ਬੀਜੇਪੀ ਦੇ ਝੂਠੇ ਵਾਅਦਿਆਂ ਤੇ ਹੁਣ ਚੰਡੀਗੜ੍ਹ ਵਾਸੀ ਨਹੀਂ ਕਰਦੇ ਵਿਸ਼ਵਾਸ: ਡਾ. ਐਸਐਸ ਆਹਲੂਵਾਲੀਆ
- ਬੀਜੇਪੀ ਐਮਪੀ ਕਿਰਣ ਖੇਰ ਨੇ ਲੋਕਾਂ ਨਾਲ ਕੀਤੇ ਵਾਅਦੇ ਨਹੀਂ ਕੀਤੇ ਪੂਰੇ
- ਸ਼ਹਿਰ ਵਾਸੀਆਂ ਤੋਂ ਹਰ ਵਾਰ ਝੂਠ ਬੋਲ ਕੇ ਲਈਆਂ ਗਈਆਂ ਵੋਟਾਂ
ਚੰਡੀਗੜ੍ਹ, 30 ਅਪ੍ਰੈਲ, 2024: ਬੀਜੇਪੀ ਵਲੋਂ ਚੰਡੀਗੜ੍ਹ ਵਾਸੀਆਂ ਦੇ ਨਾਲ ਕੀਤੇ ਗਏ ਵਾਅਦਿਆਂ ਨੂੰ ਕਦੇ ਪੂਰਾ ਨਹੀਂ ਕੀਤਾ ਗਿਆ। ਬੀਜੇਪੀ ਐਮਪੀ ਕਿਰਣ ਵਲੋਂ ਜੋ ਵਾਅਦੇ ਐਮਪੀ ਬਣਨ ਤੋਂ ਪਹਿਲਾਂ ਚੰਡੀਗੜ੍ਹ ਵਾਸੀਆਂ ਨਾਲ ਕੀਤੇ ਗਏ ਸਨ, ਉਨ੍ਹਾਂ ਨੂੰ ਪੂਰਾ ਨਹੀਂ ਕੀਤਾ ਗਿਆ। ਪਿਛਲੀਆਂ ਦੋ ਲੋਕ ਸਭਾ ਚੋਣਾਂ ਦੌਰਾਨ ਬੀਜੇਪੀ ਵਲੋਂ ਹਰ ਵਾਰ ਚੰਡੀਗੜ੍ਹ ਵਾਸੀਆਂ ਤੋਂ ਝੂਠੇ ਵਾਅਦੇ ਕਰਕੇ ਵੋਟਾਂ ਹਾਸਿਲ ਕੀਤੀਆਂ ਗਈਆਂ। ਬੀਜੇਪੀ ਦੇ ਝੂਠੇ ਵਾਅਦਿਆਂ ਦਾ ਸੱਚ ਹੁਣ ਸ਼ਹਿਰ ਵਾਸੀ ਜਾਣ ਚੁੱਕੇ ਹਨ ਅਤੇ ਹੁਣ ਸ਼ਹਿਰ ਵਾਸੀ ਬੀਜੇਪੀ ਦੇ ਝੂਠੇ ਵਾਅਦਿਆਂ ਤੇ ਵਿਸ਼ਵਾਸ ਨਹੀਂ ਕਰਦੇ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਅੱਜ ਪੰਜਾਬ ਜਲ ਸਪਲਾਈ ਅਤੇ ਸੀਵਰੇਜ ਬੋਰਡ ਦੇ ਚੇਅਰਮੈਨ ਅਤੇ ਕੋ–ਇੰਚਾਰਜ ਆਮ ਆਦਮੀ ਪਾਰਟੀ (ਆਪ) ਚੰਡੀਗੜ੍ਹ ਡਾ. ਐਸ.ਐਸ. ਆਹਲੂਵਾਲੀਆ ਨੇ ਕੀਤਾ।
ਡਾ. ਆਹਲੂਵਾਲੀਆ ਨੇ ਕਿਹਾ ਕਿ ਬੀਜੇਪੀ ਵਲੋਂ 2014 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਸ਼ਹਿਰ ਵਾਸੀਆਂ ਨਾਲ ਵਾਅਦਾ ਕੀਤਾ ਗਿਆ ਸੀ, ਕਿ ਬੀਜੇਪੀ ਦੀ ਸਰਕਾਰ ਬਣਨ ਤੋਂ ਬਾਅਦ ਚੰਡੀਗੜ੍ਹ ਵਿੱਚ ਪੇਡ ਪਾਰਕਿੰਗ ਨੂੰ ਖਤਮ ਕੀਤਾ ਜਾਵੇਗਾ। ਜਿਸ ਉਤੇ ਬੀਜੇਪੀ ਦੀ ਐਮਪੀ ਕਿਰਣ ਖੇਰ ਵਲੋਂ ਕਦੇ ਕੋਈ ਧਿਆਨ ਨਹੀਂ ਦਿੱਤਾ ਗਿਆ ਅਤੇ 10 ਸਾਲ ਦਾ ਸਮਾਂ ਝੂਠੇ ਲਾਅਰਿਆਂ ਦੇ ਵਿੱਚ ਲੰਘਾ ਦਿੱਤਾ ਗਿਆ। ਹੁਣ ਜਦੋਂ ਨਗਰ ਨਿਗਮ ਵਿੱਚ ਇੰਡੀਆ ਅਲਾਇੰਸ ਦਾ ਮੇਅਰ ਬਣਨ ਤੋਂ ਬਾਅਦ ਮੇਅਰ ਕੁਲਦੀਪ ਕੁਮਾਰ ਵਲੋਂ ਸ਼ਹਿਰ ਦੀਆਂ ਪਾਰਕਿੰਗਾਂ ਨੂੰ ਮੁਫਤ ਕਰਨ ਦਾ ਮਤਾ ਪਾਸ ਕੀਤਾ ਗਿਆ ਤਾਂ ਬੀਜੇਪੀ ਵਲੋਂ ਇਸ ਨੂੰ ਲਾਗੂ ਕਰਨ ਤੋਂ ਰੋਕਿਆ ਜਾ ਰਿਹਾ ਹੈ ਤਾਂ ਜੋ ਇਸ ਦਾ ਲਾਭ ਆਮ ਲੋਕਾਂ ਨੂੰ ਨਾ ਮਿਲ ਸਕੇ।
ਉਨ੍ਹਾਂ ਅੱਗੇ ਕਿਹਾ ਬੀਜੇਪੀ ਵਲੋਂ 2014 ਲੋਕ ਸਭਾ ਚੋਣਾਂ ਦੌਰਾਨ ਚੰਡੀਗੜ੍ਹ ਵਾਸੀਆਂ ਨਾਲ ਬਹੁਤ ਸਾਰੇ ਝੂਠੇ ਵਾਅਦੇ ਕੀਤੇ ਗਏ ਸਨ, ਜੋ ਕਿ ਅੱਜ ਤੱਕ ਅਧੂਰੇ ਹਨ। ਮਨੀਮਾਜਰਾ ਦੇ ਵਿੱਚ ਲੜਕੇ ਅਤੇ ਲੜਕੀਆਂ ਦੇ ਲਈ ਵੱਖਰੇ ਕਾਲਜ ਖੋਲਣ ਦਾ ਵਾਅਦਾ ਕੀਤਾ ਗਿਆ ਸੀ। ਚੰਡੀਗੜ੍ਹ ਨੂੰ ਨਸ਼ਾ ਮੁਕਤ ਬਨਾਉਣਾ ਅਤੇ ਸ਼ਹਿਰ ਵਿੱਚ ਅੰਤਰਰਾਸ਼ਟਰੀ ਪੱਧਰ ਦਾ ਨਵਾਂ ਸਟੇਡੀਅਮ ਬਨਾਉਣ ਦਾ ਵਾਅਦਾ ਕੀਤਾ ਸੀ। ਇਨ੍ਹਾਂ ਵਾਅਦਿਆਂ ਨੂੰ ਪੂਰਾ ਕਰਨ ਦੇ ਲਈ ਬੀਜੇਪੀ ਵਲੋਂ ਕਦੇ ਵੀ ਕੋਈ ਗੰਭੀਰਤਾ ਨਹੀਂ ਦਿਖਾਈ ਗਈ ਅਤੇ ਸ਼ਹਿਰ ਵਾਸੀਆਂ ਨਾਲ ਸਿਰਫ਼ ਝੂਠੇ ਬੋਲਿਆ ਗਿਆ।
ਉਨ੍ਹਾਂ ਕਿਹਾ ਕਿ ਬੀਜੇਪੀ ਵਲੋਂ ਵਾਅਦਾ ਕੀਤਾ ਗਿਆ ਸੀ ਕਿ ਸਾਰੇ ਸ਼ਹਿਰ ਦੇ ਸਾਰੇ ਵਾਰਡਾਂ ਦੇ ਵਿੱਚ ਖੇਡ ਮੈਦਾਨ ਬਣਾਏ ਜਾਣਗੇ। ਠੇਕੇ ਤੇ ਭਰਤੀ ਕੀਤੇ ਗਏ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇਗਾ। ਸਰਕਾਰੀ ਮੁਲਾਜ਼ਮਾਂ ਨੂੰ ਮਕਾਨ ਦਿੱਤੇ ਜਾਣਗੇ। ਮਕਾਨਾਂ ਵਿੱਚ ਨਿਯਮਿਤ ਤੌਰ ’ਤੇ ਬਦਲਾਅ ਕੀਤੇ ਜਾਣਗੇ। ਕਿਰਾਏਦਾਰਾਂ ਲਈ ਰਿਹਾਇਸ਼ ਯੋਜਨਾ ਲਾਗੂ ਕੀਤੀ ਜਾਵੇਗੀ। ਇਹ ਸਾਰੇ ਝੂਠੇ ਵਾਅਦੇ ਬੀਜੇਪੀ ਵਲੋਂ 2014 ਦੀਆਂ ਲੋਕ ਸਭਾ ਚੋਣਾਂ ਦੇ ਦੌਰਾਨ ਚੰਡੀਗੜ੍ਹ ਵਾਸੀਆਂ ਨਾਲ ਕੀਤੇ ਗਏ ਸਨ।
ਉਨ੍ਹਾਂ ਕਿਹਾ ਕਿ ਬੀਜੇਪੀ ਵਲੋਂ ਸ਼ਹਿਰ ਵਿੱਚ ਮੋਨੋਰੇਲ ਚਲਾਉਣ ਦਾ ਵਾਅਦਾ ਕੀਤਾ ਗਿਆ ਸੀ, ਇਹ ਵਾਅਦਾ ਵੀ ਝੂਠਾ ਵਾਅਦਾ ਸਾਬਿਤ ਹੋਇਆ। ਚੰਡੀਗੜ੍ਹ ਹਾਊਸਿੰਗ ਬੋਰਡ ਨਾਲ ਸਬੰਧਿਤ ਮੁੱਦਿਆਂ ਦਾ ਨਿਪਟਾਰਾ ਕਰਨ ਦਾ ਵਾਅਦਾ ਕੀਤਾ ਗਿਆ ਸੀ। ਬੂਥਾਂ ’ਤੇ ਪਹਿਲੀ ਮੰਜ਼ਿਲ ਦੀ ਇਜਾਜ਼ਤ ਦੇਣ, ਸਾਰੇ ਬਾਜ਼ਾਰਾਂ ’ਚ ਮੁਫ਼ਤ ਵਾਈ-ਫਾਈ ਮੁਹੱਈਆ ਕਰਵਾਉਣ ਅਤੇ ਚੰਡੀਗੜ੍ਹ ਵਾਸੀਆਂ ਨੂੰ ਸ਼ਹਿਰ ’ਚ ਨੌਕਰੀਆਂ ਲਈ ਤਰਜੀਹ ਦੇਣ ਦੇ ਵਾਅਦੇ ਸਿਰਫ਼ ਕਾਗਜ਼ਾਂ ’ਤੇ ਹੀ ਰਹਿ ਗਏ। ਬਿਜਲੀ ਦੀਆਂ ਤਾਰਾਂ ਨੂੰ ਜ਼ਮੀਨਦੋਜ਼ ਕਰਨ ਦਾ ਵਾਅਦਾ ਕੀਤਾ ਗਿਆ ਸੀ, ਇਹ ਵਾਅਦਾ ਵੀ ਝੂਠਾ ਵਾਅਦਾ ਸਾਬਿਤ ਹੋਇਆ।
ਡਾ. ਆਹਲੂਵਾਲੀਆ ਨੇ ਅੱਗੇ ਕਿਹਾ ਕਿ ਬੀਜੇਪੀ ਵਲੋਂ ਲੋਕਾਂ ਨਾਲ ਝੂਠੇ ਵਾਅਦੇ ਕਰਕੇ ਉਨ੍ਹਾਂ ਨੂੰ ਠੱਗਣ ਦਾ ਕੰਮ ਕੀਤਾ ਜਾਂਦਾ ਹੈ। ਸ਼ਹਿਰ ਵਾਸੀ ਬੀਜੇਪੀ ਦੇ ਇਸ ਝੂਠ ਨੂੰ ਹੁਣ ਪੂਰੀ ਤਰ੍ਹਾਂ ਜਾਣ ਚੁੱਕੇ ਹਨ। ਸ਼ਹਿਰ ਵਾਸੀ ਬੁਨਿਆਦੀ ਸਹੂਲਤਾਂ ਨੂੰ ਵੀ ਤਰਸੇ ਪਏ ਹਨ। ਇਨ੍ਹਾ ਲੋਕ ਸਭਾ ਚੋਣਾਂ ਦੇ ਵਿੱਚ ਸ਼ਹਿਰ ਵਾਸੀ ਚੰਡੀਗੜ੍ਹ ਵਿਚੋਂ ਬੀਜੇਪੀ ਦਾ ਪੂਰੀ ਤਰ੍ਹਾਂ ਨਾਲ ਸਫਾਇਆ ਕਰ ਦੇਣਗੇ ਅਤੇ ਇੰਡੀਆ ਅਲਾਇੰਸ ਦੇ ਉਮੀਦਵਾਰ ਮਨੀਸ਼ ਤਿਵਾੜੀ ਨੂੰ ਵੱਡੇ ਫਰਕ ਨਾਲ ਜਿਤਾ ਕੇ ਲੋਕ ਸਭਾ ਵਿੱਚ ਭੇਜਣਗੇ।