ਅਕਾਲੀ ਦਲ ਪੰਜਾਬ ਵਿਚੋਂ ਗੈਂਗਸਟਰ ਤੇ ਨਸ਼ੇ ਖਤਮ ਕਰ ਕੇ ਪੰਜਾਬ ਵਿਚ ਨਿਵੇਸ਼ਕਾਂ ਲਈ ਢੁਕਵੇਂ ਮਾਹੌਲ ਦੀ ਸਿਰਜਣਾ ਕਰੇਗਾ: ਸੁਖਬੀਰ ਬਾਦਲ (ਵੀਡੀਓ ਵੀ ਦੇਖੋ)
- ਕਿਹਾ ਕਿ ਕੌਮੀ ਪਾਰਟੀਆਂ ਦੇਸ਼ ਨੂੰ ਧਰਮ ਤੇ ਜਾਤ-ਪਾਤ ਦੇ ਆਧਾਰ ’ਤੇ ਵੰਡ ਰਹੀਆਂ ਹਨ ਤੇ ਲੋਕ ਉਹਨਾਂ ਨੂੰ ਪੁੱਛਣ ਕਿ ਉਹ ਵਪਾਰ ਤੇ ਉਦਯੋਗ, ਕਿਸਾਨਾਂ ਤੇ ਆਮ ਲੋਕਾਂ ਵਾਸਤੇ ਕੀ ਕਰਨਗੀਆਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਚੋਣ ਮੈਦਾਨ ਵਿਚ ਨਿਤਰੀਆਂ ਪਾਰਟੀਆਂ ਦਾ ਕਿਰਦਾਰ ਤੇ ਬੀਤੇ ਸਮੇਂ ਦੀ ਕਾਰਗੁਜ਼ਾਰੀ ਵੇਖ ਕੇ ਵੋਟਾਂ ਪਾਉਣ
ਰਵਿੰਦਰ ਸਿੰਘ ਢਿੱਲੋਂ
ਖੰਨਾ, 2 ਮਈ 2024 - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਸਰਕਾਰ ਦੇ ਰਾਜ ਵਿਚ ਕਾਨੂੰਨ ਵਿਵਸਥਾ ਢਹਿ ਢੇਰੀ ਹੋਣ ਕਾਰਣ ਪੰਜਾਬ ਦੇ ਉਦਯੋਗਾਂ ਦਾ ਭੋਗ ਪੈ ਰਿਹਾ ਹੈ ਅਤੇ ਉਹਨਾਂ ਐਲਾਨ ਕੀਤਾ ਕਿ ਸੂਬੇ ਵਿਚ ਇਕ ਵਾਰ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਗੈਂਗਸਟਰਾਂ ਨੂੰ ਖ਼ਤਮ ਕਰ ਕੇ ਨਿਵੇਸ਼ਕਾਂ ਦੇ ਲਈ ਢੁਕਵਾਂ ਮਾਹੌਲ ਪੈਦਾ ਕਰੇਗੀ। ਅਕਾਲੀ ਦਲ ਦੇ ਪ੍ਰਧਾਨ, ਜੋ ਇਥੇ ਲੁਧਿਆਣਾ ਤੋਂ ਪਾਰਟੀ ਉਮੀਦਵਾਰ ਸਰਦਾਰ ਰਣਜੀਤ ਸਿੰਘ ਢਿੱਲੋਂ ਦੇ ਹੱਕ ਵਿਚ ਚੋਣ ਪ੍ਰਚਾਰ ਕਰਨ ਪਹੁੰਚੇ ਸਨ, ਨੇ ਇਥੇ ਉਦਯੋਗਪਤੀਆਂ ਨਾਲ ਮੁਲਾਕਾਤ ਕੀਤੀ ਅਤੇ ਖੰਨਾ ਵਿਚ ਪਾਰਟੀ ਦੇ ਫਤਿਹਗੜ੍ਹ ਸਾਹਿਬ ਤੋਂ ਉਮੀਦਵਾਰ ਸਰਦਾਰ ਬਿਕਰਮਜੀਤ ਸਿੰਘ ਖਾਲਸਾ ਦੇ ਹੱਕ ਵਿਚ ਪੰਜਾਬ ਬਚਾਓ ਯਾਤਰਾ ਦੀ ਅਗਵਾਈ ਕੀਤੀ, ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਪੰਜਾਬ ਵਿਚੋਂ ਘਰੇਲੂ ਉਦਯੋਗ ਉੱਤਰ ਪ੍ਰਦੇਸ਼ ਤੇ ਮੱਧ ਪ੍ਰਦੇਸ਼ ਵਿਚ ਜਾ ਰਹੇ ਹਨ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
https://www.facebook.com/BabushahiDotCom/videos/805385421528075
ਉਹਨਾਂ ਕਿਹਾ ਕਿ ਸੂਬੇ ਵਿਚ ਉਦਯੋਗਪਤੀ ਪਹਿਲਾਂ ਹੀ 20 ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਹੋਰ ਰਾਜਾਂ ਵਿਚ ਕਰ ਚੁੱਕੇ ਹਨ ਜਿਸ ਕਾਰਨ ਸੂਬੇ ਦੇ ਉਦਯੋਗਾਂ ਨੂੰ ਵੱਡਾ ਘਾਟਾ ਪਿਆ ਹੈ। ਸਰਦਾਰ ਸੁਖਬੀਰ ਸਿੰਘ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਆਪ ਸਰਕਾਰ ਤੇ ਮੁੱਖ ਮੰਤਰੀ ਭਗਵੰਤ ਮਾਨ ਇਕੱਲੇ ਇਸ ਲਈ ਜ਼ਿੰਮੇਵਾਰ ਹਨ। ਉਹਨਾਂ ਕਿਹਾ ਕਿ ਉਦਯੋਗਪਤੀਆਂ ਨੇ ਮੈਨੂੰ ਦੱਸਿਆ ਕਿ ਉਹਨਾਂ ਦੇ ਕਈ ਸਾਥੀਆਂ ਨੇ ਤਾਂ ਫਿਰੌਤੀਆਂ ਦੇਣ ਨੂੰ ਪਹਿਲ ਦਿੱਤੀ ਕਿਉਂਕਿ ਸੂਬਾ ਸਰਕਾਰ ਗੈਂਗਸਟਰਾਂ ’ਤੇ ਨਕੇਲ ਪਾਉਣ ਵਿਚ ਬੁਰੀ ਤਰ੍ਹਾਂ ਫੇਲ੍ਹ ਹੋਈ ਹੈ। ਉਹਨਾਂ ਨੇ ਇਹ ਵੀ ਦੱਸਿਆ ਕਿ ਉਦਯੋਗਪਤੀਆਂ ਨੇ ਦੱਸਿਆ ਕਿ ਕਿਵੇਂ ਆਪ ਸਰਕਾਰ ਤੋਂ ਉਹਨਾਂ ਨੂੰ ਇਕ ਵੀ ਰਿਆਇਤ ਨਹੀਂ ਮਿਲੀ ਅਤੇ ਉਹਨਾਂ ਲਈ ਬਿਜਲੀ ਦਰਾਂ ਵੀ ਵਧਾ ਦਿੱਤੀਆਂ ਗਈਆਂ ਹਨ ਜਿਸ ਕਾਰਣ ਉਹਨਾਂ ਲਈ ਵਪਾਰਕ ਕਰਨਾ ਲਾਹੇਵੰਦ ਨਹੀਂ ਰਿਹਾ।
ਉਹਨਾਂ ਕਿਹਾ ਕਿ ਕੁਝ ਉਦਯੋਗਪਤੀਆਂ ਨੇ ਤਾਂ ਇਹ ਵੀ ਦੱਸਿਆ ਕਿ ਉਹਨਾਂ ਨੂੰ ਕੱਚਾ ਮਾਲ ਖਰੀਦਣ ਵਿਚ ਵੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਉਹਨਾਂ ਨੂੰ ਹਮਰੁਤਬਾ ਨੂੰ ਮੌਜੂਦਾ ਹਾਲਾਤ ਵਿਚ ਉਹਨਾਂ ਨਾਲ ਸੌਦੇਬਾਜ਼ੀ ਕਰਨ ਵਿਚ ਖਦਰ ਮਹਿਸੂਸ ਹੋ ਰਿਹਾ ਹੈ। ਪੰਜਾਬ ਵਿਚ ਨਿਵੇਸ਼ ਦੇ ਹਾਲਾਤ ਵਿਗੜਨ ਦਾ ਗੰਭੀਰ ਨੋਟਿਸ ਲੈਂਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਅਕਾਲੀ ਦਲ ਸੂਬੇ ਵਿਚੋਂ ਗੈਂਗਸਟਰ ਸਭਿਆਚਾਰ ਅਤੇ ਨਸ਼ੇ ਖਤਮ ਕਰਨ ਲਈ ਵਚਨਬੱਧ ਹੈ। ਉਹਨਾਂ ਕਿਹਾ ਕਿ ਅਕਾਲੀ ਦਲ ਇਹਨਾਂ ਦੋਵਾਂ ਮਾਮਲਿਆਂ ਵਿਚ ਜ਼ੀਰੋ ਟਾਲਰੰਸ ਨੀਤੀ ਅਪਣਾਏਗੀ। ਉਹਨਾਂ ਕਿਹਾ ਕਿ ਨਾਲੋਂ ਨਾਲ ਅਸੀਂ ਅਕਾਲੀ ਦਲ ਦੀ ਸਰਕਾਰ ਵੇਲੇ ਬਣਾਏ ਪੰਜਾਬ ਨਿਵੇਸ਼ ਵਿਭਾਗ ਨੂੰ ਬਹਾਲ ਕਰਾਂਗੇ ਅਤੇ ਨਿਵੇਸ਼ਕਾਂ ਨੂੰ ਢੁਕਵੀਂਆਂ ਰਿਆਇਤਾਂ ਦੇਵਾਂਗੇ ਤਾਂ ਜੋ ਸੂਬੇ ਵਿਚ ਨਿਵੇਸ਼ ਲਈ ਆਕਰਸ਼ਕ ਥਾਂ ਬਣਾਇਆ ਜਾ ਸਕੇ।
ਉਹਨਾਂ ਕਿਹਾ ਕਿ ਲਘੂ ਉਦਯੋਗਾਂ ਨੂੰ ਉਤਸ਼ਾਹਿਤ ਕਰਨ ਵਾਸਤੇ ਨਵੀਂ ਨੀਤੀ ਬਣਾਈ ਜਾਵੇਗੀ ਅਤੇ ਉਦਯੋਗ ਲਈ ਰਿਆਇਤੀ ਦਰਾਂ ’ਤੇ ਨਿਯਮਿਤ ਬਿਜਲੀ ਸਪਲਾਈ ਯਕੀਨੀ ਬਣਾਈ ਜਾਵੇਗੀ। ਸਰਦਾਰ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਸ਼ਾਂਤੀ ਤੇ ਫਿਰਕੂ ਸਦਭਾਵਨਾ ਤਰੱਕੀ ਤੇ ਵਿਕਾਸ ਲਈ ਜ਼ਰੂਰੀ ਹਨ। ਉਹਨਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਸਾਰੀਆਂ ਕੌਮੀ ਪਾਰਟੀਆਂ ਦੇਸ਼ ਨੂੰ ਧਾਰਮਿਕ ਤੇ ਜਾਤੀ ਲੀਹਾਂ ’ਤੇ ਵੰਡਣ ’ਤੇ ਤੁਲੀਆਂ ਹਨ। ਉਹਨਾਂ ਕਿਹਾ ਕਿ ਲੋਕਾਂ ਨੂੰ ਇਹਨਾਂ ਪਾਰਟੀਆਂ ਤੋਂ ਪੁੱਛਣਾ ਚਾਹੀਦਾ ਹੈ ਕਿ ਉਹ ਵਪਾਰ ਅਤੇ ਉਦਯੋਗਾਂ, ਕਿਸਾਨਾਂ ਤੇ ਆਮ ਆਦਮੀ ਲਈ ਕੀ ਕਰਨਗੀਆਂ। ਉਹਨਾਂ ਨੇ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਚੋਣ ਮੈਦਾਨ ਵਿਚ ਨਿਤਰੀਆਂ ਪਾਰਟੀਆਂ ਦੇ ਕਿਰਦਾਰ ਅਤੇ ਬੀਤੇ ਸਮੇਂ ਦਾ ਰਿਕਾਰਡ ਵੀ ਚੈਕ ਕਰਨ।
