ਜਾਖੜ ਸਾਹਿਬ ਪੰਜਾਬ ਗੁਰੂਆਂ-ਪੀਰਾਂ ਤੇ ਪੈਗੰਬਰਾਂ ਦੀ ਧਰਤੀ ਹੈ, ਧਰਮਾਂ ਦੇ ਨਾਂਅ 'ਤੇ ਵੰਡੀਆਂ ਪਾਉਣ ਤੋਂ ਬਾਜ ਆਉ - ਕਿਸ਼ਨ ਚੰਦਰ ਮਹਾਜ਼ਨ
ਡੇਰਾ ਬਾਬਾ ਨਾਨਕ, 9 ਮਈ 2024 - ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਕਿਸ਼ਨ ਚੰਦਰ ਮਹਾਜਨ ਨੇ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੂੰ ਨਸੀਹਤ ਦਿੰਦੇ ਹੋਏ ਕਿਹਾ ਕਿ ਪੰਜਾਬ ਗੁਰੂਆਂ, ਪੀਰਾ ਅਤੇ ਪੈਗੰਬਰਾਂ ਦੀ ਧਰਤੀ ਹੈ ਇਥੇ ਧਰਮਾਂ ਦੇ ਨਾਂ ਤੇ ਵੰਡੀਆਂ ਪਾਉਣ ਤੋਂ ਬਾਜ ਆਉ। ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਹੋਣ ਦੇ ਨਾਤੇ ਤੁਸੀ ਕਿਸਾਨਾਂ, ਮਜ਼ਦੂਰਾਂ ਦੀ ਗੱਲ ਕਰਦੇ ਹੋਏ ਅਕਸਰ ਕਹਿੰਦੇ ਰਹਿ ਹੋ ਕਿ ਮੋਦੀ ਸਰਕਾਰ ਕਿਸਾਨਾਂ, ਮਜ਼ਦੂਰਾਂ ਅਤੇ ਪੰਜਾਬ ਦੀ ਦੁਸ਼ਮਣ ਹੈ। ਹੁਣ ਤੁਸੀ ਚੀਕਾਂ ਮਾਰ ਰਹੇ ਹੋ ਕਿ ਕਿਸਾਨ ਭਾਜਪਾ ਨੂੰ ਪਿੰਡਾਂ ਵਿੱਚ ਚੌਣ ਪ੍ਰਚਾਰ ਨਹੀਂ ਕਰਨ ਦਿੰਦੇ ਤੇ ਭਾਜਪਾ ਉਮੀਦਵਾਰਾਂ ਨੂੰ ਪਿੰਡਾਂ ਵਿੱਚ ਨਹੀਂ ਵੜਨ ਦਿੰਦੇ।
ਤੁਸੀਂ ਕਿਸਾਨਾਂ ਨੂੰ ਦਿੱਲੀ ਨਹੀਂ ਵੜਨ ਦਿਤਾ ਤੇ ਉਹ ਹੁਣ ਤੁਹਾਡੀ ਪਾਰਟੀ ਦੇ ਉਮੀਦਵਾਰਾਂ ਨੂੰ ਹੁਣ ਪਿੰਡਾਂ ਵਿਚ ਕਿਉਂ ਵੜਨ ਦੇਣ। ਤੁਹਾਡੀ ਹਰਿਆਣਾ ਦੀ ਭਾਜਪਾ ਸਰਕਾਰ ਨੇ ਕਿਸਾਨਾਂ ਉਪਰ ਅੰਨੇਵਾਹ ਪਲਾਸਟਿਕ ਦੀਆਂ ਗੋਲੀਆਂ ਅਤੇ ਹੰਝੂ ਗੈਸ ਦੇ ਗੋਲਿਆਂ ਨਾਲ ਪੰਜਾਬ ਦੀ ਸਰਹੱਦ ਸੰਭੂ ਅਤੇ ਖਨੌਰੀ ਬਾਰਡਰਾਂ ਤੇ ਆਪਣੀਆਂ ਹੱਕੀ ਅਤੇ ਜਾਇਜ ਮੰਗਾਂ ਲਈ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਕਿਸਾਨ ਸੁਭਕਰਨ ਸਿੰਘ ਨੂੰ ਹਰਿਆਣਾ ਦੀ ਪੁਲਿਸ ਨੇ ਸ਼ਹੀਦ ਕਰ ਦਿੱਤਾ ਤੇ 250 ਦੇ ਕਰੀਬ ਅੰਨਦੌਲਣ ਕਾਰੀ ਕਿਸਾਨਾਂ ਦੀਆਂ ਲੱਤਾਂ ਬਾਹਾਂ ਤੋੜ ਦਿੱਤੀਆਂ ਤੇ ਹੁਣ ਕਿਸਾਨ ਜਥੇਬੰਦੀਆਂ ਦੇ ਆਗੂ ਤੇ ਵਰਕਰ ਆਪਣੇ ਸਾਥੀਆਂ ਦੀਆਂ ਹੋਈਆਂ ਸ਼ਹਾਦਤਾਂ ਤੇ ਭਾਜਪਾ ਦੀ ਮੋਦੀ ਸਰਕਾਰ ਨਾਲ ਆਪਣਾ ਹਿਸਾਬ ਕਿਤਾਬ ਬਰਾਬਰ ਕਰਕੇ ਤੁਹਾਡਾ ਪਿੰਡਾਂ ਵਿੱਚ ਨਾ ਵੜਨ ਦੇਣ ਦਾ ਫੈਸਲਾ ਕਰੀ ਬੈਠੇ ਹਨ।
ਜਾਖੜ ਸਾਹਿਬ ਤੁਹਾਨੂੰ ਕਿਤੇ ਸੁਪਨਾ ਆਇਆ ਹੋਣਾ ਹੈ ਕਿ ਮੈਨੂੰ ਹਿੰਦੂ ਹੋਣ ਦੇ ਨਾਤੇ ਪੰਜਾਬ ਦਾ ਮੁੱਖ ਮੰਤਰੀ ਨਹੀਂ ਬਣਾਇਆ ਗਿਆ, ਜਦ ਕਿ ਹਕੀਕਤ ਇਹ ਹੈ ਕਿ ਵਿਧਾਨ ਸਭਾ ਚੋਣਾਂ ਵਿੱਚ ਅਬੋਹਰ ਤੋਂ ਇਕ ਕੌਸਲਰ ਹੱਥੋਂ ਕਰਾਰੀ ਹਾਰ ਹੋਣ ਦੇ ਬਾਵਜੂਦ ਵੀ ਤਹਾਨੂੰ ਹਾਈਕਮਾਂਡ ਨੇ ਪੰਜਾਬ ਕਾਂਗਰਸ ਦਾ ਪ੍ਰਧਾਨ ਥਾਪ ਕਿ ਤੁਹਾਡੇ ਤੇ ਬਹੁਤ ਵੱਡਾ ਅਹਿਸਾਨ ਕੀਤਾ ਤੇ ਫਿਰ ਗੁਰਦਾਸਪੁਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਮਾਝੇ ਦੇ ਧਾਕੜ ਜਰਨੈਲ ਸੁਖਜਿੰਦਰ ਸਿੰਘ ਰੰਧਾਵਾ ਅਤੇ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਸਮੇਤ ਜ਼ਿਲਾ ਗੁਰਦਾਸਪੁਰ ਦੀ ਸਮੁੱਚੀ ਲੀਡਰਸ਼ਿਪ ਨੇ ਆਪ ਜੀ ਨੂੰ ਰਿਕਾਰਡ ਵੋਟਾਂ ਨਾਲ ਜਿਤਾ ਕਿ ਮੈਂਬਰ ਪਾਰਲੀਮੈਂਟ ਬਣਾਇਆ। ਕਿਸ਼ਨ ਚੰਦਰ ਮਹਾਜ਼ਨ ਨੇ ਕਿਹਾ ਕਿ ਟਕਸਾਲੀ ਭਾਜਪਾਈ ਤਾਂ ਤੁਹਾਨੂੰ ਆਪਣਾ ਪ੍ਰਧਾਨ ਨਹੀਂ ਮੰਨਦੇ ਇਸ ਲਈ ਲੋਕਾਂ ਦਾ ਧਿਆਨ ਭਟਕਾਉਣ ਲਈ ਤੁਸੀ ਧਰਮ ਦਾ ਸਹਾਰਾ ਲੈ ਪੰਜਾਬ ਦੇ ਸੂਝਵਾਨ ਲੋਕਾਂ ਵਿੱਚ ਵੰਡੀਆਂ ਪਾਉਣ ਦੀ ਘਿਨਾਉਣੀ ਚਾਲ ਚੱਲ ਰਹੇ ਹੋ, ਜਿਸ ਨੂੰ ਪੰਜਾਬ ਦੇ ਅਮਨ ਪਸੰਦ ਲੋਕ ਤੁਹਾਡੀਆਂ ਇਹਨਾਂ ਪੰਜਾਬ ਦੇ ਵੱਖ ਵੱਖ ਫਿਰਕਿਆਂ ਵਿੱਚ ਵੰਡੀਆਂ ਪਾਉਣ ਦੀਆਂ ਚਾਲਾਂ ਨੂੰ ਕਦੇ ਵੀ ਕਾਮਯਾਬ ਨਹੀਂ ਹੋਣ ਦੇਣਗੇ।