ਮੁੱਖ ਮੰਤਰੀ ਮਾਨ ਨੇ ਖਰੜ ਵਿਖੇ ਮਲਵਿੰਦਰ ਕੰਗ ਲਈ ਕੀਤਾ ਚੋਣ ਪ੍ਰਚਾਰ, ਵੱਡਾ ਰੋਡ ਸ਼ੋਅ ਕਰਕੇ ਲੋਕਾਂ ਨੂੰ ਕੀਤਾ ਸੰਬੋਧਨ
- ਭਗਵੰਤ ਮਾਨ ਨੇ ਕੀਤਾ ਦਾਅਵਾ, 4 ਜੂਨ ਦੀ ਦੁਪਹਿਰ 2 ਵਜੇ ਤੋਂ ਪਹਿਲਾਂ ਹੀ ਆਮ ਆਦਮੀ ਪਾਰਟੀ ਨੂੰ ਸ੍ਰੀ ਅਨੰਦਪੁਰ ਸਾਹਿਬ ਤੋਂ ਕਰ ਦਿੱਤਾ ਜਾਵੇਗਾ ਜੇਤੂ ਕਰਾਰ
- ਭਗਵੰਤ ਮਾਨ ਨੇ ਕਿਹਾ, ਮੈਂ ਸਖ਼ਤ ਮਿਹਨਤ ਤੋਂ ਕਦੇ ਵੀ ਪਿੱਛੇ ਨਹੀਂ ਹਟਦਾ, ਮੇਰੀ ਜ਼ਿੰਮੇਵਾਰੀਆਂ ਹੁਣ ਦੁੱਗਣੀ ਹੋ ਗਈਆਂ ਹਨ, ਪਰੰਤੂ ਤੁਹਾਡਾ ਸਮਰਥਨ ਮੈਨੂੰ ਬਿਲਕੁਲ ਵੀ ਥੱਕਣ ਨਹੀਂ ਦਿੰਦਾ
- ਆਮ ਆਦਮੀ ਪਾਰਟੀ ਦੀ ਸਰਕਾਰ ਆਪਣੀ ਸਾਰੀ ਗਰੰਟੀਆਂ ਪੂਰੀ ਕਰ ਰਹੀ ਹੈ,ਰਹੀ ਗੱਲ ਮਹਿਲਾਵਾਂ ਨੂੰ 1000 ਰੁਪਏ ਦੇਣ ਵਾਲੀ ਗਰੰਟੀ ਦੀ, ਉਹ ਵੀ ਜਲਦ ਹੋਣ ਵਾਲੀ ਹੈ ਪੂਰੀ -ਭਗਵੰਤ ਮਾਨ
- ਭਗਵੰਤ ਮਾਨ ਨੇ ਕਿਹਾ, ਮੈਂ ਜਨਤਾ ਤੋਂ ਕੰਮ ਦੇ ਅਧਾਰ ‘ਤੇ ਵੋਟਾਂ ਮੰਗ ਰਿਹਾ ਹਾਂ, ਉੱਥੇ ਹੀ ਮੋਦੀ ਮੰਗਲ-ਸੂਤਰ ਦੇ ਨਾਮ ‘ਤੇ ਵੋਟਾਂ ਮੰਗ ਰਹੇ ਹਨ, ਜੋ ਬੇਹੱਦ ਸ਼ਰਮਨਾਕ ਹੈ
- ਮਲਵਿੰਦਰ ਕੰਗ ਨੇ ਸਮਰਥਨ ਲਈ ਮੁੱਖ ਮੰਤਰੀ ਭਗਵੰਤ ਮਾਨ ਅਤੇ ਖਰੜ ਦੇ ਲੋਕਾਂ ਦਾ ਕੀਤਾ ਧੰਨਵਾਦ
ਚੰਡੀਗੜ੍ਹ, 5 ਮਈ 2024 - ਮੁੱਖ ਮੰਤਰੀ ਭਗਵੰਤ ਮਾਨ ਐਤਵਾਰ ਨੂੰ ਹਲਕਾ ਖਰੜ ਵਿੱਚ ਸ੍ਰੀ ਅਨੰਦਪੁਰ ਸਾਹਿਬ ਤੋਂ ਲੋਕ ਸਭਾ ਉਮੀਦਵਾਰ ਮਲਵਿੰਦਰ ਸਿੰਘ ਕੰਗ ਲਈ ਚੋਣ ਪ੍ਰਚਾਰ ਕੀਤਾ ਅਤੇ ਰੋਡ ਸ਼ੋਅ ਕੱਢਿਆ। ਜਿੱਥੇ ਉਨ੍ਹਾਂ ਦੇ ਨਾਲ ਮਲਵਿੰਦਰ ਕੰਗ ਅਤੇ ਹਲਕਾ ਖਰੜ ਤੋਂ ਵਿਧਾਇਕ ਅਤੇ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਅਤੇ ਚਮਕੌਰ ਸਾਹਿਬ ਤੋਂ ਵਿਧਾਇਕ ਚਰਨਜੀਤ ਸਿੰਘ ਵੀ ਮੌਜੂਦ ਸਨ। ਭਗਵੰਤ ਮਾਨ ਨੇ ਲੋਕਾਂ ਦੀ ਭਾਰੀ ਭੀੜ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਸ੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਦੇ ਲੋਕਾਂ ਦੇ ਉਤਸ਼ਾਹ ਨੂੰ ਦੇਖ ਕੇ ਬਹੁਤ ਖ਼ੁਸ਼ ਹਨ ਅਤੇ ਇੰਝ ਜਾਪਦਾ ਹੈ ਕਿ ਲੋਕਾਂ ਦਾ ਫ਼ਤਵਾ ਪਹਿਲਾਂ ਹੀ ਸਪੱਸ਼ਟ ਹੋ ਗਿਆ ਹੈ ਅਤੇ ਬਸ ਐਲਾਨ ਹੋਣਾ ਬਾਕੀ ਹੈ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
https://www.facebook.com/BabushahiDotCom/videos/277602152096028
ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਨੂੰ ਹਰ ਪਾਸੇ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਬੀਤੇ ਦਿਨ ਉਹ ਗੁਜਰਾਤ ਵਿੱਚ ਸਨ ਅਤੇ ਉੱਥੇ ਉਨ੍ਹਾਂ ਦਾ ਰੋਡ ਸ਼ੋਅ ‘ਇਨਕਲਾਬ ਜ਼ਿੰਦਾਬਾਦ’ ਦੇ ਨਾਅਰਿਆਂ ਨਾਲ ਗੂੰਜ ਰਿਹਾ ਸੀ। ਉਨ੍ਹਾਂ ਕਿਹਾ ਕਿ ਮੈਂ ਕਦੇ ਵੀ ਮਿਹਨਤ ਕਰਨ ਤੋਂ ਪਿੱਛੇ ਨਹੀਂ ਹਟਦਾ, ਜਦੋਂ ਉਨ੍ਹਾਂ (ਭਾਜਪਾ) ਨੇ ਅਰਵਿੰਦ ਕੇਜਰੀਵਾਲ ਨੂੰ ਜੇਲ੍ਹ ਵਿੱਚ ਪਾ ਦਿੱਤਾ ਤਾਂ ਮੇਰਾ ਕੰਮ ਅਤੇ ਜ਼ਿੰਮੇਵਾਰੀਆਂ ਦੁੱਗਣੀਆਂ ਹੋ ਗਈਆਂ ਹਨ, ਪਰੰਤੂ ਮੇਰੇ ਕੋਲ ਤੁਸੀਂ ਲੋਕ ਹੋ ਅਤੇ ਜਿਸ ਨੂੰ ਪੰਜਾਬੀਆਂ ਦਾ ਸਮਰਥਨ ਹੈ, ਉਹ ਕਦੇ ਵੀ ਅਸਫਲ ਨਹੀਂ ਹੋ ਸਕਦਾ।
ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਨੇ 43,000 ਸਰਕਾਰੀ ਨੌਕਰੀਆਂ, ਹਰੇਕ ਨੂੰ ਮੁਫ਼ਤ ਬਿਜਲੀ, ਹਰ ਖੇਤ ਨੂੰ ਟੇਲਾਂ ਤੱਕ ਨਹਿਰੀ ਪਾਣੀ, 850 ਤੋਂ ਵੱਧ ਆਮ ਆਦਮੀ ਕਲੀਨਿਕ, 13 ਸਕੂਲ ਆਫ ਐਮੀਨੈਂਸ ਅਤੇ ਕਿਸਾਨਾਂ ਨੂੰ ਦਿਨ ਦੇ ਸਮੇਂ ਬਿਜਲੀ ਦਿੱਤੀ ਅਤੇ ਉਹ ਵੀ ਸਿਰਫ਼ ਦੋ ਸਾਲਾਂ ਵਿੱਚ। ਉਨ੍ਹਾਂ ਕਿਹਾ ਕਿ ਜਿੱਥੇ ਬਾਕੀ ਸਰਕਾਰਾਂ ਸਰਕਾਰ ਦੀਆਂ ਜਾਇਦਾਦਾਂ ਆਪਣੇ ਦੋਸਤਾਂ-ਮਿੱਤਰਾਂ ਅਤੇ ਰਿਸ਼ਤੇਦਾਰਾਂ ਨੂੰ ਵੇਚਦੀਆਂ ਹਨ, ਉੱਥੇ ਹੀ ਉਨ੍ਹਾਂ ਦੀ ਸਰਕਾਰ ਨੇ ਜੀਵੀਕੇ ਪਾਵਰ ਪਲਾਂਟ ਖ਼ਰੀਦ ਕੇ ਗੁਰੂ ਅਮਰਦਾਸ ਜੀ ਦੇ ਨਾਂ 'ਤੇ ਰੱਖਿਆ ਹੈ। ਉਨ੍ਹਾਂ ਕਿਹਾ ਕਿ ਜਲਦੀ ਹੀ ਪੰਜਾਬ ਸਰਕਾਰ ਉਦਯੋਗਾਂ ਨੂੰ ਵੀ ਸਸਤੀ ਬਿਜਲੀ ਦੇਵੇਗੀ ਅਤੇ ਇਸ ਨਾਲ ਪੰਜਾਬ ਵਿੱਚ ਵਪਾਰ ਬੜੀ ਤੇਜ਼ੀ ਨਾਲ ਵਧੇਗਾ। ਉਨ੍ਹਾਂ ਕਿਹਾ ਕਿ ਪਹਿਲਾਂ ਹੀ ਟਾਟਾ ਸਟੀਲ ਵਰਗੀਆਂ ਕੰਪਨੀਆਂ ਪੰਜਾਬ ਵਿੱਚ ਨਿਵੇਸ਼ ਕਰ ਰਹੀਆਂ ਹਨ।
ਭਗਵੰਤ ਮਾਨ ਨੇ ਕਿਹਾ ਕਿ ਇਸ ਆਉਣ ਵਾਲੇ ਸੀਜ਼ਨ ਵਿੱਚ 70 ਫੀਸਦੀ ਨਹਿਰੀ ਪਾਣੀ ਪੰਜਾਬ ਦੇ ਖੇਤਾਂ ਨੂੰ ਸਿੰਚਾਈ ਲਈ ਦਿੱਤਾ ਜਾਵੇਗਾ। ਇਸ ਨਾਲ ਬਿਜਲੀ ਬੋਰਡ ਦੇ ਲਗਭਗ 7,000 ਕਰੋੜ ਰੁਪਏ ਦੀ ਬੱਚਤ ਹੋਵੇਗੀ ਅਤੇ ਇਸ ਪੈਸੇ ਨਾਲ ਉਨ੍ਹਾਂ ਦੀ ਸਰਕਾਰ ਔਰਤਾਂ ਨੂੰ ਪ੍ਰਤੀ ਮਹੀਨਾ 1000 ਰੁਪਏ ਦੀ ਗਰੰਟੀ ਪੂਰੀ ਕਰੇਗੀ। ਭਗਵੰਤ ਮਾਨ ਨੇ ਕਿਹਾ ਕਿ ਉਹ ਪੈਸੇ ਕਮਾਉਣ ਲਈ ਰਾਜਨੀਤੀ ਵਿੱਚ ਨਹੀਂ ਆਏ ਹਨ, ਉਹ ਇੱਥੇ ਸਿਸਟਮ ਨੂੰ ਬਦਲਣ, ਇਸ ਨੂੰ ਬਿਹਤਰ ਬਣਾਉਣ, ਪੰਜਾਬ ਅਤੇ ਪੰਜਾਬੀਆਂ ਦੀ ਸੇਵਾ ਕਰਨ ਲਈ ਆਏ ਹਨ।
ਭਗਵੰਤ ਮਾਨ ਨੇ ਕਿਹਾ ਕਿ ਕਿਸੇ ਸੂਬੇ ਦੇ ਵਿਕਾਸ ਲਈ ਸਭ ਦਾ ਵਿਕਾਸ ਜ਼ਰੂਰੀ ਹੈ, ਉਹ ਚਾਹੁੰਦੇ ਹਨ ਕਿ ਕਿਸਾਨ, ਵਪਾਰੀ, ਮਜ਼ਦੂਰ ਹਰ ਵਰਗ ਖ਼ੁਸ਼ ਹੋਵੇ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਕੰਮ ਦਾ ਬਣਦਾ ਮੁੱਲ ਮਿਲੇ। ਉਨ੍ਹਾਂ ਕਿਹਾ ਕਿ ਮੈਂ ਪੰਜਾਬ 'ਚ ਦੋ ਸਾਲਾਂ 'ਚ ਕੀਤੇ ਕੰਮਾਂ ਦੇ ਆਧਾਰ 'ਤੇ ਵੋਟਾਂ ਮੰਗ ਰਿਹਾ ਹਾਂ, ਦਿੱਲੀ 'ਚ ਅਸੀਂ ਆਪਣੇ 8 ਸਾਲਾਂ ਦੇ ਕੰਮ ਦੇ ਨਾਂ 'ਤੇ ਵੋਟਾਂ ਮੰਗ ਰਹੇ ਹਾਂ, ਕਿਉਂਕਿ ਅਸੀਂ ਕੰਮ ਦੀ ਰਾਜਨੀਤੀ ਕਰਦੇ ਹਾਂ। ਇਹ ਬਹੁਤ ਹੀ ਸ਼ਰਮ ਦੀ ਗੱਲ ਹੈ ਕਿ 10 ਸਾਲ ਪ੍ਰਧਾਨ ਮੰਤਰੀ ਰਹੇ ਨਰਿੰਦਰ ਮੋਦੀ ਮੰਗਲ-ਸੂਤਰ ਅਤੇ ਧਰਮ ਦੇ ਨਾਂ 'ਤੇ ਵੋਟਾਂ ਮੰਗ ਰਹੇ ਹਨ। ਭਗਵੰਤ ਮਾਨ ਨੇ ਕਿਹਾ ਕਿ ਭਾਜਪਾ ਨਫਰਤ ਦੀ ਰਾਜਨੀਤੀ ਕਰਦੀ ਹੈ। ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਭਾਜਪਾ ਦੀਆਂ ਜੜ੍ਹਾਂ ਪੰਜਾਬ ਵਿੱਚ ਨਾ ਲੱਗਣ ਦੇਣ। ਉਨ੍ਹਾਂ ਕਿਹਾ ਕਿ ਪੰਜਾਬ ਆਪਣੀ ਭਾਈਚਾਰਕ ਸਾਂਝ ਲਈ ਜਾਣਿਆ ਜਾਂਦਾ ਹੈ, ਅਸੀਂ ਗੁਰਪੁਰਬ, ਈਦ ਅਤੇ ਰਾਮਨੌਮੀ ਵਰਗੇ ਤਿਉਹਾਰ ਇਕੱਠੇ ਮਨਾਉਂਦੇ ਹਾਂ। ਗੁਰੂ ਨਾਨਕ ਦੇਵ ਜੀ ਵੱਲੋਂ 20 ਰੁਪਏ ਨਾਲ ਸ਼ੁਰੂ ਕੀਤਾ ਗਿਆ ਲੰਗਰ ਸਮੁੱਚੀ ਮਨੁੱਖਤਾ ਲਈ ‘ਸਰਬ ਸਾਂਝ’ ਹੈ।
ਉਨ੍ਹਾਂ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਗੁਰੂਆਂ ਅਤੇ ਮਹਾਨ ਕੁਰਬਾਨੀਆਂ ਦੀ ਧਰਤੀ ਹੈ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਪਰਵਾਸ ਨਾ ਕਰਨ, ਕਿਉਂਕਿ ਹੁਣ ਸਿਸਟਮ ਬਦਲ ਰਿਹਾ ਹੈ, ਭ੍ਰਿਸ਼ਟਾਚਾਰ ਖ਼ਤਮ ਹੋ ਗਿਆ ਹੈ ਅਤੇ ਪੰਜਾਬ ਵਿੱਚ ਲੋਕਾਂ ਨੂੰ ਨੌਕਰੀਆਂ, ਕਰੀਅਰ ਅਤੇ ਨਵੇਂ ਕਾਰੋਬਾਰ ਦੇ ਮੌਕੇ ਮਿਲ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਵੇਰਕਾ ਅਤੇ ਮਾਰਕਫੈੱਡ ਵਰਗੇ ਵਿਭਾਗਾਂ ਨੂੰ ਲਾਭਦਾਇਕ ਬਣਾਇਆ ਹੈ। ਉਨ੍ਹਾਂ ਕਿਹਾ ਕਿ ਉਹ ਉਚਾਈਆਂ ਜਾਂ ਗਹਿਰਾਈਆਂ ਤੋਂ ਨਹੀਂ ਡਰਦੇ, ਉਨ੍ਹਾਂ ਨੂੰ ਕੇਵਲ ਇੱਕ ਅਕਾਲ ਪੁਰਖ ਦਾ ਡਰ ਹੈ।
