ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਸਤੀਸ਼ ਕੁਮਾਰ ਪੱਪੂ ਅਕਾਲੀ ਦਲ ਛੱਡ ਕੇ ਭਾਜਪਾ ਚ ਹੋਏ ਸ਼ਾਮਿਲ
- ਨਗਰ ਕੌਂਸਲ ਦੇ ਦੋ ਮੁਲਾਜ਼ਮ ਵੀ ਹੋਏ ਸ਼ਾਮਿਲ
- ਅੱਧੇ ਤੋਂ ਜਿਆਦਾ ਪਹਿਲਾਂ ਹੀ ਸਨ ਭਾਜਪਾਈ
ਦੀਪਕ ਜੈਨ
ਜਗਰਾਉਂ, 30 ਅਪ੍ਰੈਲ 2024 - ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅਤੇ ਤਿੰਨ ਵਾਰ ਕੌਂਸਲਰ ਬਣੇ ਮੌਜੂਦਾ ਕੌਂਸਲਰ ਸਤੀਸ਼ ਕੁਮਾਰ ਪੱਪੂ ਦੌਦਰੀਆ ਅੱਜ ਵੱਡੀ ਗਿਣਤੀ ਵਿੱਚ ਆਪਣੇ ਸਾਥੀਆਂ ਨਾਲ ਅਕਾਲੀ ਦਲ ਨੂੰ ਛੱਡ ਕੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ ਹੋ ਗਏ। ਭਾਜਪਾ ਨਾਲ ਜੋੜਨ ਲਈ ਉਹਨਾਂ ਨੂੰ ਪੰਜਾਬ ਪ੍ਰਧਾਨ ਸੁਨੀਲ ਕੁਮਾਰ ਜਾਖੜ, ਪੰਜਾਬ ਭਾਜਪਾ ਦੇ ਜਨਰਲ ਸਕੱਤਰ ਪਰਮਿੰਦਰ ਸਿੰਘ ਬਰਾੜ, ਜਿਲਾ ਲੁਧਿਆਣਾ ਦਿਹਾਤੀ ਪ੍ਰਧਾਨ ਕਰਨਲ ਰਿਟਾਇਰਡ ਇੰਦਰਪਾਲ ਸਿੰਘ ਧਾਲੀਵਾਲ, ਬ੍ਰਿਜ ਲਾਲ ਸ਼ਰਮਾ ਵਿਸਤਾਰਕ , ਅਨਿਲ ਕੁਮਾਰ ਚੋਪੜਾ ਸੰਟੀ ਉਪ ਪ੍ਰਧਾਨ ਲੁਧਿਆਣਾ ਦਿਹਾਤੀ, ਅਸ਼ੀਸ਼ ਕੁਮਾਰ ਗੁਪਤਾ ਜਨਰਲ ਸੈਕਟਰੀ ਲੁਧਿਆਣਾ ਦਿਹਾਤੀ ਨੇ ਭਾਜਪਾ ਦੇ ਮੁੱਖ ਦਫਤਰ ਚੰਡੀਗੜ੍ਹ ਵਿਖੇ ਪਾਰਟੀ ਜੁਆਇਨ ਕਰਵਾਈ।
ਅਕਾਲੀ ਦਲ ਨੂੰ ਤੋੜ ਵਿਛੋੜਾ ਦੇ ਕੇ ਭਾਜਪਾ ਵਿੱਚ ਸ਼ਾਮਿਲ ਹੋਣ ਬਾਰੇ ਸਤੀਸ਼ ਕੁਮਾਰ ਪੱਪੂ ਨੇ ਕਿਹਾ ਕਿ ਭਾਜਪਾ ਹੀ ਇੱਕੋ ਇੱਕ ਦੇਸ਼ ਵਿੱਚ ਅਜਿਹੀ ਪਾਰਟੀ ਹੈ ਜੋ ਹਰ ਇੱਕ ਵਰਗ ਦੇ ਹਿੱਤ ਲਈ ਸੋਚਦੀ ਹੈ। ਸਤੀਸ਼ ਕੁਮਾਰ ਪੱਪੂ ਦੇ ਨਾਲ ਭਾਜਪਾ ਵਿੱਚ ਸ਼ਾਮਿਲ ਹੋਣ ਵਾਲੇ ਰਾਜੇਸ਼ ਲੂੰਬਾ, ਸੁਨੀਲ ਮਹਾਜਨ, ਸੁਭਾਸ਼ ਅਰੋੜਾ, ਸਤਿੰਦਰ ਕੁਮਾਰ, ਜੀਵਨ ਕੁਮਾਰ, ਵਰਿੰਦਰ ਕੁਮਾਰ, ਕਾਲੂਰਾਮ, ਰਵੀ ਦੌਧਰੀਆ, ਅਵਤਾਰ ਸਿੰਘ ਤਾਰੀ, ਪ੍ਰਗਟ ਸਿੰਘ, ਸਤਨਾਮ ਸਿੰਘ, ਗੁਰਨਾਮ ਸਿੰਘ, ਅਵਤਾਰ ਸਿੰਘ, ਜਸਬੀਰ ਸਿੰਘ, ਰਾਹੁਲ ਦੋਧਰੀਆ, ਸੰਜੇ ਕੁਮਾਰ ਬੱਬਾ, ਰਿੰਕੂ ਦੌਧਰੀਆ, ਬਾਲ ਕਿਸ਼ਨ ਅਤੇ ਵਰਿੰਦਰ ਕੁਮਾਰ ਆਦਿ ਹਾਜ਼ਰ ਸਨ। ਦਰਸ਼ਕਾਂ ਨੂੰ ਦੱਸ ਦਈਏ ਕੀ ਸੱਤਾ ਸੁੱਖ ਪਾਉਣ ਦੇ ਲਈ ਪੱਪੂ ਢਾਈ ਸਾਲ ਆਮ ਆਦਮੀ ਪਾਰਟੀ ਦੀ ਕਿਸਤੀ ਵਿੱਚ ਬੈਠ ਕੇ ਚੱਪੂ ਚਲਾਉਂਦਾ ਰਿਹਾ ਹੈ।
ਨਗਰ ਕੌਂਸਲ ਦੇ ਦੋ ਮੁਲਾਜ਼ਮਾਂ ਦਾ ਭਾਜਪਾ ਵਿੱਚ ਸ਼ਾਮਿਲ ਹੋਣ ਤੇ ਈਓ ਸੁਖਦੇਵ ਸਿੰਘ ਰੰਧਾਵਾ ਨੇ ਕਿਹਾ ਹੈ ਕਿ ਕੋਈ ਵੀ ਸਰਕਾਰੀ ਮੁਲਾਜ਼ਮ ਰਾਜਨੀਤਿਕ ਪਾਰਟੀ ਵਿੱਚ ਸ਼ਾਮਿਲ ਨਹੀਂ ਹੋ ਸਕਦਾ ਕਾਨੂੰਨੀ ਮਾਹਰਾਂ ਦੀ ਰਾਇ ਲੈ ਕੇ ਉਹਨਾਂ ਖਿਲਾਫ ਕਾਰਵਾਈ ਕੀਤੀ ਜਾਵੇਗੀ।