ਕਾਂਗਰਸੀ ਉਮੀਦਵਾਰ ਜੀਤਮਹਿੰਦਰ ਸਿੱਧੂ ਨੇ ਵਕੀਲਾਂ ਨਾਲ ਮੀਟਿੰਗ ਕਰਕੇ ਮੰਗਿਆ ਸਾਥ
ਬਠਿੰਡਾ, 4 ਮਈ 2024: ਕਾਂਗਰਸੀ ਉਮੀਦਵਾਰ ਜੀਤਮਹਿੰਦਰ ਸਿੰਘ ਸਿੱਧੂ ਵੱਲੋਂ ਮਾਲਵੇ ਦੇ ਵਕੀਲਾਂ ਦੀ ਸਭ ਤੋਂ ਵੱਡੀ ਸੰਸਥਾ ਵਜੋਂ ਜਾਣੀ ਜਾਂਦੀ ਬਠਿੰਡਾ ਬਾਰ ਐਸੋਸੀਏਸ਼ਨ ਦੇ ਮੈਂਬਰਾਂ ਨਾਲ ਸਥਾਨਕ ਜ਼ਿਲਾ ਕਚਿਹਰੀਆਂ ਵਿਚ ਮੀਟਿੰਗ ਕੀਤੀ ਗਈ। ਇਸ ਦੌਰਾਨ ਵਕੀਲਾਂ ਕੋਲੋਂ ਸਾਥ ਮੰਗਦਿਆਂ ਸ: ਸਿੱਧੂ ਨੇ ਕਿਹਾ ਕਿ ਵਕੀਲ ਭਾਈਚਾਰੇ ਨੂੰ ਸਭ ਤੋਂ ਵੱਧ ਪੜਿਆ ਲਿਖਿਆ ਤੇ ਕਾਨੂੰਨ ਜਾਣਨ ਵਾਲਾ ਵਰਗ ਮੰਨਿਆ ਜਾਂਦਾ ਹੈ ਤੇ ਤਵੱਕੋ ਕੀਤੀ ਜਾਂਦੀ ਹੈ ਕਿ ਦੇਸ਼ ਨੂੰ ਚਲਾਉਣ ਵਿਚ ਉਨ੍ਹਾਂ ਦਾ ਸਭ ਤੋਂ ਵੱਡਾ ਯੋਗਦਾਨ ਹੁੰਦਾ ਹੈ। ਉਨ੍ਹਾਂ ਕਿਹਾ ਕਿ ਅੱਜ ਦੇਸ ਦੇ ਜੋ ਹਾਲਾਤ ਹਨ, ਉਹ ਕਿਸੇ ਤੋਂ ਲੁਕੇ ਹੋਏ ਨਹੀਂ ਹਨ ਤੇ ਦੇਸ਼ ਅਣਕਿਆਸੀ ਐਮਰਜੈਸੀ ਵੱਲ ਵਧ ਰਿਹਾ ਹੈ, ਜਿਸਦੇ ਨਤੀਜ਼ੇ ਆਉਣ ਵਾਲੇ ਸਮੇਂ ਵਿਚ ਗੰਭੀਰ ਹੋਣਗੇ। ਕਾਂਗਰਸੀ ਉਮੀਦਵਾਰ ਨੇ ਵਕੀਲਾਂ ਨੂੰ ਅੱਗੇ ਹੋ ਕੇ ਦੇਸ਼ ਨੂੰ ਬਚਾਉਣ ਲਈ ਕਾਂਗਰਸ ਪਾਰਟੀ ਦਾ ਸਾਥ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ‘‘ ਅੱਜ ਤੁਹਾਨੂੰ ਮੂਹਰੇ ਹੋ ਕੇ ਲੜਾਈ ਲੜਣੀ ਪਏਗੀ ਤੇ ਦੇਸ ਦੇ ਲੋਕਾਂ ਨੂੰ ਇੱਥੇ ਵਾਪਰ ਰਹੀਆਂ ਘਟਨਾਵਾਂ ਬਾਰੇ ਦਸਣਾ ਹੋਵੇਗਾ।
’’ ਜੀਤਮਹਿੰਦਰ ਨੇ ਕਿਹਾ ਕਿ ਜਦ ਵੀ ਕਿਸੇ ’ਤੇ ਕਾਨੂੰਨੀ ਬਿਪਤਾ ਪੈਂਦੀ ਹੈ ਤਾਂ ਵਿਅਕਤੀ ਵਕੀਲਾਂ ਕੋਲ ਆਉਂਦਾ ਹੈ, ਕਿਉਂਕਿ ਉਸਨੂੰ ਉਮੀਦ ਹੁੰਦੀ ਹੈ ਕਿ ਇਹ ਹੀ ਇੱਕ ਅਜਿਹਾ ਵਰਗ ਹੈ ਜੋ ਉਸਨੂੰ ਇਨਸਾਫ਼ ਦਿਵਾ ਸਕਦਾ ਹੈ। ਅੱਜ ਮੁੜ ਜਰੂਰਤ ਹੈ ਕਿ ਵਕੀਲ ਭਾਈਚਾਰਾ ਇਕਜੁਟ ਹੋ ਕੇ ਦੇਸ਼ ਨੂੰ ਬਚਾਉਣ ਲਈ ਹੰਭਲਾ ਮਾਰੇ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੇਸ ਦੀ ਸਭ ਤੋਂ ਪੁਰਾਣੀ ਪਾਰਟੀ ਹੈ, ਜਿਸਨੇ ਦੇਸ ਨੂੰ ਅਜਾਦ ਕਰਵਾਉਣ ਵਿਚ ਵੱਡਾ ਯੋਗਦਾਨ ਪਾਇਆ ਹੈ। ਇਸ ਪਾਰਟੀ ਨੇ ਦੇਸ ਦੀ ਏਕਤਾ ਤੇ ਅਖੰਡਤਾ ਲਈ ਕੁਰਬਾਨੀਆਂ ਦਿੱਤੀਆਂ ਹਨ।
ਜੀਤਮਹਿੰਦਰ ਸਿੱਧੂ ਨੇ ਅੱਗੇ ਕਿਹਾ ਕਿ ਪੰਜਾਬ ਦੇ ਵਿਚ ਬਠਿੰਡਾ ਲੋਕ ਸਭਾ ਹਲਕਾ ਸਭ ਤੋਂ ਵੱਧ ਚਰਚਾ ਵਾਲਾ ਮੰਨਿਆ ਜਾਂਦਾ ਹੈ ਤੇ ਵਕੀਲ ਭਾਈਚਾਰਾ ਇੱਥੇ ਖੜੇ ਸਾਰੇ ਉਮੀਦਵਾਰਾਂ ਦੀ ਪੁਣਛਾਣ ਕਰੇ ਤੇ ਕਿਹੜਾ ਉਮੀਦਵਾਰ ਇਸ ਹਲਕੇ ਨੂੰ ਅੱਗੇ ਲਿਜਾ ਸਕਦਾ ਹੈ। ਉਨ੍ਹਾਂ ਵਕੀਲ ਭਾਈਚਾਰੇ ਦੀਆਂ ਸਮੱਸਿਆਵਾਂ ਹੱਲ ਕਰਵਾਉਣ ਅਤੇ ਹਮੇਸ਼ਾ ਉਨ੍ਹਾਂ ਦੇ ਨਾਲ ਡਟ ਕੇ ਖੜਣ ਦਾ ਭਰੋਸਾ ਦਿਵਾਉਂਦਿਆਂ ਕਿਹਾ ਕਿ ਉਹ ਕਦੇ ਵੀ ਪਿੱਛੇ ਨਹੀਂ ਹਟਣਗੇ। ਇਸ ਮੌਕੇ ਉਨ੍ਹਾਂ ਨਾਲ ਐਡਵੋਕੇਟ ਰਾਜਨ ਗਰਗ ਜ਼ਿਲ੍ਹਾ ਪ੍ਰਧਾਨ ਕਾਂਗਰਸ ਪਾਰਟੀ ਤੇ ਬਾਰ ਐੋਸੋਸੀਏਸ਼ਨ ਦੇ ਪ੍ਰਧਾਨ ਗੁਰਵਿੰਦਰ ਸਿੰਘ ਮਾਨ ਸਹਿਤ ਸਮੂਹ ਅਹੁੱਦੇਦਾਰ ਤੇ ਵਕੀਲ ਸਾਹਿਬਾਨ ਮੌਜੂਦ ਰਹੇ।