ਭਗਵੰਤ ਮਾਨ ਨੇ ਦੂਜੀਆਂ ਪਾਰਟੀਆਂ 'ਤੇ ਚੁਟਕੀ ਲੈਂਦਿਆਂ ਕਿਹਾ ਕਿ ਉਨ੍ਹਾਂ 'ਤੇ ਹਰ ਰੋਜ਼ ਪਿਆਰ ਅਤੇ ਫੁੱਲਾਂ ਦੀ ਵਰਖਾ ਕੀਤੀ ਜਾਂਦੀ ਹੈ ਜਦਕਿ ਅਕਾਲੀ, ਭਾਜਪਾ ਅਤੇ ਕਾਂਗਰਸੀ ਆਗੂਆਂ ਨਾਲ ਹੱਥ ਮਿਲਾਉਣ ਤੋਂ ਬਾਅਦ ਲੋਕ ਇਹ ਯਕੀਨੀ ਬਣਾਉਣ ਲਈ ਆਪਣੀਆਂ ਉਂਗਲਾਂ ਗਿਣਦੇ ਹਨ ਕਿ ਉਨ੍ਹਾਂ ਨੇ ਕੋਈ ਚੋਰੀ ਤਾਂ ਨਹੀਂ ਕੀਤੀ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਉਦੋਂ ਹੀ ਪੰਜਾਬ ਨੂੰ ਬਚਾਉਣ ਲਈ ਨਿਕਲਦੇ ਹਨ, ਜਦੋਂ ਤਾਪਮਾਨ 30 ਡਿਗਰੀ ਸੈਲਸੀਅਸ ਤੋਂ ਹੇਠਾਂ ਹੁੰਦਾ ਹੈ, ਨਹੀਂ ਤਾਂ ਉਨ੍ਹਾਂ ਨੂੰ ਹੀਟ ਸਟ੍ਰੋਕ ਹੋ ਜਾਂਦਾ ਹੈ। ਪਹਿਲਾਂ ਪੰਜਾਬ ਵਿੱਚ ਅਜਿਹੇ ਮੁੱਖ ਮੰਤਰੀ ਸਨ ਜੋ ਵੋਟਾਂ ਲੈਣ ਤੋਂ ਬਾਅਦ ਆਪਣੇ ਮਹਿਲਾਂ ਦੇ ਗੇਟ ਬੰਦ ਕਰ ਲੈਂਦੇ ਸਨ। ਪਰੰਤੂ ਪੰਜਾਬ ਵਿੱਚ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਪੰਜਾਬ ਦੇ ਲੋਕਾਂ ਦੀ ਆਪਣੀ ਸਰਕਾਰ ਹੈ, 90 ਫੀਸਦੀ ਨੌਜਵਾਨ ਮੈਨੂੰ ‘ਬਾਈ ਜੀ’ ਕਹਿ ਕੇ ਬੁਲਾਉਂਦੇ ਹਨ ਕਿਉਂਕਿ ਮੈਂ ਉਨ੍ਹਾਂ ਵਿੱਚੋਂ ਇੱਕ ਹਾਂ।
ਖਰੜ ਦੇ ਲੋਕਾਂ ਨੇ ਭਗਵੰਤ ਮਾਨ ਨਾਲ ਵਾਅਦਾ ਕੀਤਾ ਕਿ 4 ਜੂਨ ਨੂੰ ਦੁਪਹਿਰ 2 ਵਜੇ ਤੋਂ ਪਹਿਲਾਂ ਹੀ ਸ਼੍ਰੀ ਅਨੰਦਪੁਰ ਸਾਹਿਬ ਤੋਂ ਆਮ ਆਦਮੀ ਪਾਰਟੀ ਨੂੰ ਜੇਤੂ ਐਲਾਨ ਦਿੱਤਾ ਜਾਵੇਗਾ। ਸੰਬੋਧਨ ਦੀ ਸਮਾਪਤੀ ਕਰਦਿਆਂ ਸ੍ਰੀ ਅਨੰਦਪੁਰ ਸਾਹਿਬ ਤੋਂ ਉਮੀਦਵਾਰ ਮਾਲਵਿੰਦਰ ਸਿੰਘ ਕੰਗ ਨੇ ਰੋਡ ਸ਼ੋਅ ਵਿੱਚ ਐਨੀ ਵੱਡੀ ਗਿਣਤੀ ਵਿੱਚ ਸ਼ਾਮਲ ਹੋਣ ਲਈ ਲੋਕਾਂ ਦਾ ਧੰਨਵਾਦ ਕੀਤਾ ਅਤੇ ਨਾਲ ਹੀ ਸਾਰਿਆਂ ਦਾ ਲਗਾਤਾਰ ਸਹਿਯੋਗ ਦੇਣ ਲਈ ਧੰਨਵਾਦ ਵੀ ਕੀਤਾ।