ਸੰਗਰੂਰ ਵਾਸੀਆਂ ਨੂੰ ਚੁੱਲ੍ਹਿਆਂ ਦੀ ਅੱਗ ਪਿਆਰੀ ਹੈ ਨਾ ਕਿ ਲੱਛੇਦਾਰ ਭਾਸ਼ਣ”: ਮੀਤ ਹੇਅਰ
- 1 ਜੂਨ ਨੂੰ ਸੰਗਰੂਰ ਵਾਸੀ ਫੈਸਲਾ ਕਰਨਗੇ ਕਿ ਕੰਮਾਂ ਲਈ ਸੰਗਰੂਰ ਹੀ ਰਹਿਣਾ ਹੈ ਨਾ ਕਿ ਬਾਹਰ ਜਾਣਾ
- ਮੀਤ ਹੇਅਰ ਤੇ ਐਮ.ਐਲ.ਏ. ਬਰਿੰਦਰ ਗੋਇਲ ਵੱਲੋਂ ਲਹਿਰਾਗਾਗਾ ਹਲਕੇ ਦੇ ਪਿੰਡਾਂ ਦਾ ਤੂਫਾਨੀ ਦੌਰਾ
ਦਲਜੀਤ ਕੌਰ
ਲਹਿਰਾਗਾਗਾ, 3 ਮਈ, 2024: ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਉਮੀਦਵਾਰ ਅਤੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ 1 ਜੂਨ ਨੂੰ ਸੰਗਰੂਰ ਵਾਸੀ ਇਹ ਫੈਸਲਾ ਕਰ ਦੇਣਗੇ ਕਿ ਅਗਲੇ 5 ਸਾਲ ਉਨ੍ਹਾਂ ਸੰਗਰੂਰ ਵਿੱਚ ਰਹਿ ਕੇ ਹੀ ਕੰਮ ਕਰਨੇ ਹਨ, ਕਿਸੇ ਵੀ ਕੰਮ ਲਈ ਹਲਕੇ ਤੋਂ ਬਾਹਰ ਨਹੀਂ ਜਾਣਾ। ਇਸ ਦੇ ਨਾਲ ਹੀ ਲੋਕ ਇਹ ਵੀ ਫੈਸਲਾ ਕਰ ਦੇਣਗੇ ਕਿ ਉਨ੍ਹਾਂ ਨੂੰ ਆਪਣੇ ਚੁੱਲ੍ਹਿਆਂ ਦੀ ਅੱਗ ਪਿਆਰੀ ਹੈ ਨਾ ਕਿ ਲੱਛੇਦਾਰ ਭਾਸ਼ਣ।
ਲਹਿਰਾਗਾਗਾ ਹਲਕੇ ਦੇ ਪਿੰਡਾਂ ਦਾ ਤੂਫਾਨੀ ਦੌਰਾ ਕਰਦਿਆਂ ਪਿੰਡਾਂ ਵਿੱਚ ਜੁੜੇ ਚੋਣ ਜਲਸਿਆਂ ਨੂੰ ਸੰਬੋਧਨ ਕਰਦਿਆਂ ਮੀਤ ਹੇਅਰ ਨੇ ਕਿਹਾ ਕਿ ਪਿਛਲੇ ਦੋ ਸਾਲਾਂ ਵਿੱਚ ਪੰਜਾਬ ਦੀ ਸ. ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਸੂਬਾ ਵਾਸੀਆਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਲਾਮਿਸਾਲ ਕੰਮ ਕੀਤੇ। 