ਢਿੱਲੋਂ ਵਲੋਂ ਲਾਲੜੂ ਮੰਡੀ 'ਚ ਗਾਂਧੀ ਦੇ ਹੱਕ 'ਚ ਚੋਣ ਪ੍ਰਚਾਰ ਕੀਤਾ ਗਿਆ
- ਇੰਡੀਆ ਗਠਜੋੜ ਦੀ ਸਰਕਾਰ 'ਚ ਲੋਕਾਂ ਨੂੰ ਮਿਲੇਗੀ ਵੱਡੀ ਰਾਹਤ
ਮਲਕੀਤ ਸਿੰਘ ਮਲਕਪੁਰ
ਲਾਲੜੂ 10 ਮਈ 2024: ਲੋਕ ਸਭਾ ਹਲਕਾ ਪਟਿਆਲਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਡਾ. ਧਰਮਵੀਰ ਗਾਂਧੀ ਦੇ ਹੱਕ ਵਿੱਚ ਹਲਕਾ ਇੰਚਾਰਜ ਦੀਪਇੰਦਰ ਸਿੰਘ ਢਿੱਲੋਂ ਨੇ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਲਾਲੜੂ ਮੰਡੀ ਵਿਖੇ ਡੋਰ ਟੂ ਡੋਰ ਚੋਣ ਪ੍ਰਚਾਰ ਕੀਤਾ। ਉਨ੍ਹਾਂ ਕਿਸਾਨਾਂ-ਮਜ਼ਦੂਰਾਂ, ਔਰਤਾਂ,ਨੌਜਵਾਨਾਂ,ਵਪਾਰੀ ਅਤੇ ਦੁਕਾਨਦਾਰ ਤਬਕੇ ਸਮੇਤ ਸਭ ਨੂੰ ਇੱਕਜੁੱਟ ਹੋ ਕੇ ਕਾਂਗਰਸ ਦੇ ਹੱਕ ਵਿੱਚ ਵੋਟ ਕਰਨ ਲਈ ਕਿਹਾ ਤਾਂ ਜੋ ਕੇਂਦਰ ਵਿੱਚ ਕਾਂਗਰਸ ਦੀ ਅਗਵਾਈ ਹੇਠ ਇੰਡੀਆ ਗਠਜੋੜ ਦੀ ਸਰਕਾਰ ਬਣਾ ਕੇ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਜਾ ਸਕੇ।ਇਸ ਮੌਕੇ ਸ. ਦੀਪਇੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਉਨ੍ਹਾਂ ਨੂੰ ਹਲਕੇ 'ਚੋਂ ਬਹੁਤ ਚੰਗਾ ਹੁੰਗਾਰਾ ਮਿਲ ਰਿਹਾ ਹੈ।
ਉਨ੍ਹਾਂ ਕਿਹਾ ਕਿ ਅੱਜ ਲਾਲੜੂ ਮੰਡੀ ਵਿਖੇ ਦੁਕਾਨਦਾਰਾਂ ਨਾਲ ਗੱਲਬਾਤ ਕਰਕੇ ਪਤਾ ਲੱਗਾ ਹੈ ਕਿ ਕੇਂਦਰ ਦੀ ਮੋਦੀ ਸਰਕਾਰ ਤੋਂ ਹਰ ਵਰਗ ਦੇ ਨਾਲ ਦੇਸ਼ ਦੇ ਵਪਾਰੀ ਅਤੇ ਛੋਟੇ ਦੁਕਾਨਦਾਰ ਬਹੁਤ ਦੁਖੀ ਹਨ। ਕੇਂਦਰ ਸਰਕਾਰ ਦੀਆਂ ਮਾਰੂ ਨੀਤੀਆਂ ਕਾਰਨ ਵਪਾਰੀ ਅਤੇ ਦੁਕਾਨਦਾਰਾਂ ਦਾ ਕਾਰੋਬਾਰ ਪੂਰੀ ਤਰ੍ਹਾਂ ਨਾਲ ਬਰਬਾਦ ਹੋ ਚੁੱਕਾ ਹੈ। ਕੇਂਦਰ ਸਰਕਾਰ ਦੁਆਰਾ ਕੀਤੀ ਗਈ ਨੋਟਬੰਦੀ ਅਤੇ ਗਲਤ ਤਰੀਕੇ ਨਾਲ ਲਾਈ ਜੀਐਸਟੀ ਕਾਰਨ ਦੁਕਾਨਦਾਰ ਹੁਣ ਤੱਕ ਉੱਭਰ ਨਹੀਂ ਪਾ ਰਹੇ।
ਇਸ ਕਰਕੇ ਹੋਰ ਸਾਰੇ ਵਰਗਾਂ ਦੇ ਕਾਰਨ ਦੇਸ਼ ਦਾ ਵਪਾਰੀ ਵਰਗ ਅਤੇ ਛੋਟਾ ਦੁਕਾਨਦਾਰ ਵਰਗ ਵੀ ਕੇਂਦਰ ਵਿੱਚ ਮੋਦੀ ਸਰਕਾਰ ਨੂੰ ਹਰਾ ਕੇ ਇੰਡੀਆ ਗੱਠਜੋੜ ਨੂੰ ਬਹੁਮਤ ਦੇਣ ਦਾ ਮਨ ਬਣਾ ਚੁੱਕਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਆਉਣ ਵਾਲੀ ਇਕ ਜੂਨ ਨੂੰ ਸਾਰੇ ਦੁਕਾਨਦਾਰ ਅਤੇ ਵਪਾਰੀ ਕਾਂਗਰਸ ਪਾਰਟੀ ਨੂੰ ਵੋਟ ਕਰਨ ਲਈ ਉਤਾਵਲੇ ਹਨ। ਇਸ ਮੌਕੇ ਉਨ੍ਹਾਂ ਨਾਲ ਸੀਨੀਅਰ ਕਾਂਗਰਸੀ ਵਾਸੂਦੇਵ ਮਦਾਨ, ਕੌਂਸਲਰ ਮਾਸਟਰ ਮੋਹਨ ਤੇ ਕੌਂਸਲਰ ਪਵਨ ਨਾਰੰਗ ਸਮੇਤ ਹੋਰ ਪਤਵੰਤੇ ਹਾਜਰ ਸਨ।