ਬੀਜੇਪੀ ਨੂੰ ਛੱਡ ਕਈਂ ਨੌਜਵਾਨ ਹੋਏ ਆਪ ਵਿੱਚ ਸ਼ਾਮਿਲ: ਇੰਡੀਆ ਅਲਾਇੰਸ ਦੇ ਉਮੀਦਵਾਰ ਮਨੀਸ਼ ਤਿਵਾੜੀ ਨੂੰ ਸਮਰਥਨ ਦਾ ਕੀਤਾ ਐਲਾਨ
- ਆਪ ਵਿੱਚ ਸ਼ਾਮਿਲ ਹੋਏ ਨੌਜਵਾਨਾਂ ਦਾ ਡਾ. ਐਸ.ਐਸ. ਆਹਲੂਵਾਲੀਆ ਨੇ ਕੀਤਾ ਸੁਆਗਤ
ਚੰਡੀਗੜ੍ਹ, 5 ਮਈ, 2024: ਅੱਜ ਬੀਜੇਪੀ ਨੂੰ ਉਸ ਸਮੇਂ ਝਟਕਾ ਲੱਗਾ ਜਦੋਂ ਚੰਡੀਗੜ੍ਹ ਦੇ ਵੱਖ–ਵੱਖ ਵਾਰਡਾਂ ਤੋਂ ਕਈਂ ਨੌਜਵਾਨ ਸੈਕਟਰ 38 ਵਿੱਚ ਇੰਡੀਆ ਅਲਾਇੰਸ ਦੇ ਉਮੀਦਵਾਰ ਮਨੀਸ਼ ਤਿਵਾੜੀ ਲਈ ਕਰਵਾਏ ਗਏ ਇੱਕ ਪ੍ਰੋਗਰਾਮ ਦੌਰਾਨ ਆਮ ਆਦਮੀ ਪਾਰਟੀ (ਆਪ) ਵਿੱਚ ਸ਼ਾਮਿਲ ਹੋਏ। ਇਨ੍ਹਾਂ ਨੌਜਵਾਨਾਂ ਦਾ ਆਪ ਵਿੱਚ ਸ਼ਾਮਿਲ ਹੋਣ ਤੇ ਪੰਜਾਬ ਜਲ ਸਪਲਾਈ ਅਤੇ ਸੀਵਰੇਜ ਬੋਰਡ ਦੇ ਚੇਅਰਮੈਨ ਅਤੇ ਕੋ–ਇੰਚਾਰਜ ਆਪ ਚੰਡੀਗੜ੍ਹ ਡਾ. ਐਸ.ਐਸ. ਆਹਲੂਵਾਲੀਆ ਨੇ ਸੁਆਗਤ ਕੀਤਾ। ਇਸ ਦੌਰਾਨ ਇੰਡੀਆ ਅਲਾਇੰਸ ਦੇ ਉਮੀਦਵਾਰ ਮਨੀਸ਼ ਤਿੜਾੜੀ, ਆਪ ਆਗੂ ਡਾ. ਹਰਮੀਤ ਸਿੰਘ, ਅਮਿਤ ਜੈਨ, ਕੌਂਸਲਰ ਯੋਗੇਸ਼ ਢੀਂਗਰਾ, ਜਸਵੀਰ ਸਿੰਘ ਬੰਟੀ, ਪੀਪੀ ਘਈ, ਮੀਨਾ ਸ਼ਰਮਾਂ, ਆਭਾ ਬੰਸਲ, ਆਗੂ ਸੰਦੀਪ ਦਹੀਆ, ਬਜਰੰਗ ਅਤੇ ਚੰਡੀਗੜ੍ਹ ਸਮੂਹ ਗਰਦੁਆਰਾ ਪ੍ਰਬੰਧਨ ਸੰਗਠਨ ਦੇ ਪ੍ਰਧਾਨ ਤਾਰਾ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੈਕਟਰ ਵਾਸੀ ਮੌਜੂਦ ਰਹੇ।