43000 ਤੋਂ ਵੱਧ ਨੌਜਵਾਨਾਂ ਨੂੰ ਰੋਜ਼ਗਾਰ ਦਿੱਤਾ, 600 ਯੂਨਿਟ ਮੁਫਤ ਬਿਜਲੀ ਦੇਣ ਨਾਲ 90 ਫੀਸਦੀ ਤੋਂ ਵੱਧ ਲੋਕਾਂ ਦਾ ਬਿਜਲੀ ਬਿੱਲ ਜ਼ੀਰੋ ਆਇਆ। ਮੁਫਤ ਇਲਾਜ ਲਈ ਆਮ ਆਦਮੀ ਕਲੀਨਿਕ ਬਣੇ ਜਿੱਥੇ ਦਵਾਈਆਂ ਅਤੇ ਟੈਸਟ ਵੀ ਮੁਫਤ। ਚੰਗੀ ਪੜ੍ਹਾਈ ਲਈ ਸਕੂਲ ਆਫ ਐਮੀਨੈਂਸ ਮਿਲੇ। ਇਸ ਸਾਲ ਸਰਕਾਰੀ ਸਕੂਲਾਂ ਦੇ 158 ਵਿਦਿਆਰਥੀਆਂ ਨੇ ਜੇ.ਈ.ਈ. ਮੇਨਜ਼ ਦਾ ਪੇਪਰ ਕਲੀਅਰ ਕੀਤਾ। ਪ੍ਰਾਈਵੇਟ ਥਰਮਲ ਪਲਾਂਟ ਸਰਕਾਰ ਨੇ ਖਰੀਦਿਆ। ਨੌਜਵਾਨਾਂ ਨੂੰ ਖੇਡਾਂ ਵਾਲੇ ਪਾਸੇ ਲਗਾਉਣ ਲਈ ਖੇਡਾਂ ਵਤਨ ਪੰਜਾਬ ਦੀਆਂ ਸ਼ੁਰੂਆਤ ਹੋਈ ਅਤੇ ਦੋ ਸਾਲਾਂ ਵਿੱਚ 25 ਹਜ਼ਾਰ ਖਿਡਾਰੀਆਂ ਨੂੰ 75 ਕਰੋੜ ਰੁਪਏ ਦੇ ਇਨਾਮ ਵੰਡੇ।
ਮੀਤ ਹੇਅਰ ਨੇ ਵਿਰੋਧੀ ਉਮੀਦਵਾਰਾਂ ਉਤੇ ਵਿਅੰਗ ਕਰਦਿਆਂ ਕਿਹਾ ਕਿ ਸਾਰੇ ਬਾਹਰਲੇ ਖੇਤਰਾਂ ਤੋਂ ਆ ਕੇ ਸੰਗਰੂਰ ਚੋਣ ਲੜ ਰਹੇ ਹਨ। ਸੰਗਰੂਰ ਵਾਸੀਆਂ ਨੂੰ ਇਹ ਉਮੀਦਵਾਰ 1 ਜੂਨ ਤੋਂ ਬਾਅਦ ਸੰਗਰੂਰ ਵਿੱਚ ਨਹੀਂ ਲੱਭਣੇ। ਉਨ੍ਹਾਂ ਕਿਹਾ ਕਿ ਸਭ ਉਮੀਦਵਾਰ ਲੋਕ ਲੁਭਾਊ ਤੇ ਲੱਛੇਦਾਰ ਭਾਸ਼ਣ ਦੇਣ ਵਾਲੇ ਹਨ ਪਰ ਆਮ ਆਦਮੀ ਪਾਰਟੀ ਨੇ ਹੇਠਲੇ ਪੱਧਰ ਤੱਕ ਕੰਮ ਕੀਤਾ ਹੈ।
ਅੱਜ ਲਹਿਰਾਗਾਗਾ ਦੇ ਪਿੰਡਾਂ ਖਾਈ, ਲਹਿਲ ਖੁਰਦ, ਲਹਿਲ ਕਲਾਂ, ਬੱਲਰਾਂ, ਮੂਣਕ, ਰਾਮਪੁਰ ਗਨੋਟਾ, ਮਨਿਆਣਾ, ਬਿਸ਼ਨਪੁਰ ਖੋਖਰ, ਹਰੀਗੜ੍ਹ ਗੇਲਾਂ, ਬਾਹਮਨੀਵਾਲਾ, ਭੁਲੱਣ, ਗੁਲਾਹੜੀ, ਕਰੋਦਾ, ਚੱਠਾ ਗੋਬਿੰਦਪੁਰਾ ਵਿਖੇ ਹੋਏ ਭਰਵੇਂ ਇਕੱਠਾਂ ਵਿੱਚ ਸਥਾਨਕ ਐਮ.ਐਲ.ਏ. ਬਰਿੰਦਰ ਕੁਮਾਰ ਗੋਇਲ ਨੇ ਮੀਤ ਹੇਅਰ ਨੂੰ ਲਹਿਰਾ ਹਲਕੇ ਤੋਂ ਵੱਡੀ ਲੀਡ ਦਿਵਾਉਣ ਦਾ ਵਿਸ਼ਵਾਸ ਦਿਵਾਇਆ।