ਸੰਗਰੂਰ: ਅੱਜ ਚੌਥੇ ਦਿਨ 4 ਹੋਰ ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ
- ਹੁਣ ਤੱਕ 12 ਉਮੀਦਵਾਰਾਂ ਨੇ ਕਾਗਜ਼ ਦਾਖਲ ਕੀਤੇ
ਦਲਜੀਤ ਕੌਰ
ਸੰਗਰੂਰ, 10 ਮਈ, 2024: ਲੋਕ ਸਭਾ ਹਲਕਾ 12- ਸੰਗਰੂਰ ਦੀਆਂ ਚੋਣਾਂ ਲਈ ਅੱਜ ਚਾਰ ਹੋਰ ਉਮੀਦਵਾਰਾਂ ਵੱਲੋਂ ਰਿਟਰਨਿੰਗ ਅਫਸਰ ਜਤਿੰਦਰ ਜੋਰਵਾਲ ਕੋਲ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਗਏ। ਇਨ੍ਹਾਂ ਉਮੀਦਵਾਰਾਂ ਵਿੱਚ ਨੈਸ਼ਨਲਿਸਟ ਜਸਟਿਸ ਪਾਰਟੀ ਦੇ ਉਮੀਦਵਾਰ ਵਜੋਂ ਜਗਤਾਰ ਸਿੰਘ, ਆਦਰਸ਼ ਜਨਤਾ ਪਾਰਟੀ ਦੇ ਉਮੀਦਵਾਰ ਵਜੋਂ ਕਮਲ ਕੁਮਾਰ ਵਰਮਾ , ਬਹੁਜਨ ਸਮਾਜ ਪਾਰਟੀ ਦੇ ਕਵਰਿੰਗ ਉਮੀਦਵਾਰ ਵਜੋਂ ਸੁਰਿੰਦਰ ਕੌਰ ਅਤੇ ਅਜ਼ਾਦ ਉਮੀਦਵਾਰ ਵਜੋਂ ਸੁਖਵਿੰਦਰ ਸਿੰਘ ਨੇ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪਿਛਲੇ ਤਿੰਨ ਦਿਨਾਂ ਦੌਰਾਨ ਅੱਠ ਉਮੀਦਵਾਰ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਵਾ ਚੁੱਕੇ ਹਨ।
ਰਿਟਰਨਿੰਗ ਅਫਸਰ ਜਤਿੰਦਰ ਜੋਰਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 11 ਮਈ ਅਤੇ 12 ਮਈ ਨੂੰ ਛੁੱਟੀ ਹੋਣ ਕਾਰਨ ਨਾਮਜ਼ਦਗੀ ਪੱਤਰ ਦਾਖਲ ਨਹੀਂ ਕੀਤੇ ਜਾਣਗੇ। ਉਹਨਾਂ ਦੱਸਿਆ ਕਿ 14 ਮਈ ਨਾਮਜ਼ਦਗੀਆਂ ਭਰਨ ਵਾਸਤੇ ਅੰਤਿਮ ਤਾਰੀਖ ਹੋਵੇਗੀ ਜਿਸ ਤੋਂ ਬਾਅਦ 15 ਮਈ ਨੂੰ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਕੀਤੀ ਜਾਵੇਗੀ। ਰਿਟਰਨਿੰਗ ਅਫਸਰ ਨੇ ਦੱਸਿਆ ਕਿ 17 ਮਈ ਤੱਕ ਉਮੀਦਵਾਰ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈ ਸਕਣਗੇ।