ਸ੍ਰੀ ਫ਼ਤਿਹਗੜ੍ਹ ਸਾਹਿਬ 'ਚ ਭਗਵੰਤ ਮਾਨ ਨੇ ਕਿਹਾ- ਗੁਰਪ੍ਰੀਤ ਜੀਪੀ ਦੀ ਜਿੱਤ ਪੱਕੀ, ਸਿਰਫ਼ ਐਲਾਨ ਹੋਣਾ ਬਾਕੀ (ਵੀਡੀਓ ਵੀ ਦੇਖੋ)
- ਭਗਵੰਤ ਮਾਨ ਨੇ ਗੁਰਪ੍ਰੀਤ ਜੀਪੀ ਨਾਲ ਕੱਢਿਆ ਸਾਹਨੇਵਾਲ 'ਚ ਰੋਡ ਸ਼ੋਅ, ਲੋਕਾਂ ਦਾ ਮਿਲਿਆ ਭਰਵਾਂ ਸਮਰਥਨ
- ਰਵਨੀਤ ਬਿੱਟੂ 'ਤੇ ਮਾਨ ਨੇ ਕਿਹਾ- ਮੈਂ ਕਿਸੇ ਨੂੰ ਜਿਤਾਉਣ ਨਹੀਂ ਆਏ, ਮੇਰਾ ਟੀਚਾ 13-0 ਨਾਲ ਜਿੱਤਣਾ ਦਾ, ਬਿੱਟੂ ਚੌਥੇ ਜਾਂ ਪੰਜਵੇਂ ਨੰਬਰ 'ਤੇ ਆਉਣ ਦੀ ਕਰ ਲਵੇ ਤਿਆਰੀ
- ਭਗਵੰਤ ਮਾਨ ਨੇ ਕਿਹਾ- 14 ਟੋਲ ਪਲਾਜ਼ੇ ਬੰਦ ਕਰ ਦਿੱਤੇ, ਜਿਸ ਕਾਰਨ ਪੰਜਾਬ ਦੇ ਲੋਕਾਂ ਨੂੰ ਹਰ ਰੋਜ਼ 60 ਲੱਖ ਰੁਪਏ ਦੀ ਬੱਚਤ ਹੋ ਰਹੀ ਹੈ, ਜਦਕਿ ਅਸੀਂ ਇਹ ਵਾਅਦਾ ਵੀ ਨਹੀਂ ਕੀਤਾ, ਕਿਉਂਕਿ ‘ਆਪ’ ਸਰਕਾਰ ਵਾਅਦਿਆਂ ਤੋਂ ਵੱਧ ਕੰਮ ਕਰਦੇ ਹਾਂ
- ਕੈਪਟਨ ਬਾਦਲ 'ਤੇ ਹਮਲਾ, ਕਿਹਾ- ਪੰਜਾਬ ਦੇ ਲੋਕਾਂ ਦੇ ਘਰ ਕੱਚੇ ਛੱਡ ਕੇ ਦੋਵਾਂ ਨੇ ਆਪਣੇ ਲਈ ਸੁਖ-ਵਿਲਾਸ ਹੋਟਲ ਅਤੇ ਸਿਸਵਾਂ ਫਾਰਮ ਹਾਊਸ ਬਣਵਾਏ
ਫ਼ਤਿਹਗੜ੍ਹ ਸਾਹਿਬ/ਚੰਡੀਗੜ੍ਹ, 2 ਮਈ 2024 - ਮੁੱਖ ਮੰਤਰੀ ਭਗਵੰਤ ਮਾਨ ਨੇ ਵੀਰਵਾਰ ਨੂੰ ਸ਼੍ਰੀ ਫ਼ਤਿਹਗੜ੍ਹ ਸਾਹਿਬ ਲੋਕ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਗੁਰਪ੍ਰੀਤ ਜੀਪੀ ਲਈ ਚੋਣ ਪ੍ਰਚਾਰ ਕੀਤਾ। ਮਾਨ ਨੇ ਜੀਪੀ ਦੇ ਨਾਲ ਸਾਹਨੇਵਾਲ ਵਿੱਚ ਇੱਕ ਵੱਡਾ ਰੋਡ ਸ਼ੋਅ ਕੱਢਿਆ, ਜਿਸ ਵਿੱਚ ਹਜ਼ਾਰਾਂ ਲੋਕਾਂ ਨੇ ਸ਼ਮੂਲੀਅਤ ਕੀਤੀ। ਲੋਕਾਂ ਨੇ ਫੁੱਲਾਂ ਦੀ ਵਰਖਾ ਕਰਕੇ ਮੁੱਖ ਮੰਤਰੀ ਦਾ ਸਵਾਗਤ ਕੀਤਾ ਅਤੇ ਆਮ ਆਦਮੀ ਪਾਰਟੀ ਅਤੇ ਇਨਕਲਾਬ ਜ਼ਿੰਦਾਬਾਦ ਦੇ ਨਾਅਰੇ ਲਾਏ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
