ਆਪ ਦੇ ਸਹਿਯੋਗ ਨਾਲ ਕੇਂਦਰ ਵਿੱਚ ਬਣੇਗੀ ਅਗਲੀ ਸਰਕਾਰ : ਮੀਤ ਹੇਅਰ
- ਪੰਜਾਬ ਦੇ ਰੁਕੇ ਹੋਏ ਫੰਡਾਂ ਨੂੰ ਸਾਡੇ ਐਮ.ਪੀ. ਖੁਦ ਜਾਰੀ ਕਰਵਾਉਣਗੇ: ਹਰਪਾਲ ਸਿੰਘ ਚੀਮਾ
- ਮੀਤ ਹੇਅਰ ਤੇ ਚੀਮਾ ਵੱਲੋਂ ਦਿੜ੍ਹਬਾ ਹਲਕੇ ਦੇ ਪਿੰਡਾਂ ਵਿੱਚ ਭਰਵੀਆਂ ਚੋਣ ਰੈਲੀਆਂ
ਦਲਜੀਤ ਕੌਰ
ਦਿੜ੍ਹਬਾ/ਸੰਗਰੂਰ, 9 ਮਈ, 2024: ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਤੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ ਦਿੜ੍ਹਬਾ ਹਲਕੇ ਦੇ ਪਿੰਡਾਂ ਵਿੱਚ ਚੋਣ ਰੈਲੀਆਂ ਨੂੰ ਸੰਬੋਧਨ ਕਰਦਿਆਂ ਦਾਅਵਾ ਕੀਤਾ ਕਿ ਕੇਂਦਰ ਵਿੱਚ ਨਵੀਂ ਬਣਨ ਵਾਲੀ ਸਰਕਾਰ ਵਿੱਚ ਆਪ ਦਾ ਵੱਡਾ ਰੋਲ ਹੋਵੇਗਾ ਅਤੇ ਕੇਂਦਰ ਸਰਕਾਰ ਵੱਲੋਂ ਪੰਜਾਬ ਨਾਲ ਕੀਤੀ ਜਾ ਰਹੀ ਵਿਤਕਰੇਬਾਜ਼ੀ ਬੰਦ ਹੋਵੇਗੀ ਅਤੇ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਕੇਂਦਰ ਵੱਲੋਂ ਪੰਜਾਬ ਦੇ ਰੋਕੇ ਫੰਡਾਂ ਨੂੰ ਖੁਦ ਜਾਰੀ ਕਰਵਾਉਣਗੇ।
ਮੀਤ ਹੇਅਰ ਨੇ ਕਿਹਾ ਕਿ ਦੇਸ਼ ਵਿੱਚ ਬਦਲਾਅ ਦੀ ਲਹਿਰ ਚੱਲ ਰਹੀ ਹੈ ਅਤੇ ਅਰਵਿੰਦ ਕੇਜਰੀਵਾਲ ਤੇ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਕੇਂਦਰ ਵਿੱਚ ਬਣਨ ਜਾ ਰਹੀ ਨਵੀਂ ਸਰਕਾਰ ਵਿੱਚ ਅਹਿਮ ਰੋਲ ਨਿਭਾਏਗੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਹੁਣ ਵਿਧਾਨ ਸਭਾ ਚੋਣਾਂ ਵਾਂਗ ਮਨ ਬਣਾ ਚੁੱਕੇ ਹਨ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਪੰਜਾਬ ਅਤੇ ਪੰਜਾਬ ਦੇ ਹੱਕਾਂ ਦੀ ਵਕਾਲਤ ਲਈ ਚੁਣਿਆ ਜਾਵੇ।
