ਚੋਣ ਦਫਤਰ ਖੋਲ੍ਹਣ ਸਮੇਂ ਭਾਜਪਾਈ ਤੇ ਕਿਸਾਨ ਹੋਏ ਆਹਮੋ-ਸਾਹਮਣੇ
- ਮਹਾਰਾਜਾ ਪਰਿਵਾਰ ਨੂੰ ਧੱਕੇਸ਼ਾਹੀ ਕਰਕੇ ਪਾਰਟੀ ਬਦਲਣੀ ਪਈ : ਜੈਇੰਦਰ ਕੌਰ
- ਭਾਜਪਾ ਆਗੂ ਸਾਡੇ ਸਵਾਲਾਂ ਦਾ ਜਵਾਬ ਦੇਣ : ਕਿਸਾਨ ਜਥੇਬੰਦੀਆਂ
ਮਲਕੀਤ ਸਿੰਘ ਮਲਕਪੁਰ
ਲਾਲੜੂ 4 ਮਈ 2024: ਅੱਜ ਲਾਲੜੂ ਵਿੱਚ ਪਟਿਆਲਾ ਲੋਕ ਸਭਾ ਹਲਕੇ ਤੋਂ ਭਾਜਪਾ ਦੀ ਉਮੀਦਵਾਰ ਮਹਾਰਾਣੀ ਪ੍ਰਨੀਤ ਕੌਰ ਦਾ ਚੋਣ ਦਫਤਰ ਖੋਲ੍ਹਣ ਸਮੇਂ ਭਾਜਪਾ ਵਰਕਰ ਤੇ ਕਿਸਾਨ ਆਹਮੋ-ਸਾਹਮਣੇ ਹੋ ਗਏ।ਇਸ ਦੌਰਾਨ ਦੋਹਾਂ ਧਿਰਾਂ ਵੱਲੋਂ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ।ਕਿਸਾਨ ਜਥੇਬੰਦੀਆਂ ਵੱਲੋਂ ਜਿੱਥੇ ਮੋਦੀ ਸਰਕਾਰ ਮੁਰਦਾਬਾਦ ਤੇ ਸਰਕਾਰ ਉਤੇ ਵਾਅਦਾ ਕਰ ਕੇ ਮੁਕਰਣ ਦੇ ਦੋਸ਼ ਵਾਲੇ ਨਾਅਰੇ ਲਾਏ ਗਏ, ਉੱਥੇ ਹੀ ਦਫਤਰ ਖੋਲ੍ਹਣ ਮੌਕੇ ਇਕੱਤਰ ਹੋਏ ਭਾਜਪਾਈਆਂ ਨੇ ਅਬ ਕੀ ਬਾਰ ਚਾਰ ਸੌ ਪਾਰ ਦੇ ਨਾਅਰੇ ਲਾਏ। ਕਾਬਿਲੇਜ਼ਿਕਰਯੋਗ ਹੈ ਕਿ ਅੱਜ ਪਹਿਲਾਂ ਤੋਂ ਨਿਰਧਾਰਤ ਪ੍ਰੋਗਰਾਮ ਅਨੁਸਾਰ ਮਹਾਰਾਣੀ ਪ੍ਰਨੀਤ ਕੌਰ ਦੀ ਪੁੱਤਰੀ ਬੀਬੀ ਜੈਇੰਦਰ ਕੌਰ ਨੇ ਲਾਲੜੂ ਵਿੱਚ ਭਾਜਪਾ ਦੇ ਚੋਣ ਦਫਤਰ ਦਾ ਉਦਘਾਟਨ ਕਰਨਾ ਸੀ।
ਇਸ ਪ੍ਰੋਗਰਾਮ ਦਾ ਪਤਾ ਲੱਗਣ ਉਤੇ ਕਿਸਾਨ ਜਥੇਬੰਦੀਆਂ,ਜਿਨ੍ਹਾਂ ਵਿੱਚ ਭਾਰਤੀ ਕਿਸਾਨ ਯੂਨੀਅਨ(ਭਾਕਿਯੂ) ਸਿੱਧੂਪੁਰ, ਭਾਕਿਯੂ ਲੱਖੋਵਾਲ, ਭਾਕਿਯੂ ਉਗਰਾਹਾਂ ਤੇ ਭਾਕਿਯੂ ਰਾਜੇਵਾਲ ਸ਼ਾਮਲ ਸਨ,ਨੇ ਜੈਇੰਦਰ ਕੌਰ ਦੇ ਪ੍ਰੋਗਰਾਮ ਦਾ ਵਿਰੋਧ ਕਰਨ ਦਾ ਫੈਸਲਾ ਲਿਆ ਹੋਇਆ ਸੀ,ਨਿਰਧਾਰਤ ਸਮੇਂ ਉਤੇ ਭਾਜਪਾ ਦੇ ਨਵੇਂ ਖੁੱਲ੍ਹਣ ਵਾਲੇ ਦਫਤਰ ਕੋਲ ਪੁੱਜ ਗਈਆਂ।ਇਸ ਦੌਰਾਨ ਪੁਲਿਸ ਪ੍ਰਸ਼ਾਸਨ ਪੂਰੀ ਤਰ੍ਹਾਂ ਸਰਗਰਮ ਸੀ ਤੇ ਮੌਕੇ ਉਤੇ ਕਈ ਸੀਨੀਅਰ ਅਧਿਕਾਰੀ, ਏਐਸਪੀ ਡੇਰਾਬੱਸੀ, ਹਲਕਾ ਡੇਰਾਬੱਸੀ ਦੇ ਸਾਰਿਆਂ ਥਾਣਿਆਂ ਦੇ ਮੁੱਖੀ ਤੇ ਹੋਰ ਅਮਲੇ ਤੋਂ ਇਲਾਵਾ ਦੰਗਾ ਰੋਕੂ ਪੁਲਿਸ ਦਾ ਦਸਤਾ ਤੇ ਕਮਾਂਡੋ ਵੀ ਮੌਜੂਦ ਸਨ।ਦਫਤਰ ਮੂਹਰੇ ਪਹੁੰਚੇ ਕਿਸਾਨਾਂ ਨੇ ਅੰਬਾਲਾ ਚੰਡੀਗੜ੍ਹ ਜੀਟੀ ਰੋਡ ਉਤੇ ਬਣੇ ਡਰੇਨੇਜ਼ ਦੇ ਢੱਕਣਾਂ ਉਪਰ ਖੜ੍ਹ ਕੇ ਆਪਣਾ ਰੋਸ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ।ਕਿਸਾਨਾਂ ਦੀ ਮੰਗ ਸੀ ਕਿ ਚੋਣ ਦਫਤਰ ਦਾ ਉਦਘਾਟਨ ਕਰਨ ਵਾਲੇ ਆਗੂ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਦੇਣ ਜਦਕਿ ਦੂਜੇ ਪਾਸੇ ਭਾਜਪਾ ਵਰਕਰ ਆਪਣੇ ਆਗੂ ਦੇ ਹੱਕ ਵਿੱਚ ਨਾਅਰੇਬਾਜ਼ੀ ਕਰ ਰਹੇ ਸਨ।
ਕਰੀਬ ਸਾਢੇ ਕੁ ਗਿਆਰ੍ਹਾਂ ਵਜੇ ਜੈਇੰਦਰ ਕੌਰ ਆਪਣੇ ਹਮਾਇਤੀ ਭਾਜਪਾ ਆਗੂ ਐਸਐਮਐਸ ਸੰਧੂ ਨਾਲ ਦਫਤਰ ਨੇੜੇ ਪੁੱਜੇ, ਜਿਨ੍ਹਾਂ ਨੂੰ ਪੁਲਿਸ ਨੇ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਦਫਤਰ ਵਿੱਚ ਪਹੁੰਚਾਇਆ।