https://www.facebook.com/BabushahiDotCom/videos/789712679472273
ਭਗਵੰਤ ਮਾਨ ਨੇ ਫ਼ਤਿਹਗੜ੍ਹ ਸਾਹਿਬ ਦੇ ਲੋਕਾਂ ਨੂੰ 'ਆਪ' ਉਮੀਦਵਾਰ ਗੁਰਪ੍ਰੀਤ ਜੀ.ਪੀ ਨੂੰ ਜਿਤਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਤੁਹਾਡੇ ਜੋਸ਼ ਅਤੇ ਉਤਸ਼ਾਹ ਨੂੰ ਦੇਖ ਕੇ ਮੈਨੂੰ ਪੂਰਾ ਯਕੀਨ ਹੈ ਕਿ ਗੁਰਪ੍ਰੀਤ ਜੀ.ਪੀ. ਦੀ ਜਿੱਤ ਪੱਕੀ ਹੈ, ਸਿਰਫ਼ ਐਲਾਨ ਹੋਣਾ ਬਾਕੀ ਹੈ। ਮਾਨ ਨੇ ਕਿਹਾ ਕਿ 1 ਜੂਨ ਨੂੰ ਸਾਨੂੰ ਵੋਟ ਪਾਉਣਾ ਤੁਹਾਡੀ ਜ਼ਿੰਮੇਵਾਰੀ ਹੈ, ਉਸ ਤੋਂ ਬਾਅਦ ਤੁਹਾਡੇ ਲਈ ਕੰਮ ਕਰਨਾ ਮੇਰੀ ਜ਼ਿੰਮੇਵਾਰੀ ਹੋਵੇਗੀ।
ਭਗਵੰਤ ਮਾਨ ਨੇ ਰਵਨੀਤ ਬਿੱਟੂ ਬਾਰੇ ਅਫ਼ਵਾਹਾਂ ਦਾ ਖੰਡਨ ਕਰਦਿਆਂ ਕਿਹਾ ਕਿ ਮੈਂ ਇੱਥੇ ਕਿਸੇ ਨੂੰ ਜਿਤਾਉਣ ਨਹੀਂ ਆਏ। ਮੇਰਾ ਟੀਚਾ 13-0 ਨਾਲ ਜਿੱਤਣਾ ਹੈ। ਬਿੱਟੂ ਨੂੰ ਚੌਥੇ ਜਾਂ ਪੰਜਵੇਂ ਨੰਬਰ 'ਤੇ ਆਉਣ ਦੀ ਤਿਆਰੀ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ 'ਰਵਨੀਤ ਬਿੱਟੂ ਮੇਰੇ ਦੋਸਤ ਹਨ, ਇਸ ਲਈ ਮੈਂ ਉਨ੍ਹਾਂ ਨੂੰ ਜਿਤਾਉਣ ਵਿਚ ਮਦਦ ਕਰਾਂਗਾ' ਇਹ ਪੂਰੀ ਤਰ੍ਹਾਂ ਫ਼ਰਜ਼ੀ ਖ਼ਬਰ ਹੈ।
ਭਗਵੰਤ ਮਾਨ ਨੇ ਕਿਹਾ ਕਿ ਅਸੀਂ ਪੰਜਾਬ ਦੇ ਲੋਕਾਂ ਤੋਂ ਪਿਛਲੇ ਦੋ ਸਾਲਾਂ ਦੇ ਕੰਮਾਂ ਦੇ ਆਧਾਰ 'ਤੇ ਵੋਟਾਂ ਮੰਗ ਰਹੇ ਹਾਂ। ਅਸੀਂ ਸੂਬੇ ਵਿੱਚ ਜਿੱਥੇ ਵੀ ਜਾਂਦੇ ਹਾਂ, ਲੋਕ ਸਾਡੇ ਕੰਮ ਦੀ ਤਾਰੀਫ਼ ਕਰ ਰਹੇ ਹਨ। ਅਸੀਂ ਪਿਛਲੇ ਦੋ ਸਾਲਾਂ ਦੌਰਾਨ 43,000 ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ। 