ਤਰਸਿੱਕਾ ਦੇ ਦਰਜਨਾਂ ਪਰਿਵਾਰਾਂ ਨੇ ਭਾਜਪਾ ਵਿੱਚ ਕੀਤੀ ਸ਼ਮੂਲੀਅਤ
- ਹਲਕਾ ਉਮੀਦਵਾਰ ਮਨਜੀਤ ਸਿੰਘ ਮੰਨਾ ਨੂੰ ਜਿਤਾਉਣ ਦਾ ਦਿੱਤਾ ਭਰੋਸਾ
ਰਾਕੇਸ਼ ਨਈਅਰ ਚੋਹਲਾ
ਤਰਸਿੱਕਾ/ਜੰਡਿਆਲਾ ਗੁਰੂ, 8 ਮਈ 2024 - ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਦੇ ਪਿੰਡ ਤਰਸਿੱਕਾ ਵਿਖੇ ਭਾਰਤੀ ਜਨਤਾ ਪਾਰਟੀ ਨੂੰ ਉਦੋਂ ਹੋਰ ਬੱਲ ਮਿਲਿਆ ਜਦ ਇਥੋਂ ਦੇ ਦਰਜਨਾਂ ਪਰਿਵਾਰਾਂ ਨੇ ਕਾਂਗਰਸ,ਅਕਾਲੀ ਦਲ ਤੇ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿ ਕੇ ਭਾਜਪਾ ਵਿੱਚ ਸ਼ਾਮਿਲ ਹੋਣ ਦਾ ਐਲਾਨ ਕੀਤਾ। ਇਸ ਮੌਕੇ 'ਤੇ ਹਲਕਾ ਇੰਚਾਰਜ ਹਰਦੀਪ ਸਿੰਘ ਗਿੱਲ ਅਤੇ ਭਾਜਪਾ ਦੇ ਮੰਡਲ ਪ੍ਰਧਾਨ ਮਨਜੀਤ ਸਿੰਘ ਤਰਸਿੱਕਾ ਵੱਲੋਂ ਸ਼ਾਮਿਲ ਹੋਏ ਪਰਿਵਾਰਾਂ ਨੂੰ ਸਿਰੋਪੇ ਭੇਟ ਕਰਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ 'ਤੇ ਬੋਲਦਿਆਂ ਹਰਦੀਪ ਸਿੰਘ ਗਿੱਲ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਹੀ ਪੰਜਾਬ ਵਿੱਚ ਨਸ਼ਿਆਂ ਤੇ ਗੁੰਡਾਗਰਦੀ ਨੂੰ ਠੱਲ ਪਾ ਸਕਦੀ ਹੈ। ਯੂ.ਪੀ.ਅਤੇ ਬਿਹਾਰ ਵਰਗੇ ਸੂਬੇ ਇਸ ਦੀ ਤਾਜ਼ਾ ਉਦਾਹਰਨ ਹਨ।ਉਨ੍ਹਾਂ ਆਖਿਆ ਕਿ ਪੰਜਾਬ ਦੇ ਲੋਕ ਨਕਲੀ ਬਦਲਾਅ ਤੋਂ ਅੱਕ ਚੁੱਕੇ ਹਨ।
ਪੰਜਾਬ ਸਰਕਾਰ ਨੇ ਕਿਸੇ ਵੀ ਗਰੀਬ ਮਜ਼ਦੂਰ ਦੀ ਬਾਂਹ ਫੜਨ ਦਾ ਕਸ਼ਟ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਗਰੀਬਾਂ ਦੀ ਭਲਾਈ ਲਈ ਯੋਜਨਾਵਾਂ ਸਿਰਫ ਮੋਦੀ ਸਰਕਾਰ ਵੱਲੋਂ ਹੀ ਚਲਾਈਆਂ ਗਈਆਂ ਹਨ ਜਿਸ ਕਰਕੇ ਲੋਕ ਇਸ ਵਾਰ ਭਾਰਤੀ ਜਨਤਾ ਪਾਰਟੀ ਨੂੰ ਫਤਵਾ ਦੇਣ ਦਾ ਮਨ ਬਣਾ ਚੁੱਕੇ ਹਨ।ਇਸ ਮੌਕੇ 'ਤੇ ਸ਼ਾਮਿਲ ਹੋਣ ਵਾਲੇ ਪਰਿਵਾਰਾਂ ਨੇ ਵਿਸ਼ਵਾਸ ਦਿਵਾਇਆ ਕਿ ਉਹ ਖਡੂਰ ਸਾਹਿਬ ਤੋਂ ਭਾਜਪਾ ਦੇ ਉਮੀਦਵਾਰ ਮਨਜੀਤ ਸਿੰਘ ਮੰਨਾ ਮੀਆਂਵਿੰਡ ਦੀ ਹਰ ਸੰਭਵ ਮਦਦ ਕਰਨਗੇ ਅਤੇ ਉਨ੍ਹਾਂ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਕੋਈ ਵੀ ਕਸਰ ਬਾਕੀ ਨਹੀਂ ਛੱਡਣਗੇ।ਇਸ ਮੌਕੇ ਠੇਕੇਦਾਰ ਲਖਵਿੰਦਰ ਸਿੰਘ ਮੀਤ ਪ੍ਰਧਾਨ ਭਾਜਪਾ ਤਰਸਿੱਕਾ ਮੰਡਲ , ਜਗਰੂਪ ਸਿੰਘ ਵਡਾਲੀ , ਸਰਬਜੀਤ ਸਿੰਘ ਵਡਾਲੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜ਼ਰ ਸਨ।