ਨੀਲ ਗਰਗ ਦਾ ਪਰਗਟ ਸਿੰਘ ਨੂੰ ਠੋਕਵਾਂ ਜਵਾਬ-ਸਾਡੀ ਚਿੰਤਾ ਨਾ ਕਰੋ, ਆਪਣੇ ਲੀਡਰਾਂ ਦੀ ਚਿੰਤਾ ਕਰੋ, ਅੱਧੀ ਪੰਜਾਬ ਕਾਂਗਰਸ ਪਹਿਲਾਂ ਹੀ ਭਾਜਪਾ ਵਿੱਚ ਹੋ ਚੁੱਕੀ ਹੈ ਸ਼ਾਮਲ
- ਅਸੀਂ ਤਾਨਾਸ਼ਾਹੀ ਵਿਰੁੱਧ ਲੜ ਰਹੇ ਹਾਂ, ਸਾਡੇ ਕੌਮੀ ਕਨਵੀਨਰ ਸਾਡੇ ਸੰਵਿਧਾਨ ਨੂੰ ਬਚਾਉਣ ਲਈ ਲੜ ਰਹੇ ਹਨ: ਨੀਲ ਗਰਗ
ਚੰਡੀਗੜ੍ਹ, 2 ਮਈ 2024 - ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਕਾਂਗਰਸੀ ਆਗੂ ਪਰਗਟ ਸਿੰਘ ਦੇ ਬਿਆਨ 'ਆਪ' ਭਾਜਪਾ 'ਚ ਸ਼ਾਮਲ ਹੋਵੇਗੀ 'ਤੇ ਤਿੱਖਾ ਪਲਟਵਾਰ ਕਰਦਿਆਂ ਇਸ ਨੂੰ ਗੈਰ-ਜ਼ਿੰਮੇਵਾਰਾਨਾ ਕਰਾਰ ਦਿੱਤਾ ਅਤੇ ਕਿਹਾ ਕਿ ਉਹ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਪਾਰਟੀ ਦਫ਼ਤਰ ਤੋਂ ਜਾਰੀ ਬਿਆਨ ਵਿੱਚ 'ਆਪ' ਬੁਲਾਰਾ ਨੀਲ ਗਰਗ ਨੇ ਕਿਹਾ ਕਿ ਇਹ ਉਹੀ ਆਮ ਆਦਮੀ ਪਾਰਟੀ ਹੈ, ਜਿਸ ਨੇ ਹਮੇਸ਼ਾ ਹੀ ਭਾਜਪਾ ਦੀ ਤਾਨਾਸ਼ਾਹੀ ਅਤੇ ਉਸ ਦੀ ਲੋਕਤੰਤਰ ਵਿਰੋਧੀ ਗਤੀਵਿਧੀਆਂ ਦਾ ਡਟ ਕੇ ਵਿਰੋਧ ਕੀਤਾ ਹੈ। ਭਾਜਪਾ ਅਤੇ ਨਰਿੰਦਰ ਮੋਦੀ ਦਾ ਵਿਰੋਧ ਕਰਨ ਕਾਰਨ ਸਾਡੇ ਕਈ ਆਗੂ ਜੇਲ੍ਹਾਂ ਵਿੱਚ ਹਨ। ਸਾਡੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਆਪਣੇ ਖਿਲਾਫ ਝੂਠੇ ਕੇਸ ਤਹਿਤ ਜੇਲ੍ਹ ਵਿੱਚ ਹਨ। ਗਰਗ ਨੇ ਕਿਹਾ ਕਿ ਅਸੀਂ ਇਹ ਲੜਾਈ ਆਪਣੇ ਲੋਕਤੰਤਰ ਅਤੇ ਸੰਵਿਧਾਨ ਨੂੰ ਬਚਾਉਣ ਲਈ ਲੜ ਰਹੇ ਹਾਂ।
ਪਰਗਟ ਸਿੰਘ 'ਤੇ ਨਿਸ਼ਾਨਾ ਸਾਧਦਿਆਂ ਨੀਲ ਗਰਗ ਨੇ ਕਿਹਾ ਕਿ ਅੱਜ ਪੰਜਾਬ ਦੀ 60 ਫੀਸਦੀ ਕਾਂਗਰਸ ਭਾਜਪਾ 'ਚ ਜਾ ਚੁੱਕੀ ਹੈ, ਤੁਹਾਡਾ ਸਾਬਕਾ ਪ੍ਰਧਾਨ ਹੁਣ ਭਾਜਪਾ ਪੰਜਾਬ ਦਾ ਪ੍ਰਧਾਨ ਹੈ, ਤੁਹਾਡਾ ਸਾਬਕਾ ਮੁੱਖ ਮੰਤਰੀ ਅੱਜ ਭਾਜਪਾ 'ਚ ਹੈ। ਇਨ੍ਹਾਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਦੇ ਕਈ ਉਮੀਦਵਾਰ ਕਾਂਗਰਸ ਤੋਂ ਆਏ ਹਨ। ਤੁਹਾਡਾ ਮੌਜੂਦਾ ਵਿਰੋਧੀ ਧਿਰ ਦਾ ਨੇਤਾ (ਐਲਔਪੀ), ਉਸਦਾ ਭਰਾ ਜੋ ਕਦੇ ਪੰਜਾਬ ਵਿੱਚ ਮੰਤਰੀ ਸੀ, ਅੱਜ ਵੀ ਭਾਜਪਾ ਵਿੱਚ ਹੈ।
ਆਪ ਆਗੂ ਨੇ ਪਰਗਟ ਸਿੰਘ ਨੂੰ ਸਲਾਹ ਦਿੱਤੀ ਕਿ ਉਹ 'ਆਪ' ਦੀ ਚਿੰਤਾ ਕਰਨ ਦੀ ਬਜਾਏ ਪੰਜਾਬ ਕਾਂਗਰਸ ਅਤੇ ਇਸ ਦੇ ਆਗੂਆਂ ਦੀ ਚਿੰਤਾ ਕਰਨ। ਅਸੀਂ ਇਸ ਲੋਕਤੰਤਰ ਨੂੰ ਬਚਾਉਣ ਦੀ ਜ਼ਿੰਮੇਵਾਰੀ ਨਿਭਾ ਰਹੇ ਹਾਂ। ਆਮ ਆਦਮੀ ਪਾਰਟੀ ਭਾਜਪਾ ਵਿੱਚ ਨਹੀਂ ਜਾਵੇਗੀ ਪਰ ਕਾਂਗਰਸੀ ਆਗੂ ਆਪਣੇ ਬਾਰੇ ਇਹ ਨਹੀਂ ਕਹਿ ਸਕਦੇ।