ਹੁਸ਼ਿਆਰਪੁਰ: ਨਾਮਜ਼ਦਗੀਆਂ ਦੇ ਪਹਿਲੇ ਦਿਨ ਹੁਸ਼ਿਆਰਪੁਰ ਵਿਖੇ ਇਕ ਆਜ਼ਾਦ ਉਮੀਦਵਾਰ ਵੱਲੋਂ ਕਾਗਜ਼ ਦਾਖ਼ਲ
- 14 ਮਈ ਸ਼ਾਮ 3 ਵਜੇ ਤੱਕ ਦਾਖ਼ਲ ਕੀਤੀਆਂ ਜਾ ਸਕਦੀਆਂ ਹਨ ਨਾਮਜ਼ਦਗੀਆਂ : ਕੋਮਲ ਮਿੱਤਲ
- 1 ਜੂਨ ਨੂੰ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਪੈਣਗੀਆਂ ਵੋਟਾਂ
ਹੁਸ਼ਿਆਰਪੁਰ, 7 ਮਈ 2024 - ਲੋਕ ਸਭਾ ਚੋਣਾਂ-2024 ਲਈ ਅੱਜ ਨਾਮਜ਼ਦਗੀਆਂ ਦੇ ਪਹਿਲੇ ਦਿਨ ਹੁਸ਼ਿਆਰਪੁਰ ਲੋਕ ਸਭਾ ਹਲਕੇ ਲਈ ਇਕ ਆਜ਼ਾਦ ਉਮੀਦਵਾਰ ਵੱਲੋਂ ਨਾਮਜ਼ਦਗੀ ਦਾਖ਼ਲ ਕੀਤੀ ਗਈ ਹੈ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫਸਰ-ਕਮ-ਰਿਟਰਨਿੰਗ ਅਫ਼ਸਰ ਲੋਕ ਸਭਾ ਹਲਕਾ ਹੁਸ਼ਿਆਰਪੁਰ ਕੋਮਲ ਮਿੱਤਲ ਨੇ ਦੱਸਿਆ ਕਿ ਅੱਜ ਰੋਹਿਤ ਕੁਮਾਰ ਪੁੱਤਰ ਵਿਜੇ ਪਾਲ, ਪਿੰਡ ਤੇ ਡਾਕਘਰ ਬਾਇਚ, ਤਹਿਸੀਲ ਦਸੂਹਾ ਨੇ ਆਜ਼ਾਦ ਉਮੀਦਵਾਰ ਵਜੋਂ ਨਾਮਜ਼ਦਗੀ ਕਾਗਜ਼ ਦਾਖ਼ਲ ਕੀਤੇ ਹਨ।
ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪ੍ਰੈੱਸ ਕਾਨਫਰੰਸ ਮੌਕੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਵੱਲੋਂ ਨਿਸ਼ਚਿਤ ਕੀਤੇ ਸ਼ਡਿਊਲ ਅਨੁਸਾਰ ਆਗਾਮੀ ਲੋਕ ਸਭਾ ਚੋਣਾਂ ਲਈ ਲੋਕ ਸਭਾ ਚੋਣ ਹਲਕਾ ਹੁਸ਼ਿਆਰਪੁਰ ਵਿਚ ਇਕ ਲੋਕ ਸਭਾ ਮੈਂਬਰ ਦੀ ਚੋਣ ਕੀਤੀ ਜਾਣੀ ਹੈ, ਇਸ ਲਈ ਉਮੀਦਵਾਰ ਜਾਂ ਉਸ ਦਾ ਕੋਈ ਤਜ਼ਵੀਜ਼ਕਾਰ/ਪ੍ਰੋਪੋਜ਼ਰ ਆਪਣੇ ਨਾਮਜ਼ਦਗੀ ਪੇਪਰ 14 ਮਈ ਨੂੰ ਸ਼ਾਮ 3 ਵਜੇ ਤੱਕ ਨੋਮੀਨੇਸ਼ਨ ਸੈਂਟਰ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਹੁਸ਼ਿਆਰਪੁਰ ਦੇ ਕਮਰਾ ਨੰਬਰ 107 (ਡਿਪਟੀ ਕਮਿਸ਼ਨਰ ਕੋਰਟ ਰੂਮ) ਵਿਚ ਕਿਸੇ ਵੀ ਕੰਮ ਵਾਲੇ ਦਿਨ (ਛੁੱਟੀ ਵਾਲੇ ਦਿਨ ਤੋਂ ਬਿਨਾਂ) ਪੇਸ਼ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਨਾਮਜ਼ਦਗੀ ਪੱਤਰ ਸਵੇਰੇ 11:00 ਵਜੇ ਤੋਂ ਲੈ ਕੇ ਬਾਅਦ ਦੁਪਿਹਰ 3 ਵਜੇ ਤੱਕ ਪੇਸ਼ ਕੀਤੇ ਜਾ ਸਕਦੇ ਹਨ।
ਜ਼ਿਲ੍ਹਾ ਚੋਣ ਅਫਸਰ ਨੇ ਦੱਸਿਆ ਕਿ ਨਾਮਜ਼ਦਗੀ ਪੱਤਰ ਨਿਸ਼ਚਿਤ ਸਥਾਨ ’ਤੇ ਨਿਸ਼ਚਿਤ ਸਮੇਂ ਦੌਰਾਨ ਲਏ ਜਾਣਗੇ। ਉਨ੍ਹਾਂ ਦੱਸਿਆ ਕਿ ਨਾਮਜ਼ਦਗੀ ਪੱਤਰਾਂ ਦੀ ਪੜਤਾਲ 15 ਮਈ ਨੂੰ ਸਵੇਰੇ 11 ਵਜੇ ਹੋਵੇਗੀ। ਉਨ੍ਹਾਂ ਦੱਸਿਆ ਕਿ ਉਮੀਦਵਾਰ ਦਾ ਨਾਂ ਵਾਪਸ ਲੈਣ ਦੀ ਸੂਚਨਾ, ਉਮੀਦਵਾਰ ਜਾਂ ਉਸ ਦੇ ਤਜ਼ਵੀਜਕਾਰ ਜਾਂ ਚੋਣ ਏਜੰਟ ਜਿਸ ਨੂੰ ਉਮੀਦਵਾਰ ਵੱਲੋਂ ਨਾਮਜ਼ਦਗੀ ਵਾਪਸ ਲੈਣ ਲਈ ਲਿਖਤੀ ਰੂਪ ਵਿਚ ਅਧਿਕਾਰਤ ਕੀਤਾ ਗਿਆ ਹੈ, ਵੱਲੋਂ ਜ਼ਿਲ੍ਹਾ ਚੋਣ ਅਫਸਰ ਹੁਸ਼ਿਆਰਪੁਰ ਨੂੰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਕੋਰਟ ਰੂਮ 107 ਵਿਚ 17 ਮਈ ਤੱਕ ਬਾਅਦ ਦੁਪਹਿਰ 3 ਵਜੇ ਤੋਂ ਪਹਿਲਾਂ ਦਿੱਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਨਾਮਜ਼ਦਗੀ ਪੱਤਰ 17 ਮਈ ਤੱਕ ਵਾਪਸ ਲਏ ਜਾ ਸਕਣਗੇ।
ਉਨ੍ਹਾਂ ਦੱਸਿਆ ਕਿ 1 ਜੂਨ (ਸ਼ਨੀਵਾਰ) ਨੂੰ ਸਵੇਰੇ 7: ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਵੋਟਾਂ ਪਾਈਆਂ ਜਾਣਗੀਆਂ ਅਤੇ 4 ਜੂਨ ਨੂੰ ਨਤੀਜਾ ਐਲਾਨਿਆ ਜਾਵੇਗਾ ਅਤੇ 6 ਜੂਨ ਨੂੰ ਚੋਣ ਪ੍ਰਕਿਰਿਆ ਸੰਪੂਰਨ ਹੋਵੇਗੀ।
