ਸੁਖਪਾਲ ਖਹਿਰਾ ਵੱਲੋਂ ਭਵਾਨੀਗੜ੍ਹ ਬਲਾਕ ਦੇ ਦਰਜਨਾਂ ਪਿੰਡਾਂ ਵਿੱਚ ਚੋਣ ਮੀਟਿੰਗਾਂ
- ਭਗਵੰਤ ਮਾਨ ਸਰਕਾਰ ਦੀ ਪਿਛਲੇ ਦੋ ਸਾਲਾਂ ਦੀ ਕਾਰਗੁਜ਼ਾਰੀ ਨਾ ਸਿਰਫ ਨਖਿਧ ਸਾਬਤ ਹੋਈ: ਸੁਖਪਾਲ ਖਹਿਰਾ
- ਆਪ ਸਰਕਾਰ ’ਤੇ ਲੋਕਾਂ ਨਾਲ ਵਿਸ਼ਵਾਸ਼ਘਾਤ ਕਰਨ ਦਾ ਲਗਾਇਆ ਦੋਸ਼
ਦਲਜੀਤ ਕੌਰ
ਭਵਾਨੀਗੜ੍ਹ, 3 ਮਈ, 2024: ਅੱਜ ਭਵਾਨੀਗੜ੍ਹ ਬਲਾਕ ਵਿੱਚ ਲੋਕ ਸਭਾ ਹਲਕਾ ਸੰਗਰੂਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਵੱਲੋਂ ਬਲਾਕ ਦੇ ਇਕ ਦਰਜਨ ਪਿੰਡਾਂ ਵਿੱਚ ਚੋਣ ਮੀਟਿੰਗਾਂ ਦੌਰਾਨ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਉਤੇ ਲੋਕਾਂ ਨਾਲ ਵਿਸ਼ਵਾਸਘਾਤ ਕਰਨ ਦਾ ਦੋਸ਼ ਲਗਾਇਆ।
ਅੱਜ ਸ੍ਰੀ ਖਹਿਰਾ ਨੇ ਪਿੰਡ ਘਰਾਚੋਂ, ਝਨੇੜੀ, ਬੱਟੜਿਆਣਾ, ਨਰੈਣਗੜ, ਭੱਟੀਵਾਲ ਕਲਾਂ, ਬਲਿਆਲ, ਬਾਲਦ ਕਲਾਂ, ਕਾਕੜਾ, ਬਖੋਪੀਰ, ਫੱਗੂਵਾਲਾ ਅਤੇ ਸ਼ਹਿਰ ਭਵਾਨੀਗੜ੍ਹ ਵਿਖੇ ਚੋਣ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਿਛਲੀਆਂ ਸਰਕਾਰਾਂ ਤੋਂ ਵੱਖ ਵੱਖ ਮਸਲਿਆਂ ਨੂੰ ਲੈ ਕੇ ਨਿਰਾਸ਼ ਪੰਜਾਬ ਦੇ ਲੋਕਾਂ ਨੂੰ ਆਮ ਆਦਮੀ ਪਾਰਟੀ ਚੋਣਾਂ ਦੌਰਾਨ ਜੁਮਲੇ ਅਤੇ ਝੂਠੇ ਵਾਅਦਿਆਂ ਨਾਲ ਭਰਮਾ ਕੇ ਸਰਕਾਰ ਸਥਾਪਤ ਕਰਨ ਵਿੱਚ ਕਾਮਯਾਬ ਹੋ ਗਈ, ਪਰ ਭਗਵੰਤ ਮਾਨ ਸਰਕਾਰ ਦੀ ਪਿਛਲੇ ਦੋ ਸਾਲਾਂ ਦੀ ਕਾਰਗੁਜ਼ਾਰੀ ਨਾ ਸਿਰਫ ਨਖਿਧ ਸਾਬਤ ਹੋਈ ਹੈ, ਸਗੋਂ ਭ੍ਰਿਸ਼ਟਾਚਾਰ, ਨਸ਼ਿਆਂ ਅਤੇ ਹੋਰ ਸਮਾਜਿਕ ਬੁਰਾਈਆਂ ਨੇ ਸਾਰੇ ਰਿਕਾਰਡ ਤੋੜ ਦਿੱਤੇ ਹਨ।
ਉਨ੍ਹਾਂ ਕਿਹਾ ਕਿ ਸੰਗਰੂਰ ਜ਼ਿਲ੍ਹੇ ਨੂੰ ਆਪ ਦਾ ਗੜ੍ਹ ਮੰਨਿਆਂ ਜਾਂਦਾ ਹੈ, ਪਰ ਇੱਥੇ ਵੀ ਪਿਛਲੇ ਦੋ ਸਾਲਾਂ ਅੰਦਰ ਇਕ ਵੀ ਵਿਕਾਸ ਕਾਰਜ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸੰਗਰੂਰ ਵਿੱਚ ਸਿਰਫ ਸਾਬਕਾ ਕੈਬਨਿਟ ਮੰਤਰੀ ਸਿੰਗਲਾ ਦੇ ਕੰਮ ਬੋਲਦੇ ਹਨ।