ਇਸ ਉਪਰੰਤ ਜੈਇੰਦਰ ਕੌਰ ਨੇ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕੈਪਟਨ ਅਮਰਿੰਦਰ ਸਿੰਘ ਨੇ ਹਮੇਸ਼ਾ ਹੀ ਕਿਸਾਨੀ ਦਾ ਸਾਥ ਦਿੱਤਾ ਹੈ।ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਉਨ੍ਹਾਂ ਦੇ ਪਰਿਵਾਰ ਨਾਲ ਧੱਕੇਸ਼ਾਹੀ ਕੀਤੀ ਗਈ ਹੈ,ਜਿਸ ਕਾਰਨ ਉਨ੍ਹਾਂ ਦੇ ਪਰਿਵਾਰ ਨੂੰ ਪਾਰਟੀ ਬਦਲਣੀ ਪਈ।ਉਨ੍ਹਾਂ ਕਿਹਾ ਕਿ ਤੁਸੀਂ ਇੱਕ ਵਾਰ ਮਹਾਰਾਣੀ ਪ੍ਰਨੀਤ ਕੌਰ ਨੂੰ ਜਿਤਾ ਕੇ ਭੇਜੋ ਤੇ ਉਹ ਕੇਂਦਰ ਵਿੱਚ ਮੰਤਰੀ ਜ਼ਰੂਰ ਬਣਨਗੇ ਤੇ ਹਲਕੇ ਦੇ ਮੁੱਦੇ ਉਠਾਉਣਗੇ।
ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਚੱਲ ਰਹੀਆਂ ਵਧੇਰੇ ਯੋਜਨਾਵਾਂ ਕੇਂਦਰੀ ਸਕੀਮ ਵਾਲੀਆਂ ਹਨ,ਜਿਨ੍ਹਾਂ ਨੂੰ ਆਪਣੀਆਂ ਸਕੀਮਾਂ ਦੱਸ ਕੇ ਪੰਜਾਬ ਸਰਕਾਰ ਆਪਣਾ ਨਾਮ ਚਮਕਾ ਰਹੀ ਹੈ।ਉਨ੍ਹਾਂ ਦੇ ਇਸ ਭਾਸ਼ਣ ਦੌਰਾਨ ਦਫਤਰ ਦੇ ਬਾਹਰ ਕਿਸਾਨ ਜਥੇਬੰਦੀਆਂ ਨਾਅਰੇਬਾਜ਼ੀ ਕਰਦੀਆਂ ਰਹੀਆਂ।ਇਸ ਉਪਰੰਤ ਚੋਣ ਦਫਤਰ ਦਾ ਉਦਘਾਟਨ ਤੇ ਸੰਬੋਧਨ ਕਰਨ ਉਪਰੰਤ ਜੈਇੰਦਰ ਕੌਰ ਕਿਸਾਨਾਂ ਨਾਲ ਬਿਨਾਂ ਗੱਲਬਾਤ ਕੀਤਿਆਂ ਹੀ ਡੇਰਾਬੱਸੀ ਵੱਲ ਰਵਾਨਾ ਹੋ ਗਏ।ਇਸ ਮੌਕੇ ਭਾਜਪਾ ਦੇ ਸੀਨੀਅਰ ਆਗੂ ਸੁਸ਼ੀਲ ਰਾਣਾ, ਜਸਮੇਰ ਰਾਣਾ, ਮਨਪ੍ਰੀਤ ਸਿੰਘ ਬੰਨੀ ਸੰਧੂ, ਗੁਰਮੀਤ ਟਿਵਾਣਾ, ਰਾਜਪਾਲ ਰਾਣਾ, ਰਾਜੀਵ ਸ਼ਰਮਾ ਤੇ ਸੰਜੀਵ ਗੋਇਲ ਸਮੇਤ ਵੱਡੀ ਗਿਣਤੀ ਔਰਤਾਂ ਤੇ ਭਾਜਪਾ ਹਮਾਇਤੀ ਹਾਜ਼ਰ ਸਨ।