ਮੀਤ ਹੇਅਰ ਨੇ ਅੱਗੇ ਕਿਹਾ ਕਿ ਪ੍ਰਧਾਨ ਮੰਤਰੀ ਦੇ 400 ਸੀਟਾਂ ਦੇ ਦਾਅਵੇ ਦੀ ਦੇਸ਼ ਵਿੱਚ ਹੁਣ ਤੱਕ ਹੋਈਆਂ ਤਿੰਨ ਫੇਜ਼ ਦੀਆਂ ਚੋਣਾਂ ਵਿੱਚ ਫੂਕ ਨਿਕਲ ਗਈ ਹੈ ਅਤੇ ਪੰਜਾਬ ਵਿੱਚ ਭਾਜਪਾ ਨੂੰ ਜ਼ਬਰਦਸਤ ਸਿਕਸ਼ਤ ਮਿਲੇਗੀ। ਉਨ੍ਹਾਂ ਕਿਹਾ ਕਿ ਭਾਜਪਾ ਨੂੰ ਸੰਗਰੂਰ ਤੋਂ ਉਮੀਦਵਾਰ ਲੱਭਣ ਵਿੱਚ ਇੰਨਾ ਸਮਾਂ ਨਿਕਲਿਆ ਕਿ ਉਹ ਹੁਣ ਚੋਣ ਪ੍ਰਚਾਰ ਦੌਰਾਨ ਪੂਰਾ ਹਲਕਾ ਕਵਰ ਵੀ ਨਹੀਂ ਕਰ ਸਕਦਾ। ਉਨ੍ਹਾਂ ਕਿਹਾ ਕਿ ਭਾਜਪਾ ਪੰਜਾਬ ਖਾਸ ਕਰਕੇ ਸੰਗਰੂਰ ਵਿੱਚ ਆਪਣੀ ਪਹਿਲਾਂ ਹੀ ਹਾਰ ਮੰਨੀ ਬੈਠੀ ਹੈ ਅਤੇ ਪਾਰਲੀਮੈਂਟ ਵਿੱਚ ਆਪ ਪੰਜਾਬ ਦੀ ਆਵਾਜ਼ ਬਣ ਕੇ ਗੂੰਜੇਗੀ।
ਦਿੜ੍ਹਬਾ ਤੋਂ ਐਮ.ਐਲ.ਏ. ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਜਿੱਥੇ ਮੀਤ ਹੇਅਰ ਪਾਰਲੀਮੈਂਟ ਵਿੱਚ ਸੰਗਰੂਰ ਦਾ ਨੁਮਾਇੰਦਾ ਬਣੇਗਾ ਉਥੇ ਬਾਕੀ ਸੀਟਾਂ ਤੋਂ ਵੀ ਆਪ ਉਮੀਦਵਾਰ ਵੱਡੀ ਜਿੱਤ ਹਾਸਲ ਕਰਨਗੇ ਅਤੇ ਪੰਜਾਬ ਨਾਲ ਪਿਛਲੀਆਂ ਕੇਂਦਰ ਸਰਕਾਰਾਂ ਵੱਲੋਂ ਕੀਤੀ ਵਿਤਕਰੇਬਾਜ਼ੀ ਨੂੰ ਖਤਮ ਕਰਨਗੇ। ਉਨ੍ਹਾਂ ਕਿਹਾ ਕਿ ਆਪ ਨਵੀਂ ਬਣਨ ਜਾ ਰਹੀ ਕੇਂਦਰ ਸਰਕਾਰ ਵਿੱਚ ਭਾਈਵਾਲ ਹੋਵੇਗੀ ਅਤੇ ਇਥੋਂ ਜਿੱਤੇ ਐਮ.ਪੀ. ਪੰਜਾਬ ਦੇ ਰੋਕੇ ਹੋਏ ਫੰਡ ਜਾਰੀ ਕਰਵਾਉਣਗੇ। ਆਰ.ਡੀ.ਐਫ. ਅਤੇ ਸਿਹਤ ਸੇਵਾਵਾਂ ਲਈ ਰੁਕੇ ਫੰਡ ਤੁਰੰਤ ਜਾਰੀ ਕਰਵਾਏ ਜਾਣਗੇ ਜਿਸ ਨਾਲ ਪੰਜਾਬ ਵਿੱਚ ਵਿਕਾਸ ਦੀ ਰਫਤਾਰ ਹੋਰ ਤੇਜ਼ ਹੋਵੇਗੀ।
ਮੀਤ ਹੇਅਰ ਅਤੇ ਹਰਪਾਲ ਸਿੰਘ ਚੀਮਾ ਵੱਲੋਂ ਅੱਜ ਦਿੜ੍ਹਬਾ ਹਲਕੇ ਦੇ ਪਿੰਡਾਂ ਮਹਿਲਾਂ, ਗੋਬਿੰਦਪੁਰਾ ਨਾਗਰੀ, ਘਨੌੜ ਜੱਟਾਂ, ਮੌੜਾਂ, ਸੂਲਰ ਘਰਾਟ, ਸਫੀਪੁਰ ਕਲਾਂ ਵਿਖੇ ਭਰਵੀਆਂ ਚੋਣ ਰੈਲੀਆਂ ਕੀਤੀਆਂ ਗਈਆਂ ਅਤੇ ਦੇਰ ਸ਼ਾਮ ਤੱਕ ਹੋਰ ਪਿੰਡਾਂ ਨੂੰ ਵੀ ਕਵਰ ਕਰ ਕੇ ਦਿੜ੍ਹਬਾ ਵਿਖੇ ਚੋਣ ਰੈਲੀ ਕੀਤੀ ਜਾਵੇਗੀ। ਇਸ ਮੌਕੇ ਦਿੜ੍ਹਬਾ ਤੋਂ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਅਤੇ ਵਲੰਟੀਅਰ ਹਾਜ਼ਰ ਸਨ।