ਉਨ੍ਹਾਂ ਦੱਸਿਆ ਕਿ ਹੁਸ਼ਿਆਰਪੁਰ ਹਲਕੇ ਵਿਚ ਕੁੱਲ 16 ਲੱਖ 43 ਵੋਟਰ ਹਨ, ਜਿਨ੍ਹਾਂ ਵਿਚ 8 ਲੱਖ 30 ਹਜਾਰ 54 ਮਰਦ ਵੋਟਰ, 7 ਲੱਖ 69 ਹਜ਼ਾਰ 946 ਮਹਿਲਾ ਵੋਟਰ ਹਨ ਅਤੇ 43 ਟ੍ਰਾਂਸਜੈਂਡਰ ਵੋਟਰ ਹਨ। ਉਨ੍ਹਾਂ ਦੱਸਿਆ ਕਿ 1 ਜੂਨ ਨੂੰ ਵੋਟਾਂ ਵਾਲੇ ਦਿਨ ਸਾਰੇ ਪੋਲਿੰਗ ਸਟੇਸ਼ਨਾਂ ’ਤੇ ਵੋਟਰਾਂ ਲਈ ਬਹੁਤ ਹੀ ਵਧੀਆ ਅਤੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ ਅਤੇ ਉਨ੍ਹਾਂ ਦੀ ਹਰੇਕ ਸੁਵਿਧਾ ਦਾ ਧਿਆਨ ਰੱਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ ਪੈਂਦੇ 7 ਵਿਧਾਨ ਸਭਾ ਹਲਕਿਆਂ ਵਿਚ 70 ਮਾਡਲ ਪੋਲਿੰਗ ਕੇਂਦਰ(ਹਰੇਕ ਹਲਕੇ ਵਿਚ 10-10) ਬਣਾਏ ਗਏ ਹਨ। ਉਨ੍ਹਾਂ ਕਿਹਾ ਕਿ ਵੋਟ ਪਾਉਣ ਲਈ ਸਵੇਰੇ ਸਭ ਤੋਂ ਪਹਿਲਾਂ ਪਹੁੰਚਣ ਵਾਲੇ ਪਹਿਲੇ 30 ਵੋਟਰਾਂ ਨੂੰ ਇਨਾਮ ਵੀ ਦਿੱਤੇ ਜਾਣਗੇ। ਉਨ੍ਹਾਂ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਗਰਮੀ ਦੇ ਮੱਦੇਨਜ਼ਰ ਸਵੇਰ ਵੇਲੇ ਵੋਟ ਪਾਉਣ ਨੂੰ ਤਰਜੀਹ ਦੇਣ।
ਇਸ ਮੌਕੇ ਸਹਾਇਕ ਕਮਿਸ਼ਨਰ ਦਿਵਿਆ ਪੀ, ਡੀ. ਡੀ. ਐਫ ਜੋਇਆ ਸਿੱਦੀਕੀ, ਤਹਿਸੀਲਦਾਰ ਚੋਣਾਂ ਸਰਬਜੀਤ ਸਿੰਘ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਹਰਦੇਵ ਸਿੰਘ ਆਸੀ, ਜ਼ਿਲ੍ਹਾ ਸਵੀਪ ਨੋਡਲ ਅਫ਼ਸਰ ਪ੍ਰੀਤ ਕੋਹਲੀ, ਚੋਣ ਕਾਨੂੰਗੋ ਦੀਪਕ ਕੁਮਾਰ, ਲਖਵੀਰ ਸਿੰਘ ਤੇ ਹਰਪ੍ਰੀਤ ਕੌਰ ਤੇ ਹੋਰ ਅਧਿਕਾਰੀ ਹਾਜ਼ਰ ਸਨ।