ਲੋਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਨੀਤੀਆਂ ਨੂੰ ਦੇ ਰਹੇ ਹਨ ਪਿਆਰ - ਦਿਨੇਸ਼ ਬੱਬੂ
- ਲੋਕ ਸਭਾ ਗੁਰਦਾਸਪੁਰ ਤੋਂ ਭਾਜਪਾ ਉਮੀਦਵਾਰ ਨੇ ਕੀਤੇ ਕਾਗਜ ਦਾਖਲ
ਰੋਹਿਤ ਗੁਪਤਾ
ਗੁਰਦਾਸਪੁਰ 10 ਮਈ 2024 - ਭਾਜਪਾ ਲੋਕ ਸਭਾ ਚੋਣਾਂ ਭਾਰੀ ਬਹੁਮਤ ਨਾਲ ਜਿੱਤੇਗੀ ਕਿਉਂਕਿ ਇਸ ਨੂੰ ਲੋਕਾਂ ਦਾ ਭਰਪੂਰ ਪਿਆਰ ਮਿਲ ਰਿਹਾ ਹੈ। ਰੋਡ ਸ਼ੋਅ ਦੀ ਸ਼ੁਰੂਆਤ ਪਠਾਨਕੋਟ ਤੋਂ ਪੰਜ ਗੱਡੀਆਂ ਨਾਲ ਕੀਤੀ ਗਈ ਸੀ ਪਰ ਜਿਉਂ-ਜਿਉਂ ਰੋਡ ਸ਼ੋ ਅੱਗੇ ਵੱਧਦਾ ਗਿਆ ਲੋਕਾਂ ਦਾ ਕਾਫਲਾ ਵੀ ਵੱਧਦਾ ਹੀ ਗਿਆ।ਇਹ ਇਸ ਗੱਲ ਦਾ ਸਬੂਤ ਹੈ ਕਿ ਲੋਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਨੀਤੀਆਂ ਨੂੰ ਪੂਰਾ ਸਨਮਾਨ ਅਤੇ ਪਿਆਰ ਦੇ ਰਹੇ ਹਨ।'ਇਹ ਗੱਲ ਪਠਾਨਕੋਟ ਤੋਂ ਰੋਡ ਸ਼ੋਅ ਕਰਦੇ ਹੋਏ ਨਾਮਜ਼ਦਗੀ ਪੱਤਰ ਦਾਖਲ ਕਰਨ ਲਈ ਗੁਰਦਾਸਪੁਰ ਪੁੱਜੇ ਭਾਜਪਾ ਉਮੀਦਵਾਰ ਦਿਨੇਸ਼ ਸਿੰਘ ਬੱਬੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੀ।
ਵਿਰੋਧੀ ਧਿਰ ਦੇ ਆਗੂਆਂ ਦੇ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਇਸ ਵਾਰ ਦੀਨਾਨਗਰ, ਗੁਰਦਾਸਪੁਰ, ਬਟਾਲਾ ਦੇ ਨਾਲ-ਨਾਲ ਕਾਦੀਆਂ ਅਤੇ ਡੇਰਾ ਬਾਬਾ ਨਾਨਕ ਵਿੱਚ ਵੀ ਭਾਜਪਾ ਹੋਰਨਾਂ ਪਾਰਟੀਆਂ ਤੋਂ ਅੱਗੇ ਹੋਵੇਗੀ। ਕਿਸਾਨਾਂ ਦੇ ਧਰਨੇ ਬਾਰੇ ਉਨ੍ਹਾਂ ਕਿਹਾ ਕਿ ਉਹ ਖ਼ੁਦ ਕਿਸਾਨ ਹਨ ਜਦਕਿ ਹੋਰ ਕਿਸਾਨ ਵੀ ਉਨ੍ਹਾਂ ਦੇ ਭਰਾ ਹਨ। ਅਸੀਂ ਉਨ੍ਹਾਂ ਨਾਲ ਦੋ-ਤਿੰਨ ਵਾਰ ਬੈਠ ਕੇ ਵਿਚਾਰ-ਵਟਾਂਦਰਾ ਕਰ ਚੁੱਕੇ ਹਾਂ ਅਤੇ ਉਨ੍ਹਾਂ ਦੀਆਂ ਮੰਗਾਂ ਦਾ ਵੀ ਹੱਲ ਕੀਤਾ ਜਾਵੇਗਾ। ਇਸ ਦੌਰਾਨ ਉਨ੍ਹਾਂ ਨਾਲ ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ, ਪੰਜਾਬ ਦੇ ਸਾਬਕਾ ਪ੍ਰਧਾਨ ਅਸ਼ਵਨੀ ਸ਼ਰਮਾ, ਫਤਿਹਜੰਗ ਸਿੰਘ ਬਾਜਵਾ, ਜ਼ਿਲ੍ਹਾ ਪ੍ਰਧਾਨ ਸ਼ਿਵਬੀਰ ਰਾਜਨ, ਅਸ਼ਵਨੀ ਸੇਖੜੀ ਅਤੇ ਸਾਬਕਾ ਜਿਲਾ ਪ੍ਰਧਾਨ ਪਰਮਿੰਦਰ ਸਿੰਘ ਗਿੱਲ ਆਦਿ ਵੀ ਮੌਜੂਦ ਸਨ।
ਭਾਜਪਾ ਦੇ ਸੀਨੀਅਰ ਆਗੂ ਸ਼ੇਖਾਵਤ ਨੇ ਪੰਜਾਬ ਵਿੱਚ ਪਾਰਟੀ ਦੀ ਬੇਮਿਸਾਲ ਕਾਰਗੁਜ਼ਾਰੀ ’ਤੇ ਭਰੋਸਾ ਜਤਾਉਂਦਿਆਂ ਕਿਹਾ ਕਿ ਭਾਜਪਾ ਲਗਭਗ ਤਿੰਨ ਦਹਾਕਿਆਂ ਬਾਅਦ ਸੂਬੇ ਵਿੱਚ ਆਮ ਚੋਣਾਂ ਆਪਣੇ ਦਮ ’ਤੇ ਲੜ ਰਹੀ ਹੈ। ਪੰਜਾਬ ਵਿੱਚ ਇਹ ਸਾਡੇ ਲਈ ਇੱਕ ਨਵੀਂ ਸ਼ੁਰੂਆਤ ਹੈ ਅਤੇ ਮੈਨੂੰ ਪੂਰਾ ਭਰੋਸਾ ਹੈ ਕਿ ਅਸੀਂ ਇਸ ਵਿੱਚ ਜ਼ਬਰਦਸਤ ਕਾਮਯਾਬੀ ਹਾਸਲ ਕਰਨ ਜਾ ਰਹੇ ਹਾਂ।