ਆਪ ਵਿੱਚ ਸ਼ਾਮਿਲ ਹੋਏ ਨੌਜਵਾਨਾਂ ਦੇ ਵਿੱਚ ਅੰਕਿਤ, ਅਜ਼ਾਦ, ਪ੍ਰਿੰਸ, ਜਤਿਨ, ਰਾਹੁਲ, ਸਾਹਿਲ, ਜੱਸ, ਸੇਖੂ, ਹਿੰਮਾਸ਼ੂ, ਵਿਵੇਕ, ਆਯੂਸ਼, ਚਿਰਾਗ, ਸੰਨੀ, ਰਿਸ਼ੂ, ਕੁਨਾਲ, ਸਮਰ, ਕ੍ਰਿਸ਼, ਨਿਖਿਲ, ਦਕਸ਼, ਅਰਮਾਨ, ਆਸ਼ੂ, ਮਨੀਸ਼, ਵਿਸ਼ਾਲ, ਲਵਿਸ਼ ਅਤੇ ਅਭੀਸ਼ੇਕ ਸ਼ਾਮਿਲ ਹਨ।
ਇਸ ਮੌਕੇ ਉਤੇ ਬੋਲਦੇ ਹੋਏ ਡਾ. ਐਸ.ਐਸ. ਆਹਲੂਵਾਲੀਆ ਨੇ ਕਿਹਾ ਕਿ ਅੱਜ ਬੀਜੇਪੀ ਛੱਡ ਕੇ ਆਪ ਵਿੱਚ ਸ਼ਾਮਿਲ ਹੋਏ ਨੌਜਵਾਨਾਂ ਦੇ ਨਾਲ ਇੰਡੀਆ ਅਲਾਇੰਸ ਨੂੰ ਹੋਰ ਮਜਬੂਤੀ ਮਿਲੀ ਹੈ। ਉਨ੍ਹਾ ਕਿਹਾ ਕਿ ਇਸ ਵਾਰ ਦੇਸ਼ ਅੰਦਰ ਇੰਡੀਆ ਅਲਾਇੰਸ ਦੀ ਸਰਕਾਰ ਬਣਨ ਜਾ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਪਹਿਲਾਂ ਹਰ ਥਾਂ ਤੇ ਪ੍ਰਚਾਰ ਕੀਤਾ ਜਾ ਰਿਹਾ ਸੀ ਕਿ ਬੀਜੇਪੀ ਨੂੰ ਇਸ ਵਾਰ 400 ਤੋਂ ਵੱਧ ਸੀਟਾਂ ਆਉਣੀਆਂ, ਪਰ ਲੋਕ ਸਭਾ ਚੋਣਾਂ ਦੇ ਪਹਿਲੇ ਦੋ ਰਾਊਂਡ ਨੇ ਬੀਜੇਪੀ ਦੀਆਂ ਜੜਾਂ ਨੂੰ ਹਿਲਾ ਕੇ ਰੱਖ ਦਿੱਤਾ ਹੈ ਅਤੇ ਹੁਣ ਨਰਿੰਦਰ ਮੋਦੀ ਵਲੋਂ ਸਥਿਰ ਸਰਕਾਰ ਦੀ ਗੱਲ ਕੀਤੀ ਜਾ ਰਹੀ ਹੈ। ਇਸ ਗੱਲ ਤੋਂ ਸਾਫ਼ ਨਜ਼ਰ ਆ ਰਿਹਾ ਹੈ ਕਿ ਇਸ ਵਾਰ ਦੇਸ਼ ਅੰਦਰੋਂ ਬੀਜੇਪੀ ਦਾ ਸਫਾਇਆ ਹੋਣਾ ਤਹਿ ਹੈ।