ਉਹਨਾਂ ਕਿਹਾ ਕਿ ਮੈਂ ਮਾਣ ਨਾਲ ਕਹਿ ਸਕਦਾ ਹਾਂ ਕਿ ਅਕਾਲੀ ਦਲ ਇਕਲੌਤੀ ਪਾਰਟੀ ਹੈ ਜਿਸਦਾ ਆਪਣੇ ਵਾਅਦੇ ਪੂਰਨ ਕਰਨ ਦਾ ਟਰੈਕ ਰਿਕਾਰਡ ਰਿਹਾ ਹੈ ਜਦੋਂ ਕਿ ਬਾਕੀਆਂ ਨੇ ਤਾਂ ਸਿਰਫ ਪ੍ਰਾਪੇਗੰਡਾ ਹੀ ਕੀਤਾ ਹੈ। ਸਰਦਾਰ ਬਾਦਲ ਨੇ ਪੰਜਾਬੀਆਂ ਨੂੰ ਸੂਬੇ ਨੂੰ ਬਚਾਉਣ ਲਈ ਪੰਜਾਬ ਬਚਾਓ ਯਾਤਰਾ ਵਿਚ ਸ਼ਾਮਲ ਹੋਣ ਦੀ ਅਪੀਲ ਵੀ ਕੀਤੀ। ਇਸ ਮੌਕੇ ਰਣਜੀਤ ਸਿੰਘ ਢਿੱਲੋਂ, ਹੀਰਾ ਸਿੰਘ ਗਾਬੜੀਆ, ਮਹੇਸ਼ਇੰਦਰ ਸਿੰਘ ਗਰੇਵਾਲ, ਮਨਪ੍ਰੀਤ ਮਾਨ, ਹਰਚਰਨ ਸਿੰਘ ਗੋਹਲਵੜੀਆ, ਗੁਰਮੀਤ ਸਿੰਘ ਕੁਲਾਰ, ਭੁਪਿੰਦਰ ਸਿੰਘ ਭਿੰਦਾ, ਜਸਪਾਲ ਸਿੰਘ ਗਿਆਸਪੁਰਾ ਅਤੇ ਜਗਬੀਰ ਸਿੰਘ ਸੋਖੀ ਵੀ ਹਾਜ਼ਰ ਸਨ।
ਇਸ ਤੋਂ ਪਹਿਲਾਂ ਪੰਜਾਬ ਬਚਾਓ ਯਾਤਰਾ ਨੂੰ ਖੰਨਾ ਵਿਚ ਵੱਡਾ ਹੁੰਗਾਰਾ ਮਿਲਿਆ। ਇਥੇ ਅਕਾਲੀ ਦਲ ਦੇ ਪ੍ਰਧਾਨ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਖੇਤਰੀ ਪਾਰਟੀ ਦੀ ਹਮਾਇਤ ਕਰਨ ਤਾਂ ਜੋ ਪੰਜਾਬ ਨੂੰ ਤਰੱਕੀ ਤੇ ਵਿਕਾਸ ਦੇ ਨਵੇਂ ਦੌਰ ਵਿਚ ਲਿਜਾਇਆ ਜਾ ਸਕੇ। ਸਰਦਾਰ ਬਾਦਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਫਤਿਹਗੜ੍ਹ ਸਾਹਿਬ ਤੋਂ ਪਾਰਟੀ ਉਮੀਦਵਾਰ ਬਿਕਰਮਜੀਤ ਸਿੰਘ ਖਾਲਸਾ ਦੀ ਦਿਲੋਂ ਮਦਦ ਕਰਨ। ਉਹਨਾਂ ਨੇ ਯਾਤਰਾ ਦੇ ਸਫਲ ਆਯੋਜਨ ਲਈ ਸੀਨੀਅਰ ਆਗੂ ਯਾਦਵਿੰਦਰ ਸਿੰਘ ਯਾਦੂ ਦੀ ਸ਼ਲਾਘਾ ਕੀਤੀ। ਯਾਤਰਾ ਦੌਰਾਨ ਸਮਾਜ ਦੇ ਹਰ ਵਰਗ ਨੇ ਉਹਨਾਂ ਦਾ ਸਵਾਗਤ ਕੀਤਾ ਅਤੇ ਵਾਲਮੀਕਿ ਭਾਈਚਾਰੇ ਅਤੇ ਹੋਰ ਸਮਾਜਿਕ ਤੇ ਧਾਰਮਿਕ ਸੰਗਠਨਾਂ ਨੇ ਉਹਨਾਂ ਦਾ ਸਨਮਾਨ ਵੀ ਕੀਤਾ।