ਮਾਲੇਰਕੋਟਲਾ ਦਾ ਜੰਮਪਲ ਕਿਸ਼ੋਰੀ ਲਾਲ ਸ਼ਰਮਾ ਦਾ ਅਮੇਠੀ ਸੀਟ ਤੋਂ ਸਮ੍ਰਿਤੀ ਇਰਾਨੀ ਨਾਲ ਮੁਕਾਬਲਾ
ਕਿਸ਼ੋਰੀ ਲਾਲ ਸ਼ਰਮਾ ਨੂੰ ਅਮੇਠੀ ਤੋਂ ਕਾਂਗਰਸ ਦੀ ਟਿਕਟ ਮਿਲਣ 'ਤੇ ਮਾਲੇਰਕੋਟਲਾ 'ਚ ਪਾਈ ਜਾ ਰਹੀ ਹੈ ਖੁਸ਼ੀ ਦੀ ਲਹਿਰ
ਸਪੋਰਟ ਲਈ ਮਾਲੇਰਕੋਟਲਾ ਤੋਂ ਇੱਕ ਵੱਡਾ ਕਾਫ਼ਲਾ ਅਮੇਠੀ ਲਈ 12 ਮਈ ਨੂੰ ਹੋਵੇਗਾ ਰਵਾਨਾ
ਇਸ ਤੋਂ ਪਹਿਲਾਂ ਹਮੇਸ਼ਾ ਗਾਂਧੀ ਪਰਿਵਾਰ ਲਈ ਛੱਡੀ ਜਾਂਦੀ ਰਹੀ ਹੈ ਅਮੇਠੀ ਲੋਕ ਸਭਾ ਹਲਕੇ ਦੀ ਇਹ ਸ਼ੀਟ
ਮੁਹੰਮਦ ਇਸਮਾਈਲ ਏਸ਼ੀਆ
ਮਾਲੇਰਕੋਟਲਾ 8 ਮਈ 2024, ਆਲ ਇੰਡੀਆ ਕਾਂਗਰਸ ਵੱਲੋਂ ਉਤਰ ਪ੍ਰਦੇਸ਼ ਦੀ ਹਾਟ ਸੀਟ ਅਮੇਠੀ ਤੋਂ ਕਿਸ਼ੋਰੀ ਲਾਲ ਸ਼ਰਮਾ ਨੂੰ ਟਿਕਟ ਦੇਣ 'ਤੇ ਮਾਲੇਰਕੋਟਲਾ 'ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਕਿਉਂਕਿ ਕਿਸ਼ੋਰੀ ਲਾਲ ਸ਼ਰਮਾ ਦਾ ਪਿਛੋਕੜ ਮਾਲੇਰਕੋਟਲਾ ਨਾਲ ਹੈ, ਕਿਸ਼ੋਰੀ ਲਾਲ ਸ਼ਰਮਾ ਦਾ ਜਨਮ ਮਾਲੇਰਕੋਟਲਾ ਦੇ ਮੁਹੱਲਾ ਘਾਗੜਿਆਂ ਨੇੜੇ ਗੋਪਾਲ ਭਵਨ ਮੰਦਿਰ ਵਿਖੇ ਪਿਤਾ ਅਮਰ ਚੰਦ ਸ਼ਰਮਾ ਅਤੇ ਮਾਤਾ ਸ੍ਰੀਮਤੀ ਸੀਤਾ ਦੇਵੀ ਦੀ ਕੁੱਖੋਂ ਹੋਇਆ। ਕਿਸ਼ੋਰੀ ਲਾਲ ਦੇ ਪਿਤਾ ਸ੍ਰੀ ਅਮਰ ਚੰਦ ਸ਼ਰਮਾ ਜੀ ਮਾਲੇਰਕੋਟਲਾ ਦੇ ਛੋਟਾ ਚੌਂਕ ਵਿਖੇ ਬੇਕਰੀ ਦੀ ਦੁਕਾਨ ਕਰਦੇ ਸਨ। ਇਨਾਂ ਆਪਣੀ ਮੁੱਢਲੀ ਸਿੱਖਿਆ ਸਥਾਨਕ ਐਸ.ਡੀ.ਪੀ.ਪੀ. ਸਕੂਲ ਤੋਂ ਪ੍ਰਾਪਤ ਕੀਤੀ। ਸੰਨ 1977 ਵਿੱਚ ਦਸਵੀਂ ਕਰਨ ਉਪਰੰਤ ਉਹ ਆਪਣੇ ਵੱਡੇ ਭਰਾ ਲੇਖ ਰਾਜ ਸ਼ਰਮਾ ਕੋਲ ਰੇਡਿਓ ਦਾ ਕੰਮ ਸਿੱਖਣ ਲਈ ਚਲੇ ਗਏ ਅਤੇ ਕਿਸ਼ੋਰੀ ਲਾਲ ਸ਼ਰਮਾ ਦੇ ਦੋ ਭਰਾ ਅਤੇ ਦੋ ਭੈਣਾਂ ਹਨ, ਜਿਨਾਂ ਚੋਂ ਇੱਕ ਭਰਾ ਲੇਖ ਰਾਜ ਸ਼ਰਮਾ ਦੀ ਮੌਤ ਹੋ ਚੁੱਕੀ ਹੈ ਜਦਕਿ ਦੂਜਾ ਭਰਾ ਪ੍ਰੇਮ ਨਾਥ ਸ਼ਰਮਾ ਅੱਜ ਵੀ ਮਾਲੇਰਕੋਟਲਾ ਦੇ ਛੋਟਾ ਚੌਂਕ ਵਿਖੇ ਬੇਕਰੀ ਦੀ ਦੁਕਾਨ ਚਲਾ ਰਿਹਾ ਹੈ।
ਇੱਥੇ ਦੱਸਣਯੋਗ ਹੈ ਕਿ ਕਿਸ਼ੋਰੀ ਲਾਲ ਸ਼ਰਮਾ ਲੁਧਿਆਣਾ ਵਿਖੇ ਰੇਡਿਓ ਦੇ ਕੰਮ ਸਿਖਣ ਉਪਰੰਤ ਸੰਨ 1983 ਵਿੱਚ ਅਮੇਠੀ ਚਲੇ ਗਏ ਜਿੱਥੇ ਉਨਾਂ ਕਾਂਗਰਸ ਵਿੱਚ ਸ਼ਮੂਲੀਅਤ ਕੀਤੀ ਜਿੱਥੇ ਉਨਾਂ ਦੀ ਗਾਂਧੀ ਪਰਿਵਾਰ ਨਾਲ ਨੇੜਤਾ ਵਧੀ ਅਤੇ ਉਨ੍ਹਾਂ ਰਾਜੀਵ ਗਾਂਧੀ ਨਾਲ ਮਿਲਕੇ ਕੰਮ ਕੀਤਾ। ਉਤਰ ਪ੍ਰਦੇਸ਼ ਦੀ ਰਾਏ ਬਰੇਲੀ ਅਤੇ ਅਮੇਠੀ ਤੋਂ ਮਹੱਤਵਪੂਰਨ ਭੂਮਿਕਾ ਨਿਭਾਈ। ਸੰਨ 1991 ਵਿੱਚ ਰਾਜੀਵ ਗਾਂਧੀ ਦੀ ਮੌਤ ਤੋਂ ਬਾਅਦ 1999 'ਚ ਸੋਨੀਆ ਗਾਂਧੀ ਦੀ ਚੁਣਾਵੀ ਜਿੱਤ ਲਈ ਵੀ ਜੀ ਤੋੜ ਮਿਹਨਤ ਕੀਤੀ। 2019 'ਚ ਰਾਹੁਲ ਗਾਂਧੀ ਦੀ ਹਾਰ ਤੋਂ ਪਹਿਲਾਂ ਅਮੇਠੀ ਕਾਂਗਰਸ ਦਾ ਗੜ੍ਹ ਮੰਨਿਆ ਜਾਂਦਾ ਸੀ ਤੇ ਹੁਣ ਇਸ ਸਭ ਦੇ ਵਿਚਾਲੇ ਇਸ ਹਾਟ ਸੀਟ ਲਈ ਮਾਲੇਰਕੋਟਲਾ ਦੇ ਜੰਮਪਲ ਕਿਸ਼ੋਰੀ ਲਾਲ ਦਾ 2024 ਦੀਆਂ ਚੋਣਾਂ 'ਚ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨਾਲ ਮੁਕਾਬਲਾ ਹੋਵੇਗਾ।
12 ਮਈ ਨੂੰ ਉਹਨਾਂ ਦੀ ਸਪੋਰਟ ਲਈ ਮਾਲੇਰਕੋਟਲਾ ਤੋਂ ਇੱਕ ਵੱਡਾ ਕਾਫ਼ਲਾ ਅਮੇਠੀ ਨੂੰ ਰਵਾਨਾ ਹੋਵੇਗਾ।ਸਥਾਨਕ ਐਸ.ਡੀ.ਪੀ.ਪੀ. ਹਾਈ ਸਕੂਲ ਵਿਖੇ ਮੁੱਢਲੀ ਸਿੱਖਿਆ ਹਾਸਲ ਕਰਨ ਵਾਲੇ ਕਿਸ਼ੋਰੀ ਲਾਲ ਦੇ ਜਿਗਰੀ ਦੋਸਤ ਸਾਥੀਆਂ ਸਾਬਕਾ ਕੌਂਸਲਰ ਜਗਦੀਸ਼ ਜੱਗੀ ਤੇ ਸੰਜੀਵ ਚੋਪੜਾ ਨੇ ਦੱਸਿਆ ਕਿ ਕਿਸ਼ੋਰੀ ਲਾਲ ਦੇ ਟਿਕਟ ਮਿਲਣ ਉਪਰੰਤ ਹੀ ਆਪਣੇ ਸਗੇ ਸਬੰਧੀਆ ਨਾਲ ਰਾਬਤਾ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਅਸੀਂ ਵੀ ਉਹਨਾਂ ਦੀ ਸਪੋਰਟ ਵਿੱਚ ਜਾਣ ਲਈ ਹਵਾਈ ਯਾਤਰਾ ਦੀਆਂ ਟਿਕਟਾਂ ਬੁੱਕ ਕਰਵਾ ਦਿੱਤੀਆਂ ਹਨ ਅਤੇ 12 ਮਈ ਨੂੰ ਚੋਣ ਪ੍ਰਚਾਰ ਲਈ ਹਵਾਈ ਯਾਤਰਾ ਰਾਹੀਂ ਰਵਾਨਾ ਹੋਵਾਂਗੇ।