ ਅੰਦਰ ਪਹਿਲੀ ਦਫਾ ਆਮ ਆਦਮੀ ਪਾਰਟੀ ਦੀ ਸਰਕਾਰ ਹੈ,ਜਿਸ ਤੋਂ ਲੋਕਾਂ ਨੂੰ ਇਹ ਮਸਲਾ ਹੋਣ ਦੀ ਦਰਕਾਰ ਵੀ ਹੈ।ਇਨ੍ਹਾਂ ਚੋਣਾਂ ਦੇ ਦਰਮਿਆਨ ਆਮ ਲੋਕਾਂ ਦੀ ਇੱਕ ਵਾਰ ਫਿਰ ਸਾਰੇ ਆਗੂਆਂ ਤੋਂ ਇਸ ਖੇਤਰ ਵਿਚ ਪੰਜਾਬ ਰੋਡਵੇਜ਼ ਤੇ ਪੀਆਰਟੀਸੀ ਦੀ ਸਰਵਿਸ ਵਧਾਉਣ ਦੀ ਮੰਗ ਹੈ। ਉਮੀਦ ਹੈ ਕਿ ਇਸ ਵਾਰ ਉਨ੍ਹਾਂ ਦੀ ਇਸ ਮੰਗ ਨੂੰ ਜ਼ਰੂਰ ਬੂਰ ਪਵੇਗਾ ਤੇ ਆਗੂ ਇਸ ਮਸਲੇ ਨੂੰ ਗੰਭੀਰਤਾ ਨਾਲ ਲੈਣਗੇ।