ਡਾ. ਆਹਲੂਵਾਲੀਆ ਨੇ ਇਸ ਮੌਕੇ ਉਤੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਸਾਰੇ ਸ਼ਹਿਰ ਵਾਸੀ ਵੋਟ ਜਰੂਰ ਪਾਉਣ ਜਾਣ, ਕਿਉਂਕਿ ਹਰ ਇੱਕ ਵੋਟ ਦੇਸ਼ ਦਾ ਭਵਿੱਖ ਤਹਿ ਕਰਦੀ ਹੈ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਵਿੱਚ ਜਨਵਰੀ ਵਿੱਚ ਮੇਅਰ ਚੋਣ ਦੌਰਾਨ ਬੀਜੇਪੀ ਵਲੋਂ ਕੀਤੀ ਗਈ ਲੋਕਤੰਤਰ ਦੀ ਹੱਤਿਆ ਨੂੰ ਪੂਰੀ ਦੁਨੀਆ ਨੇ ਦੇਖਿਆ ਹੈ, ਜਿਸਦਾ ਜਵਾਬ ਦੇਣ ਲਈ ਚੰਡੀਗੜ੍ਹ ਵਾਸੀ 1 ਜੂਨ ਦਾ ਬੇਸਬਰੀ ਨਾਲ ਇੰਤਜਾਰ ਕਰ ਰਹੇ ਹਨ। ਬੀਜੇਪੀ ਵਲੋਂ ਚੰਡੀਗੜ੍ਹ ਸ਼ਹਿਰ ਦਾ ਬੁਰਾ ਹਾਲ ਕਰਕੇ ਰੱਖ ਦਿੱਤਾ ਗਿਆ ਹੈ।
ਇਸ ਮੌਕੇ ਤੇ ਬੋਲਦੇ ਹੋਏ ਮਨੀਸ਼ ਤਿਵਾੜੀ ਨੇ ਕਿਹਾ ਕਿ ਦੇਸ਼ ਅੰਦਰ ਲੋਕ ਸਭਾ ਚੋਣਾਂ ਦੇ ਪਹਿਲੇ ਦੋ ਰਾਉੂਂਡ ਵਿੱਚ ਬੀਜੇਪੀ ਦਾ ਸਫਾਇਆ ਹੋ ਗਿਆ ਹੈ। ਇਸ ਵਾਰ ਦੇਸ਼ ਵਿੱਚ ਇੰਡੀਆ ਅਲਾਇੰਸ ਦੀ ਸਰਕਾਰ ਬਣਨ ਜਾ ਰਹੀ ਹੈ। ਉਨ੍ਹਾਂ ਨੇ ਇਸ ਮੌਕੇ ਉਤੇ ਚੰਡੀਗੜ੍ਹ ਵਾਸੀਆ ਨੂੰ ਅਪੀਲ ਕੀਤੀ ਕਿ ਉਹ ਇੰਡੀਆ ਅਲਾਇੰਸ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਉਨ੍ਹਾਂ ਨੂੰ ਸ਼ਹਿਰ ਦੀ ਨੁਮਾਇੰਦਗੀ ਕਰਨ ਦੇ ਲਈ ਲੋਕ ਸਭਾ ਵਿੱਚ ਭੇਜਣ। ਉਨ੍ਹਾਂ ਨੇ ਇਸ ਮੌਕੇ ਉਤੇ ਸ਼ਹਿਰ ਵਾਸੀਆਂ ਨੂੰ ਭਰੋਸਾ ਦਵਾਇਆ ਕਿ ਇੰਡੀਆ ਅਲਾਇੰਸ ਦੀ ਸਰਕਾਰ ਬਣਨ ਤੇ ਸ਼ਹਿਰ ਵਾਸੀਆਂ ਦੇ ਸਾਲਾਂ ਤੋਂ ਲਟਕਦੇ ਆ ਰਹੇ ਮੁੱਦਿਆਂ ਨੂੰ ਪਹਿਲ ਦੇ ਅਧਾਰ ਤੇ ਹੱਲ ਕਰਵਾਇਆ ਜਾਵੇਗਾ।