ਲੋਕ ਸਭਾ ਚੋਣਾ: ਪੰਜਾਬ ਵਿੱਚ 13 ਉਮੀਦਵਾਰਾਂ ਵੱਲੋਂ 15 ਨਾਮਜ਼ਦਗੀ ਪੱਤਰ ਦਾਖਲ : ਸਿਬਿਨ ਸੀ
ਚੰਡੀਗੜ੍ਹ 7 ਮਈ 2024 - ਲੋਕ ਸਭਾ ਚੋਣਾਂ 2024 ਲਈ ਨਾਮਜ਼ਦਗੀਆਂ ਭਰਨ ਦੇ ਪਹਿਲੇ ਦਿਨ ਪੰਜਾਬ ਵਿੱਚ 13 ਲੋਕ ਸਭਾ ਸੀਟਾਂ ਲਈ 13 ਉਮੀਦਵਾਰਾਂ ਵੱਲੋਂ 15 ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਹਨ।
ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਦੱਸਿਆ ਕਿ ਜਲੰਧਰ, ਲੁਧਿਆਣਾ, ਫਤਿਹਗੜ੍ਹ ਸਾਹਿਬ ਅਤੇ ਬਠਿੰਡਾ ਲੋਕ ਸਭਾ ਸੀਟ ਲਈ 7 ਮਈ ਨੂੰ ਕਿਸੇ ਵੀ ਉਮੀਦਵਾਰ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਨਹੀਂ ਕੀਤਾ ਗਿਆ ਹੈ। ਗੁਰਦਾਸਪੁਰ, ਅੰਮ੍ਰਿਤਸਰ, ਖਡੂਰ ਸਾਹਿਬ, ਹੁਸ਼ਿਆਰਪੁਰ, ਆਨੰਦਪੁਰ ਸਾਹਿਬ, ਫਰੀਦਕੋਟ ਅਤੇ ਸੰਗਰੂਰ ਤੋਂ ਇਕ-ਇਕ ਨਾਮਜ਼ਦਗੀ ਪੱਤਰ ਭਰਿਆ ਗਿਆ ਹੈ। ਸਭ ਤੋਂ ਵੱਧ ਪੰਜ ਨਾਮਜ਼ਦਗੀ ਪੱਤਰ ਫਿਰੋਜ਼ਪੁਰ ਤੋਂ ਭਰੇ ਗਏ ਹਨ। ਇਥੇ 2 ਉਮੀਦਵਾਰਾਂ ਨੇ 2-2 ਫਾਰਮ ਭਰੇ ਹਨ। ਜਦਕਿ ਪਟਿਆਲਾ ਤੋਂ ਤਿੰਨ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਗਏ ਹਨ।
ਮੁੱਖ ਚੋਣ ਅਧਿਕਾਰੀ ਨੇ ਦੱਸਿਆ ਕਿ ਗੁਰਦਾਸਪੁਰ ਤੋਂ ਇਕ ਆਜ਼ਾਦ ਉਮੀਦਵਾਰ ਵੱਲੋਂ ਨਾਮਜ਼ਦਗੀ ਦਾਖ਼ਲ ਕੀਤੀ ਗਈ ਹੈ। ਉੱਥੇ ਹੀ ਅੰਮ੍ਰਿਤਸਰ ਤੋਂ ਕਮਿਊਨਿਸਟ ਪਾਰਟੀ ਆਫ ਇੰਡੀਆ, ਖਡੂਰ ਸਾਹਿਬ ਤੋਂ ਆਸ ਪੰਜਾਬ ਪਾਰਟੀ, ਹੁਸ਼ਿਆਰਪੁਰ ਤੋਂ ਇਕ ਆਜ਼ਾਦ ਉਮੀਦਵਾਰ, ਆਨੰਦਪੁਰ ਸਾਹਿਬ ਤੋਂ ਪੰਜਾਬ ਨੈਸ਼ਨਲ ਪਾਰਟੀ, ਫਰੀਦਕੋਟ ਤੋਂ ਇਕ ਆਜ਼ਾਦ ਅਤੇ ਸੰਗਰੂਰ ਤੋਂ ਪੰਜਾਬ ਨੈਸ਼ਨਲ ਪਾਰਟੀ ਦੇ ਉਮੀਦਵਾਰ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ।
ਇਸੇ ਤਰ੍ਹਾਂ ਪਟਿਆਲਾ ਤੋਂ 2 ਆਜ਼ਾਦ ਅਤੇ ਇਕ ਭਾਰਤੀਯ ਜਵਾਨ ਕਿਸਾਨ ਪਾਰਟੀ ਦੇ ਉਮੀਦਵਾਰ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ।
ਫਿਰੋਜ਼ਪੁਰ ਤੋਂ 2 ਉਮੀਦਵਾਰਾਂ ਨੇ ਦੋ-ਦੋ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ। ਇਸ ਤੋਂ ਇਲਾਵਾ ਇਕ ਆਜ਼ਾਦ ਉਮੀਦਵਾਰ ਨੇ ਵੀ ਨਾਮਜ਼ਦਗੀ ਪੱਤਰ ਦਾਖਲ ਕੀਤਾ ਹੈ।