90 ਫੀਸਦੀ ਘਰਾਂ ਦੇ ਬਿਜਲੀ ਦੇ ਬਿੱਲ ਜ਼ੀਰੋ ਆ ਰਹੇ ਹਨ। ਕਿਸਾਨਾਂ ਨੂੰ ਬਿਨਾਂ ਕਿਸੇ ਕੱਟ ਦੇ ਦਿਨ ਦੇ ਸਮੇਂ ਸਿੰਚਾਈ ਲਈ ਲੋੜੀਂਦੀ ਬਿਜਲੀ ਮੁਹੱਈਆ ਕਰਵਾਈ ਜਾ ਰਹੀ ਹੈ।
ਇਸ ਤੋਂ ਇਲਾਵਾ ਅਸੀਂ 850 ਦੇ ਕਰੀਬ ਮੁਹੱਲਾ ਕਲੀਨਿਕ ਬਣਾਏ, ਜਿਨ੍ਹਾਂ ਵਿੱਚ ਲੋਕਾਂ ਦਾ ਮੁਫ਼ਤ ਇਲਾਜ ਕੀਤਾ ਜਾ ਰਿਹਾ ਹੈ। ਅਸੀਂ ਸਕੂਲ ਆਫ਼ ਐਮੀਨੈਂਸ ਖੋਲ੍ਹੇ ਅਤੇ ਸਰਕਾਰੀ ਸਕੂਲਾਂ ਦੀ ਹਾਲਤ ਸੁਧਾਰੀ ਜਿਸ ਕਾਰਨ ਇਸ ਸਾਲ 158 ਬੱਚਿਆਂ ਨੇ ਜੇਈਈ-ਮੇਨ ਦੀ ਪ੍ਰੀਖਿਆ ਪਾਸ ਕੀਤੀ।
ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੀ ਪਹਿਲੀ ਸਰਕਾਰ ਹੈ, ਜਿਸ ਨੇ ਵਾਅਦੇ ਤੋਂ ਵੱਧ ਕੰਮ ਕੀਤੇ ਹਨ। ਅਸੀਂ 14 ਟੋਲ ਪਲਾਜ਼ੇ ਬੰਦ ਕੀਤੇ, ਜਿਸ ਕਾਰਨ ਪੰਜਾਬ ਦੇ ਲੋਕਾਂ ਨੂੰ ਹਰ ਰੋਜ਼ 60 ਲੱਖ ਰੁਪਏ ਦੀ ਬੱਚਤ ਹੋ ਰਹੀ ਹੈ, ਹਾਲਾਂਕਿ ਅਸੀਂ ਇਹ ਵਾਅਦਾ ਵੀ ਨਹੀਂ ਕੀਤਾ ਸੀ। ਅਸੀਂ ਰੋਡ ਸੇਫ਼ਟੀ ਫੋਰਸ ਬਣਾਈ ਹੈ, ਜਿਸ ਕਾਰਨ ਪੰਜਾਬ ਵਿੱਚ ਸੜਕ ਹਾਦਸਿਆਂ ਵਿੱਚ ਹੋਣ ਵਾਲੀਆਂ ਮੌਤਾਂ ਵਿੱਚ ਕਾਫ਼ੀ ਕਮੀ ਆਈ ਹੈ। ਇਸ ਤੋਂ ਇਲਾਵਾ ਅਸੀਂ ਕਈ ਅਜਿਹੇ ਕੰਮ ਵੀ ਕੀਤੇ, ਜਿਨ੍ਹਾਂ ਦੀ ਅਸੀਂ ਕੋਈ ਗਾਰੰਟੀ ਨਹੀਂ ਦਿੱਤੀ।
ਭਾਸ਼ਣ ਦੌਰਾਨ ਮੁੱਖ ਮੰਤਰੀ ਮਾਨ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਅਕਾਲੀ ਦਲ ਦੇ ਮੁਖੀ ਸੁਖਬੀਰ ਬਾਦਲ 'ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਦੋਵੇਂ ਆਗੂਆਂ ਨੇ ਸੱਤਾ ’ਚ ਰਹਿੰਦਿਆਂ ਸਿਰਫ਼ ਪੈਸਾ ਕਮਾਇਆ ਅਤੇ ਐਸ਼ੋ-ਆਰਾਮ ਕੀਤਾ। ਉਨ੍ਹਾਂ ਨੂੰ ਪੰਜਾਬ ਦੇ ਲੋਕਾਂ ਦੀ ਕੋਈ ਪ੍ਰਵਾਹ ਨਹੀਂ ਸੀ। ਇਨ੍ਹਾਂ ਦੋਵਾਂ ਨੇ ਪੰਜਾਬ ਦੇ ਲੋਕਾਂ ਦੇ ਘਰ ਬਿਨਾਂ ਉਸਾਰੀ ਛੱਡ ਕੇ ਆਪਣੇ ਲਈ ਸੁਖ ਵਿਲਾਸ ਹੋਟਲ ਅਤੇ ਸਿਸਵਾਂ ਫਾਰਮ ਹਾਊਸ ਬਣਵਾਏ। ਅਸੀਂ ਰਾਜਨੀਤੀ ਵਿੱਚ ਪੈਸਾ ਕਮਾਉਣ ਅਤੇ ਕਾਰੋਬਾਰ ਵਿੱਚ ਹਿੱਸਾ ਲੈਣ ਲਈ ਨਹੀਂ ਆਏ ਹਾਂ। ਅਸੀਂ ਲੋਕਾਂ ਦੇ ਦੁੱਖ-ਦਰਦ ਵਿੱਚ ਸ਼ਰੀਕ ਹੋਣ ਆਏ ਹਾਂ।
ਭਗਵੰਤ ਮਾਨ ਨੇ ਭਾਜਪਾ-ਕਾਂਗਰਸ ਅਤੇ ਅਕਾਲੀ ਦਲ 'ਤੇ ਵੀ ਹਮਲਾ ਬੋਲਦਿਆਂ ਕਿਹਾ ਕਿ ਇਹਨਾਂ ਪਾਰਟੀਆਂ ਦਾ ਮੁਕਾਬਲਾ ਨੋਟਾ ਨਾਲ ਹੈ। ਉੱਥੇ ਹੀ ਮੇਰਾ ਮੁਕਾਬਲਾ ਮਹਿੰਗਾਈ, ਗ਼ਰੀਬੀ ਅਤੇ ਬੇਰੁਜ਼ਗਾਰੀ ਨਾਲ ਹੈ। ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ, ਸੂਬੇ ਵਿੱਚ ਉਦਯੋਗ ਲਿਆਉਣ ਅਤੇ ਇੱਥੇ ਵਪਾਰ ਵਧਾ ਕੇ ਪੰਜਾਬ ਨੂੰ ਆਰਥਿਕ ਪੱਖੋਂ ਖ਼ੁਸ਼ਹਾਲ ਬਣਾਉਣ ਲਈ ਇਹ ਲੜਾਈ ਲੜ ਰਹੇ ਹਾਂ।
ਭਗਵੰਤ ਮਾਨ ਨੇ ਲੋਕਾਂ ਨੂੰ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਅਸੀਂ ਪੰਜਾਬ ਦੀ ਤਰੱਕੀ ਲਈ ਦਿਨ ਰਾਤ ਇੱਕ ਕਰ ਰਹੇ ਹਾਂ। ਮੈਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ। ਇਸ ਵਾਰ ਆਮ ਆਦਮੀ ਪਾਰਟੀ ਦੇ 13 ਦੇ 13 ਉਮੀਦਵਾਰਾਂ ਨੂੰ ਜਿਤਾਓ। ਜੇਕਰ ਉਹ ਜਿੱਤ ਜਾਂਦੇ ਹਨ ਤਾਂ ਉਹ ਸੰਸਦ ਵਿੱਚ ਪੰਜਾਬ ਦੇ ਲੋਕਾਂ ਦੀ ਬੁਲੰਦ ਆਵਾਜ਼ ਬਣਨਗੇ। ਉਨ੍ਹਾਂ ਦੇ ਜਿੱਤਣ ਨਾਲ ਮੈਨੂੰ 13 ਹੋਰ ਹੱਥ ਅਤੇ ਜ਼ੁਬਾਨਾਂ ਮਿਲਣਗੀਆਂ, ਉਸ ਤੋਂ ਬਾਅਦ ਅਸੀਂ ਦੁੱਗਣੀ ਰਫ਼ਤਾਰ ਅਤੇ ਹੌਸਲੇ ਨਾਲ ਪੰਜਾਬ ਦੇ ਵਿਕਾਸ ਲਈ ਕੰਮ ਕਰ ਸਕਾਂਗੇ।