ਪੰਜਾਬ ਬਚਾਓ ਯਾਤਰਾ ਭਲਕੇ ਮੋਹਾਲੀ ਹਲਕੇ ਵਿੱਚ ਹੋਵੇਗੀ ਦਾਖਲ, ਦੁਪਹਿਰ 2 ਵਜੇ ਪਹੁੰਚੇਗੀ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ
- 'ਪੰਜਾਬ ਬਚਾਓ ਯਾਤਰਾ' ਨੂੰ ਮਿਲ ਰਿਹਾ ਹੁੰਗਾਰਾ ਸਾਬਿਤ ਕਰਦਾ ਹੈ ਕਿ ਪੰਜਾਬੀਆਂ ਨੇ ਆਪਣਾ ਅਤੇ ਪਰਾਇਆ ਦੀ ਕੀਤੀ ਪਛਾਣ: ਪ੍ਰੋ. ਚੰਦੂਮਾਜਰਾ
- ਲੋਕ ਸਭਾ ਚੋਣਾਂ ਪੰਜਾਬ ਦੀ ਗੈਰਤ ਅਤੇ ਇੱਜ਼ਤ ਦਾ ਸਵਾਲ : ਪ੍ਰੋ. ਚੰਦੂਮਾਜਰਾ
ਮੋਹਾਲੀ 2 ਮਈ 2024 - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਸ਼ੁਰੂ ਕੀਤੀ ਗਈ 'ਪੰਜਾਬ ਬਚਾਓ ਯਾਤਰਾ' ਭਲਕੇ ਮੋਹਾਲੀ ਹਲਕੇ ਵਿੱਚ ਦਾਖ਼ਲ ਹੋਵੇਗੀ। ਇਹ ਯਾਤਰਾ ਸਵੇਰੇ 10 ਵਜੇ ਵਿਧਾਨ ਸਭਾ ਹਲਕਾ ਖਰੜ ਦੇ ਕੁਰਾਲੀ ਤੋਂ ਸ਼ੁਰੂ ਹੋਵੇਗੀ ਅਤੇ ਯਾਤਰਾ ਦਾ ਦੂਜਾ ਪੜਾਅ ਦੁਪਹਿਰ 2 ਵਜੇ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਤੋਂ ਸ਼ੁਰੂ ਹੋਕੇ ਗੁਰਦੁਆਰਾ ਅੰਬ ਸਾਹਿਬ, ਕ੍ਰਿਕਟ ਸਟੇਡੀਅਮ, ਸੈਕਟਰ 82, ਮਨੌਲੀ, ਦੁਰਾਲੀ ਹੁੰਦੇ ਹੋਏ ਸਨੇਟਾ ਵਿਖੇ ਸਮਾਪਤੀ ਹੋਵੇਗੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪਾਰਟੀ ਦੇ ਲੋਕ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਤੋਂ ਉਮੀਦਵਾਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਪ੍ਰੈੱਸ ਦੇ ਰੂਬਰੂ ਹੁੰਦਿਆਂ ਆਖਿਆ ਕਿ 'ਪੰਜਾਬ ਬਚਾਓ ਯਾਤਰਾ' ਨੂੰ ਸਮੂਹ ਪੰਜਾਬੀਆਂ ਵੱਲੋਂ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ ਜੋ ਇਸ ਗੱਲ ਦਾ ਸੰਕੇਤ ਹੈ ਕਿ ਪੰਜਾਬੀਆਂ ਨੇ ਆਪਣੇ ਅਤੇ ਪਰਾਇਆਂ ਦੀ ਪਛਾਣ ਕਰ ਲਈ ਹੈ। ਉਹਨਾਂ ਕਿਹਾ ਕਿ ਅਕਾਲੀ ਦਲ ਨੇ ਜੋ ਦਿੱਲੀ ਨਾਲ ਲੜਾਈ ਵਿੱਢੀ ਹੈ ਉਹ ਪੰਜਾਬੀਆਂ ਦੇ ਮਾਣ ਸਤਿਕਾਰ ਦੀ ਬਹਾਲੀ ਲਈ ਹੈ। ਉਹਨਾਂ ਕਿਹਾ ਕਿ ਲੋਕ ਸਭਾ ਚੋਣਾਂ ਪੰਜਾਬ ਦੀ ਇੱਜ਼ਤ ਅਤੇ ਗੈਰਤ ਦਾ ਸਵਾਲ ਬਣ ਗਈਆਂ ਹਨ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਕੀਤੀ ਜਾ ਰਹੀ 'ਪੰਜਾਬ ਬਚਾਓ ਯਾਤਰਾ' ਲਾਮਿਸਾਲ ਹੋਵੇਗੀ।
ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਪਿਛਲੇ ਦੋ ਸਾਲਾਂ ਵਿੱਚ ਪੰਜਾਬ ਬਿਲਕੁਲ ਲਾਵਾਰਸ ਹੋ ਗਿਆ, ਵਪਾਰੀ ਪੰਜਾਬ ਛੱਡ ਕੇ ਭੱਜ ਰਹੇ ਹਨ, ਨੌਜਵਾਨਾਂ ਨੂੰ ਰੁਜ਼ਗਾਰ ਨਹੀਂ ਮਿਲ ਰਿਹਾ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਝੂਠ, ਵਿਅੰਗਬਾਜ਼ੀ ਅਤੇ ਲਾਰੇਬਾਜੀ ਤੱਕ ਸੀਮਤ ਰਹਿ ਗਈ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦੀ ਅਗਿਆਨਤਾ ਦੇ ਚਲਦੇ ਕੇਂਦਰ ਤੋਂ ਮਿਲਣ ਵਾਲੀਆਂ ਕਰੋੜਾਂ ਰੁਪਏ ਦੀਆਂ ਗ੍ਰਾਂਟਾਂ ਤੋਂ ਵੀ ਪੰਜਾਬ ਵਾਂਝਾ ਰਹਿ ਗਿਆ। ਪ੍ਰੋ ਚੰਦੂਮਾਜਰਾ ਨੇ ਕਿਹਾ ਕਿ ਪੰਜਾਬ ਸਰਕਾਰ ਫਜ਼ੂਲ ਖਰਚਿਆਂ ਤੇ ਉਤਾਰੂ ਹੈ ਅਤੇ ਪੰਜਾਬ ਦੇ ਵੱਡੀ ਗਿਣਤੀ ਪੁਲਿਸ ਮੁਲਾਜ਼ਮ ਦਿੱਲੀ ਵਿੱਚ ਕੇਜਰੀਵਾਲ ਅਤੇ ਹੋਰ ਮੰਤਰੀਆਂ ਦੀ ਸੇਵਾ ਵਿੱਚ ਲੱਗੇ ਗਏ ਹੋਏ ਹਨ। ਉਨ੍ਹਾਂ ਕਿਹਾ ਕਿ ਹੋਰ ਤਾਂ ਹੋਰ ਪੰਜਾਬ ਦੇ ਮੰਤਰੀਆਂ ਦੇ ਰਿਸ਼ਤੇਦਾਰ ਪੰਜਾਬ ਪੁਲਿਸ ਦੇ ਕਰਮਚਾਰੀਆਂ ਨੂੰ ਆਪਣੇ ਨਾਲ ਵਿਆਹਾਂ ਤੇ ਭੋਗਾਂ ਤੇ ਲਈ ਫਿਰਦੇ ਹਨ। ਸੂਬਾ ਸਰਕਾਰ ਪੰਜਾਬ ਦੇ ਖਜ਼ਾਨੇ ਨੂੰ ਬੁਰੀ ਤਰ੍ਹਾਂ ਲੁੱਟ ਲਹੀ ਹੈ। ਉਹਨਾਂ ਕਿਹਾ ਕਿ ਪੰਜਾਬ ਵਿੱਚ ਅਰਾਜਕਤਾ ਦਾ ਮਾਹੌਲ ਹੈ ਅਤੇ ਫਰੋਤੀਆਂ ਡਕੈਤੀਆਂ ਲੁੱਟਾਂ ਖਸੁੱਟਾਂ ਚੱਲ ਰਹੀਆਂ ਹਨ। ਉਹਨਾਂ ਕਿਹਾ ਕਿ ਭੈਭੀਤ ਹੋਏ ਪੰਜਾਬ ਦੇ 95 ਫੀਸਦੀ ਵਪਾਰੀ ਅਤੇ ਕਾਰੋਬਾਰੀ ਗੁਆਂਢੀ ਸੂਬਿਆਂ ਵਿੱਚ ਭੱਜ ਗਏ ਹਨ। ਉਨ੍ਹਾਂ ਕਿਹਾ ਕਿ ਨੌਜਵਾਨ ਰੁਜ਼ਗਾਰ ਨਾ ਮਿਲਣ ਕਾਰਨ ਜਮੀਨਾਂ ਵੇਚ ਕੇ ਵਿਦੇਸ਼ਾਂ ਨੂੰ ਜਾ ਰਹੇ ਹਨ ਅਤੇ ਪੰਜਾਬ ਖਾਲੀ ਹੋ ਰਿਹਾ ਹੈ।
ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਦਿੱਲੀ ਦੇ ਦਲਾਲਾਂ ਦੀਆਂ ਸਾਜ਼ਿਸ਼ਾਂ ਨੂੰ ਫੇਲ੍ਹ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਅੱਗੇ ਆਇਆ ਹੈ। ਉਹਨਾਂ ਕਿਹਾ ਕਿ ਜਦੋਂ ਵੀ ਦਿੱਲੀ ਅਤੇ ਪੰਜਾਬ ਦਾ ਟਾਕਰਾ ਹੋਇਆ ਹੈ ਤਾਂ ਪੰਜਾਬ ਜੇਤੂ ਰਿਹਾ ਹੈ। ਉਹਨਾਂ ਕਿਹਾ ਕਿ ਕਾਂਗਰਸ ਅਤੇ ਆਪ ਅੰਦਰ ਖਾਤੇ ਇੱਕ ਹਨ, ਜਿਸ ਕਰਕੇ ਕਾਂਗਰਸ ਪਾਰਟੀ ਦੇ ਲੀਡਰਾਂ ਨੂੰ ਵਰਕਰ ਫਿਟਕਾਰਾਂ ਅਤੇ ਲਾਹਨਤਾਂ ਪਾ ਰਹੇ ਹਨ।
ਇਸ ਮੌਕੇ ਹਲਕਾ ਇੰਚਾਰਜ਼ ਮੋਹਾਲੀ ਪਰਵਿੰਦਰ ਸਿੰਘ ਸੋਹਾਣਾ, ਸ਼ਹਿਰੀ ਪ੍ਰਧਾਨ ਕਮਲਜੀਤ ਸਿੰਘ ਰੂਬੀ, ਸਿਮਰਨਜੀਤ ਸਿੰਘ ਚੰਦੂਮਾਜਰਾ, ਪਰਮਜੀਤ ਸਿੰਘ ਕਾਹਲੋਂ, ਮਾਸਟਰ ਜਗਦੇਵ ਸਿੰਘ ਤੋਂ ਇਲਾਵਾ ਹਲਕਾ ਮੋਹਾਲੀ ਦੀ ਸੀਨੀਅਰ ਅਕਾਲੀ ਲੀਡਰਸ਼ਿਪ ਮੌਜੂਦ ਰਹੀ।